ਪੰਜਾਬੀ ਪੋਸਟ ਸੰਪਾਦਕੀ
ਇੱਕ ਲਿਮਿਸਾਲ ਕਦਮ ਪੁੱਟਦੇ ਹੋਏ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਯੂਕਰੇਨੀਅਨ ਸਿਟੀਜ਼ਨਾਂ ਦੀਆਂ ਟੈਂਪਰੇਰੀ ਅਤੇ ਪਰਮਾਨੈਂਟ ਰੈਜ਼ੀਡੈਂਸ, ਸਟੱਡੀ ਪਰਮਿਟ ਅਰਜ਼ੀਆਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇਗਾ। ਯੂਕਰੇਨ ਵਿੱਚ ਜੰਗ ਕਾਰਣ ਭੱਜਣ ਵਾਲਿਆਂ ਵਿੱਚੋਂ ਕਿੰਨੇ ਲੋਕਾਂ ਨੂੰ ਪੱਕੇ ਕੀਤਾ ਜਾਵੇਗਾ, ਇਸ ਬਾਰੇ ਕੋਈ ਸੀਮਾ ਨਹੀਂ ਹੋਵੇਗੀ ਭਾਵ ਜਿੰਨੇ ਲੋਕ ਅਪਲਾਈ ਕਰਨਗੇ, ਉਹਨਾਂ ਨੂੰ ਕਬੂਲ ਕਰ ਲਿਆ ਜਾਵੇਗਾ। ਅਸਥਾਈ ਸਟੈਟਸ ਵਾਲਿਆਂ ਨੂੰ ਵਰਕ ਪਰਮਿਟ ਦੀ ਤੁਰੰਤ ਸਹੂਲਤ ਦਿੱਤੀ ਜਾਵੇਗੀ। ਜੋ ਯੂਕਰੇਨੀਅਨ ਅਸਥਾਈ ਰੂਪ ਵਿੱਚ ਕੈਨੇਡਾ ਆਉਣਾ ਚਾਹੁੰਦੇ ਹਨ, ਉਹਨਾਂ ਵਾਸਤੇ ਇੱਕ ‘ਕੈਨੇਡਾ-ਯੂਕਰੇਨ ਐਥੋਰਾਈਜ਼ੇਸ਼ਨ ਫਾਰ ਐਮਰਜੰਸੀ’ ਟਰੈਵਲ (Canada-Ukraine Authorization for Emergency Travel) ਕਾਇਮ ਕੀਤੀ ਜਾਵੇਗੀ। ਇੰਮੀਗਰੇਸ਼ਨ ਮੰਤਰੀ ਸ਼ਾਨ ਫਰੇਜ਼ਰ ਅਨੁਸਾਰ ਰੂਸ ਦੇ ਵਲਾਦੀਮੀਰ ਪੁਤੀਨ ਵੱਲੋਂ ਆਰੰਭੀ ਗਈ ਜੰਗ ਤੋਂ ਤੰਗ ਆਏ ਯੂਕਰੇਨੀਅਨਾਂ ਨੂੰ ‘ਜੀਅ ਆਇਆਂ ਨੂੰ’ ਆਖਣ ਲਈ ਕੈਨੇਡਾ ਤਿਆਰ ਹੈ। ਇਹ ਨਾਜ਼ੁਕ ਸਮੇਂ ਵਿੱਚ ਜਦੋਂ ਯੂਕਰੇਨ ਉੱਤੇ ਰੂਸ ਵੱਲੋਂ ਅੰਤਾਂ ਦੀਆਂ ਔਖੀਆਂ ਘੜੀਆਂ ਲਿਆ ਦਿੱਤੀਆਂ ਗਈਆਂ ਹਨ, ਕੈਨੇਡਾ ਦੀ ਦਰਿਆ ਦਿਲੀ ਦਾ ਸੁਆਗਤ ਕਰਨਾ ਬਣਦਾ ਹੈ। ਹੁਣ ਤੱਕ ਇਸ ਜੰਗ ਵਿੱਚ 1500 ਤੋਂ 2000 ਲੋਕ ਮਾਰੇ ਜਾ ਚੁੱਕੇ ਹਨ ਜਿਹਨਾਂ ਵਿੱਚ ਦੋ ਭਾਰਤੀ ਮੂਲ ਦੇ ਵਿਅਕਤੀ ਸ਼ਾਮਲ ਹਨ।
