Welcome to Canadian Punjabi Post
Follow us on

30

March 2023
ਬ੍ਰੈਕਿੰਗ ਖ਼ਬਰਾਂ :
‘ਪੁਤਿਨ ਨੇ ਜੰਗ ਵਿੱਚ ਸਭ ਕੁਝ ਗੁਆਇਆ, ਹੁਣ ਰੂਸ ਨਹੀਂ ਕਰ ਸਕਦਾ ਪ੍ਰਮਾਣੂ ਹਮਲਾ’: ਜੈਲੇਂਸਕੀਭਾਰਤੀ ਮੂਲ ਦੇ ਡੇਨੀਅਲ ਮੁਖੀ ਬਣੇ ਐਨਐਸਡਬਲਿਊ ਦੇ ਖਜ਼ਾਨਚੀ, ਭਗਵਤ ਗੀਤਾ ਦੀ ਸਹੁੰ ਚੁੱਕ ਕੇ ਰਚਿਆ ਇਤਿਹਾਸਨੀਨਾ ਤਾਂਗੜੀ ਨੇ ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਸੰਭਾਲਿਆ ਅਹੁਦਾਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਵਿਭਾਗ ਵਿੱਚ ਨਵ-ਨਿਯੁਕਤ 245 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਪ੍ਰੋ: ਰੇਨੂੰ ਚੀਮਾ ਵਿਗ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਨਵੀਂ ਵੀਡੀਓ ਆਈ ਸਾਹਮਣੇ, ਕਿਹਾ: ਸਰਕਾਰ ਦਾ ਇਰਾਦਾ ਗ੍ਰਿਫਤਾਰ ਕਰਨਾ ਹੁੰਦਾ ਤਾਂ ਘਰ ਤੋਂ ਆ ਕੇ ਗ੍ਰਿਫਤਾਰ ਕਰ ਲੈਂਦੀਹਾੜ੍ਹੀ ਖਰੀਦ ਸੀਜ਼ਨ ਲਈ ਪੰਜਾਬ ਸਰਕਾਰ ਨੇ ਖਿੱਚੀ ਤਿਆਰੀ, ਸੀ.ਸੀ.ਐੱਲ. ਮਨਜ਼ੂਰ ਹੁੰਦੇ ਹੀ ਮੁੱਖ ਮੰਤਰੀ ਨੇ ਕੀਤੀ ਅਫ਼ਸਰਾਂ ਨਾਲ ਮੀਟਿੰਗਖੇਤੀਬਾੜੀ ਮੰਤਰੀ ਧਾਲੀਵਾਲ ਵੱਲੋਂ ਫੀਲਡ ਅਧਿਕਾਰੀਆਂ ਨੂੰ ਮੀਂਹ ਕਾਰਣ ਫਸਲਾਂ ਦੇ ਖਰਾਬੇ ਦੇ ਅਸਲ ਅੰਕੜੇ ਜਲਦ ਪੇਸ਼ ਕਰਨ ਦੇ ਹੁਕਮ
 
