Welcome to Canadian Punjabi Post
Follow us on

25

June 2022
ਬ੍ਰੈਕਿੰਗ ਖ਼ਬਰਾਂ :
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆਅਫਗਾਨਿਸਤਾਨ ਵਿੱਚ 6.1 ਸਕੇਲ ਦੀ ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 1000 ਨੂੰ ਟੱਪੀਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂਊਧਵ ਠਾਕਰੇ ਸਰਕਾਰ ਦਾ ਸੰਕਟ: ਏਕਨਾਥ ਸਿ਼ੰਦੇ ਵੱਲੋਂ 40 ਵਿਧਾਇਕ ਨਾਲ ਹੋਣ ਦਾ ਦਾਅਵਾਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਵੱਲੋਂ 200 ਨਰਸਿੰਗ ਕਾਲਜਾਂ ਦੀ ਮਾਨਤਾ ਰੱਦਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਬਣੀਰਾਸ਼ਟਰਪਤੀ ਲਈ ਭਾਜਪਾ ਗੱਠਜੋੜ ਵੱਲੋਂ ਦ੍ਰੋਪਦੀ ਮੁਰਮੁਰ ਉਮੀਦਵਾਰ ਹੋਵੇਗੀ
ਨਜਰਰੀਆ

ਜ਼ਿੰਦਗੀ ਦੇ ਬਦਲਦੇ ਰੰਗ-ਢੰਗ

May 23, 2022 04:43 PM

-ਗੁਰਦੀਪ ਸਿੰਘ ਢੁੱਡੀ
ਸਮਾਂ ਆਪਣੀ ਤੋਰ ਤੁਰਦਾ ਹੋਇਆ ਬੜਾ ਕੁਝ ਸੁਭਾਵਿਕ ਆਪਣੀ ਕੁੱਖ ਵਿੱਚ ਲੈ ਕੇ ਚੱਲਦਾ ਹੈ। ਇਸ ਵਿੱਚ ਤਬਦੀਲੀਆਂ ਦਾ ਆਉਣਾ ਜਿੱਥੇ ਸੁਭਾਵਿਕ ਹੈ, ਉਥੇ ਇਸਦੀ ਨੁਕਾਚੀਨੀ ਵੀ ਹੁੰਦੀ ਹੈ ਅਤੇ ਇਸ ਦਾ ਸਵਾਗਤ ਵੀ ਕੀਤਾ ਜਾਂਦਾ ਹੈ। ਭੂਤਕਾਲ, ਵਰਤਮਾਨ ਤੇ ਭਵਿੱਖ ਵਿੱਚ ਬੜੀਆਂ ਸਾਂਝਾਂ ਹੋਣ ਦੇ ਬਾਵਜੂਦ ਇਸ ਵਿੱਚ ਵਖਰੇਵਾਂ ਹੁੰਦਾ ਹੋਇਆ ਵੀ ਰਲਦਾ ਮਿਲਦਾ ਜਾਪਦਾ ਹੈ। ਅਸਲ ਵਿੱਚ ਇਹ ਸਮਾਂ ਜ਼ਿੰਦਗੀ ਦੇ ਸੁਭਾਵਿਕ ਕਾਰਜਾਂ ਦਾ ਰੂਪਾਂਤਰਣ ਕਰਦਾ ਤਬਦੀਲੀ ਤੱਕ ਪਹੁੰਚਦਾ ਹੈ। ਤੇਜ਼ੀ ਨਾਲ ਆਈ ਤਬਦੀਲੀ ਸਾਨੂੰ ਕੁਝ ਅੱਖਰਦੀ ਹੈ, ਫਿਰ ਵੀ ਸਮਾਂ ਆਪਣੀ ਤੋਰ ਤੁਰਦਾ ਰਹਿੰਦਾ ਹੈ। ਭਾਵੇਂ ਇਹ ਤਬਦੀਲੀ ਜ਼ਿੰਦਗੀ ਦੇ ਹਰ ਹਿੱਸੇ ਉੱਤੇ ਅਸਰ ਪਾਉਂਦੀ ਹੈ, ਪਰ ਕੁਝ ਪੱਖ ਵਿਸ਼ੇਸ਼ ਤੌਰ ਉੱਤੇ ਜ਼ਿਕਰ ਕਰਨ ਵਾਲੇ ਹੁੰਦੇ ਹੋਣ ਕਰਕੇ ਉਹ ਲਿਖਤ/ਸਾਹਿਤ/ਇਤਿਹਾਸ ਬਣ ਜਾਂਦੇ ਹਨ ਤੇ ਇਨ੍ਹਾਂ ਦਾ ਜ਼ਿਕਰ ਹੁੰਦਾ ਰਹਿੰਦਾ ਹੈ।
ਤੁਸੀਂ ਅਪਰੇਸ਼ਨ ਥੀਏਟਰ ਵਿੱਚ ਰੁੱਝੇ ਹੋਏ ਡਾਰਟਰ ਤੋਂ ਲੈ ਕੇ ਖੇਤ ਵਿੱਚ ਕੰਮ ਕਰਦੇ ਕਾਮੇ ਤੱਕ ਕਿਸੇ ਨੂੰ ਵੇਖ ਲਵੋ। ਰੁਝੇਵੇ ਭਰੇ ਸਮੇਂ ਵਿੱਚੋਂ ਵੀ ਸਮਾਂ ਕੱਢ ਲਿਆ ਜਾਂਦਾ ਹੈ ਤੇ ਆਪਣੇ ਮੋਬਾਈਲ ਫੋਨ ਉੱਤੇ ਉਂਗਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਚਾਰ ਪਹੀਆਂ/ਦੋ ਪਹੀਆਂ ਵਾਹਨ ਚਾਲਕ ਮੋਬਾਈਲ ਫੋਨ ਸੁਣਦੇ ਆਪਣੀਆਂ ਸਰੀਰਕ ਮੁਦਰਾਵਾਂ ਚਲਾ ਰਹੇ ਵੇਖੇ ਜਾਂਦੇ ਹਨ। ਬੱਚੇ ਤੋਂ ਲੈ ਕੇ ਬੁੱਢੇ ਤੱਕ ਕਿਸੇ ਨੂੰ ਤੁਸੀਂ ਵਿਹਲੇ ਨਹੀਂ ਵੇਖ ਸਕਦੇ। ਮੋਬਾਈਲ ਫੋਨ ਚਲਾਉਣਾ ਅੱਜ ਜ਼ਿੰਦਗੀ ਦਾ ਵੱਡਾ ਕੰਮ ਬਣ ਗਿਆ ਹੈ। ਮੋਬਾਈਲ ਫੋਨ ਉੱਤੇ ਰੁੱਝਿਆ ਹੋਇਆਂ ਨੂੰ ਵੇਖ ਕੇ ਧਿਆਨ ਆਪਣੇ ਆਪ ਹੀ ਬੀਤੇ ਹੋਏ ਸਮੇਂ ਵੱਲ ਚਲਾ ਜਾਂਦਾ ਹੈ। ਪਿੰਡ ਵਿੱਚ ਰਹਿੰਦੇ ਸਾਂ। ਸਿਆਲੂ ਦਿਨਾਂ ਵਿੱਚ ਉਮਰ ਦੇ ਵਡੇਰੇ ਬੰਦਿਆਂ ਨੇ ਕੰਮ ਧੰਦਾ ਨਿਬੇੜ ਕੇ ਸੱਥਾਂ ਵਿੱਚ ਆ ਜਾਣਾ। ਪਿੰਡਾਂ ਦੀਆਂ ਇਹ ਸੱਥਾਂ ਪਿੰਡ ਦੀ ਪਾਰਲੀਮੈਂਟ ਵਜੋਂ ਜਾਣੀਆਂ ਜਾਂਦੀਆਂ ਸਨ। ਪਿੰਡ ਦੀ ਸਿਆਸਤ ਤੋਂ ਲੈ ਕੇ ਖੇਤ ਬੰਨੇ ਬਾਰੇ ਵਿਚਾਰਾਂ, ਧੀਆਂ ਪੁੱਤਰਾਂ ਤੋਂ ਲੈ ਕੇ ਬਾਲ-ਬਾਲੜੀਆਂ ਬਾਰੇ ਗੱਲਾਂ ਇਸ ਸੱਥ ਵਿੱਚ ਸਾਂਝੀਆਂ ਕੀਤੀਆਂ ਜਾਂਦੀਆਂ ਸਨ।
ਇਨ੍ਹਾਂ ਸੱਥਾਂ ਵਿੱਚ ਬੈਠਣ ਵਾਲੇ ਲੋਕਾਂ ਵਿੱਚ ਸਾਂਝ ਦੀਆਂ ਤੰਦਾਂ ਪਰਵਾਰਕ ਮੈਂਬਰਾਂ ਵਰਗੀਆਂ ਹੁੰਦੀਆਂ ਸਨ। ਇਹ ਲੋਕ ਹਰ ਤਰ੍ਹਾਂ ਦੀ ਵਿਚਾਰ ਚਰਚਾ ਕਰਦੇ ਸਨ। ਉਹ ਵਿਹਲੇ ਸਮੇਂ ਨੂੰ ਸਾਰਥਿਕ ਬਣਾਉਂਦੇ ਸਨ। ਗੱਲਾਂ ਦੇ ਨਾਲ ਨਾਲ ਥੋੜ੍ਹੀ ਜਿਹੀ ਵਡੇਰੀ ਉਮਰ ਦੇ ਬੰਦੇ ਆਪਣੇ ਹੱਥਾਂ ਵਿੱਚ ਸੂਤ, ਸਣ ਅਤੇ ਪਿੰਨੇ ਲੈ ਕੇ ਸੂਤ ਕੱਤਣ/ਕੱਸੀਆਂ ਬਣਾਉਣ ਦੇ ਇਲਾਵਾ ਕੰਮ ਆਉਣ ਵਾਲਾ ਸਾਮਾਨ ਤਿਆਰ ਕਰ ਲੈਂਦੇ ਸਨ। ਵਿਹਲੇ ਹੁੰਦੇ ਹੋਏ ਵੀ ਉਹ ਕੰਮ ਵੀ ਕਰ ਲੈਂਦੇ ਸਨ ਅਤੇ ਵਿਹਲ ਦਾ ਆਨੰਦ ਵੀ ਲੈ ਲੈਂਦੇ ਸਨ। ਅੱਜ ਦੋ ਦੋਸਤ, ਪਤੀ ਪਤਨੀ ਬਲਕਿ ਪ੍ਰੇਮੀ ਪ੍ਰੇਮਿਕਾ, ਕੋਲ ਕੋਲ ਬੈਠੇ ਦੂਰ ਹੁੰਦੇ ਹਨ, ਇਕੱਲੇ ਹੁੰਦੇ ਹਨ ਜਾਂ ਕਹੀਏ ਆਪਣੇ ਆਪ ਵਿੱਚ ਮਸਤ ਹੁੰਦੇ ਹਨ। ਇੱਕ ਦੂਸਰੇ ਦੇ ਨੇੜੇ ਬੈਠੇ ਵੀ ਉਹ ਮੋਬਾਈਲ ਫੋਨ ਵਿੱਚ ਰੁੱਝੇ ਵੇਖੇ ਜਾ ਸਕਦੇ ਹਨ। ਜੇ ਇਹ ਕਹਿ ਲਿਆ ਜਾਵੇ ਕਿ ਜ਼ਿੰਦਗੀ ਏਨੀ ਰੁਝੇਵਿਆਂ ਭਰੀ ਬਣ ਚੁੱਕੀ ਹੈ ਕਿ ਹਰ ਕੋਈ ‘ਕੀ ਕਰੀਏ ਵਿਹਲ ਹੀ ਨਹੀਂ ਮਿਲਦੀ, ਕੋਈ ਨਹੀਂ ਮਿਲਦੀ, ਕਈ ਨਹੀਂ ਸਮਾਂ ਕੱਢ ਕੇ ਜ਼ਰੂਰ ਮਿਲਣ ਲਈ ਆਵਾਂਗਾ' ਆਖਦਾ ਹੈ। ਹਕੀਕਤ ਵਿੱਚ ਉਹ ਕੁਝ ਵੀ ਨਹੀਂ ਕਰ ਰਹੇ ਹੁੰਦੇ।
ਵਿਗਿਆਨਕ ਕਾਢਾਂ ਨੇ ਜ਼ਿੰਦਗੀ ਦੇ ਰੰਗ ਢੰਗ ਬਦਲ ਦਿੱਤੇ ਹਨ। ਔਰਤ ਬਾਰੇ ‘ਉਠ ਬਹੂ ਤੂੰ ਥੱਕੀ, ਤੂੰ ਵੇਲਣੇ, ਮੈਂ ਚੱਕੀ' ਵਾਲਾ ਮੁਹਾਵਰਾ ਪ੍ਰਚੱਲਤ ਹੋਇਆ ਕਰਦਾ ਸੀ। ਗਰਮੀ ਹੋਵੇ ਜਾਂ ਸਰਦੀ, ਦਿਨ ਜਾਂ ਰਾਤ, ਤੰਦਰੁਸਤੀ ਹੋਵੇ ਜਾਂ ਬਿਮਾਰੀ, ਔਰਤਾਂ ਦੇ ਕੰਮ ਨਹੀਂ ਮੁੱਕਦੇ ਸਨ, ਸਵੇਰੇ ਮਰਦਾਂ ਤੋਂ ਪਹਿਲਾਂ ਉਠ ਕੇ ਰਾਤ ਨੂੰ ਬਾਅਦ ਵਿੱਚ ਪੈਣ ਤੱਕ ਅੰਤਾਂ ਦਾ ਕੰਮ ਕਰਦੀਆਂ ਸਨ। ਬਾਲੜੀਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਤੱਕ ਦੇ ਘਰ ਦੇ ਕੰਮ ਧੰਦਿਆਂ ਵਿੱਚ ਉਹ ਊਰੀ ਵਾਂਗ ਘੁੰਮਦੀਆਂ ਸਨ। ਅੱਜ ‘ਚੱਕੀ ਛੁੱਟ-ਗੀ ਚੁੱਲ੍ਹੇ ਨੇ ਛੁੱਟ ਜਾਣਾ' ਵਾਲਾ ਮੁਹਾਵਰਾ ਵੀ ਆ ਗਿਆ ਹੈ ਅਤੇ ਵਿਗਿਆਨ ਦੀਆਂ ਦਿੱਤੀਆਂ ਮਸ਼ੀਨਾਂ ਨੇ ਵਿਹਲ ਦੇ ਦਿੱਤੀ ਹੈ। ਕਦੇ ਜ਼ਿੰਦਗੀ ਵਿੱਚ ਮਿਲੀ ਹੋਈ ਥੋੜ੍ਹੀ ਜਿਹੀ ਵਿਹਲ ਸਮੇਂ ਔਰਤਾਂ/ਕੁੜੀਆਂ/ਬੁੜੀਆਂ ਦੁਆਰਾ ਛੋਪ ਪਾਉਣਾ, ਚਰਖਾ ਕੱਤਣਾ, ਕੱਤਣਾ-ਤੁੰਬਣਾ ਚੱਲਦਾ ਹੀ ਰਹਿੰਦਾ ਸੀ, ਉਥੇ ਅੱਜ ਵਿਹਲ ਹੁੰਦਿਆਂ ਹੋਇਆਂ ਵੀ ਵਿਹਲ ਨਹੀਂ। ਸਮੇਂ ਦੇ ਚੱਲਦਿਆਂ ਟੀ ਵੀ, ਕਿੱਟੀ ਪਾਰਟੀਆਂ ਅਤੇ ਮੋਬਾਈਲ ਫੋਨ ਉੱਤੇ ਚੱਲਦੀਆਂ ਉਗਲਾਂ ਸਮਾਂ ਪੂਰਤੀ ਦੇ ਸਾਧਨ ਬਣ ਗਏ। ਵਟਸਐਪ, ਫੇਸਬੁੱਕ, ਇੰਸਟਾਗ੍ਰਾਮ, ਇੰਟਰਨੈਟ ਆਦਿ ਅਤਿ-ਆਧੁਨਿਕ ਤਕਨੀਕਾਂ ਜਿੱਥੇ ਗਿਆਨ, ਮਨੋਰੰਜਨ ਵਿੱਚ ਵਾਧਾ ਕਰਨ ਵਾਲੇ ਸਾਧਨ ਬਣ ਚੁੱਕੇ ਹਨ, ਇੱਥੇ ਇਨ੍ਹਾਂ ਦੀ ਫਰੋਲਾ-ਫਰਾਲੀ ਸਮਾਂ ਪਾਸ ਕਰਨ ਦਾ ਸਾਧਨ ਵੀ ਬਣ ਗਈ ਹੈ। ਇਹ ਵੱਖਰੀ ਗੱਲ ਹੈ ਕਿ ਵਿਹਲ ਅੱਜ ਵੀ ਕਿਸੇ ਕੋਲ ਨਹੀਂ ਹੈ।
ਚਿੱਠੀਆਂ ਲਿਖਣੀਆਂ ਸਾਡੇ ਭਾਵ ਪ੍ਰਗਟ ਕਰਨ ਦਾ ਸਭ ਤੋਂ ਉਤਮ ਸਿਰਜਣਾਤਮਕ ਜ਼ਰੀਆ ਸੀ। ਮਹੱਤਵਪੂਰਨ ਵਿਅਕਤੀਆਂ ਤੋਂ ਲੈ ਕੇ ਸਾਧਾਰਨ ਬੰਦੇ ਤੱਕ ਚਿੱਠੀ ਲਿਖਦੇ ਸਮੇਂ ਕਿਸੇ ਦਾਰਸ਼ਨਿਕ, ਲਿਖਾਰੀ ਤੋਂ ਘੱਟ ਨਹੀਂ ਹੁੰਦੇ ਸਨ। ਆਧੁਨਿਕ ਪੰਜਾਬੀ ਵਾਰਤਕ ਦੇ ਮੋਢੀਆਂ ਵਿੱਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀਆਂ ਆਪਣੀ ਪਤਨੀ ਨੂੰ ਲਿਖੀਆਂ ਚਿੱਠੀਆਂ ਸਾਡੀ ਉਤਮ ਵਾਰਤਕ ਦੇ ਨਮੂਨੇ ਜਾਣੇ ਜਾਂਦੇ ਹਨ। ਫੌਜ ਵਿੱਚ ਨੌਕਰੀ ਕਰਦੇ ‘ਨੌਕਰ ਪੁੱਤ' ਨੂੰ ਮਾਂ ਆਪਣੇ ਘਰ ਦੇ ਸਾਰੇ ਹਾਲਤਾਂ ਦੇ ਇਲਾਵਾ ਆਪਣੇ ਢਿੱਡ ਨੂੰ ਫੋਲ ਲੈਂਦੀ ਸੀ। ਨੌਕਰ ਦੀ ਪਤਨੀ ਭਾਵੇਂ ਆਪ ਚਿੱਠੀ ਨਹੀਂ ਲਿਖ ਸਕਦੀ ਸੀ, ਪਰ ਉਸ ਦੇ ਭਾਵਾਂ ਨੂੰ ਮੇਰੇ ਵਰਗਾ ਚਾਰ ਜਮਾਤਾਂ ਪੜ੍ਹਿਆਂ ‘ਪਾੜ੍ਹਾ' ਵਿਸ਼ੇਸ਼ ਤਰ੍ਹਾਂ ਗੰੁਨ੍ਹੇ ਆਟੇ ਵਾਂਗ ਬਣਾ ਦਿੰਦਾ ਸੀ। ‘ਜਦੋਂ ਦਾ ਟੈਲੀਫੋਨ ਲੱਗਿਆ, ਅਸੀਂ ਚਿੱਠੀਆਂ ਲਿਖਣੀਆਂ ਭੁੱਲਗੇ' ਵਰਗੇ ਗੀਤ ਵਾਂਗ ਅੱਜ ਡਾਕੀਏ ਦੇ ਚਿੱਠੀ ਲਿਆਉਣ ਦੀ ਉਡੀਕ ਸਮਾਪਤ ਹੋ ਚੁੱਕੀ ਹੈ। ਇਸੇ ਕਰਕੇ ਕਬੂਤਰ ਨੂੰ ਚਿੱਠੀ ਲੈ ਕੇ ਦਿੱਤੇ ਸੁਨੇਹੇ ਖ਼ਤਮ ਹੋ ਗਏ ਹਨ। ਵਟਸਐਪ, ਫੋਨ ਨੇ ਜਿੱਥੇ ਚਿੱਠੀਆਂ ਸਮਾਪਤ ਕੀਤੀਆਂ, ਉਥੇ ਚਿੱਠੀ ਦੀ ਇਬਾਰਤ ਅਤੇ ਭਾਵ ਵੀ ਉਡ-ਪੁੱਡ ਗਏ। ਮੋਬਾਈਲ ਫੋਨ ਉੱਤੇ ਗੱਲਾਂ ਜਜ਼ਬਾਤੀ ਹੋ ਕੇ ਕੀਤੀਆਂ ਜਾਂਦੀਆਂ ਹੋਣਗੀਆਂ, ਪਰ ਇਨ੍ਹਾਂ ਵਿੱਚ ਚਿੱਠੀਆਂ ਵਰਗਾ ਸਾਂਭਣ ਵਾਲਾ ‘ਸਾਹਿਤ' ਕਿਧਰੇ ਗੁੰਮ ਹੋ ਗਿਆ ਹੈ। ਮੋਬਾਈਲ ਫੋਨ ਉੱਤੇ ਕੀਤੀਆਂ ਹੋਈਆਂ ਗੱਲਾਂ ਕੇਵਲ ਦੋ ਜਣਿਆਂ ਤੱਕ ਸਿਮਟ ਗਈਆਂ ਹਨ। ਇਨ੍ਹਾਂ ਨੇ ਸਾਹਿਤ/ਇਤਿਹਾਸ ਨਹੀਂ ਬਣਨਾ ਹੈ।
ਵੇਖਿਆ ਜਾਵੇ ਤਾਂ ਇਹ ਕੋਈ ਅਲੋਕਾਰੀ ਗੱਲ ਨਹੀਂ, ਪਰ ਯਾਦਾਂ ਦੇ ਧਿਆਨ ਵਿੱਚ ਆਉਂਦਿਆਂ ਕੁਝ ਯਾਦ ਕਰ ਲੈਣਾ ਕੋਈ ਗੁਨਾਹ ਵੀ ਨਹੀਂ ਹੈ। ਜ਼ਿੰਦਗੀ ਦੀ ਤੋਰ ਬਦਲ ਗਈ ਹੈ। ਸਮੇਂ ਦੀ ਤੋਰ ਨਾਲ ਇਹ ਤਬਦੀਲੀ ਆਉਂਦੀ ਰਹੀ ਹੈ ਤੇ ਆਉਂਦੀ ਵੀ ਰਹੇਗੀ, ਜੇ ਕਿਹਾ ਜਾਵੇ ਕਿ ਜੇ ਇਹ ਤਬਦੀਲੀ ਨਾ ਆਵੇ ਤਾਂ ਜ਼ਿੰਦਗੀ ਵਿੱਚ ਖੜੋਤ ਆ ਜਾਵੇਗੀ ਅਤੇ ਇਹ ਨੀਰਸ ਬਣ ਜਾਵੇਗੀ। ਯਾਦਾਂ ਨੂੰ ਸਾਂਭਿਆ ਜਾਣਾ ਚਾਹੀਦਾ ਹੈ। ਵਰਤਮਾਨ ਦੇ ਨਾਲ ਇਹ ਯਾਦਾਂ ਭਵਿੱਖ ਵਿੱਤ ਸਾਡਾ ਸਰਮਾਇਆ ਹੋਣਗੀਆਂ। ਭਾਸ਼ਾ ਅਤੇ ਸੱਭਿਆਚਾਰ ਰਾਹੀਂ ਕੀਤਾ ਜਾਣ ਵਾਲਾ ਇਹ ਵਡੇਰਾ ਕਾਰਜ ਮਾਨਵੀ ਜੀਵਨ ਨੂੰ ਉਤਮਤਾ ਬਖਸ਼ਦਾ ਹੈ। ਭਾਸ਼ਾ ਜਿੱਥੇ ਵਿਗਿਆਨ ਵਾਸਤੇ ਕਾਢਾਂ ਸੰਪੂਰਨ ਕਰਨ ਦਾ ਕਾਰਜ ਕਰਦੀ ਹੈ, ਉਥੇ ਇਹ ਸਮਾਜ ਵਿਗਿਆਨਾਂ ਨੂੰ ਵਰਤਮਾਨ ਤੋਂ ਅਗਲੀਆਂ ਪੀੜ੍ਹੀਆਂ ਤੱਕ ਲਿਜਾਣ ਦਾ ਫਰਜ਼ ਵੀ ਨਿਭਾਉਂਦੀ ਹੈ। ਸਾਡੇ ਕੋਲ ਜੇ ਕਿਧਰੇ ਭਾਸ਼ਾ ਨਾ ਹੁੰਦੀ ਤਾਂ ਸਾਡੀ ਕਿਸੇ ਤਰ੍ਹਾਂ ਦੀ ਪ੍ਰਗਤੀ ਸੰਭਵ ਹੀ ਨਾ ਹੁੰਦੀ। ਜੇ ਇਹ ਕਿਹਾ ਜਾਵੇ ਕਿ ਮਨੁੱਖ ਨੂੰ ਕੁਦਰਤ ਵੱਲੋਂ ਮਿਲੀ ਭਾਸ਼ਾ ਦੀ ਦੇਣ ਸਭ ਤੋਂ ਵੱਡੀ ਦੇਣ ਹੈ ਤਾਂ ਇਸ ਵਿੱਚ ਅਤਿਕਬਨੀ ਨਹੀਂ ਹੋਵੇਗੀ। ਇਤਿਹਾਸ, ਮਿਥਿਹਾਸ ਸਮੇਤ ਜੀਵਨ ਦੀਆਂ ਸਾਧਾਰਨ ਤੋਰਾਂ ਨੂੰ ਭਾਸ਼ਾ ਅੰਦਰ ਹੀ ਸਾਂਭਿਆ ਜਾ ਸਕਦਾ ਹੈ। ਭਾਸ਼ਾ ਦੀ ਅਣਹੋਂਦ ਕਰਕੇ ਤਾਂ ਵਿਗਿਆਨਕ ਪ੍ਰਗਤੀ ਵੀ ਸੰਭਵ ਨਹੀਂ ਹੋਣੀ ਸੀ। ਤਬਦੀਲੀ ਦੇ ਕੁਦਰਤੀ ਸੁਭਾਅ ਨੂੰ ਅਸੀਂ ਪ੍ਰਵਾਨ ਕਰਦੇ ਹੋਏ ਬੀਤੇ ਤੋਂ ਸਿੱਖਦੇ ਹੋਏ ਭਵਿੱਖ ਨੂੰ ਤੁਰਨ ਦਾ ਤਹੱਈਆ ਕਰਦੇ ਹਾਂ। ਇਹੀ ਤਾਂ ਜ਼ਿੰਦਗੀ ਦੀ ਤੋਰ ਹੈ।

Have something to say? Post your comment