Welcome to Canadian Punjabi Post
Follow us on

01

July 2025
 
ਨਜਰਰੀਆ

ਜਾਗਦੀ ਜ਼ਮੀਰ

May 23, 2022 04:43 PM

-ਪਾਲੀ ਰਾਮ ਬਾਂਸਲ
‘‘ਕਦੇ ਆਪਣੇ ਬਾਰੇ ਵੀ ਸੋਚ ਲਿਆ ਕਰ, ਸਾਰੀ ਉਮਰ ਦੂਸਰਿਆਂ ਲਈ ਹੀ ਲੜੀ ਜਾਵੇਂਗਾ।'' ਬੈਂਕ ਦੇ ਜਨਰਲ ਮੈਨੇਜਰ ਨੇ ਆਪਣਾ ਆਖਰੀ ਹਥਿਆਰ ਚਲਾਇਆ ਲੱਗਦਾ ਸੀ।
ਗੱਲ ਪੰਜ ਕੁ ਸਾਲ ਦੀ ਹੈ। ਸਾਡੇ ਬੈਂਕ ਦੀ ਸੀਨੀਅਰ ਮੈਨੇਜਰ ਤੋਂ ਚੀਫ ਮੈਨੇਜਰ ਲਈ ਇੰਟਰਵਿਊ ਹੋਣੀ ਸੀ, ਮੈਂ ਸੀਨੀਆਰਟੀ ਵਿੱਚ ਦੂਜੇ ਨੰਬਰ ਉੱਤੇ ਸੀ, ਤਰੱਕੀ ਇੱਕੋ ਅਫਸਰ ਨੂੰ ਮਿਲਣੀ ਸੀ। ਮੈਂ ਉਸ ਸਮੇਂ ਮੁੱਖ ਦਫਤਰ ਸੰਗਰੂਰ ਵਿੱਚ ਸੀ ਅਤੇ ਬੈਂਕ ਦੇ ਅਫਸਰਾਂ ਦੀ ਮਾਨਤਾ ਪ੍ਰਾਪਤ ਜਥੇਬੰਦੀ ਦਾ ਜਨਰਲ ਸੈਕਟਰੀ ਸਾਂ। ਮੇਰੀ ਪੋਸਟਿੰਗ ਮੁੱਖ ਦਫਤਰ ਵਿੱਚ ਹੀ ਸੁਰੱਖਿਅਤ ਸੀ, ਮੇਰੀ ਬਦਲੀ ਨਹੀਂ ਸੀ ਕੀਤੀ ਜਾ ਸਕਦੀ ਸੀ।ਸਾਡੀ ਜਥੇਬੰਦੀ ਮਜ਼ਬੂਤ ਸੀ। ਕਈ ਚੇਅਰਮੈਨ ਤੇ ਜਨਰਲ ਮੈਨੇਜਰਾਂ ਨੇ ਜਥੇਬੰਦੀ ਨੂੰ ਤੋੜਨ ਜਾਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਡੇ ਮੈਂਬਰ ਮੇਰੀ ਅਗਵਾਈ ਵਿੱਚ ਚੱਟਾਨ ਵਾਂਗ ਖੜ੍ਹੇ ਰਹੇ। ਜਥੇਬੰਦੀ ਜਿੱਥੇ ਬੈਂਕ ਦੀ ਤਰੱਕੀ ਲਈ ਯੋਗਦਾਨ ਪਾਉਂਦੀ, ਉਥੇ ਮੁਲਾਜ਼ਮਾਂ ਦੇ ਹੱਕਾਂ ਲਈ ਤੇ ਕਿਸੇ ਵੀ ਧੱਕੇ ਖਿਲਾਫ ਮੈਨੇਜਮੈਂਟ ਨਾਲ ਆਢਾ ਲਾਉਣ ਤੋਂ ਸੰਕੋਚ ਨਹੀਂ ਸੀ ਕਰਦੀ। ਮੈਨੇਜਮੈਂਟ ਦੀਆਂ ਅੱਖਾਂ ਵਿੱਚ ਜਥੇਬੰਦੀ, ਖਾਸ ਕਰ ਕੇ ਮੈਂ ਰੜਕਦਾ ਸੀ। ਅਨੈਤਿਕ ਤਰੀਕੇ ਅਪਣਾ ਕੇ ਵੀ ਮੈਨੇਜਮੈਂਟ ਜਥੇਬੰਦੀ ਨੂੰ ਤੋੜ ਨਾ ਸਕੀ।
ਸ਼ਾਇਦ ਮੈਨੇਜਮੈਂਟ ਕੋਲ ਇਹ ਮੌਕਾ ਸੀ ਮੈਨੂੰ ਮੁੱਖ ਦਫਤਰ ਅਤੇ ਜਥੇਬੰਦੀ ਤੋਂ ਲਾਂਭੇ ਕਰਨ ਦਾ। ਉਸ ਸਮੇਂ ਦੇ ਚੇਅਰਮੈਨ ਨੇ ਮੇਰੇ ਕੋਲ ਬੈਂਕ ਦੇ ਜਨਰਲ ਮੈਨੇਜਰ ਨੂੰ ਭੇਜਿਆ ਸੀ ਜਿਸ ਨੇ ਬੈਠਦਿਆਂ ਹੀ ਕਿਹਾ, ‘‘ਇੰਟਰਵਿਊ ਉੱਤੇ ਜਾਏਂਗਾ?''
‘‘ਕੀ ਕਰਨਾ ਐ ਜੀ ਇੰਟਰਵਿਊ ਉੱਤੇ ਜਾ ਕੇ। ਸਾਨੂੰ ਕਿਹੜਾ ਕਿਸੇ ਨੇ ਤਰੱਕੀ ਦੇਣੀ ਐ।''
‘‘ਨਹੀਂ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਤੇਰਾ ਕੰਮ ਦਾ ਰਿਕਾਰਡ ਬਹੁਤ ਵਧੀਆ ਹੈ ਤੇ ਸੀਨੀਆਰਟੀ ਵਿੱਚ ਵੀ ਅੱਗੇ ਹੈਂ, ਤੂੰ ਹਾਂ ਕਰ।''
‘‘ਕੰਮ ਦੀ ਕਦਰ ਕਰਦੇ ਹੋ ਤੁਸੀਂ? ਤੁਹਾਨੂੰ ਚਾਪਲੂਸ ਲੋਕ ਚਾਹੀਦੇ ਨੇ, ਤੇ ਇਹ ਕੰਮ ਸਾਥੋਂ ਹੁੰਦਾ ਨਹੀਂ।''
‘‘ਨਹੀਂ ਯਾਰ, ਇੱਦਾਂ ਦੀ ਕੋਈ ਗੱਲ ਨਹੀਂ।'' ਜੀ ਐਮ ਨੇ ਖਿਸਿਆਨੀ ਹਾਸੀ ਹੱਸਦੇ ਹੋਏ ਕਿਹਾ।
‘‘ਚਲੋ ਇੱਕ ਗੱਲ ਦੱਸੋ, ਤੁਹਾਨੂੰ ਚੇਅਰਮੈਨ ਸਾਹਿਬ ਨੇ ਭੇਜਿਆ ਹੈ ਮੇਰੇ ਕੋਲ?''
‘‘ਇੰਝ ਹੀ ਸਮਝ ਲੈ।'' ਜੀ ਐਮ ਨੇ ਥੋੜ੍ਹਾ ਖਿਝ ਕੇ ਕਿਹਾ।
‘‘ਮੇਰੀ ਸਮਝ ਤੋਂ ਬਾਹਰ ਐ, ਮੇਰੇ ਪ੍ਰਤੀ ਐਨਾ ਝੁਕਾਅ ਕਿਉਂ?''
‘‘ਅਸਲੀ ਗੱਲ ਇਹ ਹੈ ਕਿ ਆਪਾਂ ਆਪਣੇ ਬੈਂਕ ਦਾ ਰੀਜਨਲ ਆਫਿਸ ਪਟਿਆਲੇ ਖੋਲ੍ਹਣਾ ਹੈ ਤੇ ਉਥੇ ਰੀਜਨਲ ਮੈਨੇਜਰ ਲਾਉਣਾ ਹੈ। ਚੇਅਰਮੈਨ ਸਾਹਿਬ ਨੇ ਮੌਜੂਦਾ ਤਿੰਨੇ ਯੋਗ ਉਮੀਦਵਾਰ (ਚੀਫ ਮੈਨੇਜਰ) ਦੀ ਇੰਟਰਵਿਊ ਕੀਤੀ ਹੈ ਤੇ ਉਨ੍ਹਾਂ ਤਿੰਨਾਂ ਵਿੱਚੋਂ ਉਨ੍ਹਾਂ ਨੂੰ ਕੋਈ ਰੀਜਨਲ ਮੈਨੇਜਰ ਲੱਗਣ ਦੇ ਕਾਬਲ ਨਹੀਂ ਲੱਗਾ। ਇਸ ਲਈ ਚੇਅਰਮੈਨ ਸਾਹਿਬ ਚਾਹੁੰਦੇ ਨੇ ਕਿ ਉਹ ਤੁਹਾਨੂੰ ਤਰੱਕੀ ਦੇ ਕੇ ਪਟਿਆਲਾ ਰੀਜਨ ਦਾ ਮੈਨੇਜਰ ਲਾ ਦੇਣ।
‘‘ਜੀ ਐਮ ਸਾਹਿਬ, ਧੰਨਵਾਦ ਤੁਹਾਡਾ, ਪਰ ਜਿਸ ਮਕਸਦ ਲਈ ਤੁਸੀਂ ਮੈਨੂੰ ਤਰੱਕੀ ਦੇਣਾ ਚਾਹੁੰਦੇ ਹੋ, ਉਸ ਨੂੰ ਮੈਂ ਭਲੀਭਾਂਤ ਸਮਝਦਾ ਹਾਂ, ਮੇਰੀ ਤਰੱਕੀ ਹੋਵੇ ਜਾਂ ਨਾ, ਪਰ ਮੈਂ ਆਪਣੇ ਸਾਥੀਆਂ ਦੇ ਮੇਰੇ ਵਿੱਚ ਪ੍ਰਗਟਾਏ ਭਰੋਸੇ ਨੂੰ ਨਹੀਂ ਤੋੜਾਂਗਾ। ਮੇਰੇ ਪਿਤਾ ਜੀ ਨੇ ਇੱਕ ਗੱਲ ਕਹੀ ਸੀ ਕਿ ਪੁੱਤਰਾ! ਕੁਝ ਵੀ ਹੋ ਜਾਵੇ, ਜ਼ਮੀਰ ਨਾ ਵੇਚੀਂ। ਮਰੀ ਜ਼ਮੀਰ ਵਾਲਾ ਇਨਸਾਨ ਤੁਰਦੀ ਫਿਰਦੀ ਲਾਸ਼ ਹੁੰਦਾ।'' ਮੈਂ ਕਾਫੀ ਤਲਖੀ ਵਿੱਚ ਜਵਾਬ ਦਿੱਤਾ।
‘‘ਕਦੇ ਆਪਣੇ ਬਾਰੇ ਵੀ ਸੋਚ ਲਿਆ ਕਰ, ਸਾਰੀ ਉਮਰ ਦੂਸਰਿਆਂ ਲਈ ਲੜੀ ਜਾਵੇਂਗਾ।'' ਜੀ ਐਮ ਬੁੜ ਬੁੜ ਕਰਦਾ ਚਲਾ ਗਿਆ ਸੀ।