ਸੰਪਾਦਕੀ

ਯੂਕਰੇਨ ਉੱਤੇ ਰੂਸੀ ਹਮਲੇ ਨੂੰ ਕੈਨੇਡੀਅਨ ਪਰੀਪੇਖ ਤੋਂ ਵੇਖਦਿਆਂ

February 25, 2022 03:45 PM

ਪੰਜਾਬੀ ਪੋਸਟ ਸੰਪਾਦਕੀ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਵੱਲੋਂ ਯੂਕਰੇਨ ਉੱਤੇ ਕੱਲ ਆਰੰਭ ਕੀਤੇ ਹਮਲੇ ਤੋਂ ਬਾਅਦ ਵਿਸ਼ਵ ਦੇ ਨਾਜ਼ੁਕ ਹਾਲਾਤ ਹੋਰ ਵਧੇਰੇ ਸੰਵੇਦਨਸ਼ੀਲ ਹੋ ਗਏ ਹਨ। ਬੇਸ਼ੱਕ ਰੂਸ ਦੀਆਂ ਯੂਕਰੇਨ ਬਾਬਤ ਆਕਖਾਵਾਂ ਕਈ ਪੱਖਾਂ ਤੋਂ ਵੇਖੀਆਂ ਜਾ ਸਕਦੀਆਂ ਹਨ ਪਰ ਇੱਕ ਨੁਕਤਾ ਜੋ ਸਥਿਤੀ ਦੀ ਨੁਜ਼ੁਕਤਾ ਨੂੰ ਦਰਸਾਉਂਦਾ ਹੈ, ਉਹ ਯੂਕਰੇਨ ਦੀ ਭੂਗੋਲਿਕ ਸਥਿਤੀ ਹੈ। ਰੂਸ ਅਤੇ ਯੂਰਪ ਦਰਮਿਆਨ ਯੂਕਰੇਨ ਇੱਕ ਕੜੀ ਵਾਗੂੰ ਹੈ ਜਿਸਦਾ ਅਰਥ ਹੈ ਜਿੰਨਾ ਵਧੇਰੇ ਰਾਜਨੀਤਕ ਅਤੇ ਮਿਲਟਰੀ ਪ੍ਰਭਾਵ ਰੂਸ ਦਾ ਇੱਥੇ ਰਹੇਗਾ, ਉੱਨਾ ਹੀ ਵਿਸ਼ਵ ਅਮਨ ਨੂੰ ਝਟਕਾ ਲੱਗੇਗਾ। ਨਾਟੋ ਮੁਲਕਾਂ ਲਈ ਯੂਕਰੇਨ ਇੱਕ ਪੁੱਲ ਵਾਗੂੰ ਹੈ ਜਿਸਦਾ ਟੁੱਟ ਜਾਣਾ ਕਿਸੇ ਵੱਡੇ ਹੜ੍ਹ ਨੂੰ ਸੱਦਾ ਦੇਣ ਬਰਾਬਰ ਹੈ। ਜਨਸੰਖਿਆ ਪੱਖ ਤੋਂ ਯੂਕਰੇਨ ਕੈਨੇਡਾ ਨਾਲੋਂ ਥੋੜਾ ਵੱਡਾ ਹੈ। ਕੈਨੇਡਾ ਦੀ 38 ਕੁ ਮਿਲੀਅਨ ਵੱਸੋਂ ਦੇ ਮੁਕਾਬਲੇ ਯੂਕਰੇਨ ਵਿੱਚ 44 ਮਿਲੀਅਨ ਲੋਕ ਵੱਸਦੇ ਹਨ। ਚੇਤੇ ਰਹੇ ਕਿ 2014 ਵਿੱਚ ਰੂਸ ਪੱਖੀ ਯੂਕਰੇਨੀਅਨ ਰਾਸ਼ਟਰਪਤੀ ਵਿਕਟਰ ਯੇਨੂਕੋਵਿਚ ਦੇ ਗੱਦੀਓਂ ਲਾਹੇ ਜਾਣ ਤੋਂ ਬਾਅਦ ਹੁਣ ਤੱਕ 14,000 ਤੋਂ ਜਿ਼ਆਦਾ ਲੋਕ ਇਸ ਖੇਤਰੀ ਲੜਾਈ ਦੀ ਭੇਟਾ ਚੜ ਚੁੱਕੇ ਹਨ।

