Welcome to Canadian Punjabi Post
Follow us on

30

March 2023
ਬ੍ਰੈਕਿੰਗ ਖ਼ਬਰਾਂ :
‘ਪੁਤਿਨ ਨੇ ਜੰਗ ਵਿੱਚ ਸਭ ਕੁਝ ਗੁਆਇਆ, ਹੁਣ ਰੂਸ ਨਹੀਂ ਕਰ ਸਕਦਾ ਪ੍ਰਮਾਣੂ ਹਮਲਾ’: ਜੈਲੇਂਸਕੀਭਾਰਤੀ ਮੂਲ ਦੇ ਡੇਨੀਅਲ ਮੁਖੀ ਬਣੇ ਐਨਐਸਡਬਲਿਊ ਦੇ ਖਜ਼ਾਨਚੀ, ਭਗਵਤ ਗੀਤਾ ਦੀ ਸਹੁੰ ਚੁੱਕ ਕੇ ਰਚਿਆ ਇਤਿਹਾਸਨੀਨਾ ਤਾਂਗੜੀ ਨੇ ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਸੰਭਾਲਿਆ ਅਹੁਦਾਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਵਿਭਾਗ ਵਿੱਚ ਨਵ-ਨਿਯੁਕਤ 245 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਪ੍ਰੋ: ਰੇਨੂੰ ਚੀਮਾ ਵਿਗ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਨਵੀਂ ਵੀਡੀਓ ਆਈ ਸਾਹਮਣੇ, ਕਿਹਾ: ਸਰਕਾਰ ਦਾ ਇਰਾਦਾ ਗ੍ਰਿਫਤਾਰ ਕਰਨਾ ਹੁੰਦਾ ਤਾਂ ਘਰ ਤੋਂ ਆ ਕੇ ਗ੍ਰਿਫਤਾਰ ਕਰ ਲੈਂਦੀਹਾੜ੍ਹੀ ਖਰੀਦ ਸੀਜ਼ਨ ਲਈ ਪੰਜਾਬ ਸਰਕਾਰ ਨੇ ਖਿੱਚੀ ਤਿਆਰੀ, ਸੀ.ਸੀ.ਐੱਲ. ਮਨਜ਼ੂਰ ਹੁੰਦੇ ਹੀ ਮੁੱਖ ਮੰਤਰੀ ਨੇ ਕੀਤੀ ਅਫ਼ਸਰਾਂ ਨਾਲ ਮੀਟਿੰਗਖੇਤੀਬਾੜੀ ਮੰਤਰੀ ਧਾਲੀਵਾਲ ਵੱਲੋਂ ਫੀਲਡ ਅਧਿਕਾਰੀਆਂ ਨੂੰ ਮੀਂਹ ਕਾਰਣ ਫਸਲਾਂ ਦੇ ਖਰਾਬੇ ਦੇ ਅਸਲ ਅੰਕੜੇ ਜਲਦ ਪੇਸ਼ ਕਰਨ ਦੇ ਹੁਕਮ
 
ਸੰਪਾਦਕੀ

ਕੀ ਚੋਣਾਵੀ ਜਿੱਤ ਦਾ ਸੂਤਰਧਾਰ ਹੈ 2022 ਉਂਟੇਰੀਓ ਬੱਜਟ?

April 29, 2022 10:52 AM

ਪੰਜਾਬੀ ਪੋਸਟ ਸੰਪਾਦਕੀ
ਕੱਲ ਰੀਲੀਜ਼ ਕੀਤੇ ਗਏ ਬੱਜਟ ਵਿੱਚ ਡੱਗ ਫੋਰਡ ਸਰਕਾਰ ਨੇ ਇਹ ਯਕੀਨੀ ਬਣਾਉਣ ਵਿੱਚ ਕਸਰ ਬਾਕੀ ਨਹੀਂ ਛੱਡੀ ਕਿ 2 ਜੂਨ ਨੂੰ ਚੋਣਾਂ ਦੇ ਦਿਨ ਸਫ਼ਲਤਾ ਨੂੰ ਹੋਰ ਪੱਕੇ ਪੈਰੀਂ ਕਰ ਲਵੇ। 19.9 ਬਿਲੀਅਨ ਡਾਲਰ ਘਾਟੇ ਵਾਲੇ ਇਸ ਪ੍ਰਸਤਾਵਿਤ ਬੱਜਟ ਵਿੱਚ ਅਜਿਹੇ ਕਈ ਮਹਿਰਲਿਆਂ ਨੂੰ ਛੋਹਿਆ ਗਿਆ ਹੈ ਜਿਹਨਾਂ ਨਾਲ ਆਮ ਉਂਟੇਰੀਓ ਵਾਸੀ ਆਪਣੀਆਂ ਲੋੜਾਂ ਨੂੰ ਪੂਰਾ ਹੁੰਦਾ ਵੇਖ ਸਕਦਾ ਹੈ ਜਾਂ ਆਪਣੀਆਂ ਲੋੜਾਂ ਦੇ ਪੂਰਾ ਹੋਣ ਦੀ ਉਮੀਦ ਦਿਲ ਵਿੱਚ ਰੱਖ ਸਕਦਾ ਹੈ। ਜਦੋਂ ਚੋਣਾਂ ਮਹਿਜ਼ ਇੱਕ ਮਹੀਨਾ ਦੂਰ ਹੋਣ ਤਾਂ ਕੋਈ ਵੀ ਸਿਆਸੀ ਸਰਕਾਰ ਅਜਿਹਾ ਹੀ ਕਰਨ ਦੀ ਕੋਸਿ਼ਸ਼ ਕਰੇਗੀ ਜੋ ਫੋਰਡ ਸਰਕਾਰ ਨੇ ਕੀਤਾ ਹੈ। ਕਿਉਂਕਿ ਡੱਗ ਫੋਰਡ ਸਰਕਾਰ ਹੁਣ ਤੱਕ ਆਏ ਚੋਣਾਵੀ ਕਿਆਸਿਆਂ ਵਿੱਚ ਅੱਗੇ ਚੱਲ ਰਹੀ ਹੈ ਤਾਂ ਇਸਦੇ ਨਵੇਂ ਬੱਜਟ ਵਿੱਚ ਆਸਵੰਦ ਝਲਕਾਂ ਮਾਰਨਾ ਹੋਰ ਵੀ ਸੁਭਾਵਿਕ ਹੈ।

ਹਾਈਵੇਅ ਸੜਕਾਂ ਉੱਤੇ ਧਿਆਨ ਕੇਂਦਰਿਤ ਕਰਨਾ ਫੋਰਡ ਸਰਕਾਰ ਦਾ ਮੁੱਖ ਕੰਮ ਰਿਹਾ ਹੈ ਬੇਸ਼ੱਕ ਕਈ ਪਾਸਿਆਂ ਤੋਂ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਹੈ। ਨਵੇਂ ਬੱਜਟ ਵਿੱਚ ਅਗਲੇ ਦਸ ਸਾਲਾਂ ਵਿੱਚ ਸੜਕਾਂ ਖਾਸ ਕਰਕੇ ਹਾਈਵੇਅ ਸਮੇਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 158.8 ਬਿਲੀਅਨ ਡਾਲਰ ਨਿਰਧਾਰਤ ਕਰਨ ਦੀ ਗੱਲ ਆਖੀ ਗਈ ਹੈ। ਜੇ ਇਹ ਵਾਅਦਾ ਪੂਰਾ ਹੁੰਦਾ ਹੈ ਤਾਂ ਉਂਟੇਰੀਓ ਦੇ ਇਤਿਹਾਸ ਵਿੱਚ ਵੱਡਾ ਮਾਅਰਕਾ ਹੋਵੇਗਾ। ਪੀਲ ਰੀਜਨ ਖਾਸ ਕਰਕੇ ਬਰੈਂਪਟਨ ਵਾਸੀਆਂ ਨੂੰ ਟਰੈਫਿਕ ਦੇ ਜੰਗਲ ਤੋਂ ਰਾਹਤ ਦੁਆਉਣ ਵਾਲੀ 413 ਹਾਈਵੇਅ ਨੂੰ ਬਣਾਉਣ ਦੀ ਗੱਲ ਵੀ ਬੱਜਟ ਵਿੱਚ ਕੀਤੀ ਗਈ ਹੈ।

ਇਵੇਂ ਹੀ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਅਗਲੇ ਦਸ ਸਾਲਾਂ ਵਿੱਚ ਹਸਪਤਾਲਾਂ ਦੇ ਢਾਂਚੇ ਨੂੰ ਸੁਧਾਰਨ ਵਾਸਤੇ 40 ਬਿਲੀਅਨ ਡਾਲਰ ਰੱਖੇ ਜਾਣਗੇ। ਬੱਜਟ ਵਿੱਚ ਸਰਜੀਕਲ ਕੈਪੇਸਿਟੀ ਵਾਲੇ ਬੈੱਡਾਂ ਤੋਂ ਇਲਾਵਾ 3000 ਨਵੇਂ ਹਸਪਤਾਲ ਬੈੱਡਾਂ ਨੂੰ ਹੋਂਦ ਵਿੱਚ ਲਿਆਉਣਾ ਸ਼ਾਮਲ ਹੈ। ਸੀਨੀਅਰਾਂ ਦੀ ਸਿਹਤ ਉੱਤੇ ਹੋਣ ਵਾਲੇ ਖਰਚਿਆਂ ਵਿੱਚ ਰਾਹਤ ਦੇਣ ਲਈ 15% ਸਾਲਾਨਾ ਟੈਕਸ ਕਰੈਡਿਟ ਦੇਣ ਦਾ ਐਲਾਨ ਕੀਤਾ ਗਿਆ ਹੈ। ਭਾਵ ਆਪਣੇ ਘਰ ਰਹਿ ਰਹੇ ਕਿਸੇ ਸੀਨੀਅਰ ਦਾ ਜੇ ਸਿਹਤ ਖਰਚਾ ਸਾਲ ਵਿੱਚ 6000 ਡਾਲਰ ਹੋਵੇਗਾ ਤਾਂ ਉਸਨੂੰ 1500 ਡਾਲਰ ਟੈਕਸ ਕਰੈਡਿਟ ਮਿਲੇਗਾ। 70 ਸਾਲ ਤੋਂ ਵਡੇਰੀ ਉਮਰ ਦੇ ਸਾਰੇ ਸੀਨੀਅਰਾਂ ਨੂੰ ਇਹ ਲਾਭ ਇਸ ਸਾਲ ਤੋਂ ਮਿਲਣਾ ਆਰੰਭ ਹੋਵੇਗਾ। ਇਵੇਂ ਹੀ 55 ਹਜ਼ਾਰ ਡਾਲਰ ਤੋਂ ਘੱਟ ਆਮਦਨ ਵਾਲੇ ਉਂਟੇਰੀਓ ਵਾਸੀਆਂ ਨੂੰ ਰਾਹਤ ਦੇਣ ਲਈ 320 ਮਿਲੀਅਨ ਡਾਲਰ ਰੱਖੇ ਜਾਣਗੇ। ਉਮੀਦ ਹੈ ਕਿ ਔਸਤਨ ਇੱਕ ਵਿਅਕਤੀ ਨੂੰ 300 ਡਾਲਰ ਸਾਲਾਨਾ ਲਾਭ ਹੋਵੇਗਾ।

