Welcome to Canadian Punjabi Post
Follow us on

27

June 2022
ਬ੍ਰੈਕਿੰਗ ਖ਼ਬਰਾਂ :
ਬਜਟ ਵਿੱਚ ਕਿਸਾਨਾਂ ਲਈ ਕੁਝ ਨਹੀਂ, ਕੇਂਦਰ ਵੀ ਕਿਸਾਨ ਅੰਦੋਲਨ ਤੋਂ ਘਬਰਾਇਆ : ਰਾਜੇਵਾਲਜਨਤਾ ਬਜਟ ਪੇਸ਼ ਕਰਨ ਉਤੇ ਮੁੱਖ ਮੰਤਰੀ ਵੱਲੋਂ ਚੀਮਾ ਨੂੰ ਮੁਬਾਰਕਬਾਦਸ਼੍ਰੋਮਣੀ ਕਮੇਟੀ ਦੇ ਜਨਰਲ ਸੈਕਟਰੀ ਪੰਜੋਲੀ ਨੇ ਅਕਾਲੀ ਲੀਡਰਸਿ਼ਪ ਵਿੱਚ ਤਬਦੀਲੀ ਦੀ ਸੁਰ ਚੁੱਕੀਭਾਰਤ ਦੀਆਂ ਉੱਪ ਚੋਣਾਂ: ਭਾਜਪਾ ਨੇ ਆਜ਼ਮਗੜ੍ਹ ਅਤੇ ਰਾਮਪੁਰ ਲੋਕਸਭਾ ਸੀਟਾਂ ਸਮਾਜਵਾਦੀ ਪਾਰਟੀ ਤੋਂ ਖੋਹੀਆਂਸਿੱਧੂ ਮੂਸੇਵਾਲਾ ਦਾ ਐੱਸ ਵਾਈ ਐੱਲ ਗੀਤ ਪਾਬੰਦੀ ਲੱਗਣ ਦੇ ਕਾਰਨ ਯੂਟਿਊਬ ਨੇ ਹਟਾਇਆਅਗਨੀਪਥ ਯੋਜਨਾ: ਗਵਰਨਰ ਸੱਤਿਆਪਾਲ ਮਲਿਕ ਨੇ ‘ਜਵਾਨਾਂ ਦੀਆਂ ਉਮੀਦਾਂ ਨਾਲ ਧੋਖਾ’ ਕਿਹਾਹੈਰਾਨੀ ਵਾਲਾ ਖੁਲਾਸਾ: ਪ੍ਰਿੰਸ ਚਾਰਲਸ ਨੇ ਕਤਰ ਦੇ ਸ਼ੇਖ ਤੋਂ ਨੋਟਾਂ ਦੇ ਭਰੇ ਬੈਗ ਪ੍ਰਵਾਨ ਕੀਤੇਸੰਗਰੂਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਅੰਦਰ ਇੰਜ ਰਿਹਾ ਨਤੀਜਾ
ਨਜਰਰੀਆ

ਅਮਰੀਕਾ ਵਿਚ ਮੇਰੇ ਕਈ ਭੁਲੇਖੇ ਨਿਕਲੇ

January 25, 2022 01:29 AM

-ਉਜਾਗਰ ਸਿੰਘ
ਮੈਂ ਤੇ ਮੇਰੀ ਪਤਨੀ 17 ਸਾਲਾਂ ਤੋਂ ਲਗਭਗ ਹਰ ਸਾਲ ਅਮਰੀਕਾ ਆਉਂਦੇ-ਜਾਂਦੇ ਰਹਿੰਦੇ ਹਾਂ। ਇੱਥੇ ਸਾਡਾ ਪੁੱਤਰ ਨਵਜੀਤ ਸਿੰਘ ਅਤੇ ਨੂੰਹ ਮਨਪ੍ਰੀਤ ਕੌਰ ਆਈ ਟੀ ਵਿੱਚ ਕੰਮ ਕਰਦੇ ਹਨ। ਪਹਿਲੀ ਵਾਰ ਦਸੰਬਰ 2004 ਵਿੱਚ ਅਸੀਂ ਆਪਣੇ ਬੇਟੇ ਦੀ ਗਰੈਜੂਏਸ਼ਨ ਸੈਰੇਮਨੀ ਸਮੇਂ ਮਿਲਵਾਕੀ ਆਏ ਸੀ। ਹਰ ਦੇਸ਼ ਦਾ ਆਪੋ-ਆਪਣਾ ਸਭਿਆਚਾਰ ਹੁੰਦਾ ਹੈ। ਹੋਰ ਦੇਸ਼ਾਂ ਵਿੱਚੋਂ ਆਏ ਲੋਕਾਂ ਉੱਤੇ ਵੀ ਇੱਥੋਂ ਦੇ ਸਭਿਆਚਾਰ ਦਾ ਅਸਰ ਪੈਣਾ ਕੁਦਰਤੀ ਹੈ। ਇਥੋਂ ਦੀ ਬੋਲਚਾਲ ਦਾ ਮਧਿਅਮ ਅੰਗਰੇਜ਼ੀ ਹੈ। ਅਸੀਂ ਇੱਥੇ ਆਮ ਤੌਰ ਉੱਤੇ ਤਿੰਨ-ਚਾਰ ਮਹੀਨੇ ਤੋਂ ਵੱਧ ਕਦੇ ਨਹੀਂ ਠਹਿਰੇ ਸੀ ਕਿਉਂਕਿ ਸਰਕਾਰੀ ਨੌਕਰੀ ਸੀ, ਐਕਸ ਇੰਡੀਆ ਛੁੱਟੀ ਲੈਣ ਦੀ ਸਮੱਸਿਆ ਹੁੰਦੀ ਸੀ। ਉਦੋਂ ਇੱਕ-ਡੇਢ ਮਹੀਨਾ ਹੀ ਠਹਿਰਦੇ ਸੀ।
ਬੱਚਿਆਂ ਨੂੰ ਇਹ ਹੁੰਦਾ ਹੈ ਕਿ ਅਸੀਂ ਆਪਣੇ ਮਾਪਿਆਂ ਨੂੰ ਸੈਰ ਸਪਾਟਾ ਕਰਵਾ ਕੇ ਖੁਸ਼ ਰੱਖੀਏ। ਉਹ ਸਾਨੂੰ ਸਾਡੇ ਸੰਬੰਧੀਆਂ ਅਤੇ ਹੋਰ ਦੋਸਤਾਂ-ਮਿੱਤਰਾਂ ਕੋਲ ਕਈ ਵਾਰ ਹਵਾਈ ਅਤੇ ਕਈ ਵਾਰ ਸੜਕੀ ਰਸਤੇ ਹਜ਼ਾਰਾਂ ਮੀਲ ਦਾ ਸਫਰ ਕਰਵਾ ਕੇ ਲੈ ਜਾਂਦੇ ਰਹੇ ਹਨ ਤਾਂ ਜੋ ਅਸੀਂ ਘਰ ਬੈਠੇ ਉਕਤਾ ਨਾ ਜਾਈਏ। ਇਸ ਵਾਰ ਦਾ ਸਾਡਾ ਇੱਥੇ ਇੰਨਾ ਲੰਬਾ ਸਮਾਂ ਠਹਿਰਨ ਦੇ ਦੋ ਸਬੱਬ ਬਣੇ। ਪਹਿਲਾ ਕੋਰੋਨਾ ਦੀ ਮਿਹਰਬਾਨੀ ਤੇ ਦੂਸਰਾ, ਆਪਣੀ ਨਵ ਜਨਮੀ ਪੋਤਰੀ ਕੋਲ ਰਹਿਣ ਦਾ ਆਨੰਦ। ਅਸੀਂ 22 ਨਵੰਬਰ 2019 ਨੂੰ ਕੈਲੀਫੋਰਨੀਆ ਰਾਜ ਦੇ ਝੀਲਾਂ ਦੇ ਸ਼ਹਿਰ ਸੈਂਡੀਆਰੀ ਵਿਖੇ ਆਪਣੀ ਪੋਤਰੀ ਨੂੰ ਵੇਖਣ ਪਹੁੰਚੇ ਸੀ। ਬੇਟੇ ਨੇ 26 ਮਾਰਚ 2020 ਦੀ ਵਾਪਸੀ ਟਿਕਟ ਲਈ ਹੋਈ ਸੀ। ਅਚਾਨਕ ਕੋਵਿਡ-19 ਦੀਆਂ ਪਾਬੰਦੀਆਂ ਲੱਗਣ ਨਾਲ ਫਲਾਈਟਾਂ ਰੱਦ ਹੋ ਗਈਆਂ ਤਾਂ ਭਾਰਤ ਮੁੜਨਾ ਸੰਭਵ ਨਹੀਂ ਸੀ। ਭਾਵੇਂ ਕੋਵਿਡ ਨੂੰ ਸਾਰਾ ਸੰਸਾਰ ਖਤਰਨਾਕ ਬਿਮਾਰੀ ਵਜੋਂ ਜਾਣਦਾ ਹੈ। ਇਸ ਵਿੱਚ ਸ਼ੱਕ ਵੀ ਨਹੀਂ, ਸਾਡੇ ਲਈ ਪੋਤਰੀ ਨਾਲ ਸਮਾਂ ਬਿਤਾਉਣਾ ਵਰਦਾਨ ਸਾਬਤ ਹੋਇਆ, ਭਾਵੇਂ ਇਸ ਦੌਰਾਨ ਸਾਨੂੰ ਦੋਵਾਂ ਪਤੀ-ਪਤਨੀ ਨੂੰ ਅਣਕਿਆਸੀਆਂ ਬਿਮਾਰੀਆਂ ਨੇ ਘੇਰੀ ਰੱਖਿਆ।
ਆਮ ਤੌਰ ਉੱਤੇ ਕਿਹਾ ਜਾਂਦਾ ਹੈ ਕਿ ਪੰਜਾਬੀ ਪਰਵਾਸ ਵਿੱਚ ਜਾ ਕੇ ਆਪਣੇ ਵਿਰਸੇ ਤੇ ਮਾਂ ਬੋਲੀ ਪੰਜਾਬੀ ਤੋਂ ਦੂਰ ਹੋ ਰਹੇ ਹਨ ਅਤੇ ਉਹ ਮਸ਼ੀਨ ਬਣ ਕੇ ਰੋਜ਼ੀ-ਰੋਟੀ ਦੇ ਚੱਕਰ ਵਿੱਚ ਫਸੇ ਰਹਿੰਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਉੱਤੇ ਜਲਦੀ ਹੀ ਪਰਵਾਸ ਦੀ ਪਾਣ ਚੜ੍ਹ ਜਾਂਦੀ ਹੈ। ਉਹ ਘਰਾਂ ਵਿੱਚ ਵੀ ਪੰਜਾਬੀ ਦੀ ਥਾਂ ਅੰਗਰੇਜ਼ੀ ਨੂੰ ਹੀ ਤਰਜੀਹ ਦਿੰਦੇ ਹਨ। ਘਰਾਂ ਵਿੱਚ ਅੰਗਰੇਜ਼ੀ ਬੋਲਣ ਦੀ ਪਰੰਪਰਾ ਪੰਜਾਬ ਵਿੱਚ ਵੀ ਹੈ। ਜਿਹੜੇ ਪਰਵਾਰ ਆਪਣੇ ਆਪ ਨੂੰ ਹਾਈ-ਫਾਈ ਅਤੇ ਖੱਬੀ-ਖਾਨ ਸਮਝਦੇ ਹਨ, ਉਹ ਤਾਂ ਪੰਜਾਬ ਵਿੱਚ ਵੀ ਅੰਗਰੇਜ਼ੀ ਦੀ ਹੀ ਵਰਤੋਂ ਕਰਦੇ ਹਨ। ਅੰਗਰੇਜ਼ੀ ਅੰਤਰਰਾਸ਼ਟਰੀ ਭਾਸ਼ਾ ਹੈ, ਇਸ ਨੂੰ ਬੋਲਣ ਵਿੱਚ ਹਰਜ ਨਹੀਂ, ਪਰ ਪੰਜਾਬੀ ਦੀ ਕੀਮਤ ਉੱਤੇ ਅੰਗਰੇਜ਼ੀ ਨਹੀਂ ਬੋਲਣੀ ਚਾਹੀਦੀ। ਸਾਡੇ ਬੇਟੇ ਨੂੰ ਅਮਰੀਕਾ ਆਇਆਂ ਨੂੰ ਵੀਹ ਸਾਲ ਹੋ ਗਏ ਹਨ, ਪੰਜਾਬ ਵਿੱਚ ਕਾਨਵੈਂਟ ਸਕੂਲ ਵਿੱਚ ਪੜ੍ਹਿਆ ਹੈ, ਪਰ ਘਰ ਵਿੱਚ ਉਹ ਪੰਜਾਬੀ ਵਿੱਚ ਗੱਲਾਂ ਕਰਦੇ ਹਨ। ਸਾਡੀ ਪੋਤਰੀ ਵੀ ਪੰਜਾਬੀ ਬੋਲਦੀ ਹੈ। ਅੰਗਰੇਜ਼ੀ ਸਮਝਦੀ ਹੈ, ਪਰ ਬੋਲਦੀ ਘੱਟ ਹੈ। ਸਾਡੀ ਇਹ ਮਿੱਥ ਟੁੱਟ ਗਈ ਕਿ ਸਾਰੇ ਪੰਜਾਬੀ ਪਰਵਾਰ ਪਰਵਾਸ ਵਿੱਚ ਘਰਾਂ ਵਿੱਚ ਅੰਗਰੇਜ਼ੀ ਵਿੱਚ ਗੱਲਾਂ ਕਰਦੇ ਹਨ ਅਤੇ ਮਾਪਿਆਂ ਨੂੰ ਸਮਾਂ ਨਹੀਂ ਦਿੰਦੇ। ਉਂਜ ਜਿਸ ਇਲਾਕੇ ਵਿੱਚ ਸਾਡਾ ਬੇਟਾ ਰਹਿੰਦਾ ਹੈ, ਉਥੇ ਇੱਕ ਵੀ ਭਾਰਤੀ ਪਰਵਾਰ ਨਹੀਂ ਰਹਿੰਦਾ।
ਆਮ ਤੌਰ ਉੱਤੇ ਪੰਜਾਬੀ ਬਾਹਰ ਜਾ ਕੇ ਆਪਣੇ ਨਾਮ ਅੰਗਰੇਜ਼ਾਂ ਵਰਗੇ ਰੱਖ ਲੈਂਦੇ ਹਨ। ਸਾਡੀ ਪੋਤਰੀ ਦਾ ਨਾਂਅ ਜੀਨਾ ਕੌਰ ਮੁੰਡੀ ਹੈ। ਇਹ ਕਹਾਵਤ ਹੈ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਇਸ ਲਈ ਅਮਰੀਕਾ ਵਿੱਚ ਸਾਡਾ ਸਾਰਾ ਸਮਾਂ ਉਸ ਨਾਲ ਆਨੰਦਮਈ ਨਿਕਲਿਆ। ਕੋਰੋਨਾ ਦੌਰਾਨ ਸਾਡਾ ਬੇਟਾ ਅਤੇ ਨੂੰਹ ਵੀ ਘਰੋਂ ਹੀ ਕੰਮ ਕਰਦੇ ਸਨ। ਪੰਜਾਬੀ ਆਪਣੇ ਸੁਭਾਅ ਮੁਤਾਬਕ ਜਿੱਥੇ ਵੀ ਜਾਂਦੇ ਹਨ, ਜੰਗਲ ਵਿੱਚ ਮੰਗਲ ਕਰ ਦਿੰਦੇ ਹਨ। ਪੰਜਾਬੀ ਪਰਵਾਸ ਵਿੱਚ ਪੰਜਾਬ ਦੀ ਤਰ੍ਹਾਂ ਉਥੋਂ ਦੇ ਸਥਾਨਕ ਅਤੇ ਪੰਜਾਬੀਆਂ ਦੇ ਤਿਉਹਾਰ ਮਨਾਉਂਦੇ ਰਹਿੰਦੇ ਹਨ। ਸਾਡੇ ਅਮਰੀਕਾ ਪਹੁੰਚਣ ਤੋਂ ਹਫਤਾ ਬਾਅਦ ਥੈਂਕਸ ਗਿਵਿੰਗ ਡੇ ਸੀ। ਮੇਰਾ ਬੇਟਾ ਅਤੇ ਨੂੰਹ ਸਾਨੂੰ ਫੀਨਿਕਸ ਸ਼ਹਿਰ ਵਿੱਚ ਉਕਤ ਤਿਉਹਾਰ ਮਨਾਉਣ ਲਈ ਸਾਡੀ ਨੂੰਹ ਦੇ ਮਾਸੀ ਦੇ ਲੜਕੇ ਗੁਰਸ਼ਰਨ ਸਿੰਘ ਸੋਹੀ ਦੇ ਘਰ ਲੈ ਗਏ। ਭਾਰਤ ਵਿੱਚ ਸੱਤ ਘੰਟੇ ਦਾ ਸਫਰ ਬਹੁਤ ਦੁਸ਼ਵਾਰੀਆਂ ਭਰਿਆ ਹੁੰਦਾ ਹੈ, ਪਰ ਅਮਰੀਕਾ ਵਿੱਚ ਇਹ ਸਫਰ ਪਿਕਨਿਕ ਦੀ ਤਰ੍ਹਾਂ ਲੰਘਿਆ। ਉਥੇ ਗੋਰੇ ਪਰਵਾਰ ਵੀ ਪਹੁੰਚੇ ਹੋਏ ਸਨ। ਸਾਰਿਆਂ ਰਲ ਕੇ ਖੂਬ ਆਨੰਦ ਮਾਣਿਆ। ਇਉਂ ਲੱਗਦਾ ਸੀ ਜਿਵੇਂ ਪੰਜਾਬ ਵਿੱਚ ਬੈਠੇ ਹੋਈਏ।
ਥੈਂਕਸ ਗਿਵਿੰਗ ਡੇ ਸਾਡੇ ਵਿਸਾਖੀ ਦੇ ਤਿਉਹਾਰ ਵਾਂਗ ਫਸਲਾਂ ਦੇ ਪੱਕਣ ਉੱਤੇ ਮਨਾਇਆ ਜਾਣ ਵਾਲਾ ਤਿਉਹਾਰ ਹੈ। ਥੈਂਕਸ ਡੇ ਮੌਕੇ ਹੀ ਬਲੈਕ ਫਰਾਈਡੇ ਮਨਾਇਆ ਜਾਂਦਾ ਹੈ। ਇਸ ਦਿਨ ਦੁਕਾਨਾਂ ਤੇ ਮਾਲਜ਼ ਵਿੱਚ ਵਿਸ਼ੇਸ਼ ਰਿਆਇਤਾਂ ਨਾਲ ਵਿਕਰੀ ਕੀਤੀ ਜਾਂਦੀ ਹੈ। ਲੋਕ ਲਾਈਨਾਂ ਬਣਾ ਕੇ ਖਰੀਦੋ-ਫਰੋਖਤ ਕਰਦੇ ਹਨ। ਕ੍ਰਿਸਮਸ ਮੌਕੇ ਲਗਭਗ 10 ਦਿਨ ਦੀਆਂ ਸਾਰੇ ਦਫਤਰਾਂ ਵਿੱਚ ਛੁੱਟੀਆਂ ਹੁੰਦੀਆਂ ਹਨ। ਇਨ੍ਹਾਂ ਦਿਨਾਂ ਵਿੱਚ ਬਹੁਤੇ ਪਰਵਾਸੀ ਆਪੋ-ਆਪਣੇ ਵਤਨਾਂ ਦੇ ਗੇੜੇ ਮਾਰਦੇ ਹਨ, ਪਰ ਜਿਹੜੇ ਉਥੇ ਹੀ ਰਹਿੰਦੇ ਹਨ, ਉਹ ਅਮਰੀਕਾ ਵਿੱਚ ਹੀ ਸੈਰ ਸਪਾਟਾ ਕਰਦੇ ਹਨ। ਪੰਜਾਬੀ ਪਰਵਾਰ ਵੀ ਇਕੱਠੇ ਹੋ ਕੇ ਆਨੰਦ ਮਾਣਦੇ ਹਨ। ਘਰਾਂ ਨੂੰ ਰੋਸ਼ਨੀਆਂ ਨਾਲ ਸਜਾਇਆ ਜਾਂਦਾ ਅਤੇ ਘਰ ਦੇ ਅੰਦਰ ਕ੍ਰਿਸਮਸ ਟ੍ਰੀ ਵਿੱਚ ਰੋਸ਼ਨੀਆਂ ਕੀਤੀਆਂ ਜਾਂਦੀਆਂ ਹਨ।
ਸਾਡੀ ਪੋਤਰੀ ਜੀਨਾ ਕੌਰ ਦੀ ਉਦੋਂ ਪਹਿਲੀ ਲੋਹੜੀ ਸੀ। ਸਾਡੇ ਬੇਟੇ ਅਤੇ ਨੂੰਹ ਨੇ ਵੀ ਇਸ ਤਿਉਹਾਰ ਨੂੰ ਵਧੀਆ ਢੰਗ ਨਾਲ ਮਨਾਇਆ। ਆਪਣੇ ਅਮਰੀਕਾ ਵਿੱਚ ਰਹਿੰਦੇ ਸੰਬੰਧੀਆਂ ਤੇ ਦੋਸਤਾਂ-ਮਿੱਤਰਾਂ ਨੂੰ ਬੁਲਾ ਕੇ ਘਰ ਵਿੱਚ ਲੋਹੜੀ ਮਨਾਈ। ਬਿਲਕੁਲ ਪੰਜਾਬ ਦੀ ਤਰ੍ਹਾਂ ਲੋਹੜੀ ਬਾਲੀ ਗਈ। ਗੋਰੇ ਵੀ ਇਸ ਤਿਉਹਾਰ ਦਾ ਆਨੰਦ ਮਾਣਦੇ ਰਹੇ। ਉਸ ਤੋਂ ਬਾਅਦ ਪੰਜਾਬੀ ਗਿੱਧੇ ਨੇ ਰੰਗ ਬੰਨ੍ਹ ਦਿੱਤੇ। ਮੇਰਾ ਜਮਾਤੀ ਮੇਰੇ ਪਿੰਡ ਕੱਦੋਂ ਵਾਲਾ ਮੇਵਾ ਸਿੰਘ ਮੁੰਡੀ ਸ਼ਾਰਲਾਟ ਤੋਂ ਆਪਣੇ ਪਰਵਾਰ ਨਾਲ ਆਇਆ ਸੀ। ਮੇਵਾ ਸਿੰਘ ਮੁੰਡੀ ਦੀ ਲੜਕੀ ਰਾਸ਼ੀ ਤੇ ਬੱਚੇ ਵੀ ਆਏ ਸਨ। ਇਉਂ ਲੱਗਦਾ ਸੀ ਜਿਵੇਂ ਅਸੀਂ ਪਿੰਡ ਕੱਦੋਂ ਵਿੱਚ ਬੈਠੇ ਹੋਈਏ। ਲਗਭਗ ਅੱਧੀ ਰਾਤ ਤਕ ਗੀਤ-ਸੰਗੀਤ ਵੱਜਦਾ ਰਿਹਾ ਅਤੇ ਗਿੱਧਾ ਪੈਂਦਾ ਰਿਹਾ।

Have something to say? Post your comment