ਕੈਨੇਡਾ ਵੱਸਦੇ ਪੰਜਾਬੀ ਇਸ ਗੱਲ ਨੂੰ ਭਲੀਭਾਂਤ ਮਹਿਸੂਸ ਕਰ ਸਕਦੇ ਹਨ ਕਿ ਜੇ ਪੰਜਾਬ ਵਿੱਚ ਜਾਨ ਮਾਲ ਨੂੰ ਜੋਖਮ ਵਿੱਚ ਪਾਉਣ ਵਾਲੀ ਕੋਈ ਘਟਨਾ ਹੋਵੇ ਜਾਂ ਹੋਣ ਦਾ ਖਤਰਾ ਹੋਵੇ ਤਾਂ ਕਿਵੇਂ ਸਾਡੇ ਸੀਨਿਆਂ ਵਿੱਚੋਂ ਦਿਲ ਬਾਹਰ ਨਿਕਲ ਨਿਕਲ ਆਉਂਦਾ ਹੈ। ਅੱਜ ਅਜਿਹੇ ਹੀ ਖੌਫਨਾਕ ਅਤੇ ਦਿਲ ਦਹਿਲਾ ਦੇਣ ਵਾਲੇ ਹਾਲਾਤਾਂ ਵਿੱਚੋਂ ਕੈਨੇਡਾ ਵੱਸਦੇ ਯੂਕਰੇਨੀਅਨ ਮੂਲ ਦੇ ਲੋਕ ਗੁਜ਼ਰ ਰਹੇ ਹਨ। ਅੰਕੜਾ ਵਿਭਾਗ ਦੇ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ 14 ਲੱਖ ਦੇ ਕਰੀਬ ਯੂਕਰੇਨੀਅਨ ਮੂਲ ਦੇ ਲੋਕ ਵੱਸਦੇ ਹਨ। ਇਸ ਹਿਸਾਬ ਨਾਲ ਕੈਨੇਡਾ ਵਿੱਚ ਵੱਸਦੀ ਯੂਕਰੇਨੀਅਨ ਕਮਿਉਨਟੀ 11ਵਾਂ ਵੱਡਾ ਕੈਨੇਡੀਅਨ ਐਥਨਿਕ ਭਾਈਚਾਰਾ ਹੈ ਜੋ ਕੈਨੇਡਾ ਦੀ ਵੱਸੋਂ ਦਾ 3.9% ਹਿੱਸਾ ਬਣਦਾ ਹੈ। ਯੂਕਰੇਨ ਅਤੇ ਰੂਸ ਤੋਂ ਬਾਅਦ ਵਿਸ਼ਵ ਵਿੱਚ ਸੱਭ ਤੋਂ ਵੱਧ ਗਿਣਤੀ ਵਿੱਚ ਯੂਕਰੇਨੀਅਨ ਮੂਲ ਦੇ ਲੋਕ ਕੈਨੇਡਾ ਵਿੱਚ ਵੱਸਦੇ ਹਨ। ਇਹ ਅੰਕੜੇ ਸਪੱਸ਼ਟ ਕਰਦੇ ਹਨ ਕਿ ਕੈਨੇਡਾ ਲਈ ਯੂਕਰੇਨ ਉੱਤੇ ਰੂਸ ਦੇ ਹਮਲੇ ਦੇ ਕੀ ਮਾਅਨੇ ਹਨ। ਸਾਈਡ ਨੁਕਤੇ ਵਜੋਂ ਇਹ ਵੀ ਦਿਲਚਸਪ ਹੈ ਕਿ ਫੈਡਰਲ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਅਤੇ ਉੱਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਵੀ ਯੂਕਰੇਨੀਅਨ ਮੂਲ ਦੀ ਹੈ। ਉਸਤੋਂ ਇਲਾਵਾ ਜੇਰਾਰਡ ਕੈਨੇਡੀ, ਜੇਮਜ਼ ਬੇਜ਼ਨ, ਉਂਟੇਰੀਓ ਦੀ ਸਾਬਕਾ ਪ੍ਰੀਮੀਅਰ ਅਰਨੀ ਈਵਜ਼, ਸਾਬਕਾ ਗਵਰਨਰ ਜਨਰਲ ਐਡਵਾਰਡ ਸ਼ਰੇਅਰ ਆਦਿ ਵੀ ਯੂਕਰੇਨੀਅਨ ਮੂਲ ਦੇ ਕੈਨੇਡੀਅਨ ਹਨ।

ਇੱਕ ਹੋਰ ਪੱਖ ਕੈਨੇਡਾ ਦਾ ਨਾਟੋ NATO (The North America Treaty Organization) ਦਾ ਮੁੱਢਲਾ ਮੈਂਬਰ ਹੋਣ ਨਾਤੇ ਯੂਕਰੇਨ ਪ੍ਰਤੀ ਫਰਜ਼ਾਂ ਦਾ ਹੈ। ਇਸ 30 ਮੈਂਬਰੀ ਸੰਸਥਾ ਵਿੱਚ ਆਰਥਿਕ ਅਤੇ ਜੰਗੀ ਸਾਜ਼ੋਸਮਾਨ ਦੇ ਲਿਹਾਜ ਨਾਲ ਵਿਸ਼ਵ ਦੇ ਸੱਭ ਤੋਂ ਵੱਧ ਸਮਰੱਥ ਮੁਲਕ ਸ਼ਾਮਲ ਹਨ ਜਿਹਨਾਂ ਵਿੱਚ ਮੁੱਖ ਕਰਕੇ ਯੂਰਪ ਅਤੇ ਨੌਰਥ ਅਮਰੀਕਨ ਦੇਸ਼ ਹਨ। ਕੈਨੇਡਾ ਨਾਟੋ ਦੇ ਹੋਰ ਮੈਂਬਰਾਂ ਮੁਕਾਬਲੇ ਛੋਟਾ ਮੁਲਕ ਹੈ ਜਿਸ ਕਾਰਣ ਇਸਦੀ ਨਾਟੋ ਵਿੱਚ ਸ਼ਮੂਲੀਅਤ ਮਿਲਟਰੀ ਨਾਲੋਂ ਸਿਆਸੀ ਵਧੇਰੇ ਰਹੀ ਹੈ। ਸਿਵਾਏ 1999 ਵਿੱਚ ਯੂਗੋਸਲਾਵੀਆ ਅਤੇ 2011 ਵਿੱਚ ਅਫਗਾਨਸਤਾਨ ਵਿੱਚ ਨਾਟੋ ਮੈਂਬਰ ਨਾਤੇ ਜਦੋਂ ਸਾਡੇ ਫੌਜੀਆਂ ਨੇ ਸਰਗਰਮ ਜੰਗ ਵਿੱਚ ਰੋਲ ਨਿਭਾਏ ਸਨ। ਜਿੱਥੇ ਤੱਕ ਤਾਜ਼ਾ ਯੂਕਰੇਨ ਸਥਿਤੀ ਦਾ ਸੁਆਲ ਹੈ, ਕੈਨੇਡਾ ਨੇ ਹੁਣ ਤੱਕ ਯੂਕਰੇਨ ਨੂੰ 620 ਮਿਲੀਅਨ ਡਾਲਰ ਦਾ ਲੋਨ ਅਤੇ 10 ਮਿਲੀਅਨ ਡਾਲਰ ਲਾਗਤ ਦੇ ਬਰਾਬਰ ਹਥਿਆਰ ਖਰੀਦਣ ਵਾਸਤੇ ਮਦਦ ਭੇਜੀ ਹੈ। ਉਂਟੇਰੀਓ ਸਰਕਾਰ ਵੱਲੋਂ 1 ਮਿਲੀਅਨ ਡਾਲਰ ਦੀ ਇਮਦਾਦ ਸਮੇਤ ਕਈ ਹੋਰ ਸੰਸਥਾਵਾਂ ਅਤੇ ਪ੍ਰੋਵਿੰਸਾਂ ਵੱਲੋਂ ਵੀ ਮਦਦ ਭੇਜੀ ਜਾ ਰਹੀ ਹੈ। ਜਿਸ ਕੰਮ ਵਿੱਚ ਕੈਨੇਡਾ ਵਧੇਰੇ ਮੁਹਾਰਤ ਰੱਖਦਾ ਹੈ, ਉਹ ਹੈ ਇੰਮੀਗਰੇਸ਼ਨ। ਕੱਲ ਸ਼ਾਮ ਦੀਆਂ ਖਬ਼ਰਾਂ ਆਉਣ ਤੱਕ ਕੈਨੇਡਾ ਨੇ ਯੂਕਰੇਨ ਮਸਲੇ ਉੱਤੇ ਇੰਮੀਗਰੇਸ਼ਨ ਸਬੰਧੀ ਮਦਦ ਦੇਣ ਵਾਸਤੇ ਇੱਕ ਵਿਸ਼ੇਸ਼ ਹੈਲਪਲਾਈਨ ਖੋਲ ਦਿੱਤੀ ਹੈ। ਵੀਜ਼ਾਂ ਅਫ਼ਸਰਾਂ ਨੂੰ ਯੂਕਰੇਨੀਅਨਾਂ ਦੇ ਅਟਕੇ ਹੋਏ ਵੀਜ਼ੇ ਜਲਦ ਕਲੀਅਰ ਕਰਨ ਬਾਰੇ ਹਦਾਇਤਾਂ ਦਿੱਤੇ ਜਾਣ ਬਾਰੇ ਵੀ ਪਤਾ ਲੱਗਾ ਹੈ।

