Welcome to Canadian Punjabi Post
Follow us on

19

March 2024
 
ਟੋਰਾਂਟੋ/ਜੀਟੀਏ

ਸੁਦੀਪ ਸਿੰਗਲਾ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ

May 19, 2022 10:08 PM

-ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਹੋਰ ਮੰਤਰੀਆਂ ਨਾਲ ਵੀ ਕੀਤੀਆਂ ਵਿਚਾਰਾਂ


ਬਰੈਂਪਟਨ, (ਡਾ. ਝੰਡ) -ਟੋਰਾਂਟੋ ਤੋਂ ਆਮ ਆਦਮੀ ਪਾਰਟੀ ਦੇ ਸਰਗ਼ਰਮ ਵਾਲੰਟੀਅਰ ਸੁਦੀਪ ਸਿੰਗਲਾ ਜੋ ਇਨ੍ਹੀਂ ਦਿਨੀਂ ਪੰਜਾਬ ਗਏ ਹੋਏ ਹਨ, ਕੋਲੋਂ ਟੈਲੀਫ਼ੋਨ 'ਤੇ ਮਿਲੀ ਜਾਣਕਾਰੀ ਅਨੁਸਾਰ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਕਈ ਮੰਤਰੀਆਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਪਰਵਾਸੀ ਪੰਜਾਬੀਆਂ ਨੂੰ ਦਰਪੇਸ਼ ਮਸਲਿਆਂ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਹੋਰ ਮਸਲਿਆਂ ਦੇ ਨਾਲ ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਦੀ ਇਸ ਮੰਗ 'ਤੇ ਵੀ ਵਿਚਾਰ ਕੀਤਾ ਗਿਆ ਕਿ ਤਨਖ਼ਾਹ ਕਮਿਸ਼ਨ ਵੱਲੋਂ ਕੀਤੀਆਂ ਗਈਆਂ ਸਿਫ਼ਾਰਸ਼ਾਂ ਅਨੁਸਾਰ 2.59 ਗੁਣਕ ਮੁਤਾਬਿਕ ਪੈੱਨਸ਼ਨ ਫਿ਼ਕਸ ਕੀਤੀ ਜਾਵੇ ਅਤੇ ਲੰਮੇਂ ਸਮੇਂ ਤੋਂ ਲੰਬਿਤ ਡੀ.ਏ. ਦੀਆਂ ਕਿਸ਼ਤਾਂ ਵੀ ਦਿੱਤੀਆਂ ਜਾਣ। ਇੱਥੇ ਪਾਠਕਾਂ ਨੂੰ ਇਸ ਦੱਸਣਾ ਵਾਜਬ ਹੋਵੇਗਾ ਕਿ ਐਸੋਸੀਏਸ਼ਨ ਵੱਲੋਂ ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ ਦੇ ਦਸਤਖ਼ਤਾਂ ਨਾਲ ਇਕ ਮੰਗ-ਪੱਤਰ ਸੁਦੀਪ ਸਿੰਗਲਾ ਰਾਹੀਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੂੰ ਭੇਜਿਆ ਗਿਆ ਹੈ ਅਤੇ ਇਸ ਮੰਗ ਸਬੰਧੀ ਮੁੱਖ ਮੰਤਰੀ ਦਾ ਰਵੱਈਆ ਹਾਂ-ਪੱਖੀ ਦੱਸਿਆ ਜਾਂਦਾ ਹੈ।
ਇਸ ਦੌਰਾਨ ਸੁਦੀਪ ਸਿੰਗਲਾ ਨੇ ਦੱਸਿਆ ਕਿ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਵਿਚਾਰ ਸੀ 'ਪ੍ਰਭ ਆਸਰਾ ਟਰੱਸਟ' ਦੇ ਬਿਜਲੀ ਬਿੱਲਾਂ ਦੇ ਭੁਗਤਾਨ ਲਈ ਪਰਵਾਸੀਆਂ ਦੀ ਮਦਦ ਦੀ ਲੋੜ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਪਰਵਾਸੀਆਂ ਦੀਆਂ ਜ਼ਮੀਨਾਂ-ਜਾਇਦਾਦਾਂ ਦੀ ਸੁਰੱਖਿਆ ਸਬੰਧੀ ਵਿਚਾਰਾਂ ਹੋਈਆਂ। ਧਾਲੀਵਾਲ ਹੁਰਾਂ ਵੱਲੋਂ ਸਕੂਲਾਂ ਦੀਆਂ ਇਮਾਰਤਾਂ ਦੀ ਸੰਭਾਲ ਅਤੇ ਪਰਵਾਸੀਆਂ ਵੱਲੋਂ ਆਪਣੇ ਪਿੰਡਾਂ ਦੇ ਵਿਕਾਸ ਲਈ ਉਨ੍ਹਾਂ ਨੂੰ ਅਪਨਾਉਣ ਦੀ ਸਲਾਹ ਦਿੱਤੀ ਗਈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਟਰਾਂਸਪੋਰਟ ਸਿਸਟਮ ਦੇ ਸੁਧਾਰ ਸਬੰਧੀ ਵਿਚਾਰ ਕੀਤੀ ਗਈ। ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਨਾਲ ਸੂਬੇ ਵਿਚ ਫ਼ੂਡ ਪ੍ਰਾਸੈੱਸਿੰਗ ਯੂਨਿਟ ਲਗਾਉਣ ਦਾ ਮਸਵਰਾ ਸਾਂਝਾ ਕੀਤਾ ਗਿਆ। ਵਿਚਾਰ ਵਟਾਂਦਰੇ ਦੌਰਾਨ ਸਿਹਤ ਮੰਤਰੀ ਵਿਜੈ ਸਿੰਗਲਾ ਨੇ ਸਿਹਤ ਸਹੂਲਤਾਂ ਵਿਚ ਪਰਵਾਸੀਆਂ ਨੂੰ ਯੋਗਦਾਨ ਦੇਣ ਲਈ ਕਿਹਾ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤਹੇਅਰ ਦੇ ਨਾਲ ਸਿੱਖਿਆ ਵਿਚ ਸੁਧਾਰ ਕਰਨ ਬਾਰੇ ਵਿਚਾਰ ਸਾਂਝੇ ਕੀਤੇ ਗਏ। ਮੁੱਖ ਮੰਤਰੀ ਸਮੇਤ ਸਾਰੇ ਮੰਤਰੀ ਸਾਹਿਬਾਨ ਅਤੇ ਸਪੀਕਰ ਸਾਹਿਬ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਪ੍ਰਤੀ ਬੜੇ ਸੰਜੀਦਾ ਅਤੇ ਫਿ਼ਕਰਮੰਦ ਦੱਸੇ ਜਾਂਦੇ ਹਨ।
ਉਪਰੋਕਤ ਵਿਚਾਰ-ਵਟਾਂਦਰੇ ਤੋਂ ਪਹਿਲਾਂ ਸੁਦੀਪ ਸਿੰਗਲਾ ਵੱਲੋਂ ਓਨਟਾਰੀਓ ਸੂਬਾ ਸਰਕਾਰ ਅਤੇ ਬਰੈਂਪਟਨ ਸਿਟੀ ਕਾਊਂਸਲ ਦੀ ਤਰਫ਼ੋਂ ਯਾਦਗਾਰੀ-ਚਿੰਨ੍ਹ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਭੇਂਟ ਕੀਤੇ ਗਏ। ਓਨਟਾਰੀਓ ਸੂਬਾ ਸਰਕਾਰ ਵੱਲੋਂ ਯਾਦਗਾਰੀ-ਚਿੰਨ੍ਹ ਨੀਨਾ ਟਾਂਗਰੀ ਅਤੇ ਬਰੈਂਪਟਨ ਸਿਟੀ ਵੱਲੋਂ ਇਹ ਚਿੰਨ੍ਹ ਰੀਜਨਲ ਕਾਂਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਭੇਜਿਆ ਗਿਆ ਸੀ। ਇੱਥੇ ਇਹ ਵਰਨਣਯੋਗ ਹੈ ਕਿ ਬਰੈਂਪਟਨ ਸਿਟੀ ਵੱਲੋਂ ਪੰਜਾਬ ਸਰਕਾਰ ਨਾਲ ਦੁਵੱਲੇ ਸਬੰਧ ਕਾਇਮ ਸਬੰਧੀ ਮਤਾ ਗੁਰਪ੍ਰੀਤ ਸਿੰਘ ਢਿੱਲੋਂ ਦੀ ਪਹਿਲਕਦਮੀ ਨਾਲ ਸਿਟੀ ਕਾਂਊਂਸਲ ਵੱਲੋਂ ਸਰਬਸੰਮਤੀ ਨਾਲ ਪਾਸ ਕਰਕੇ ਭੇਜਿਆ ਗਿਆ ਹੈ। ਸੁਦੀਪ ਸਿੰਗਲਾ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਕਈ ਵਿਧਾਇਕਾਂ ਨਾਲ ਵੀ ਮੁਲਾਕਾਤਾਂ ਕਰ ਰਹੇ ਹਨ ਤਾਂ ਕਿ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਲਈ ਪਰਵਾਸੀ ਪੰਜਾਬੀ ਪੰਜਾਬ ਸਰਕਾਰ ਨਾਲ ਲੋੜੀਂਦਾ ਸਹਿਯੋਗ ਕਰ ਸਕਣ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