ਬਰਂੈਪਟਨ, 12 ਮਈ (ਪੋਸਟ ਬਿਊਰੋ)- ਓਂਟਾਰੀਓ ਸੂਬੇ ਦੀਆਂ ਚੋਣਾਂ 2 ਜੂਨ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਜਿੱਥੇ ਪੀਸੀ ਪਾਰਟੀ ਜੋਰ ਸ਼ੋਰ ਨਾਲ ਆਪਣਾ ਕਂੈਪੇਨ ਚਲਾ ਰਹੀ ਹੈ, ਉਦ ਦੇ ਨਾਲ-ਨਾਲ ਲਿਬਰਲ, ਐਨਡੀਪੀ ਤੇ ਗਰੀਨ ਪਾਰਟੀ ਨੇ ਵੀ ਆਪਣੇ ਕੈਪੇਨ ਉਤੇ ਜੋਰ ਦਿੱਤਾ ਹੋਇਆ ਹੈ। ਪੀਸੀ ਪਾਰਟੀ ਦੀ ਇਸ ਸਮੇਂ ਮੇਜੋਰਿਟੀ ਸਰਕਾਰ ਚੱਲ ਰਹੀ ਹੈ ਅਤੇ ਹੁਣ ਤੱਕ ਦੇ ਆਏ ਵੱਖ ਵੱਖ ਸਰਵੇਖਣਾਂ ਮੁਤਾਬਿਕ ਪੀਸੀ ਪਾਰਟੀ ਇਨ੍ਹਾਂ ਚੋਣਾਂ ਵਿਚ ਪਹਿਲਾਂ ਤੋਂ ਵੀ ਕੁੱਝ ਸੀਟਾਂ ਵੱਧ ਲੈ ਕੇ ਜਾਵੇਗੀ। ਲਿਬਰਲ ਪਾਰਟੀ ਸਾਲ 2018 ਦੇ ਨਾਲੋਂ ਕੁੱਝ ਬਿਹਤਰ ਪਰਫਾਰਮ ਕਰ ਰਹੀ ਹੈ ਅਤੇ ਐਨਡੀਪੀ ਵੱਖ ਵੱਖ ਸਰਵੇਖਣਾਂ ਮੁਤਾਬਿਕ ਇਸ ਸਮੇਂ ਤੀਜੇ ਸਥਾਨ ਉਤੇ ਚੱਲ ਰਹੀ ਹੈ। ਪ੍ਰੀਮੀਅਰ ਡੱਗ ਫੋਰਡ ਵਲੋਂ ਕੋਵਿਡ 19 ਦੀ ਮਹਾਂਮਾਰੀ ਦੌਰਾਨ ਕੀਤੇ ਗਏ ਕੰਮਾਂ ਦੀ ਸ਼ਲਾਘਾ ਅਤੇ ਨਾਲ ਦੀ ਨਾਲ ਇਨ੍ਹਾਂ ਵਲੋਂ ਓਂਟਾਰੀਓ ਵਿਚ ਬਿਜ਼ਨਸ ਲਿਆਉਣ ਅਤੇ ਇੰਫ੍ਰਾਸਟ੍ਰਕਚਰ ਨੂੰ ਬਿਲਡ ਕਰਨ ਉਤੇ ਦਿੱਤਾ ਜਾ ਰਿਹਾ ਜੋਰ ਚਰਚਾ ਦਾ ਵਿਸ਼ਾ ਹੈ। ਜੇਕਰ ਬਰੈਂਪਟਨ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਬਰੈਂਪਟਨ ਦੀਆਂ ਪੰਜੇ ਸੀਟਾਂ ਉਤੇ ਨੀਲੀ ਲਹਿਰ ਚੱਲ ਰਹੀ ਹੈ। ਬਰੈਂਪਟਨ ਸਾਊਥ ਤੋਂ ਪ੍ਰਭਮੀਤ ਸਰਕਾਰੀਆ, ਜੋ ਮੰਤਰੀ ਹਨ, ਉਨ੍ਹਾਂ ਦੀ ਸੀਟ ਉਤੇ ਕਿਊ ਪੀ ਵਲੋਂ ਕਰਵਾਏ ਗਏ ਇਕ ਸਰਵੇਖਣ ਅਨੁਸਾਰ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਕਹਿ ਦਿੱਤਾ ਗਿਆ ਹੈ। ਬਰੈਂਪਟਨ ਵੈਸਟ ਤੋਂ ਅਮਰਜੋਤ ਸੰਧੂ, ਬਰੈਂਪਟਨ ਸੈਂਟਰਲ ਤੋਂ ਕੌਂਸਲਰ ਸ਼ਰਮੀਨ ਵਿਲੀਅਮਜ਼, ਬਰੈਂਪਟਨ ਨਾਰਥ ਤੋਂ ਗ੍ਰਾਹਮ ਮੈਕਰੈਗਰ ਅਤੇ ਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਰਲ ਕੇ ਬਰੈਂਪਟਨ ਦੀਆਂ ਪੰਜੇ ਸੀਟਾਂ ਉਤੇ ਭਾਰੀ ਪੈਂਦੇ ਨਜ਼ਰ ਆ ਰਹੇ ਹਨ।
-ਹਾਈਵੇ 413 ਦਾ ਅਹਿਮ ਮੁੱਦਾ
ਬਰੈਂਪਟਨ ਵਿਚ ਹਾਈਵੇ 413 ਦਾ ਅਹਿਮ ਮੁੱਦਾ ਹੈ। ਹਾਈਵੇ 413, ਜੋ ਕਿ ਬਰੈਂਪਟਨ ਤੋਂ ਥੋੜਾ ਨਾਰਥ ਸਾਈਡ ਅਤੇ ਕੈਲੇਡਨ ਤੋਂ ਸਾਊਥ ਸਾਈਡ ਵਿਚ ਬਰੈਂਪਟਨ ਅਤੇ ਕੈਲੇਡਨ ਦੇ ਵਿਚਕਾਰ ਨਿੱਕਲਦਾ ਹੈ, ਜਿਸਨੇ ਹਾਈਵੇ 400 ਤੇ ਹਾਈਵੇ 401 ਨੂੰ ਜੋੜਨਾ ਹੈ, ਇਸ ਚੀਜ ਨੂੰ ਲੈ ਕੇ ਲੋਕਾਂ ਵਿਚ ਡੱਗ ਫੋਰਡ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਉਤਸ਼ਾਹ ਬਣਿਆ ਹੋਇਆ ਹੈ। ਡੱਗ ਫੋਰਡ ਵਲੋਂ ਜੋ ਕਿਹਾ, ਉਹ ਕਰ ਕੇ ਦਿਖਾਇਆ ਦੀ ਵੀ ਚਰਚਾ ਚੱਲ ਰਹੀ ਹੈ। ਬਰੈਂਪਟਨ ਵਿਚ ਦੂਸਰੇ ਹਸਪਤਾਲ ਦੀ ਉਸਾਰੀ ਆਰੰਭ ਹੋ ਗਈ ਹੈ। ਇਸ ਤੋਂ ਇਲਾਵਾ ਰਾਏਸਨ ਯੂਨੀਵਰਸਿਟੀ ਵਲੋਂ ਮੈਡੀਕਲ ਸਕੂਲ ਦੀ ਘਰ-ਘਰ ਵਿਚ ਚਰਚਾ ਹੈ। ਰਾਏਸਨ ਮੈਡੀਕਲ ਸਕੂਲ ਜੋ ਕਿ 2025 ਵਿਚ ਬਣ ਕੇ ਤਿਆਰ ਹੋਣਾ ਹੈ ਤੇ ਹਰ ਸਾਲ ਸੈਕੜੇ ਨੌਜਵਾਨ ਇਥੋਂ ਡਾਕਟਰ ਬਣ ਕੇ ਨਿੱਕਲਣਗੇ, ਇਸ ਗੱਲ ਨੇ ਵੀ ਬਰੈਂਪਟਨ ਵਾਸੀਆਂ ਨੂੰ ਪੀਸੀ ਪਾਰਟੀ ਨਾਲ ਜੋੜਿਆ ਹੈ।
-ਇੰਡਸ ਵੈਲੀ ਸੀਨੀਅਰ ਕੇਅਰ ਹੋਮ ਅਤੇ ਗੁਰੂ ਨਾਨਕ ਸੀਨੀਅਰ ਕੇਅਰ ਹੋਮ ਇਕ ਹੋਰ ਵੱਡੀ ਪ੍ਰਾਪਤੀ
ਇੰਡਸ ਵੈਲੀ ਸੀਨੀਅਰ ਕੇਅਰ ਹੋਮ ਅਤੇ ਗੁਰੂ ਨਾਨਕ ਸੀਨੀਅਰ ਕੇਅਰ ਹੋਮ ਇਕ ਹੋਰ ਵੱਡੀ ਪ੍ਰਾਪਤੀ ਹੈ, ਜਿਹੜੀ ਕਿ ਬਰੈਂਪਟਨ ਵਾਸੀਆਂ ਨੂੰ ਪੀਸੀ ਪਾਰਟੀ ਨਾਲ ਜੋੜ ਰਹੀ ਹੈ। ਪ੍ਰਭਮੀਤ ਸਰਕਾਰੀਆ ਤੇ ਅਮਰਜੋਤ ਸੰਧੂ ਦਾ ਕਹਿਣਾ ਹੈ ਕਿ ਅਸੀਂ ਬਰੈਂਪਟਨ ਤੋਂ ਸਿਰਫ 2 ਐਮਪੀਪੀ ਜਿੱਤੇ ਅਤੇ ਬਰੈਂਪਟਨ ਵਿਚ ਪਿਛਲੇ 4 ਸਾਲਾਂ ਵਿਚ ਉਹ ਕਰ ਵਿਖਾਇਆ, ਜੋ ਉਸ ਤੋਂ ਪਹਿਲਾਂ ਵਾਲੀ ਸਰਕਾਰ ਨੇ 15 ਸਾਲਾਂ ਵਿਚ ਨਹੀਂ ਕੀਤਾ। ਅਮਰਜੋਤ ਸੰਧੂ ਵਲੋਂ ਬਰੈਂਪਟਨ ਵੈਸਟ ਵਿਚ ਜੋ ਪੁਲਸ ਸਟੇਸ਼ਨ ਲਿਆਂਦਾ ਗਿਆ ਹੈ, ਉਸ ਦੀ ਵੀ ਸ਼ਲਾਘਾ ਹੈ। ਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ, ਜਿੱਥੇ ਉਹ ਪ੍ਰੀਮੀਅਰ ਡੱਗ ਫੋਰਡ ਵਲੋਂ ਬਰੈਂਪਟਨ ਨੂੰ ਅੱਖੋਂ ਪਰੋਖੇ ਨਾ ਕਰਨ ਦਾ ਧੰਨਵਾਦ ਕਰਦੇ ਹਨ, ਉਸ ਦੇ ਨਾਲ ਨਾਲ ਬਰੈਂਪਟਨ ਈਸਟ ਵਿਚ ਇਕ ਹੋਰ ਪੁਲਸ ਸਟੇਸ਼ਨ ਲੈ ਕੇ ਆਉਣ ਦੀ ਵੀ ਗੱਲ ਕਰਦੇ ਹਨ। ਜਿਸ ਤਰ੍ਹਾਂ ਪੀਲ ਹਲਕੇ ਵਿਚ ਦਿਨ ਪ੍ਰਤੀ ਦਿਨ ਕਾਰਾਂ ਦੀਆਂ ਚੋਰੀਆਂ, ਘਰਾਂ ਵਿਚ ਬ੍ਰੇਕਇਨ ਅਤੇ ਕਾਰਗੋ ਥੈਫਟ ਆਦਿ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਉਨ੍ਹਾਂ ਨੂੰ ਰੋਕਣ ਲਈ ਆਪਣੇ ਪੁਲਸ ਸਿਸਟਮ ਨੂੰ ਹੋਰ ਮਜਬੂਤ ਕਰਨ ਲਈ ਵਚਨਬੱਧਤਾ ਦੁਹਰਾ ਰਹੇ ਹਨ।
ਪੀਸੀ ਪਾਰਟੀ ਦੇ ਪੰਜਾਂ ਉਮੀਦਵਾਰਾਂ ਦੇ ਕੈਪੇਨ ਆਫਿਸ ਦੀ ਓਪਨਿੰਗ ਉਤੇ ਕਮਿਊਨਿਟੀ ਵਲੋਂ ਵੱਡਾ ਹੁੰਗਾਰਾ
ਇਨ੍ਹਾਂ ਪੀਸੀ ਪਾਰਟੀ ਦੇ ਪੰਜਾਂ ਉਮੀਦਵਾਰਾਂ ਦੇ ਕੈਪੇਨ ਆਫਿਸ ਦੀ ਓਪਨਿੰਗ ਉਤੇ ਕਮਿਉਨਿਟੀ ਵਲੋਂ ਵੱਡਾ ਹੁੰਗਾਰਾ ਦਿੱਤਾ ਗਿਆ। ਹਰਦੀਪ ਗਰੇਵਾਲ ਦੇ ਕੈਪੇਨ ਆਫਿਸ ਲਈ ਖੁਦ ਪ੍ਰੀਮੀਅਰ ਡੱਗ ਫੋਰਡ ਨੇ ਖੁਦ ਆ ਕੇ ਲੋਕਾਂ ਨੂੰ ਪੀਸੀ ਪਾਰਟੀ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸੇ ਤਰ੍ਹਾਂ ਅਮਰਜੋਤ ਸੰਧੂ ਦੇ ਕੈਂਪੇਨ ਆਫਿਸ ਉਤੇ ਵੀ ਪ੍ਰੀਮਅਿਰ ਡੱਗ ਫੋਰਡ ਖੁਦ ਆਏ। ਪ੍ਰਭਮੀਤ ਸਰਕਾਰੀਆ ਦੇ ਆਫਿਸ ਓਪਨਿੰਗ ਉਤੇ ਵੀ ਸੈਂਕੜੇ ਲੋਕਾਂ ਨੇ ਹਾਜਰੀ ਲਗਵਾਈ। ਪੀਸੀ ਪਾਰਟੀ ਦੇ ਇਨ੍ਹਾਂ ਉਮੀਦਵਾਰਾਂ ਦੇ ਮੁਕਾਬਲੇ ਬਾਕੀ ਉਮੀਦਵਾਰਾਂ ਦੇ ਕੈਂਪੇਨ ਆਫਿਸ ਉਤੇ ਘੱਟ ਹੀ ਇਕੱਠ ਦੇਖਣ ਨੂੰ ਮਿਲਿਆ।
ਬਰੈਂਪਟਨ ਨਾਰਥ ਵਿਚ ਜੇਕਰ ਸਾਈਨਾਂ ਉਤੇ ਨਜਰ ਮਾਰੀ ਜਾਵੇ ਤਾਂ ਲਿਬਰਲ ਉਮੀਦਵਾਰ ਹਰਿੰਦਰ ਮੱਲ੍ਹੀ ਦੇ ਬਹੁਤ ਸਾਈਨ ਨਜਰ ਆਉਂਦੇ ਹਨ ਅਤੇ ਹਰਿੰਦਰ ਮੱਲ੍ਹੀ ਬਰੈਂਪਟਨ ਨਾਰਥ ਤੋਂ ਪੀਸੀ ਉਮੀਦਵਾਰ ਗ੍ਰਾਹਮ ਮੈਕਰੈਗਰ ਨੂੰ ਪੂਰਾ ਮੁਕਾਬਲਾ ਵੀ ਦੇ ਰਹੇ ਹਨ। ਇਥੋਂ ਪਹਿਲੇ ਐਮਪੀਪੀ ਐਨਡੀਪੀ ਵਲੋਂ ਕੈਵਿਨ ਯਾਰਡ ਸਨ। ਕੈਵਿਨ ਯਾਰਡ ਨੂੰ ਐਨਡੀਪੀ ਵਲੋਂ ਹਟਾ ਕੇ ਆਪਣਾ ਹੋਰ ਉਮੀਦਵਾਰ ਲੈ ਕੇ ਆਉਣ ਉਤੇ ਵੀ ਕਮਿਉਨਿਟੀ ਵਿਚ ਐਨਡੀਪੀ ਪ੍ਰਤੀ ਰੋਹ ਹੈ। ਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਵਲੋਂ ਕੀਤੀ ਜਾ ਰਹੀ ਮਿਹਨਤ ਅਤੇ ਕਮਿਉਨਿਟੀ ਦੇ ਵੱਖ-ਵੱਖ ਆਗੂਆਂ ਵਲੋਂ ਆਯੋਜਿਤ ਕੀਤੀਆਂ ਜਾ ਰਹੀਆਂ ਨੁੱਕੜ ਮੀਟਿੰਗਾਂ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਹਰਦੀਪ ਗਰੇਵਾਲ ਨੇ ਦੱਸਿਆ ਕਿ ਜਿੱਥੇ ਪਿਛਲੇ ਹਫਤੇ ਹਰ ਰੋਜ਼ 2 ਤੋਂ 3 ਵੱਖ-ਵੱਖ ਘਰਾਂ ਵਿਚ ਬਰੈਂਪਟਨ ਈਸਟ ਦੇ ਲੋਕਾਂ ਵਲੋਂ ਈਵੈਂਟ ਰੱਖੇ ਗਏ ਅਤੇ ਆਉਣ ਵਾਲੇ ਦੋ ਹਫਤੇ ਹਰ ਰੋਜ ਲਗਭਗ 2 ਤੋਂ 3 ਪ੍ਰੋਗਰਾਮ ਵੱਖ-ਵੱਖ ਘਰਾਂ ਵਿਚ ਰੱਖੇ ਗਏ ਹਨ। ਉਨ੍ਹਾਂ ਕਮਿਉਨਿਟੀ ਨੂੰ ਅਪੀਲ ਕੀਤੀ ਕਿ 19 ਮਈ ਤੋਂ ਅਡਵਾਂਸ ਪੋਲਿੰਗ ਸ਼ੁਰੂ ਹੋ ਜਾਵੇਗੀ, ਜੋ ਕਿ 28 ਮਈ ਤੱਕ ਚੱਲੇਗੀ। ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਗੋਰ ਮੈਡੋ ਕਮਿਉਨਿਟੀ ਸੈਂਟਰ ਵਿਚ ਬਰੈਂਪਟਨ ਈਸਟ ਦੀਆਂ ਵੋਟਾਂ ਪੈਣਗੀਆਂ। ਸੋ, ਉਨ੍ਹਾਂ ਅਪੀਲ ਕੀਤੀ ਕਿ ਇਹ ਕਾਫੀ ਚੰਗਾ ਸਮਾਂ ਰਹੇਗਾ ਕਿ ਤੁਸੀਂ ਆਰਾਮ ਨਾਲ ਜਾ ਕੇ ਕਿਸੇ ਵੀ ਦਿਨ ਆਪਣੀ ਵੋਟ ਪਾ ਸਕੋ ਅਤੇ ਫਿਰ 2 ਜੂਨ ਨੂੰ ਫਾਈਨਲ ਵੋਟਿੰਗ ਹੋਵੇਗੀ।