ਇਹ ਪਤਾ ਹੋਣ ਦੇ ਬਾਵਜੂਦ ਕਿ ਮੈਨੂੰ ਤੱਰਕੀ ਨਹੀਂ ਦੇਣੀ, ਮੈਂ ਇੰਟਰਵਿਊ ਉੱਤੇ ਗਿਆ ਤੇ ਮੈਨੂੰ ਤਰੱਕੀ ਨਹੀਂ ਮਿਲੀ, ਜੂਨੀਅਰ ਅਫਸਰ ਨੂੰ ਤਰੱਕੀ ਦੇ ਦਿੱਤੀ ਗਈ।ਪੰਜਾਬ ਵਿਚਲੀਆਂ ਤਿੰਨ ਗ੍ਰਾਮੀਣ ਬੈਂਕਾਂ ਦੇ ਰਲੇਵੇਂ ਤੋਂ ਬਾਅਦ ਵੀ ਮੁਲਾਜ਼ਮਾਂ ਦੇ ਹਿੱਤਾਂ ਲਈ ਲੜਾਈ ਜਾਰੀ ਰੱਖੀ। ਇਸੇ ਰੰਜਿਸ਼ ਤਹਿਤ ਮੇਰੀ ਬਦਲੀ ਘਰ ਤੋਂ 150 ਕਿਲੋਮੀਟਰ ਦੂਰ ਕਰ ਦਿੱਤੀ। ਸਭ ਤੋਂ ਸੀਨੀਅਰ ਹੋਣ ਦੇ ਬਾਵਜੂਦ ਤਰੱਕੀ ਤੋਂ ਵਾਂਝਾ ਰਿਹਾ।
ਛੇ ਕੁ ਮਹੀਨੇ ਪਹਿਲਾਂ ਪਿਤਾ ਜੀ ਦਾ ਅਚਾਨਕ ਦਿਹਾਂਤ ਹੋ ਗਿਆ, ਤੇ ਇਸ ਲਈ ਮੈਂ ਖੁਦ ਨੂੰ ਕਸੂਰਵਾਰ ਸਮਝਦਾ ਹੋਇਆ ਬਹੁਤ ਰੋਇਆ ਕਿ ਸ਼ਾਇਦ ਦੂਰ ਬਦਲੀ ਹੋਣ ਕਾਰਨ ਮੈਂ ਪਿਤਾ ਜੀ ਦੀ ਪੂਰੀ ਤਰ੍ਹਾਂ ਸੰਭਾਲ ਨਹੀਂ ਕਰ ਸਕਿਆ। ਆਪਣੇ ਆਪ ਨੂੰ ਕੋਸਦਾ ਰਿਹਾ।ਕੁਝ ਸਮਾਂ ਪਹਿਲਾਂ ਪਿਤਾ ਜੀ ਦੀ ਫੋਟੋ ਵੱਲ ਦੇਖਦਿਆਂ ਅੱਖਾਂ ਵਿੱਚ ਹੰਝੂਆਂ ਦਾ ਹੜ੍ਹ ਆ ਗਿਆ। ਕੁਝ ਦੇਰ ਬਾਅਦ ਮਹਿਸੂਸ ਕੀਤਾ ਕਿ ਜਿਵੇਂ ਪਿਤਾ ਜੀ ਸਦਾ ਵਾਂਗ ਆਪਣਾ ਆਸ਼ੀਰਵਾਦ ਭਰਿਆ ਹੱਥ ਸਿਰ ਉੱਤੇ ਰੱਖ ਕੇ ਕਹਿ ਰਹੇ ਹੋਣ, ‘‘ਘਬਰਾ ਨਾ ਪੁੱਤਰਾ, ਤੂੰ ਮੇਰੇ ਕਹੇ ਬੋਲ ਪੁਗਾ ਰਿਹਾ ਹੈਂ।''
ਕਾਫੀ ਦੇਰ ਜਜ਼ਬਾਤ ਭਾਰੂ ਰਹੇ, ਫਿਰ ਕੁਝ ਸਕੂਨ ਮਹਿਸੂਸ ਕੀਤਾ ਕਿ ਸਰੀਰਕ ਅਤੇ ਆਰਥਿਕ ਨੁਕਸਾਨ ਤਾਂ ਭਾਵੇਂ ਝੱਲ ਰਿਹਾ ਹਾਂ, ਪਰ ਆਪਣੇ ਮਰਹੂਮ ਪਿਤਾ ਦੀ ਸਿੱਖਿਆ ਉੱਤੇ ਚੱਲ ਰਿਹਾ ਹਾਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ!