Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਨਜਰਰੀਆ

ਕ੍ਰਾਂਤੀ ਦਾ ਮੁੱਢ ਬੰਨ੍ਹਣ ਵਾਲੇ ਦਸਮੇਸ਼ ਪਿਤਾ

January 09, 2022 09:34 PM

-ਡਾਕਟਰ ਇਕਬਾਲ ਸਿੰਘ
ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਬਾਰੇ ਅਨੇਕਾਂ ਲੇਖ ਹਰ ਵਰ੍ਹੇ ਲਿਖੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਬਹੁਤੇ ਉਨ੍ਹਾਂ ਦੀ ਜੰਗੀ ਜੱਦੋਜਹਿਦ ਅਤੇ ਲੰਬੇ ਸੰਘਰਸ਼ ਬਾਰੇ ਹੁੰਦੇ ਹਨ, ਜਿਸ ਦੇ ਨਤੀਜੇ ਵਜੋਂ ਸੰਸਾਰ ਦੀ ਨਿਵੇਕਲੀ ਦਿੱਖ ਵਾਲੀ ਇੱਕ ਕੌਮ ਸਥਾਪਤ ਕੀਤੀ ਗਈ ਸੀ। ਇਸ ਮੁਕਾਮ ਉੱਤੇ ਪੁੱਜਣ ਲਈ ਸਿੱਖ ਗੁਰੂ ਸਾਹਿਬਾਨ ਨੂੰ 200 ਸਾਲ ਤੋਂ ਵੀ ਵਧੇਰੇ ਦਾ ਸਮਾਂ ਲੱਗਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਕੀਰਾਨਾ ਜੀਵਨ ਤੋਂ ਦਸ਼ਮੇਸ਼ ਪਿਤਾ ਦੇ ਜੋਸ਼ੀਲੇ ਜੀਵਨ ਤੱਕ ਪੁੱਜਦਿਆਂ ਇਤਿਹਾਸ ਨੂੰ ਕਈ ਕਿਸਮ ਦੇ ਸਵਾਲਾਂ-ਜਵਾਬਾਂ ਤੋਂ ਲੰਘਣਾ ਪਿਆ।
ਦਰਅਸਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲੇ ਵੇਲੇ ਹਿੰਦੁਸਤਾਨੀਆਂ ਦਾ ਯੱਖ ਹੋ ਚੁੱਕਾ ਲਹੂ ਗਰਮਾਉਣ ਲਈ ਇਲਾਹੀ ਬਾਣੀ ਰਚ ਕੇ ਕ੍ਰਾਂਤੀ ਦਾ ਮੁੱਢ ਬੰਨ੍ਹਿਆ ਸੀ। ਆਪ ਨੇ ‘ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ’ ਰਚ ਕੇ ਮੁਗਲਾਂ ਦੇ ਇਸ ਹਮਲੇ ਦਾ ਜਵਾਬ ਕਰਤਾਰੀ ਕਲਮ ਰਾਹੀਂ ਦਿੱਤਾ ਸੀ। ਇਹ ਪੰਧ ਲਗਾਤਾਰ ਸਰ ਹੁੰਦਾ ਗਿਆ। ਇਤਿਹਾਸ ਤੋਂ ਕੋਰੇ ਕੁਝ ਵਿਦਵਾਨਾਂ ਨੇ ਲਿਖਿਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਮ-ਸਿਮਰਨ ਅਤੇ ਭਗਤੀ ਆਧਾਰਤ ਸਿੱਖ ਲਹਿਰ ਨੂੰ ਹਥਿਆਰਬੰਦ ਸੰਘਰਸ਼ ਵਿੱਚ ਬਦਲ ਕੇ ਇਸ ਨੂੰ ਮੂਲ ਰਸਤੇ ਤੋਂ ਭਟਕਾ ਦਿੱਤਾ ਸੀ। ਇਸੇ ਤਰ੍ਹਾਂ ਦੇ ਨਿਰਾਰਥਕ ਸਵਾਲਾਂ ਦਾ ਜਵਾਬ ਡਾਕਟਰ ਗੋਕੁਲ ਚੰਦ ਨਾਰੰਗ ਨੇ ਬੜੇ ਪਾਏਦਾਰ ਦਿੱਤਾ ਹੈ। ਉਨ੍ਹਾ ਨੇ ਕਿਹਾ ਕਿ ਜਿਸ ਫੌਲਾਦੀ ਕਿਰਪਾਨ ਦੀ ਵਰਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ, ਉਸ ਲਈ ਕੱਚਾ ਲੋਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਪੇਸ਼ ਕੀਤਾ ਸੀ (ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥) ਜੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂ ਸਾਹਿਬਾਨ ਦੀ ਫਿਲਾਸਫੀ ਵਿੱਚ ਨਰੋਆ ਤੇ ਸਿਹਤਮੰਦ ਆਦਰਸ਼ ਨਾ ਹੁੰਦਾ ਤਾਂ ਇਸ ਫਿਲਾਸਫੀ ਨੇ ਵੀ ਹੋਰ ਮਹਾਪੁਰਖਾਂ ਦੀ ਫਿਲਾਸਫੀ ਵਾਂਗ ਕਠੋਰ ਜੀਵਨ ਦੇ ਆਦਰਸ਼ ਵਿੱਚ ਸੁੱਕ ਜਾਣਾ ਸੀ।
ਇਸ ਬਾਰੇ ਇੱਕ ਮਿਸਾਲ ਮਹਾਰਾਸ਼ਟਰ ਦੇ ਪ੍ਰਸਿੱਧ ਸੰਤ-ਮਹਾਪੁਰਖ ਰਾਮ ਦਾਸ ਜੀ ਦੀ ਦਿੱਤੀ ਜਾ ਸਕਦੀ ਹੈ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਬੜੇ ਰਸੀਆ ਸਨ। ਉਹ ਇੱਕ ਵਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣ ਆਏ। ਗੁਰੂ ਜੀ ਜੰਗੀ ਲਿਬਾਸ ਵਿੱਚ ਘੋੜੇ ਉਪਰ ਸਵਾਰ ਸਨ। ਉਨ੍ਹਾਂ ਨਾਲ ਉਸ ਮੌਕੇ ਕੁਝ ਹਥਿਆਰਬੰਦ ਸਿੱਖ ਵੀ ਸਨ। ਸਵਾਮੀ ਰਾਮ ਦਾਸ ਜੀ ਗੁਰੂ ਜੀ ਨੂੰ ਇਸ ਤਰ੍ਹਾਂ ਦੇਖ ਕੇ ਬੜੇ ਹੈਰਾਨ ਹੋਏ ਅਤੇ ਪੁੱਛਣ ਲੱਗੇ ਕਿ ਗੁਰੂ ਨਾਨਕ ਦੇਵ ਜੀ ਤਾਂ ਬੜੇ ਤਿਆਗੀ ਸਾਧੂ ਸਨ, ਤੁਸੀਂ ਹਥਿਆਰਬੰਦ ਹੋ ਅਤੇ ਲੋਕ ਤੁਹਾਨੂੰ ਸੱਚੇ ਪਾਤਸ਼ਾਹ ਵੀ ਆਖਦੇ ਹਨ, ਇਹ ਕਿਹੋ ਜਿਹਾ ਸਾਧੂ ਜੀਵਨ ਹੈ? ਅੱਗੋਂ ਗੁਰੂ ਜੀ ਦਾ ਜਵਾਬ ਸੀ, ‘ਬਾਤਨ ਫਕੀਰੀ, ਜ਼ਾਹਿਰ ਅਮੀਰੀ’ (ਭਾਵ ਅੰਦਰ ਫਕੀਰੀ ਤੇ ਬਾਹਰ ਅਮੀਰੀ), ਸ਼ਸਤਰ ਗਰੀਬ ਦੀ ਰੱਖਿਆ ਲਈ ਅਤੇ ਜਰਵਾਣੇ ਦੀ ਭੱਖਿਆ ਲਈ ਹਨ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨਹੀਂ ਸੀ ਤਿਆਗਿਆ, ਮਾਇਆ ਤਿਆਗੀ ਸੀ। ਛੇਵੇਂ ਪਾਤਸ਼ਾਹ ਦੇ ਅਜਿਹੇ ਬਚਨ ਸੁਣ ਕੇ ਸਵਾਮੀ ਰਾਮ ਦਾਸ ਕਹਿਣ ਲੱਗੇ-‘‘ਯੇਹ ਹਮਾਰੇ ਮਨ ਭਾਵਤੀ ਹੈ।” ਇਹ ਉਪਦੇਸ਼ ਸਵਾਮੀ ਜੀ ਨੇ ਆਪਣੇ ਸ਼ਾਗਿਰਦ ਸ਼ਿਵਾ ਜੀ ਮਰਹੱਟਾ ਨੂੰ ਦਿੱਤੇ ਸਨ, ਜਿਨ੍ਹਾਂ ਨੇ ਬਾਅਦ ਵਿੱਚ ਮਜ਼ਬੂਤ ਮਰਹੱਟਾ ਰਾਜ ਦੀ ਸਥਾਪਨਾ ਕੀਤੀ ਸੀ। ਸਵਾਮੀ ਜੀ ਦੀ ਗੁਰੂ ਸਾਹਿਬ ਨਾਲ ਮਿਲਣੀ ਦਾ ਵਾਕਿਆ ਸ੍ਰੀ ਹਨੂਮੰਤ ਸਵਾਮੀ ਦੇ ਮਰਾਠੀ ਭਾਸ਼ਾ ਵਿੱਚ ਰਚੇ ਗ੍ਰੰਥ ‘ਰਾਮ ਦਾਸ ਸਵਾਮੀ ਬਖਾਰ’ (1793 ਈਸਵੀ) ਵਿੱਚ ਵੀ ਮਿਲਦਾ ਹੈ।
ਸਿੱਖ ਇਤਿਹਾਸ ਵਿੱਚ ਅਜਿਹੀ ਇੱਕ ਸਾਖੀ ਹੈ ਕਿ ਜਿਸ ਦੌਰ ਵਿੱਚ ਮਹਾਰਾਣਾ ਪ੍ਰਤਾਪ ਚਿਤੌਗੜ੍ਹ ਨੂੰ ਮੁੜ ਹਾਸਲ ਕਰਨ ਲਈ ਸੰਘਰਸ਼ ਕਰ ਰਿਹਾ ਸੀ ਤਾਂ ਉਸ ਦੀ ਮੁਲਾਕਾਤ ਬਾਬਾ ਸ੍ਰੀ ਚੰਦ ਜੀ (ਸਪੁੱਤਰ ਸ੍ਰੀ ਗੁਰੂ ਨਾਨਕ ਦੇਵ ਜੀ) ਨਾਲ ਹੋਈ ਸੀ। ਸ੍ਰੀ ਚੰਦ ਜੀ ਉਦੋਂ ਕਾਠੀਆਵਾੜ ਤੋਂ ਵਾਪਸ ਆ ਰਹੇ ਸਨ। ਉਨ੍ਹਾਂ ਨੇ ਮਹਾਰਾਣਾ ਪ੍ਰਤਾਪ ਨੂੰ ਸੰਘਰਸ਼ ਵਿੱਚ ਡਟੇ ਰਹਿਣ ਦਾ ਉਪਦੇਸ਼ ਦਿੱਤਾ। ਸ੍ਰੀ ਚੰਦ ਜੀ ਨੇ ਕਿਹਾ ਕਿ ਜਿੱਤ-ਹਾਰ ਪਰਮਾਤਮਾ ਦੇ ਹੱਥ-ਵੱਸ ਹੁੰਦੀ ਹੈ, ਸ਼ੁਭ ਸੰਕਲਪ ਅਤੇ ਧਰਮ ਦੀ ਰੱਖਿਆ ਲਈ ਬਲਿਦਾਨ ਦੇਣ ਦਾ ਹੌਸਲਾ ਜਿਸ ਕਿਸੇ ਵਿੱਚ ਹੁੰਦਾ ਹੈ, ਪ੍ਰਮਾਤਮਾ ਦੀ ਉਸੇ ਉਪਰ ਕਿਰਪਾ ਹੁੰਦਾ ਹੈ। ਇਹੋ ਫਿਲਾਸਫੀ ਜਦੋਂ ਦਸ਼ਮੇਸ਼ ਪਿਤਾ ਦੇ ਦੌਰ ਤੱਕ ਪੁੱਜਦੀ ਹੈ ਤਾਂ ਦੱਬੇ-ਕੁਚਲੇ ਸਮਾਜ ਨੂੰ ਹੁਕਮਰਾਨਾਂ ਦੀ ਸੋਚ ਦੇ ਬਰਾਬਰ ਖੜ੍ਹਾ ਕਰ ਦਿੰਦੀ ਹੈ। ਇਸ ਫਿਲਾਸਫੀ ਨੂੰ ਸਮਾਜ ਦੇ ਅਨੇਕਾਂ ਹੋਰਨਾਂ ਤਬਕਿਆ ਨੇ ਵੀ ਅਪਣਾਇਆ।
ਇਸ ਤੋਂ ਪਹਿਲਾਂ ਦੇ ਕੁਝ ਇੱਕ ਵਾਕਿਆ ਵੀ ਜ਼ਿਕਰ ਯੋਗ ਹਨ। 1694 ਵਿੱਚ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਨੇ ਜਦੋਂ ਐਲਾਨ ਕੀਤਾ ਕਿ ਕੋਈ ਹਿੰਦੂ ਹਥਿਆਰ ਨਹੀਂ ਰੱਖ ਸਕਦਾ, ਨਾ ਉਹ ਪਾਲਕੀ ਜਾਂ ਨਸਲੀ ਘੋੜੇ ਉਪਰ ਬੈਠ ਸਕਦਾ ਹੈ, ਇਸ ਦੀ ਕਨਸੋਅ ਦਸਮੇਸ਼ ਪਿਤਾ ਤੱਕ ਪੁੱਜੀ ਤਾਂ ਉਨ੍ਹਾਂ ਨੇ 1695 ਵਿੱਚ ਇੱਕ ਹੁਕਮ ਜਾਰੀ ਕਰ ਕੇ ਆਪਣੇ ਸਿੱਖਾਂ ਨੂੰ ਕਿਹਾ ਕਿ ਉਨ੍ਹਾਂ ਕੋਲ ਆਨੰਦਪੁਰ ਆਉਣ ਲਈ ਕੇਸਾਧਾਰੀ ਹੋ ਕੇ ਆਉਣ ਤੇ ਸਰਬਲੋਹ ਦਾ ਕੜਾ ਪਾ ਕੇ ਆਇਆ ਕਰਨ। ਇਸੇ ਵਾਕਿਆ ਤੋਂ ਠੀਕ ਚਾਰ ਸਾਲ ਬਾਅਦ 1699 ਵਿੱਚ ਅਪ੍ਰੈਲ ਮਹੀਨੇੇ ਦੀ ਵਿਸਾਖੀ ਨੂੰ ਉਨ੍ਹਾਂ ਨੇ ਅੰਮ੍ਰਿਤਪਾਨ ਕਰਵਾ ਕੇ ਸਿੱਖਾਂ ਨੂੰ ਬਾਦਸ਼ਾਹੀ ਰੂਪ ਦਿੱਤਾ। ਇਸ ਪੰਚ ਪ੍ਰਧਾਨੀ ਅਤੇ ਬਰਾਬਰੀ ਵਾਲੇ ਡੈਮੋਕ੍ਰੇਟਿਕ ਇਨਕਲਾਬ ਵਿੱਚ ਨਾ ਸਿਰਫ ਦੱਬੇ ਕੁਚਲੇ ਲੋਕ ਅੱਗੇ ਆਏ, ਸਗੋਂ ਸਮਾਜ ਦੇ ਹਰ ਤਬਕੇ ਦੇ ਸਹੀ ਸੋਚ ਦੇ ਲੋਕ ਇਸ ਨੂੰ ਪ੍ਰਣਾਏ ਗਏ। ਇਸ ਦੀ ਇੱਕ ਦਿਲਚਸਪ ਮਿਸਾਲ ਹੈ ਕਿ ਹਿੰਦੂ ਭਾਈਚਾਰੇ ਵਿੱਚੋਂ ਬਾਣੀਆ, ਮਹਾਜਨ, ਸੁਨਿਆਰ ਆਦਿ ਨੇ ਕਦੇ ਧਰਮ ਪਰਿਵਰਤਨ ਨਹੀਂ ਕੀਤਾ, ਹਿੰਦੁਸਤਾਨ ਵਿੱਚ ਮੁਗਲਾਂ ਦਾ ਦੌਰ ਵੀ ਰਿਹਾ ਤੇ ਇਸਾਈਅਤ ਦੀ ਪ੍ਰਭਾਵਸ਼ਾਲੀ ਲਹਿਰ ਵੀ ਚੱਲੀ, ਇਨ੍ਹਾਂ ਲਹਿਰਾਂ ਵੇਲੇ ਹਰ ਵਰਗ ਦੇ ਲੋਕ ਧਰਮ ਬਦਲੀ ਕਰ ਗਏ, ਮਹਾਜਨ ਵਰਗ ਆਪਣੇ ਈਮਾਨ ਉੱਤੇ ਅਡੋਲ ਖੜ੍ਹਾ ਰਿਹਾ। ਦਸਮੇਸ਼ ਪਿਤਾ ਦੀ ਸ਼ਖਸੀਅਤ ਸੀ ਕਿ ਉਨ੍ਹਾਂ ਦੇ ਅਸਰ ਹੇਠ ਵੱਡੀ ਗਿਣਤੀ ਵਿੱਚ ਬਾਣੀਆ, ਸੁਨਿਆਰ ਅਤੇ ਮਹਾਜਨ ਆਦਿ ਵੀ ਅੰਮ੍ਰਿਤਪਾਨ ਕਰ ਕੇ ਗੁਰੂ ਦੇ ਲੜ ਲੱਗੇ। ਇਸ ਦਾ ਸਬੂਤ ਤੁਸੀਂ ਅੱਜ ਵੀ ਮਾਲਵੇ ਵਿੱਚ ਪ੍ਰਤੱਖ ਦੇਖ ਸਕਦੇ ਹੋ।
ਦਸਮੇਸ਼ ਪਿਤਾ ਦੀ ਅਗਵਾਈ ਹੇਠ ਜਦੋਂ ਭਾਰਤੀ ਸਮਾਜ ਦੇ ਹਰ ਵਰਗ ਦੇ ਲੋਕ ਇਕੱਤਰ ਹੋ ਕੇ ਅੱਗੇ ਵਧੇ ਤਾਂ ਔਰੰਗਜ਼ੇਬ ਵੱਲੋਂ ਹਿੰਦੁਸਤਾਨ ਨੂੰ ਦਾਰੁਲ ਇਸਲਾਮ (ਇਸਲਾਮੀ ਦੇਸ਼) ਬਣਾਉਣ ਦਾ ਅਮਲ ਪਿੱਛੇ ਹਟਣਾ ਸ਼ੁਰੂ ਹੋ ਗਿਆ। ਆਮ ਜਨਤਾ ਵਿੱਚ ਸਿੱਖੀ ਪ੍ਰਤੀ ਏਨਾ ਉਤਸ਼ਾਹ ਆ ਗਿਆ ਕਿ 1738 ਵਿੱਚ ਇੱਕ ਅੰਗਰੇਜ਼ ਯਾਤਰੀ ਜਾਰਜ ਫਾਸਟਰ ਗੜਵਾਲ ਦੇ ਸ੍ਰੀਨਗਰ ਇਲਾਕੇ ਵਿੱਚੋਂ ਲੰਘ ਰਿਹਾ ਸੀ ਕਿ ਉਸ ਨੇ ਇੱਕ ਸਿੱਖ ਘੋੜ ਸਵਾਰ ਰੱਖਿਆ। ਫਾਸਟਰ ਉਸ ਦੀ ਦਿੱਖ ਤੋਂ ਬੜਾ ਪ੍ਰਭਾਵਤ ਹੋਇਆ। ਉਸ ਨੇ ਉਸ ਸਿੱਖ ਨੂੰ ਪੁੱਛਿਆ ਕਿ ਉਸ ਦਾ ਸਰਦਾਰ (ਮੁਖੀ) ਕੌਣ ਹੈ ਤਾਂ ਉਹ ਕਹਿਣ ਲੱਗਾ ਕਿ ਧਰਤੀ ਉਪਰ ਉਹ ਕਿਸੇ ਦੇ ਅਧੀਨ ਨਹੀਂ ਅਤੇ ਉਸ ਦਾ ਸਿਰ ਸਿਰਫ ਆਪਣੇ ਰੱਬ ਅੱਗੇ ਝੁਕਦਾ ਹੈ।
ਜਾਰਜ ਫਾਸਟਰ ਇੱਕ ਹੋਰ ਵਾਕਿਆ ਬਿਆਨ ਕਰਦਾ ਹੈ ਕਿ ਉਸੇ ਦੌਰ ਵਿੱਚ ਇਸੇ ਇਲਾਕੇ ਵਿੱਚ ਉਸ ਨੇ ਦੋ ਸਿੱਖ ਘੋੜ ਸਵਾਰ ਦੇਖੇ। ਉਹ ਉਥੋਂ ਦੇ ਹਾਕਮਾਂ ਤੋਂ ਖਿਰਾਜ ਵਸੂਲਣ ਆਏ ਸਨ। ਜਦੋਂ ਉਹ ਸਿੱਖ ਉਥੇ ਪੁੱਜੇ ਤਾਂ ਉਨ੍ਹਾਂ ਦੇ ਇਲਾਕੇ ਦੇ ਹਾਕਮਾਂ ਨੇ ਬੜਾ ਅਦਬ ਸਤਿਕਾਰ ਕੀਤਾ। ਉਨ੍ਹਾਂ ਦੋਵਾਂ ਸਿੱਖਾਂ ਨੂੰ ਸਜਾਏ ਹੋਏ ਬਿਸਤਰਿਆਂ ਉਪਰ ਬਿਠਾਇਆ ਗਿਆ। ਉਨ੍ਹਾਂ ਦੇ ਘੋੜਿਆਂ ਨੂੰ ਜੌਂਆਂ ਵਾਲਾ ਚਾਰਾ ਪਾਇਆ ਗਿਆ। ਫਾਸਟਰ ਲਿਖਦਾ ਹੈ ਕਿ ਉਸ ਦਾ ਕਾਫਲਾ ਉਥੇ ਜ਼ਮੀਨ ਉਪਰ ਬੈਠਾ ਸੀ। ਘੋੜ ਸਵਾਰ ਸਿੱਖ ਸਜਾਏ ਹੋਏ ਮੰਜਿਆਂ ਉਪਰ ਬੈਠੇ ਸਨ ਤੇ ਉਨ੍ਹਾਂ ਦੀ ਪੂਰੀ ਆਓਭਗਤ ਹੋ ਰਹੀ ਸੀ। ਫਾਸਟਰ ਨੇ ਲਿਖਿਆ ਕਿ ਇਹੋ ਫਰਕ ਹੁੰਦਾ ਹੈ ਰਾਜ ਕਰਨ ਵਾਲਿਆਂ ਅਤੇ ਰਾਜ ਨਾ ਕਰਨ ਵਾਲੇ ਲੋਕਾਂ ਵਿੱਚ।
ਇਤਿਹਾਸਕਾਰ ਪ੍ਰੋਫੈਸਰ ਐੱਸ ਆਰ ਸ਼ਰਮਾ ਆਪਣੀ ਕਿਤਾਬ ‘ਭਾਰਤ ਮੇਂ ਮੁਗਲ ਸਮਰਾਜਯ’ ਵਿੱਚ ਲਿਖਦਾ ਹੈ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਵੇਂ ਹਾਰੇ ਹੋਏ ਵਰਗਾਂ ਦੀ ਸੁੱਤੀ ਹੋਈ ਤਾਕਤ ਜਗਿਆਸੂ ਤੇ ਜੁਝਾਰੂ ਬਣਾ ਦਿੱਤੀ, ਉਸ ਨਾਲ ਚਿੜੀਆਂ ਬਾਜ਼ਾਂ ਦੇ ਨਾਲ ਟੱਕਰ ਲੈਣ ਦੇ ਹਾਣ ਦੀਆਂ ਹੋ ਗਈਆਂ। ਸੱਚਮੁੱਚ ਇਸ ਲੋਕਤੰਤਰੀ ਇਨਕਲਾਬ ਲਈ ਸੰਸਾਰ ਦੇ ਸਹੀ ਸੋਚ ਵਾਲੇ ਲੋਕ ਦਸਮੇਸ਼ ਪਿਤਾ ਦੇ ਹਮੇਸ਼ਾ ਰਿਣੀ ਰਹਿਣਗੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