ਉਂਟੇਰੀਓ ਦੇ ਫਾਨਾਂਸ਼ੀਅਲ ਅਕਾਊਂਟੀਬਿਲਿਟੀ ਆਫਿਸ ਵੱਲੋਂ ਪਿਛਲੇ ਮਹੀਨੇ ਸਰਕਾਰ ਵੱਲੋਂ ਬੱਜਟ ਸਾਵਾਂ ਕਰਨ ਵੱਲ ਕਦਮ ਚੁੱਕਣ ਦੀ ਗੱਲ ਕਰਨ ਵਾਲੀ ਰਿਪੋਰਟ ਜਾਰੀ ਕੀਤੀ ਗਈ ਸੀ। ਪਰ ਬੱਜਟ ਦੇ ਅਗਲੇ 3-4 ਸਾਲ ਸਾਵਾਂ ਹੋਣ ਨਹੀਂ ਜਾਪਦੀ। 198.6 ਬਿਲੀਅਨ ਡਾਲਰ ਦਾ ਇਹ ਬੱਜਟ ਉਂਟੇਰੀਓ ਦੇ ਇਤਿਹਾਸ ਵਿੱਚ ਸੱਭ ਤੋਂ ਵੱਧ ਵੱਡਾ ਹੋਵੇਗਾ। ਕੈਥਲਿਨ ਦੇ ਆਖਰੀ ਬੱਜਟ ਤੋਂ ਤਕਰੀਬਨ 40 ਬਿਲੀਅਨ ਡਾਲਰ ਵੱਧ ਖਰਚੇ ਵਾਲੇ ਇਸ ਬੱਜਟ ਦਾ 38% ਸਿਹਤ ਸੰਭਾਲ (75 ਬਿਲੀਅਨ ਡਾਲਰ), 16% ਸਿੱਖਿਆ ਉੱਤੇ (32.4 ਬਿਲੀਅਨ ਡਾਲਰ) ਖਰਚ ਹੋਵਗਾ। 6.9 ਬਿਲੀਅਨ ਡਾਲਰ ਕੋਵਿਡ 19 ਤੋਂ ਰਾਹਤ ਦੇਣ ਵਾਲੇ ਪ੍ਰੋਗਰਾਮਾਂ ਉੱਤੇ ਖਰਚ ਕੀਤੇ ਜਾਣਗੇ।

ਪਿਛਲੇ ਦਿਨੀਂ ਓਟਾਵਾ ਵਿੱਚ ਟਰੱਕ ਪ੍ਰਦਸ਼ਨਾਂ ਕਾਰਣ ਪਰੈੱਸ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਨੂੰ ਕਾਫੀ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ ਸੀ। ਇਸਦੇ ਬਾਵਜੂਦ ਫੋਰਡ ਸਰਕਾਰ ਦੀ ਹਰਮਨਪਿਆਰਤਾ ਵਿੱਚ ਕੋਈ ਕਮੀ ਨਹੀਂ ਆਈ ਹੈ ਜਿਸਦਾ ਇੱਕ ਕਾਰਣ ਸ਼ਾਇਦ ‘ਅੱਖੋਂ ਉਹਲੇ ਜੱਗੋਂ ਉਹਲੇ’ ਵਾਲੀ ਗੱਲ ਹੈ। ਸੁਆਲ ਹੈ ਕਿ ਕੀ ਬੱਜਟ ਵਿੱਚ ਦਿੱਤੇ ਗੱਫੇ ਲੋਕਾਂ ਨੂੰ 2 ਜੂਨ ਤੱਕ ਯਾਦ ਰਹਿਣਗੇ? ਫੋਰਡ ਸਰਕਾਰ ਨੂੰ ਤਾਂ ਇਹੀ ਉਮੀਦ ਹੈ।

 
Have something to say? Post your comment