Welcome to Canadian Punjabi Post
Follow us on

06

June 2025
 
ਨਜਰਰੀਆ

ਪੰਜਾਬ ਦੀ ਸਿਆਸਤ ਵਿੱਚ ਡੇਰਿਆਂ ਦੀ ਭੂਮਿਕਾ

February 16, 2022 01:33 AM

-ਰਵੀ ਸ਼ੰਕਰ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੁਝ ਦਿਨ ਬਾਕੀ ਰਹਿ ਗਏ ਹਨ। ਅਜਿਹੇ ਵਿੱਚ ਸੂਬੇ ਦੀ ਸਿਆਸੀ ਹਲਚਲ ਦੇ ਦਰਮਿਆਨ ਡੇਰਿਆਂ ਬਾਰੇ ਵੀ ਚਰਚੇ ਤੇਜ਼ ਹਨ। ਇਹੀ ਕਾਰਨ ਹੈ ਕਿ ਚੋਣਾਂ ਦੀ ਤਰੀਕ ਦੇ ਐਲਾਨ ਦੇ ਬਾਅਦ ਤੋਂ ਹੀ ਡੇਰਿਆਂ ਵਿੱਚ ਨੇਤਾਵਾਂ ਨੇ ਵੀ ਆਪਣਾ ਡੇਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਡੇਰਿਆਂ ਦੀ ਹੋਂਦ ਕੋਈ 10-20 ਸਾਲ ਪੁਰਾਣੀ ਗੱਲ ਨਹੀਂ। ਅਸਲ ਵਿੱਚ ਪਹਿਲਾਂ ਡੇਰੇ ਮੁਸਲਮਾਨਾਂ ਅਤੇ ਯੋਗਨਾਥ ਨਾਲ ਸੰਬੰਧ ਰੱਖਦੇ ਸਨ, ਪਰ ਸਿੱਖ ਧਰਮ ਦੀ ਸਥਾਪਨਾ ਪਿੱਛੋਂ ਕੁਝ ਸਿੱਖ ਤੇ ਗੈਰ ਸਿੱਖ ਡੇਰੇ ਵੀ ਹੋਂਦ ਵਿੱਚ ਆਏ। ਅੱਜ ਪੰਜਾਬ ਵਿੱਚ ਅਣਗਿਣਤ ਡੇਰੇ ਹਨ, ਜਿਨ੍ਹਾਂ ਵਿੱਚੋਂ ਡੇਰਾ ਸੱਚਾ ਸੌਦਾ, ਡੇਰਾ ਰਾਧਾ ਸੁਆਮੀ ਬਿਆਸ, ਨਿਰੰਕਾਰੀ ਮਿਸ਼ਨ ਤੇ ਦਿਵਿਆ ਜਯੋਤੀ ਸੰਗਠਨ ਪ੍ਰਮੁੱਖ ਮੰਨੇ ਜਾਂਦੇ ਹਨ। ਇਨ੍ਹਾਂ ਡੇਰਿਆਂ ਦੇ ਪੈਰੋਕਾਰਾਂ ਦੀ ਗਿਣਤੀ ਲੱਖਾਂ-ਕਰੋੜਾਂ ਵਿੱਚ ਹੈ। ਇਹੀ ਕਾਰਨ ਹੈ ਕਿ ਇੱਥੋਂ ਦੀ ਸਿਆਸਤ ਵਿੱਚ ਡੇਰਿਆਂ ਦਾ ਅਹਿਮ ਸਥਾਨ ਹੈ ਅਤੇ ਚੋਣਾਂ ਤੋਂ ਪਹਿਲਾਂ ਸਭ ਸਿਆਸੀ ਪਾਰਟੀਆਂ ਡੇਰਾ ਮੁਖੀਆਂ ਨਾਲ ਨੇੜਤਾ ਵਧਾਉਣ ਲੱਗ ਜਾਂਦੀਆਂ ਹਨ ਅਤੇ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਇਨ੍ਹਾਂ ਦਾ ਸਮਰਥਨ ਮੰਗਦੀਆਂ ਹਨ।
ਇਹ ਸਿਆਸੀ ਆਗੂ ਇਨ੍ਹਾਂ ਡੇਰਾ ਮੁਖੀਆਂ ਨਾਲ ਕਿਉਂ ਮਿਲਦੇ ਹਨ, ਕਿਸੇ ਤੋਂ ਲੁਕਿਆ ਨਹੀਂ। ਪੰਜਾਬ ਚੋਣਾਂ ਵਿੱਚ ਡੇਰੇ ਕਿਸ ਹੱਦ ਤੱਕ ਪ੍ਰਭਾਵੀ ਹੋ ਸਕਦੇ ਹਨ, ਇਸ ਦਾ ਅੰਦਾਜ਼ਾ ਇਨ੍ਹਾਂ ਦੀ ਗਿਣਤੀ ਤੋਂ ਲਾਇਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਨੇਤਾਵਾਂ, ਪਾਰਟੀਆਂ ਤੇ ਜਾਤੀ ਆਧਾਰਤ ਸਮੀਕਰਨ ਦੇ ਨਾਲ-ਨਾਲ ਡੇਰੇ ਵੱਡੀ ਭੂਮਿਕਾ ਨਿਭਾਉਂਦੇ ਹਨ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਪੰਜਾਬ ਵਿੱਚ ਸਿਆਸੀ ਪਾਰਟੀਆਂ ਤੇ ਡੇਰੇ ਇੱਕ ਦੂਸਰੇ ਦੀ ਲੋੜ ਹਨ। ਡੇਰਿਆਂ ਦੇ ਮੁਖੀ ਸਿਆਸੀ ਪਾਰਟੀਆਂ ਦੀ ਵਰਤੋਂ ਆਪਣੇ ‘ਭਗਤਾਂ’ ਦੀ ਗਿਣਤੀ ਵਧਾਉਣ ਲਈ ਕਰਦੇ ਹਨ ਤਾਂ ਸਿਆਸੀ ਆਗੂ ਇਨ੍ਹਾਂ ਡੇਰਿਆਂ ਦੇ ਦਰਾਂ ਉੱਤੇ ਇਸ ਲਈ ਜਾਂਦੇ ਹਨ ਕਿ ਇਨ੍ਹਾਂ ਦੇ ਲੱਖਾਂ ਪੈਰੋਕਾਰਾਂ ਦੀਆਂ ਇਕੱਠੀਆਂ ਵੋਟਾਂ ਮਿਲਣ ਸਕਣ। ਪੰਜਾਬ ਵਿੱਚ ਇਨ੍ਹਾਂ ਡੇਰਿਆਂ ਦਾ ਦਖਲ ਸਿਰਫ ਧਾਰਮਿਕ ਸਰਗਰਮੀਆਂ ਤੱਕ ਨਹੀਂ ਹੈ, ਸਗੋਂ ਸਿਆਸਤ ਵਿੱਚ ਵੀ ਇਨ੍ਹਾਂ ਦੀ ਸਰਗਰਮ ਭੂਮਿਕਾ ਹੈ।
ਪੰਜਾਬ ਵਿੱਚ ਇਸ ਵਕਤ ਸਾਰੇ ਵਰਗਾਂ ਦੇ 12000 ਤੋਂ ਵੱਧ ਡੇਰੇ ਹਨ। ਸਿੱਖ ਧਰਮ ਨਾਲ ਜੁੜੇ 9000 ਡੇਰੇ ਹਨ। ਇਨ੍ਹਾਂ ਵਿੱਚੋਂ 300 ਡੇਰੇ ਕਾਫੀ ਮਜ਼ਬੂਤ ਹਨ, ਜੋ ਪੰਜਾਬ ਦੇ ਨਾਲ ਹਰਿਆਣੇ ਵਿੱਚ ਵੀ ਸਰਗਰਮ ਹਨ। ਇਨ੍ਹਾਂ ਵਿੱਚੋਂ ਲਗਭਗ 12 ਅਜਿਹੇ ਹੋਣਗੇ, ਜਿਨ੍ਹਾਂ ਦੇ ਇੱਕ ਲੱਖ ਤੋਂ ਵੱਧ ਭਗਤ ਹਨ, ਜੋ ਸਿੱਧੇ ਤੌਰ ਉੱਤੇ ਚੋਣਾਂ ਨੂੰ ਪ੍ਰਭਾਵਤ ਕਰਦੇ ਹਨ। ਇਨ੍ਹਾਂ ਸਾਰੇ ਡੇਰਿਆਂ ਦੀਆਂ ਸ਼ਾਖਾਵਾਂ ਪੰਜਾਬ ਦੇ ਹਰ ਜ਼ਿਲੇ ਵਿੱਚ ਫੈਲੀਆਂ ਹਨ। ਕੁਝ ਡੇਰੇ ਅਜਿਹੇ ਹਨ, ਜੋ ਦੂਸਰੇ ਸੂਬਿਆਂ ਵਿੱਚ ਵੀ ਹਨ। ਇਹ ਡੇਰੇ ਪੰਜਾਬ ਵਿਧਾਨ ਸਭਾ ਦੀਆਂ 117 ਵਿੱਚੋਂ 93 ਸੀਟਾਂ ਨੂੰ ਪ੍ਰਭਾਵਤ ਕਰਦੇ ਹਨ। 47 ਸੀਟਾਂ ਅਜਿਹੀਆਂ ਹਨ, ਜਿੱਥੇ ਡੇਰੇ ਚੋਣ ਦਿ੍ਰਸ਼ ਨੂੰ ਬਦਲ ਸਕਦੇ ਹਨ। 46 ਸੀਟਾਂ ਉੱਤੇ ਡੇਰੇ ਪੋਲਿੰਗ ਵਿੱਚ ਵੱਡਾ ਫਰਕ ਪਾਉਣ ਦੇ ਸਮਰੱਥ ਹਨ। ਪੰਜਾਬ ਵਿੱਚ 2.12 ਕਰੋੜ ਵੋਟਰਾਂ ਵਿੱਚੋਂ 25 ਫੀਸਦੀ ਡੇਰੇ ਨਾਲ ਜੁੜੇ ਹਨ। ਬੇਸ਼ੱਕ ਡੇਰੇ ਸਿਆਸਤ ਵਿੱਚ ਸਿੱਧੇ ਤੌਰ ਉੱਤੇ ਸਰਗਰਮ ਨਹੀਂ, ਪਰ ਡੇਰੇ ਦਾ ਝੁਕਾਅ ਜਿਸ ਵੱਲ ਹੋਵੇ, ਉਸ ਪਾਰਟੀ ਲਈ ਜਿੱਤ ਦਾ ਗਣਿਤ ਸੌਖਾ ਹੋ ਸਕਦਾ ਹੈ। ਇਸ ਲਈ ਡੇਰੇ ਨੂੰ ਸਾਧਣਾ ਹਰ ਪਾਰਟੀ ਦੀ ਕੋਸ਼ਿਸ਼ ਰਹਿੰਦੀ ਹੈ।
ਪਿਛਲੇ ਕੁਝ ਸਾਲਾਂ ਵਿੱਚ ਡੇਰਾ ਸੱਚਾ ਸੌਦਾ ਦੀਆਂ ਸਰਗਰਮੀਆਂ ਵਧੀਆਂ ਹਨ। ਇੱਕ ਪਾਸੇ ਗੁਰਮੀਤ ਰਾਮ ਰਹੀਮ ਦੋ ਔਰਤ ਪੈਰੋਕਾਰਾਂ ਦੇ ਬਲਾਤਕਾਰ ਦੇ ਕੇਸ ਵਿੱਚ 20 ਸਾਲ ਅਤੇ ਪੱਤਰਕਾਰ ਤੇ ਹੋਰ ਪੈਰੋਕਾਰ ਦੀ ਹੱਤਿਆ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਅਤੇ ਦੂਜੇ ਪਾਸੇ ਪੰਜਾਬ ਵਿੱਚ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿੱਚ ਡੇਰਾ ਸੱਚਾ ਸੌਦਾ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਵਿੱਚ ਸਿਆਸੀ ਪਾਰਟੀਆਂ ਡੇਰਾ ਸੱਚਾ ਸੌਦਾ ਦਾ ਸਮਰਥਨ ਤਾਂ ਚਾਹੁਣਗੀਆਂ, ਪਰ ਨਾਲ ਚਾਹੁਣਗੀਆਂ ਕਿ ਅਜਿਹਾ ਖੁੱਲ੍ਹ ਕੇ ਨਾ ਹੋਵੇ।
ਡੇਰਿਆਂ ਦੀ ਪੰਜਾਬ ਦੀ ਸਮਾਜਕ ਜ਼ਿੰਦਗੀ ਵਿੱਚ ਮਹੱਤਵ ਪੂਰਨ ਭੂਮਿਕਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਹ ਦਲਿਤ ਵੋਟਾਂ ਉੱਤੇ ਮਜ਼ਬੂਤ ਪਕੜ ਰੱਖਦੇ ਹਨ। ਸੂਬੇ ਦੇ ਲਗਭਗ ਹਰ ਪਿੰਡ ਵਿੱਚ ਡੇਰੇ ਹਨ। ਇਹ ਨਾ ਸਿਰਫ ਪੰਜਾਬ ਦੀ ਧਾਰਮਿਕ ਤੇ ਸਭਿਆਚਾਰਕ ਜ਼ਿੰਦਗੀ ਵਿੱਚ ਮਹੱਤਵ ਪੂਰਨ ਭੂਮਿਕਾ ਰੱਖਦੇ ਹਨ, ਸਗੋਂ ਸੂਬੇ ਦੇ ਤਿੰਨ ਇਲਾਕੇ ਮਾਝਾ, ਮਾਲਵਾ ਅਤੇ ਦੋਆਬਾ ਦੀ ਸਿਆਸਤ ਵਿੱਚ ਵੀ ਉਨ੍ਹਾਂ ਦਾ ਅਸਰ ਹੈ। ਸੂਬੇ ਵਿੱਚ ਪੀੜ੍ਹੀਆਂ ਤੋਂ ਜਾਤੀ ਆਧਾਰਤ ਵਿਤਕਰਾ ਅਤੇ ਜ਼ੁਲਮਾਂ ਦਾ ਸਾਹਮਣਾ ਕਰ ਰਹੇ ਅਣਡਿੱਠ ਕੀਤੇ ਦਲਿਤ ਭਾਈਚਾਰੇ ਲਈ ਇਹ ਡੇਰੇ, ਇੱਕ ਬਦਲਵੀਂ ਸਮਾਜਕ ਸਭਿਆਚਾਰਕ ਸਪੇਸ ਦੇਣ ਵਾਲੀ ਥਾਂ ਦੇ ਤੌਰ ਉੱਤੇ ਉਭਰੇ ਹਨ।
ਪੰਜਾਬ ਵਿੱਚ ਦਲਿਤਾਂ ਦੀ ਆਬਾਦੀ ਕੁੱਲ ਆਬਾਦੀ ਦਾ 32 ਫੀਸਦੀ ਹੈ, ਜੋ ਕਿਸੇ ਵੀ ਸੂਬੇ ਵਿੱਚ ਸਭ ਤੋਂ ਵੱਧ ਹੈ, ਪਰ ਉਨ੍ਹਾਂ ਦੀ ਆਰਥਿਕ ਹਾਲਤ ਵੱਧ ਚੰਗੀ ਨਹੀਂ। ਵੱਡੀ ਗਿਣਤੀ ਵਿੱਚ ਦਲਿਤ ਮਜ਼ਦੂਰ ਹਨ। ਅਜਿਹੇ ਸਮਾਜਕ ਤਾਣੇ-ਬਾਣੇ ਵਿੱਚ ਪੰਜਾਬ ਵਿੱਚ ਡੇਰਿਆਂ ਨੂੰੇ ਦਲਿਤ ਚੇਤਨਾ ਨੂੰ ਪੈਦਾ ਕਰਨ ਦਾ ਕੰਮ ਕੀਤਾ ਹੈ। ਇਹ ਕਹਿਣਾ ਔਖਾ ਹੈ ਕਿ ਉਹ ਆਪਣੀ ਸਿਆਸੀ ਹਾਜ਼ਰੀ ਕਿਵੇਂ ਦਿਖਾਉਣਗੇ, ਕਿਉਂਕਿ ਉਨ੍ਹਾ ਦਾ ਦਾਅਵਾ ਹੈ ਕਿ ਉਹ ਕਿਸੇ ਸਿਆਸੀ ਧਿਰ ਨਾਲ ਜੁੜੇ ਹੋਏ ਨਹੀਂ। ਉਨ੍ਹਾਂ ਦੇ ਇਸੇ ਦਾਅਵੇ ਦੀ ਥਾਂ ਸੱਚਾਈ ਇਹ ਹੈ ਕਿ ਇਨ੍ਹਾਂ ਡੇਰਿਆਂ ਦੇ ਪਿੱਛੇ ਉਨ੍ਹਾਂ ਦੇ ਮੰਨਣ ਵਲਿਆਂ ਦੀ ਵੱਡੀ ਗਿਣਤੀ ਹੈ ਅਤੇ ਡੇਰਿਆਂ ਦੇ ਮੁਖੀ, ਸਿਆਸੀ ਸੱਤਾ ਦੀ ਦਿਸ਼ਾ ਮੋੜਨੇ ਦੀ ਤਾਕਤ ਰੱਖਦੇ ਹਨ।
ਸਿਆਸੀ ਪਾਰਟੀਆਂ ਵੱਲ ਡੇਰਿਆਂ ਦੀ ਸੋਚ ਸਮੇਂ-ਸਮੇਂ ਉੱਤੇ ਬਦਲਦੀ ਰਹੀ ਹੈ। ਸੂਬੇ ਦੀਆਂ ਅੱਜ ਤੱਕ ਦੀਆਂ ਦੋ ਸਭ ਤੋਂ ਵੱਡੀਆਂ ਪਾਰਟੀਆਂ, ਭਾਵੇਂ ਕਾਂਗਰਸ ਹੋਵੇ ਜਾਂ ਅਕਾਲੀ ਦਲ, ਨੇ ਡੇਰੇ ਦਾ ਸਮਰਥਨ ਲਿਆ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼ਾਇਦ ਹੀ ਕੋਈ ਨੇਤਾ ਹੋਵੇ ਜੋ ਆਪਣੀ ਪਾਰਟੀ ਲਈ ਸਮਰਥਨ ਲੈਣ ਲਈ ਇਨ੍ਹਾਂ ਡੇਰਿਆਂ ਵਿੱਚ ਨਾ ਗਿਆ ਹੋਵੇ। ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਵਿੱਚ ਧਾਰਮਿਕ ਡੇਰਿਆਂ ਦੇ ਅਸਰ ਨੂੰ ਦੇਖਦੇ ਹੋਏ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਇਨ੍ਹਾਂ ਧਾਰਮਿਕ ਡੇਰਿਆਂ ਉੱਤੇ ਹਾਜ਼ਰੀ ਲਾ ਰਹੀਆਂ ਹਨ। ਡੇਰਿਆਂ ਦੀ ਸਥਿਤੀ ਇਹ ਹੈ ਕਿ ਇੱਕ ਪਾਰਟੀ ਦੇ ਨੇਤਾ ਮੱਥਾ ਟੇਕ ਕੇ ਅਸ਼ੀਰਵਾਦ ਲੈ ਕੇ ਨਿਕਲਦੇ ਹਨ ਤਾਂ ਦੂਸਰੀ ਪਾਰਟੀ ਦੇ ਨੇਤਾ ਪਿੱਛੇ ਲੱਗੇ ਹੋਏ ਹਨ। ਸੂਬੇ ਦੀ ਸਿਆਸਤ ਵਿੱਚ ਡੇਰਿਆਂ ਦਾ ਕਿੰਨਾ ਦਖਲ ਹੈ, ਇਸ ਗੱਲ ਦਾ ਅੰਦਾਜ਼ਾ ਏਥੋਂ ਲਾਇਆ ਜਾ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਪੰਜਾਬ ਦੇ ਸੀ ਐਮ ਚੰਨੀ ਅਤੇ ਸੁਖਬੀਰ ਬਾਦਲ ਡੇਰਿਆਂ ਉੱਤੇ ਲਗਾਤਾਰ ਨਤਮਸਤਕ ਹੋ ਰਹੇ ਹਨ।
ਦੂਜੇ ਪਾਸੇ ਪੰਜਾਬ ਚੋਣਾਂ ਤੋਂ ਕੁਝ ਦਿਨ ਪਹਿਲਾਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਤੋਂ ਪੈਰੋਲ ਉੱਤੇ ਛੱਡ ਦਿੱਤਾ ਹੈ। ਕੁੱਲ ਮਿਲਾ ਕੇ ਡੇਰਿਆਂ ਨੂੰ ਸਾਧਣ ਲਈ ਪੰਜਾਬ ਦੀਆਂ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ। ਦੇਖਣ ਵਾਲੀ ਗੱਲ ਇਹ ਹੋਵੇਗਾ ਕਿ ਕਿਹੜੀ ਪਾਰਟੀ ਡੇਰਿਆਂ ਨੂੰ ਸਾਧ ਪਾਉਂਦੀ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ! ਮਹਾਰਾਸ਼ਟਰ, ਝਾਰਖੰਡ ਦੇ ਨਾਲ ਪੰਜਾਬ ਦੀਆਂ ਚਾਰ ਸੀਟਾਂ ਲਈ ਚੋਣਾਂ ਨਵੇਂ ਸਬਕ ਦੇਣ ਵਾਲਾ ਸਾਬਤ ਹੋਇਆ ਹਰਿਆਣੇ ਅਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਦਾ ਨਤੀਜਾ