ਇਹਨਾਂ ਸੱਭਨਾਂ ਯਤਨਾਂ ਦੇ ਚੱਲਦੇ ‘ਸੌ ਹੱਥ ਰੱਸਾ ਸਿਰੇ ਗੰਢ’ ਵਾਲੀ ਗੱਲ ਨੂੰ ਸਾਰੀਆਂ ਸਬੰਧਿਤ ਧਿਰਾਂ ਨੂੰ ਚੇਤੇ ਰੱਖਣਾ ਹੋਵੇਗਾ ਕਿ ਅੰਤ ਨੂੰ ਮਾਮਲਾ ਗੱਲਬਾਤ ਨਾਲ ਹੱਲ ਹੋਵੇਗਾ। ਅਮਰੀਕਾ ਨੇ ਵਾਅਦਾ ਵੀ ਕੀਤਾ ਹੈ ਕਿ ਜੋ ਲੋੜ ਪਈ ਤਾਂ ਉਹ ਇਸ ਖਿੱਤੇ ਵਿੱਚ ਛੋਟੇ ਅਤੇ ਮੱਧਮ ਰੇਂਜ ਦੀਆਂ ਮਿਜ਼ਾਈਲਾਂ ਨੂੰ ਸੀਮਤ ਕਰਨ ਬਾਰੇ ਸੋਚ ਸਕਦਾ ਹੈ। ਰੂਸ ਉੱਤੇ ਆਰਥਿਕ ਪਾਬੰਦੀਆਂ ਦਾ ਲਾਇਆ ਜਾਣਾ ਦਬਾਅ ਪਾਉਣ ਦੇ ਨੁਕਤੇ ਨਜ਼ਰ ਤੋਂ ਸਹੀ ਕਦਮ ਹੈ ਪਰ ਮਸਲੇ ਦਾ ਹੱਲ ਆਖਰ ਸੰਵਾਦ ਰਾਹੀਂ ਹੀ ਨਿਕਲੇਗਾ। ਉਮੀਦ ਹੈ ਕਿ ਇੱਕ ਅਮਨ ਪਸੰਦ ਮੁਲਕ ਹੋਣ ਨਾਤੇ ਕੈਨੇਡਾ ਆਪਣੇ ਪ੍ਰਭਾਵ ਦੀ ਸਹੀ ਮਾਅਨਿਆਂ ਵਿੱਚ ਵਰਤੋਂ ਕਰੇਗਾ।

 
Have something to say? Post your comment