ਬਿਲਾਸਪੁਰ, 19 ਮਈ (ਪੋਸਟ ਬਿਊਰੋ)- ਦੂਸਰੇ ਵਿਸ਼ਵ ਯੁੱਧ ਦੇ ਫੌਜੀ ਰਣਜੀਤ ਸਿੰਘ ਦੀ ਪਤਨੀ ਸਾਲਾਂ ਤੋਂ ਇੱਕ ਵੱਡੀ ਲੜਾਈ ਲੜ ਰਹੀ ਹੈ। 95 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਹਰ ਤਿੰਨ ਮਹੀਨੇ ਵਿੱਚ ਇੱਕ ਵਾਰ 900 ਕਿਲੋਮੀਟਰ ਦੀ ਯਾਤਰਾ ਕਰਨੀ ਪੈਂਦੀ ਅਤੇ ਜਾ ਕੇ ਦੱਸਣਾ ਪੈਂਦਾ ਹੈ ਕਿ ਉਹ ਜਿੰਦਾ ਹੈ।
ਉੱਤਰ ਪ੍ਰਦੇਸ਼ ਦੇ ਜਿ਼ਲਾ ਬਿਲਾਸਪੁਰ ਦੇ ਤਿਫਰਾ ਵਿੱਚ ਰਹਿੰਦੀ ਲਲਿਤਾ ਦੇਵੀ 6000 ਰੁਪਏ ਪੈਨਸ਼ਨ ਲੈਣ ਨੂੰ ਪਿਛਲੇ ਵੀਹ ਸਾਲ ਤੋਂ ਇਹ ਜੱਦੋਜਹਿਦ ਕਰ ਰਹੀ ਹੈ। ਪਹਿਲਾਂ ਉਹ ਯੂ ਪੀ ਦੇ ਬਲੀਆ ਵਿੱਚ ਰਹਿੰਦੀ ਸੀ। ਦੋ ਦਹਾਕੇ ਤੋਂ ਬਿਲਾਸਪੁਰ ਵਿੱਚ ਹੈ। ਜਦ ਤਕ ਬਲੀਆ ਵਿੱਚ ਸੀ, ਇਹ ਦਿੱਕਤ ਨਹੀਂ ਸੀ। ਬਿਲਾਸਪੁਰ ਆਉਣ ਪਿੱਛੋਂ ਉਨ੍ਹਾਂ ਨੂੰ ਹਰ ਤਿੰਨ ਮਹੀਨੇ ਬਾਅਦ ਜੀਉਂਦੇਹੋਣ ਦਾ ਸਬੂਤ ਦੇਣ ਲਈ ਉਥੇ ਜਾਣਾ ਪੈਂਦਾ ਹੈ। ਪਹਿਲਾਂ ਉਨ੍ਹਾਂ ਨੂੰ ਬੇਟੇ ਦੇ ਨਾਲ ਬਲੀਆ ਆਉਣ-ਜਾਣ ਵਿੱਚ ਜ਼ਿਆਦਾ ਦਿੱਕਤ ਨਹੀਂ ਸੀ, ਪਿਛਲੇ 10 ਸਾਲ ਤੋਂ ਉਹ ਸਫਰ ਕਰਨ ਦੀ ਸਥਿਤੀ ਵਿੱਚ ਨਹੀਂ। ਬੇਟੇ ਦੀ ਅੱਖ ਦੀ ਵੀ ਸੱਤ ਫੀਸਦੀ ਰੋਸ਼ਨੀ ਜਾ ਚੁੱਕੀ ਹੈ। ਉਹ ਪਿਛਲੇ ਕਈ ਸਾਲ ਤੋਂ ਬਿਲਾਸਪੁਰ ਦੇ ਅਫਸਰਾਂ ਨੂੰ ਅਰਜ਼ੀਆਂ ਦੇ ਕੇ ਪੈਨਸ਼ਨ ਬਲੀਆ ਤੋਂ ਬਿਲਾਸਪੁਰ ਸ਼ਿਫਟ ਕਰਨ ਨੂੰ ਕਹਿ ਰਹੀ ਹੈ, ਪ੍ਰੰਤੂ ਸੁਣਵਾਈ ਨਹੀਂ ਹੋ ਸਕੀ। ਉਨ੍ਹਾਂ ਦੇ ਸਹੁਰੇ ਸਵਰਗੀ ਦੁਰਗਾ ਦੱਤ ਵੀ ਆਜ਼ਾਦੀ ਘੁਲਾਟੀਏ ਸਨ। ਲਲਿਤਾ ਦੇਵੀ ਦੇ ਬੇਟੇ ਦੀ ਉਮਰ 67 ਸਾਲ ਹੋ ਗਈ ਹੈ। ਉਹ ਖੇਤੀ ਵਿਭਾਗ ਦੇ ਰਿਟਾਇਰਡ ਅਧਿਕਾਰੀ ਹਨ। ਅੱਖਾਂ ਤੋਂ ਘੱਟ ਦਿਖਾਈ ਦਿੰਦਾ ਹੈ। ਘਰ ਵਿੱਚ ਅਜਿਹਾ ਕੋਈ ਨਹੀਂ ਜੋ ਬਲੀਆ ਵਿੱਚ ਲਲਿਤਾ ਦੇਵੀ ਨੂੰ ਰੱਖ ਕੇ ਦਸਤਾਵੇਜ਼ੀ ਪ੍ਰਕਿਰਿਆ ਪੂਰੀ ਕਰ ਕੇ ਪੈਨਸ਼ਨ ਬਿਲਾਸਪੁਰ ਟਰਾਂਸਫਰ ਕਰਵਾ ਸਕੇ।