ਕੈਨੇਡਾ ਵਿੱਚ ਯੂਕਰੇਨੀਅਨ ਮੂਲ ਦੇ 1 ਮਿਲੀਅਨ ਤੋਂ ਵੱਧ ਲੋਕ ਵੱਸਦੇ ਹਨ ਜਿਹਨਾਂ ਵਿੱਚੋਂ ਬਹੁਤ ਸਾਰੇ ਉੱਚ ਪਦਵੀਆਂ ਅਤੇ ਪ੍ਰਭਾਵਸ਼ਾਲੀ ਅਹੁਦਿਆਂ ਉੱਤੇ ਹਨ। ਮਿਸਾਲ ਵਜੋਂ ਸਾਡੀ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਯੂਕਰੇਨੀਅਨ ਮੂਲ ਦੀ ਹਨ। ਇਸ ਪ੍ਰਭਾਵਸ਼ਾਲੀ ਕਮਿਉਨਿਟੀ ਦੇ ਮੈਂਬਰਾਂ ਵਿੱਚ ਆਪਣੇ ਜੱਦੀ ਮੁਲਕ ਦੀ ਸਥਿਤੀ ਬਾਰੇ ਚਿੰਤਾ ਦਾ ਪਾਇਆ ਜਾਣਾ ਸੁਭਾਵਿਕ ਹੈ। ਹਰ ਸੰਵੇਦਨਸ਼ੀਲ ਮਨੁੱਖ ਇਸ ਵਕਤ ਯੂਕਰੇਨ ਦੀ ਮਦਦ ਕਰਨ ਲਈ ਰਾਜ਼ੀ ਹੈ ਕਿਉਂਕਿ ਉੱਥੇ ਹਾਲਾਤ ਹੀ ਐਨੇ ਖਤਰਨਾਕ ਬਣ ਚੁੱਕੇ ਹਨ। ਯੂਕਰੇਨ ਮੂਲ ਦੇ ਕੈਨੇਡੀਅਨ ਸਿਆਸਤਦਾਨਾਂ ਨੂੰ ਸ਼ਾਬਾਸ਼ ਹੈ ਕਿ ਉਹਨਾਂ ਨੇ ਆਪਣੇ ਹਮਸਾਇਆਂ ਲਈ ਬਣਦੇ ਸ੍ਰੋਤ ਪੈਦਾ ਕਰਨ ਲਈ ਜਦੋਜਹਿਦ ਕੀਤੀ ਹੈ। ਪਰ ਕਮਿਉਨਿਟੀ ਵਿੱਚ ਇਹ ਗੱਲ ਆਮ ਸੁਣੀ ਜਾ ਰਹੀ ਹੈ ਕਿ ਯੂਕਰੇਨ ਵਿੱਚ ਮੌਤ ਦੇ ਮੂੰਹ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਜੋ ਹੰਭਲੇ ਹੁਣ ਮਾਰੇ ਜਾ ਰਹੇ ਹਨ, ਉਹ ਅਫਗਾਨਸਤਾਨ ਵਿੱਚ ਨਰਕੀ ਜੀਵਨ ਜਿਉਣ ਲਈ ਮਜਬੂਰ ਹੋਏ ਸਿੱਖਾਂ ਹਿੰਦੂਆਂ ਬਾਬਤ ਗਾਇਬ ਕਿਉਂ ਸਨ?
ਤਾਲੀਬਾਨੀ ਹਮਲੇ ਤੋਂ ਬਾਅਦ ਅਫਗਾਨਸਤਾਨ ਵਿੱਚ ਆਟੇ ਵਿੱਚ ਲੂਣ ਬਰਾਬਰ ਸਿੱਖਾਂ ਹਿੰਦੂਆਂ ਨੂੰ ਮੈਕਸੀਕੋ ਨੇ ਤਾਂ ਮਦਦ ਦੇਣ ਵਿੱਚ ਪਹਿਲ ਕੀਤੀ ਸੀ ਜਿੱਥੇ 141 ਲੋਕਾਂ ਨੂੰ ਸ਼ਰਣ ਦਿੱਤੀ ਗਈ। ਕੈਨੇਡਾ ਸਰਕਾਰ ਨੇ ਅਫਗਾਨਸਤਾਨ ਵਿੱਚੋਂ 40 ਹਜ਼ਾਰ ਲੋਕਾਂ ਨੂੰ ਕੈਨੇਡਾ ਵਿੱਚ ਰਿਫਿਊਜੀ ਬਣਾ ਕੇ ਲਿਆਉਣ ਦਾ ਫੈਸਲਾ ਕੀਤਾ ਹੈ ਪਰ ਇਹਨਾਂ ਘੱਟ ਗਿਣਤੀਆਂ ਬਾਰੇ ਕੋਈ ਵਿਸ਼ੇਸ਼ ਉੱਦਮ ਨਹੀਂ ਕੀਤਾ ਗਿਆ। ਕੀ ਮਨੁੱਖੀ ਅਧਿਕਾਰਾਂ ਨੂੰ ਸਿਰਫ਼ ਅਤੇ ਸਿਰਫ਼ ਰਾਜਨੀਤਕ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਣਾ ਦਰੁਸਤ ਹੈ?
ਕੈਨੇਡਾ ਦੀ ਸਿਟੀਜ਼ਨਸਿ਼ੱਪ ਅਤੇ ਇੰਮੀਗਰੇਸ਼ਨ ਦੀ ਪਾਰਲੀਮਾਨੀ ਕਮੈਟੀ ਨੂੰ ਪੇਸ਼ ਇੱਕ ਰਿਪੋਰਟ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਮੁਤਾਬਕ 1992 ਤੋਂ ਪਹਿਲਾਂ ਅਫਗਾਨਸਤਾਨ ਵਿੱਚ 2 ਲੱਖ ਤੋਂ ਵੱਧ ਸਿੱਖ ਹਿੰਦੂ ਵੱਸਦੇ ਸਨ ਤਾਲੀਬਾਨੀ ਹਮਲੇ ਤੋਂ ਪਹਿਲਾਂ ਘੱਟ ਕੇ 395 ਪਰਿਵਾਰ ਰਹਿ ਗਏ ਸਨ। ਸੁਆਲ ਉੱਠਦਾ ਹੈ ਕਿ ਸਿੱਖ ਹਿੰਦੂ ਭਾਈਚਾਰੇ ਨਾਲ ਸਬੰਧਿਤ ਐਮ ਪੀਆਂ ਨੇ ਕੋਈ ਬਣਦੀ ਅਸਰਦਾਰ ਚਾਰਾਜੋਈ ਕਿਉਂ ਨਹੀਂ ਕੀਤੀ? ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ ਅਤੇ ਹੋਰ ਸਿੱਖ ਐਮ ਪੀ ਸੀਨੀਅਰ ਪੁਜੀਸ਼ਨਾਂ ਉੱਤੇ ਰਹੇ ਹਨ ਅਤੇ ਅੱਜ ਵੀ ਹਨ। ਇਹਨਾਂ ਦਾ ਆਪਣੇ ਭੈਣ ਭਰਾਵਾਂ ਲਈ ‘ਹਾਅ ਦਾ ਨਾਅਰਾ’ ਨਾ ਮਾਰਨਾ ਕਈ ਸੁਆਲ ਖੜੇ ਕਰਦਾ ਹੈ।