Welcome to Canadian Punjabi Post
Follow us on

26

June 2022
ਬ੍ਰੈਕਿੰਗ ਖ਼ਬਰਾਂ :
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆਅਫਗਾਨਿਸਤਾਨ ਵਿੱਚ 6.1 ਸਕੇਲ ਦੀ ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 1000 ਨੂੰ ਟੱਪੀਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂਊਧਵ ਠਾਕਰੇ ਸਰਕਾਰ ਦਾ ਸੰਕਟ: ਏਕਨਾਥ ਸਿ਼ੰਦੇ ਵੱਲੋਂ 40 ਵਿਧਾਇਕ ਨਾਲ ਹੋਣ ਦਾ ਦਾਅਵਾਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਵੱਲੋਂ 200 ਨਰਸਿੰਗ ਕਾਲਜਾਂ ਦੀ ਮਾਨਤਾ ਰੱਦਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਬਣੀਰਾਸ਼ਟਰਪਤੀ ਲਈ ਭਾਜਪਾ ਗੱਠਜੋੜ ਵੱਲੋਂ ਦ੍ਰੋਪਦੀ ਮੁਰਮੁਰ ਉਮੀਦਵਾਰ ਹੋਵੇਗੀ
ਨਜਰਰੀਆ

ਡੂੰਘਾ ਵਾਹ ਲੈ ਹਲ ਵੇ, ਤੇਰੀ ਘਰੇ ਨੌਕਰੀ

May 09, 2022 02:14 AM

-ਡਾਕਟਰ ਧਰਮ ਸਿੰਘ
ਕੁਦਰਤੀ ਦਾਤਾਂ ਜਿਵੇਂ ਹਵਾ, ਪਾਣੀ ਅਤੇ ਸੂਰਜ ਦੀ ਰੌਸ਼ਨੀ ਮੁਫਤ ਹਨ ਜਿਨ੍ਹਾਂ ਦਾ ਲਾਭ ਮਨੁੱਖ ਸਦੀਆਂ ਤੋਂ ਲੈ ਰਿਹਾ ਹੈ। ਜੋ ਬਾਕੀ ਵਸਤਾਂ ਮਨੁੱਖ ਨੇ ਪੈਸਾ ਖਰਚ ਕੇ ਤਿਆਰ ਕੀਤੀਆਂ ਹਨ, ਉਹ ਮੁੱਲ ਮਿਲਦੀਆਂ ਹਨ। ਪੰਜਾਬ ਵਿੱਚ ਬੀਤੇ ਕੁਝ ਸਮੇਂ ਤੋਂ ਵੋਟਾਂ ਬਟੋਰਨ ਖਾਤਰ, ਕੁਝ ਵਸਤਾਂ ਮੁਫਤ ਵੰਡੀਆਂ ਜਾ ਰਹੀਆਂ ਹਨ। ਇਨ੍ਹਾਂ ਮੁਫਤਖੋਰਾਂ ਦਾ ਪੰਜਾਬ ਦੇ ਖਜ਼ਾਨੇ ਉਪਰ ਕਿੰਨਾ ਮਾੜਾ ਪ੍ਰਭਾਵ ਪੈ ਚੁੱਕਾ ਜਾਂ ਪੈ ਰਿਹਾ ਹੈ, ਉਸ ਤੋਂ ਸਭ ਜਾਣੂ ਹਨ। ਅੱਜ ਪੰਜਾਬ ਸਿਰ ਤਿੰਨ ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ।ਪਿਛਲੇ ਕਰੀਬ ਵੀਹ ਸਾਲਾਂ ਤੋਂ ਕਿਸਾਨ ਨੂੰ ਉਸ ਦੇ ਟਿਊਬਵੈੱਲ ਲਈ ਬਿਜਲੀ ਮੁਫਤ ਮਿਲਦੀ ਹੈ। ਇਸ ਮੁਫਤ ਬਿਜਲੀ ਦੀ ਜੋ ਦੁਰਵਰਤੋਂ ਹੁੰਦੀ ਹੈ, ਉਹ ਇੱਕ ਵੱਖਰਾ ਵਿਸ਼ਾ ਹੈ, ਪਰ ਇਸ ਲਾਲਚ ਨੇ ਧਰਤੀ ਹੇਠਲੇ ਪਾਣੀ ਦਾ ਕਿੰਨਾ ਨੁਕਸਾਨ ਕੀਤਾ ਹੈ, ਇਹ ਅੰਦਾਜ਼ੇ ਤੋਂ ਪਰੇ ਹੈ। ਪੰਜਾਬ ਬੰਜਰ ਹੋਣ ਵੱਲ ਜਾ ਰਿਹਾ ਹੈ।
ਪੰਜਾਬ ਦੀ ਓਦੋਂ ਦੀ ਸਰਕਾਰ ਨੇ ਜਦ ਇਹ ਫੈਸਲਾ ਲਿਆ ਸੀ ਤਾਂ ਕਈ ਖੇਤੀਬਾੜੀ ਅਰਥ-ਸ਼ਾਸਤਰੀਆਂ ਨੇ ਇਸ ਦਾ ਵਿਰੋਧ ਕੀਤਾ ਸੀ। ਉਨ੍ਹਾਂ ਦੀ ਮੁੱਖ ਦਲੀਲ ਸੀ ਕਿ ਜਿਸ ਚੀਜ਼ ਦੀ ਪੈਦਾਵਾਰ ਉਪਰ ਖਰਚਾ ਹੋ ਰਿਹਾ ਹੈ, ਉਹ ਮੁਫਤ ਨਹੀਂ ਦੇਣੀ ਬਣਦੀ। ਇਹ ਵੀ ਤਜਵੀਜ਼ ਦਿੱਤੀ ਗਈ ਸੀ ਕਿ ਪੰਜਾਬ ਵਿੱਚ ਪੱਚਾਸੀ ਫੀਸਦੀ ਤੱਕ ਛੋਟੇ ਕਿਸਾਨ ਹਨ, ਇਸ ਲਈ ਪੰਜ ਏਕੜ ਜਾਂ ਹੱਦ ਦਸ ਏਕੜ ਦੇ ਮਾਲਕ ਕਿਸਾਨ ਨੂੰ ਇਹ ਸਹੂਲਤ ਦੇ ਦਿੱਤੀ ਜਾਵੇ। ਉਨ੍ਹਾਂ ਦੀ ਦਲੀਲ ਇਹ ਵੀ ਸੀ ਕਿ ਜੇ ਫਸਲ ਉਪਰ ਹੋ ਰਹੇ ਖਰਚੇ ਵਿੱਚ ਬਿਜਲੀ ਬਿੱਲ ਦੇ ਪੈਸੇ ਜੋੜੇ ਜਾਣ ਤਾਂ ਇਸ ਦਾ ਸਮਰਥਨ ਮੁੱਲ ਵੀ ਵਧ ਜਾਵੇਗਾ, ਜਿਸ ਦਾ ਲਾਭ ਕਿਸਾਨ ਨੂੰ ਹੋਵੇਗਾ। ਖੈਰ! ਅਰਥ ਸ਼ਾਸਤਰੀਆਂ ਦੀ ਅਪੀਲ, ਦਲੀਲ ਜਾਂ ਤਰਲ ਸਿਆਸਤ ਦੀ ਭੇਟ ਚੜ੍ਹ ਗਿਆ ਤੇ ਕਿਸਾਨੀ ਦੇ ਬਿਜਲੀ ਬਿੱਲ ਮਾਫ ਹੋ ਗਏ। ਅੱਜ ਹਜ਼ਾਰਾਂ ਕਰੋੜਾਂ ਰੁਪਏ ਸਰਕਾਰ ਨੂੰ ਬਿਜਲੀ ਵਿਭਾਗ ਨੂੰ ਸਬਸਿਡੀ ਵਜੋਂ ਦੇਣੇ ਪੈ ਰਹੇ ਹਨ। ਇੱਕ ਪਾਸੇ ਸੂਬਾ ਸਰਕਾਰ ਦਾ ਖਜ਼ਾਨਾ ਖਾਲੀ ਹੈ। ਓਧਰ ਮੁਫਤ ਬਿਜਲੀ ਅਤੇ ਛੋਟੇ ਘਰੇਲੂ ਖਪਤਕਾਰਾਂ ਦੇ ਬਕਾਇਆ ਬਿੱਲਾਂ ਦੀ ਰਾਸ਼ੀ ਵਿੱਤੀ ਸਰੋਤਾਂ ਨੂੰ ਹੋਰ ਸੀਮਿਤ ਕਰੇਗੀ। ਅਜਿਹੀ ਗੁੰਝਲਦਾਰ ਸਥਿਤੀ ਨਾਲ ਨਜਿੱਠਣਾ ਅਜੋਕੀ ਸਰਕਾਰ ਲਈ ਗੰਭੀਰ ਸਮੱਸਿਆ ਬਣੀ ਹੋਈ ਹੈ।
ਮੇਰੇ ਬਾਪ ਦੇ ਦਿਹਾਂਤ ਹੋਏ ਨੂੰ ਚਾਲੀ ਸਾਲ ਤੋਂ ਵੱਧ ਦਾ ਅਰਸਾ ਗੁਜ਼ਰ ਚੁੱਕਾ ਹੈ। ਉਦੋਂ ਤੋਂ ਮੈਂ ਸਿਰ-ਬ-ਸਿਰ ਆਪਣੀ ਛੋਟੀ ਕਿਸਾਨੀ ਦੀ ਦੇਖਭਾਲ ਕਰ ਰਿਹਾ ਹਾਂ। ਇਨ੍ਹਾਂ ਚਾਲੀ ਸਾਲਾਂ ਵਿੱਚ ਮੈਨੂੰ ਇੱਕ ਸਾਲ ਨੂੰ ਛੱਡ ਕੇ ਜਦ ਬਹੁਤ ਹਨੇਰ ਵਗਿਆ ਤੇ ਮੀਂਹ ਪਿਆ ਸੀ, ਬਾਕੀ ਕੋਈ ਵੀ ਸਾਲ ਅਜਿਹਾ ਯਾਦ ਨਹੀਂ, ਜਦ ਮਸਮ ਨਾ ਵਿਗੜਦਾ ਹੋਵੇ। ਕੁਦਰਤ ਦਾ ਆਪਣਾ ਕੈਲੰਡਰ ਹੈ।ਹਰ ਸਾਲ ਹਨੇਰੀਆਂ ਵਗਦੀਆਂ ਅਤੇ ਮੀਂਹ ਵੀ ਪੈਂਦਾ ਹੈ। ਕਿਸੇ ਕਿਸੇ ਸਾਲ ਤਾਂ ਕਣਕ ਦੀਆਂ ਭਰੀਆਂ ਨੂੰ ਕਈ-ਕਈ ਵਾਰ ਉਲੱਦਣਾ ਪੈਂਦਾ ਸੀ ਤਾਂ ਕਿ ਦਾਣੇ ਉਗ ਨਾ ਪੈਣ। ਕਈ ਵਾਰੀ ਦਾਣੇ ਕਾਲੇ ਵੀ ਪੈ ਜਾਂਦੇ ਸਨ, ਪਰ ਕਿਸਾਨ ਉਨ੍ਹਾਂ ਵਿੱਚੋਂ ਹੀ ਘਰ ਲਈ ਉਹੋ ਕਣਕ ਰੱਖ ਲੈਂਦਾ ਅਤੇ ਚੱਕੀ ਤੋਂ ਰੂਲਾ ਲਵਾ ਕੇ ਉਸ ਦਾ ਹੀ ਆਟਾ ਵਰਤ ਲੈਂਦਾ ਸੀ। ਵੱਧ ਖਰਾਬ ਦਾਣੇ ਪਸ਼ੂਆਂ ਦੀ ਲੇਟੀ ਜਾਂ ਗੁਤਾਵੇ ਲਈ ਆਟਾ ਬਣਾ ਕੇ ਕੰਮ ਆ ਜਾਂਦੇ। ਏਸੇ ਲਈ ਜੇਠ-ਹਾੜ੍ਹ ਵਿੱਚ ਸੋਨੇ ਦੀ ਕਣੀ ਵੀ ਨਹੀਂ ਮੰਗੀ ਗਈ।
