Welcome to Canadian Punjabi Post
Follow us on

27

June 2022
ਬ੍ਰੈਕਿੰਗ ਖ਼ਬਰਾਂ :
ਬਜਟ ਵਿੱਚ ਕਿਸਾਨਾਂ ਲਈ ਕੁਝ ਨਹੀਂ, ਕੇਂਦਰ ਵੀ ਕਿਸਾਨ ਅੰਦੋਲਨ ਤੋਂ ਘਬਰਾਇਆ : ਰਾਜੇਵਾਲਜਨਤਾ ਬਜਟ ਪੇਸ਼ ਕਰਨ ਉਤੇ ਮੁੱਖ ਮੰਤਰੀ ਵੱਲੋਂ ਚੀਮਾ ਨੂੰ ਮੁਬਾਰਕਬਾਦਸ਼੍ਰੋਮਣੀ ਕਮੇਟੀ ਦੇ ਜਨਰਲ ਸੈਕਟਰੀ ਪੰਜੋਲੀ ਨੇ ਅਕਾਲੀ ਲੀਡਰਸਿ਼ਪ ਵਿੱਚ ਤਬਦੀਲੀ ਦੀ ਸੁਰ ਚੁੱਕੀਭਾਰਤ ਦੀਆਂ ਉੱਪ ਚੋਣਾਂ: ਭਾਜਪਾ ਨੇ ਆਜ਼ਮਗੜ੍ਹ ਅਤੇ ਰਾਮਪੁਰ ਲੋਕਸਭਾ ਸੀਟਾਂ ਸਮਾਜਵਾਦੀ ਪਾਰਟੀ ਤੋਂ ਖੋਹੀਆਂਸਿੱਧੂ ਮੂਸੇਵਾਲਾ ਦਾ ਐੱਸ ਵਾਈ ਐੱਲ ਗੀਤ ਪਾਬੰਦੀ ਲੱਗਣ ਦੇ ਕਾਰਨ ਯੂਟਿਊਬ ਨੇ ਹਟਾਇਆਅਗਨੀਪਥ ਯੋਜਨਾ: ਗਵਰਨਰ ਸੱਤਿਆਪਾਲ ਮਲਿਕ ਨੇ ‘ਜਵਾਨਾਂ ਦੀਆਂ ਉਮੀਦਾਂ ਨਾਲ ਧੋਖਾ’ ਕਿਹਾਹੈਰਾਨੀ ਵਾਲਾ ਖੁਲਾਸਾ: ਪ੍ਰਿੰਸ ਚਾਰਲਸ ਨੇ ਕਤਰ ਦੇ ਸ਼ੇਖ ਤੋਂ ਨੋਟਾਂ ਦੇ ਭਰੇ ਬੈਗ ਪ੍ਰਵਾਨ ਕੀਤੇਸੰਗਰੂਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਅੰਦਰ ਇੰਜ ਰਿਹਾ ਨਤੀਜਾ
ਨਜਰਰੀਆ

ਚਿੱਠੀਏ ਨੀ ਚਿੱਠੀਏ...

May 18, 2022 05:20 PM

-ਗੁਰਦੀਪ ਸਿੰਘ ਢੁੱਡੀ
ਗੱਲ 1973 ਤੋਂ ਪਹਿਲਾਂ ਦੀ ਹੈ। ਉਸ ਸਮੇਂ ਦਸਵੀਂ ਪਾਸ ਕੀਤੀ ਸੀ ਤੇ ਗੱਲ ਦਸਵੀਂ ਪਾਸ ਕਰਨ ਤੋਂ ਪਹਿਲਾਂ ਦੀ ਹੈ। ਸ਼ਾਇਦ ਉਦੋਂ ਅੱਠਵੀਂ-ਨੌਵੀਂ ਵਿੱਚ ਪੜ੍ਹਦਾ ਹੋਵਾਂਗਾ। ਗੁਆਂਢ ਵਿੱਚ ਘਰਾਂ ਵਿੱਚੋਂ ਭਰਾਵਾਂ ਦੀ ਥਾਂ ਲੱਗਦਾ ਲੜਕਾ ਫੌਜ ਵਿੱਚ ‘ਨੌਕਰ’ ਸੀ। ਉਸ ਦੀ ਪਤਨੀ ਬੱਚਿਆਂ ਨਾਲ ਪਿੰਡ ਰਹਿੰਦੀ ਸੀ। ਮਹੀਨੇ ਵੀਹੀਂ ਦਿਨੀਂ ਉਹ ਪਤੀ ਨੂੰ ਮੇਰੇ ਤੋਂ ਚਿੱਠੀ ਲਿਖਵਾ ਕੇ ਭੇਜਦੀ ਅਤੇ ਉਸ ਦੀ ਚਿੱਠੀ ਮੈਥੋਂ ਪੜ੍ਹਵਾਉਂਦੀ ਸੀ। ਪਹਿਲੀਆਂ ਵਿੱਚ ਜਿੱਦਾਂਵੀ ਉਸ ਨੇ ਕਹਿਣਾ, ਮੈਂ ਚਿੱਠੀ ਦੀ ਇਬਾਰਤ ਉਸੇ ਤਰ੍ਹਾਂ ਲਿਖ ਦੇਣੀ, ਜਿਵੇਂ ਅੱਗਿਓਂ ਚਿੱਠੀ ਲਿਖੀ ਹੋਈ ਆਉਣੀ, ਹੂ-ਬ-ਹੂ ਪੜ੍ਹ ਕੇ ਸੁਣਾ ਦੇਣੀ। ਜਿਸ ਸਮੇਂ ਦੀ ਗੱਲ ਕਰ ਰਿਹਾ ਹਾਂ, ਇੱਥੇ ਕੁ ਆ ਕੇ ਮੈਂ ਉਸ ਨੂੰ ਕਹਿਣਾ, ‘ਭਾਬੀ, ਤੂੰ ਦੱਸ, ਕੀ ਕੁਝ ਕਹਿਣਾ ਹੈ, ਮੈਂ ਇਕੱਠਾ ਸਾਰਾ ਕੁਝ ਲਿਖ ਦੇਵਾਂਗਾ।’ ਇਸੇ ਤਰ੍ਹਾਂ ਆਈ ਚਿੱਠੀ ਬਾਰੇ ਦੱਸ ਦੇਣਾ ਕਿ ਇਸ ਵਿੱਚ ਕੀ ਲਿਖਿਆ ਹੈ। ਕਈ ਵਾਰੀ ਉਸ ਨੇ ਲਿਖੀ ਹੋਈ ਚਿੱਠੀ ਪੜ੍ਹ ਕੇ ਸੁਣਾਉਣ ਲਈ ਕਹਿਣਾ ਤਾਂ ਮੈਂ ਉਸ ਵੱਲੋਂ ਬੋਲੇ ਗਏ ਨੂੰ ਹੀ ਬੋਲ ਕੇ ਗੱਲ ਨਿਬੇੜ ਦੇਣੀ। ਇਸ ਵਿੱਚ ਮੇਰੀ ਆਪਣੀ ਸਿਰਜਣਾਤਮਿਕਤਾ ਚੱਲਣ ਲੱਗ ਪਈ। ਇਸੇ ਕਰ ਕੇ ਜਦੋਂ ਫੌਜੀ ਬਾਈ ਛੁੱਟੀ ਆਇਆ, ਇੱਕ ਦਿਨ ਭਾਬੀ ਨੇ ਆ ਕੇ ਕਿਹਾ: ‘ਟੁੱਟ ਪੈਣਿਆ, ਮੈਂ ਤੇਰੀ ਭੁਗਤ ਸੁਆਰਦੀ ਹਾਂ’। ਏਨਾ ਕਹਿ ਕੇ ਮੇਰੇ ਉੱਤੇ ਹਮਲਾ ਕਰਨ ਵਾਲਿਆਂ ਵਾਂਗ ਹੱਲਾ ਕਰ ਦਿੱਤਾ ਸੀ। ਨਾਲ ਉਸ ਨੂੰ ਮੇਰੀ ਮਾਂ ਨੂੰ ‘ਬੇਬੇ ਜੀ, ਅੱਜ ਤੂੰ ਇਸ ਨੂੰ ਛੁਡਾਈ ਨਾ, ਮੈਂ ਇਸ ਦੀ ਭੁਗਤ ਸੁਆਰਦੀ ਹਾਂ ਚੰਗੀ ਤਰ੍ਹਾਂ’ ਕਹਿ ਕੇ ਮੇਰੀ ਮਾਂ ਨੂੰ ਵੀ ਹੁਕਮ ਸੁਣਾ ਦਿੱਤਾ ਸੀ।
ਗੱਲ ਅਸਲ ਵਿੱਚ ਇਹ ਸੀ ਕਿ ‘ਜਿਹੜੀਆਂ ਗੱਲਾਂ ਤੂੰ ਚਿੱਠੀ ਵਿੱਚ ਲਿਖਦਾ ਹੁੰਨੈ, ਮੈਂ ਇਹ ਕਦੋਂ ਆਖਦੀ ਹੁੰਨੀ ਆਂ।’ ਕਹਿੰਦਿਆਂ ਭਾਬੀ ਮੇਰੇ ਦੁਆਲੇ ਹੋ ਗਈ ਸੀ। ‘‘ਬੇਬੇ ਜੀ, ਤੇਰਾ ਪੁੱਤ ਮੇਰੇ ਨਾਲ ਲੜਾਈ ਕਰੀ ਜਾਂਦੈ। ਕਹਿੰਦਾ, ਕੀ ਤੂੰ ਊਲ-ਜਲੂਲ ਲਿਖਵਾਉਨੀ ਹੁੰਨੀ ਐਂ ਚਿੱਠੀ ਵਿੱਚ। ਨਾਲ ਦੇ ਮੈਨੂੰ ਝੇਡਾਂ ਕਰਦੇ ਹੁੰਦੇ ਆ”, ਆਖਦਿਆਂ ਭਾਬੀ ਨੇ ਮੇਰੀ ਸ਼ਿਕਾਇਤ ਮੇਰੀ ਮਾਂ ਕੋਲ ਲਾ ਦਿੱਤੀ। ਭਾਬੀ ਮੇਰੇ ਨਾਲ ਲੜਦੀ ਅੰਦਰੋ-ਅੰਦਰੀ ਕੁਤਕੁਤਾੜੀਆਂ ਨਿਕਲਣ ਵਾਂਗ ਹੱਸ ਵੀ ਰਹੀ ਸੀ, ਜਿਵੇਂ ਮੈਂ ਜੋ ਕੁਝ ਚਿੱਠੀ ਵਿੱਚ ਲਿਖਦਾ ਸਾਂ, ਉਹੀ ਤਾਂ ਉਹ ਲਿਖਵਾਉਣਾ ਚਾਹੁੰਦੀ ਹੰੁਦੀ ਸੀ।
ਮੇਰੀ ਉਮਰ ਦਾ ਉਹ ਪੜਾਅ ਸ਼ੁਰੂ ਹੋ ਚੁੱਕਾ ਸੀ, ਜਿਸ ਵਿੱਚ ਬੱਚਾ ਨੌਜਵਾਨੀ ਵਾਲੀ ਉਮਰ ਵੱਲ ਵੀ ਵਧਦਾ ਹੈ ਅਤੇ ਭਾਵਨਾਵਾਂ ਦੇ ਵਹਿਣ ਵਿੱਚ ਵੀ ਵਹਿੰਦਾ ਹੈ। ਇਸੇ ਕਰ ਕੇ ਫੌਜਣ ਭਾਬੀ ਵੱਲੋਂ ਆਪਣੇ ‘ਨੌਕਰ' ਪਤੀ ਨੂੰ ਮੇਰੇ ਕੋਲੋਂ ਲਿਖਾਈਆਂ ਚਿੱਠੀਆਂ ਵਿੱਚ ਭਾਬੀ ਦੇ ਉਹ ਭਾਵ, ਜੋ ਅਸਲ ਵਿੱਚ ਉਹ ਲਿਖਾਉਣਾ ਚਾਹੰੁਦੀ ਸੀ, ਪਰ ਬੋਲ ਕੇ ਕਹਿ ਨਹੀਂ ਸਕਦੀ ਸੀ, ਮੈਂ ਲਿਖ ਦਿੰਦਾ ਸਾਂ। ਦੇਖਿਆ ਜਾਵੇ ਤਾਂ ਚਿੱਠੀ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਕੇ ਲਿਖੀ ਜਾਂਦੀ ਹੈ। ਚਿੱਠੀ ਲਿਖਣਾ ਸਿਰਜਨਾਤਮਿਕਤਾ ਦਾ ਆਰੰਭ ਵੀ ਹੈ ਅਤੇ ਸਿਖਰ ਵੀ। ਇਸੇ ਕਰ ਕੇ ‘ਚਿੱਠੀਆਂ ਸਾਹਿਬਾਂ ਜੱਟੀ ਨੇ ਲਿਖ ਮਿਰਜ਼ੇ ਵੱਲ ਪਾਈਆਂ' ਵਰਗਾ ਗੀਤ ਹੋਂਦ ਵਿੱਚ ਆਇਆ ਸੀ। ਉਮੀਦ ਹੈ, ਇਹ ਕਲਪਨਾ ਗੀਤਕਾਰ ਦੀ ਹੀ ਹੋਵੇਗੀ ਕਿ ਪ੍ਰੇਮਿਕਾ (ਸਾਹਿਬਾਂ ਦੇ ਰੂਪ) ਵਸਲ ਵਿੱਚ ਆ ਕੇ ਸਿਰਜਣਹਾਰ ਦਾ ਰੂਪ ਬਣ ਜਾਂਦੀ ਹੈ। ਕਬੂਤਰਾਂ ਹੱਥ ਸੁਨੇਹੇ ਦੇਣੇ ਵੀ ਕਲਪਨਾ ਸ਼ਕਤੀ ਦਾ ਸਰੂਪ ਕਿਹਾ ਜਾ ਸਕਦਾ ਹੈ ਅਤੇ ਇਹ ਕੋਈ ਲੇਖਕ ਹੀ ਸੋਚ ਸਕਦਾ ਹੈ। ਮੋਹਨ ਭੰਡਾਰੀ ਦੀ ਕਹਾਣੀ ‘ਬਾਕੀ ਸਭ ਸੁੱਖ-ਸਾਂਦ’ ਵਿੱਚ ਮਮਤਾ ਦੀ ਤੜਫ ਦਾ ਵੇਰਵਾ ਵੀ ਚਿੱਠੀ ਦੇ ਰੂਪ ਵਿੱਚ ਹੀ ਆਉਂਦਾ ਹੈ।
ਅੱਜ ਸਮੇਂ ਦੀ ਤਬਦੀਲੀ ਨਾਲ ਈਮੇਲ ਭਾਵੇਂ ਆ ਗਈ ਹੈ, ਪਰ ਕੀ ਇਹ ਚਿੱਠੀ ਦਾ ਬਦਲ ਹੈ? ਰਹਿੰਦੀ ਕਸਰ ਮੋਬਾਈਲ ਫੋਨ ਤੇ ਕੰਪਨੀਆਂ ਦੇ ਪੈਕੇਜ ਨੇ ਕੱਢ ਦਿੱਤੀ ਹੈ। ਇਸ ਨੇ ਸਾਡੇ ਤੋਂ ਬੜਾ ਕੁਝ ਖੋਹ ਲਿਆ ਹੈ। ਮੋਬਾਈਲ ਫੋਨ ਨੇ ਹਕੀਕਤ ਵਿੱਚ ਸਾਨੂੰ ਇਕੱਲਿਆਂ ਕਰ ਦਿੱਤਾ ਹੈ। ਫੋਨ ਉੱਤੇ ਚੈਟਿੰਗ ਕਰਦਿਆਂ ਅਸੀਂ ਕੋਲ ਬੈਠੇ ਵੀ ਦੂਰ ਹੁੰਦੇ ਹਾਂ। ਪ੍ਰੇਮ ਜਾਂ ਹੋਰ ਰਿਸ਼ਤਿਆਂ ਵਿੱਚ ਮੋਬਾਈਲ ਫੋਨ ਉੱਤੇ ਆਪਸੀ ਗੱਲਬਾਤ ਹੁੰਦੀ ਹੈ, ਪਰ ਭਵਿੱਖ ਵਿੱਚ ਸਾਡਾ ਸਰਮਾਇਆ ਨਹੀਂ ਬਣ ਸਕਦੇ। ਕਿਤੇ ਅਜਿਹਾ ਨਾ ਹੋਵੇ ਸਾਡੇ ਕੋਲੋਂ ਚਿੱਠੀ ਵਾਲੀ ਸਿਰਜਣਾ ਹੀ ਖੁੱਸ ਜਾਵੇ।

 

Have something to say? Post your comment