ਕੁਦਰਤ ਦਾ ਨਿਯਮ ਹੈ ਕਿ ਸਖਤ ਗਰਮੀ ਤੋਂ ਬਾਅਦ ਮੀਂਹ ਪੈਣਾ ਹੀ ਪੈਣਾ ਹੈ। ਸੰਖੇਪ ਵਿੱਚ ਮੈਂ ਕਹਿਣਾ ਚਾਹੰਦਾ ਹਾਂ ਕਿ ਜੇ ਚਾਰ ਛਿੱਟੇ ਪੈ ਵੀ ਜਾਣ ਤਾਂ ਪਾਹਰਿਆ ਦੁਹਾਈ ਨਹੀਂ ਪਾਉਣੀ ਚਾਹੀਦੀ ਅਤੇ ਮੰਗਤਿਆਂ ਵਾਂਗੂ ਕਿਸੇ ਬੋਨਸ ਦੀ ਝਾਕ ਨਹੀਂ ਰੱਖਣੀ ਚਾਹੀਦੀ। ਵਿਓਂਤਬੰਦੀ ਤਾਂ ਸਾਡੇ ਆਪਣੇ ਹੱਥ ਵਿੱਚ ਹੈ। ਅੱਜ ਤੋਂ ਪੰਜਾਹ ਸਾਲ ਪਹਿਲਾਂ ਜਦ ਖੇਤੀ ਦਾ ਮਸ਼ੀਨੀਕਰਨ ਨਹੀਂ ਸੀ ਹੋਇਆ, ਉਦੋਂ ਸ਼ਾਇਦ ਨੁਕਸਾਨ ਵੱਧ ਹੁੰਦਾ ਹੋਵੇਗਾ, ਪਰ ਅਜਿਹੀ ਮਾਨਸਿਕਤਾ ਕਿਸੇ ਨੇ ਨਹੀਂ ਵੇਖੀ। ਪੰਜਾਬੀਆਂ ਦੀ ਮਿਹਨਤਕਸ਼ ਕੌਮ ਲਈ ਇਹ ਨਮੋਸ਼ੀ ਦਾ ਸਬੱਬ ਹੋਣਾ ਚਾਹੀਦਾ ਹੈ ਕਿ ਸਿਆਸੀ ਜਮਾਤਾਂ ਵੋਟਾਂ ਲਈ ਖੈਰਾਤਾਂ ਵੰਡਦੀਆਂ ਹਨ। ਇਸ ਸਾਲ ਮਾਰਚ ਮਹੀਨੇ ਵਿੱਚ ਸਾਧਾਰਨ ਤੋਂ ਰਤਾ ਵੱਧ ਗਰਮੀ ਪਈ ਹੈ। ਜਿਨ੍ਹਾਂ ਕਿਸਾਨਾਂ ਨੇ ਕਣਕ ਨੂੰ ਆਖਰੀ ਪਾਣੀ ਪਛੜ ਕੇ ਦਿੱਤਾ ਜਾਂ ਨਾ ਦਿੱਤਾ ਹੋਵੇਗਾ, ਉਨ੍ਹਾਂ ਦੀ ਕਣਕ ਦੇ ਦਾਣੇ ਬਰੀਕ ਰਹੇ ਜਾਂ ਸੁੰਗੜ ਗਏ। ਸਰਕਾਰੀ ਅੰਕੜਿਆਂ ਮੁਤਾਬਕ ਇਹ ਨੁਕਸਾਨ ਦਸ ਫੀਸਦੀ ਜਾਂ ਇਸ ਤੋਂ ਵੀ ਘੱਟ ਹੈ।
ਕਿਸੇ ਸਾਲ ਮੀਂਹ ਪੈਣ ਨਾਲ ਦਾਣਿਆਂ ਵਿੱਚ ਨਮੀ ਦੀ ਮਾਤਰਾ ਵਧ ਜਾਂਦੀ ਹੈ। ਕੰਬਾਈਨ ਨਾਲ ਵੱਢੀ ਕਣਕ ਵਿੱਚ ਵੀ ਨਮੀ ਰਹਿ ਜਾਂਦੀ ਹੈ, ਪਰ ਖਰੀਦ ਫਿਰ ਵੀ ਹੋਈ ਜਾਂਦੀ ਹੈ। ਅਜਿਹੀ ਹਾਲਤ ਵਿੱਚ ਸਰਕਾਰ ਵੀ ਮਾਪਦੰਡਾਂ ਵਿੱਚ ਢਿੱਲ ਦੇ ਕੇ ਕਣਕ ਖਰੀਦ ਲੈਂਦੀ ਹੈ। ਅੱਜ ਵੀ ਅਜਿਹਾ ਹੋ ਰਿਹਾ ਹੈ। ਕਹਿਣ ਦਾ ਭਾਵ ਹੈ ਕਿ ਸਰਕਾਰ ਆਪਣੇ ਵੱਲੋਂ ਕੋਸ਼ਿਸ਼ ਕਰਦੀ ਹੈ ਕਿ ਕਿਸਾਨ ਦਾ ਘਰ ਪੂਰਾ ਕੀਤਾ ਜਾਵੇ। ਸਿੱਲ ਜਾਂ ਦਾਣੇ ਸੁੰਗੜ ਜਾਣ ਦੀ ਦੁਹਾਈ ਦੇ ਕੇ ਹੋਰ ਸਾਲ ਬੋਨਸ ਮੰਗਣ ਦੀ ਰੱਟ ਲਾਈ ਜਾਣੀ ਕਿਸੇ ਵੀ ਤਰ੍ਹਾਂ ਕਿਸਾਨ ਨੂੰ ਸ਼ੋਭਦੀ ਨਹੀਂ। ਕਿਸਾਨ ਤਾਂ ਜਿਗਰੇ ਵਾਲਾ ਹੈ, ਥੋੜ੍ਹ ਦਿਲਾ ਨਹੀਂ। ਪੰਜਾਬੀ ਕਿਸਾਨ ਨੇ ਹੱਥੀਂ ਕਾਰ ਦਾ ਮਹਾਤਮ ਗੁਰੂ ਨਾਨਕ ਤੋਂ ਸਿੱਖਿਆ ਹੈ ਜਿਨ੍ਹਾਂ ਕਰਤਾਰਪੁਰ ਦੀ ਧਰਤੀ ਉੱਤੇ ਹੱਲ ਦੀ ਹੱਥੀ ਫੜ ਕੇ ਖੁਦ ਰਾਹਲਾ ਤੇ ਸਿਆੜ ਕੱਢੇ ਸਨ। ਲੋੜ ਹੈ ਕੁਦਰਤ ਦਾ ਕੈਲੰਡਰ ਸਮਝ ਕੇ ਵਿਉਂਤਬੰਦੀ ਦੀ। ਕੈਲੰਡਰ ਨੂੰ ਬਦਲਣਾ ਮਨੁੱਖ ਦੇ ਵੱਸ ਵਿੱਚ ਨਹੀਂ, ਉਸ ਦੇ ਨਾਲ ਚੱਲਣ ਵਿੱਚ ਹੀ ਭਲਾਈ ਹੈ।
ਖੇਤੀ ਘਾਟੇ ਵਾਲਾ ਸੌਦਾ ਨਹੀਂ। ਜੇ ਕਿਸੇ ਨੂੰ ਮੇਰੀ ਗੱਲ ਉੱਤੇ ਯਕੀਨ ਨਹੀਂ ਤਾਂ ਉਹ ਸੋਸ਼ਲ ਮੀਡੀਆ ਉਪਰ ਚੱਲ ਰਹੀਆਂ ਵੀਡੀਓਜ਼ ਦੇਖ ਸਕਦਾ ਹੈ। ਕਈ ਉਤਸ਼ਾਹੀ ਕਿਸਾਨ ਏਕੜ ਵਿੱਚੋਂ ਨਹੀਂ, ਕਨਾਲਾਂ ਵਿੱਚੋਂ ਲੱਖਾਂ ਰੁਪਏ ਕਮਾ ਰਹੇ ਹਨ। ਖੇਤੀ ਵਿਭਿੰਨਤਾ ਅਪਣਾ ਕੇ ਉਹ ਆਪਣੀ ਕਮਾਈ ਵਧਾ ਸਕਦੇ ਹਨ।ਖਾਣ ਵਾਲੇ ਤੇਲ, ਖਾਸ ਕਰ ਕੇ ਸਰ੍ਹੋਂ ਦਾ ਤੇਲ ਬਹੁਤ ਮਹਿੰਗਾ ਵਿਕਦਾ ਹੈ। ਮੇਰਾ ਅਨੁਮਾਨ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਸਰ੍ਹੋਂ-ਤੋਰੀਆ ਬੀਜਿਆ ਸੀ, ਉਹ ਕਣਕ ਬੀਜਣ ਵਾਲੇ ਕਿਸਾਨਾਂ ਨਾਲੋਂ ਵਧੇਰੇ ਫਾਇਦੇ ਵਿੱਚ ਰਹੇ ਹੋਣਗੇ। ਅੱਜ ਤੋਂ ਕੁਝ ਸਾਲ ਪਹਿਲਾਂ ਤੋਰੀਆ ਅਤੇ ਗੋਭੀ ਸਰ੍ਹੋਂ ਰਲਾਅ ਕੇ ਬੀਜਣ ਦਾ ਰਿਵਾਜ ਸੀ।ਪਹਿਲਾਂ ਤੋਰੀਆ ਵੱਢ ਲਿਆ ਜਾਂਦਾ ਸੀ, ਫਿਰ ਗੋਭੀ ਸਰ੍ਹੋਂ। ਇੱਕੋ ਖੇਤ ਵਿੱਚੋਂ ਇੱਕ ਹੀ ਮੌਸਮ ਵਿੱਚ ਦੋ ਫਸਲਾਂ ਦਾ ਲਾਭ ਲਿਆ ਜਾਂਦਾ ਸੀ। ਅੱਜ ਸਰ੍ਹੋਂ ਸਮਰਥਨ ਮੁੱਲ ਤੋਂ ਵੱਧ ਮੁੱਲ ਉਪਰ ਵਿਕਦੀ ਹੈ। ਖਰਚ ਕਣਕ ਨਾਲੋਂ ਥੋੜ੍ਹਾ ਹੰੁਦਾ ਹੈ। ਪੰਜਾਬੀ ਕਿਸਾਨ ਘਰ ਵਿੱਚੋਂ ਕੱਢ ਕੇ ਕੇਵਲ ਕਣਕ, ਝੋਨਾ, ਮੱਕੀ ਅਤੇ ਬਰਸੀਮ ਆਦਿ ਫਸਲਾਂ ਦਾ ਬੀਜ ਵਰਤਦਾ ਹੈ ਅਤੇ ਉਹ ਵੀ ਉਸ ਨੂੰ ਚੌਥੇ-ਪੰਜਵੇਂ ਸਾਲ ਨਵੇਂ ਬੀਜ ਨਾਲ ਬਦਲਣਾ ਪੈਂਦਾ ਹੈ। ਬਾਕੀ ਸਭ ਫਸਲਾਂ ਦਾ ਬੀਜ ਉਹ ਖੁੱਲ੍ਹੀ ਮੰਡੀ ਤੋਂ ਲੈ ਕੇ ਪਾਉਂਦਾ ਹੈ। ਪੰਜਾਬੀ ਕਿਸਾਨ ਬੀਜ ਉਤਪਾਦਨ ਵੱਲ ਵੀ ਧਿਆਨ ਦੇ ਸਕਦਾ ਹੈ।
ਚੱਲ ਰਹੇ ਸਾਉਣੀ ਦੇ ਚਾਰਿਆਂ ਵਿੱਚੋਂ ਚਰੀ, ਮੋਠ, ਬਾਜਰਾ ਤੇ ਸਵਾਂਕ ਆਦਿ ਹਨ, ਜਿਨ੍ਹਾਂ ਦੇ ਬੀਜ ਕਿਸਾਨ ਕੋਲ ਨਹੀਂ ਹਨ। ਸਬਜ਼ੀਆਂ ਦੇ ਬੀਜ ਜਾਂ ਪਨੀਰੀ ਤਿਆਰ ਕਰ ਕੇ ਵੇਚਣਾ ਵੀ ਲਾਹੇਵੰਦਾ ਹੈ। ਕਈ ਉਤਸ਼ਾਹੀ ਕਿਸਾਨ ਝੋਨੇ, ਬਾਸਮਤੀ ਦੀ ਪਨੀਰੀ ਵਪਾਰਕ ਪੱਧਰ ਉਪਰ ਬੀਜ ਕੇ ਮਹੀਨੇ-ਡੇਢ ਮਹੀਨੇ ਵਿੱਚ ਵੀ ਵਾਧੂ ਮੁਨਾਫਾ ਕਮਾ ਲੈਂਦੇ ਹਨ। ਵਪਾਰਕ ਪੱਧਰ ਉਪਰ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਇਨ੍ਹਾਂ ਦੇ ਬੀਜ ਆਪ ਤਿਆਰ ਕਰ ਸਕਦੇ ਹਨ। ਫੁੱਲਾਂ ਦੇ ਬੀਜ ਪੁੜੀਆਂ ਵਿੱਚ ਵਿਕਦੇ ਹਨ। ਉਤਸ਼ਾਹੀ ਕਿਸਾਨ ਬੀਜ ਉਤਪਾਦਨ ਸੰਬੰਧੀ ਨਾਮਧਾਰੀ ਸੀਡਜ਼ ਦੇ ਅਨੁਭਵ ਅਤੇ ਤਜਰਬੇ ਦਾ ਫਾਇਦਾ ਚੁੱਕ ਸਕਦੇ ਹਨ।
ਸਹਾਇਕ ਧੰਦਿਆਂ ਵੱਲ ਵਧੇਰੇ ਧਿਆਨ ਦਿੱਤਾ ਜਾ ਸਕਦਾ ਹੈ। ਪਸ਼ੂ ਪਾਲਣ, ਮੁਰਗਾ ਪਾਲਣ, ਸੂਰ ਪਾਲਣ, ਸਟੱਡ ਫਾਰਮ ਤੇ ਬੱਕਰੀ ਪਾਲਣ ਆਦਿ ਅਜਿਹੇ ਧੰਦੇ ਹਨ। ਬੱਕਰੀ ਪਾਲਣ ਦਾ ਧੰਦਾ ਅੱਜ ਕੱਲ੍ਹ ਵਧੇਰੇ ਵਧ ਰਿਹਾ ਹੈ। ਮੀਟ ਤੋਂ ਬਿਨਾਂ ਕੋਰੋਨਾ ਕਾਲ ਵੇਲੇ ਜਿਨ੍ਹਾਂ ਲੋਕਾਂ ਦੇ ਸੈਲ ਘੱਟ ਗਏ ਸਨ, ਉਨ੍ਹਾਂ ਨੇ ਚਾਰ ਸੌ ਤੋਂ ਲੈ ਕੇ ਛੇ ਸੌ ਰੁਪਏ ਪ੍ਰਤੀ ਲੀਟਰ ਬੱਕਰੀ ਦਾ ਦੁੱਧ ਲੈ ਕੇ ਪੀਤਾ ਸੀ।ਵਧੇਰੇ ਕਿਸਾਨਾਂ ਕੋਲ ਟਰੈਕਟਰ-ਟਰਾਲੀਆਂ ਹਨ, ਇਸ ਲਈ ਉਹ ਉਨ੍ਹਾਂ ਨੂੰ ਕਿਰਾਏ ਉੱਤੇ ਦੇ ਕੇ ਜਾਂ ਆਪ ਚਲਾ ਕੇ ਵਾਧੂ ਮੁਨਾਫਾ ਕਮਾ ਸਕਦੇ ਹਨ। ਰੇਤ, ਬਜਰੀ, ਸੀਮੈਂਟ, ਸਰੀਆ, ਰੋੜੀ ਅਤੇ ਇੱਟਾਂ ਦੀ ਢੋਆ-ਢੁਆਈ ਵਧੇਰੇ ਕਰ ਕੇ ਟਰੈਕਟਰ ਟਰਾਲੀਆਂ ਰਾਹੀਂ ਹੋ ਰਹੀ ਹੈ। ਇੰਝ ਖੇਤੀ ਵਿਉਂਤਬੰਦੀ, ਜਾਨ ਰੂਲ ਕੇ ਕੰਮ ਕਰਨਾ, ਖਰਚੇ ਵਿੱਚ ਸੰਜਮ, ਭੇਡ ਚਾਲ ਤੋਂ ਬਚਣਾ ਅਜਿਹੇ ਮੰਤਰ ਹਨ ਜਿਨ੍ਹਾਂ ਉਪਰ ਅਮਲ ਕਰ ਕੇ ਕਿਸਾਨ ਸਰਕਾਰ ਤੋਂ ਮੰਗਣ ਦੀ ਮਾਨਸਿਕਤਾ ਤੋਂ ਬਚ ਸਕਦਾ ਹੈ। ਲੋਕ-ਸਿਆਣਪ ਵੀ ਹੈ: ਡੂੰਘਾ ਵਾਹ ਲੈ ਹੱਲ ਵੇ, ਤੇਰੀ ਘਰੇ ਨੌਕਰੀ।

Have something to say? Post your comment