Welcome to Canadian Punjabi Post
Follow us on

17

May 2022
 
ਨਜਰਰੀਆ

ਪੰਜਾਬ-ਹਰਿਆਣਾ ਦੇ ਲੋਕਾਂ ਦੇ ਰਿਸ਼ਤਿਆਂ ਵਿੱਚ ਮਿਠਾਸ ਘੋਲ ਗਿਆ ਕਿਸਾਨ ਅੰਦੋਲਨ

December 29, 2021 01:48 AM

-ਸੰਜੇ ਅਰੋੜਾ
ਕਈ ਦਹਾਕਿਆਂ ਤੋਂ ਅੰਤਰਰਾਜੀ ਮੁੱਦਿਆਂ ਉੱਤੇ ਹਰਿਆਣਾ ਤੇ ਪੰਜਾਬ ਦੇ ਆਗੂਆਂ ਵਿੱਚ ਸਿਆਸੀ ਕੁੜੱਤਣ ਰਹੀ ਅਤੇ ਦੋਵਾਂ ਰਾਜਾਂ ਦੇ ਲੋਕਾਂ ਵਿੱਚ ਵੀ ਕਈ ਮੁੱਦਿਆਂ ਉੱਤੇ ਦੂਰੀਆਂ ਬਣੀਆਂ ਰਹੀਆਂ, ਪਰ ਇੱਕ ਸਾਲ ਤੋਂ ਵੱਧ ਸਮਾਂ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲੇ ਅੰਦੋਲਨ ਵਿੱਚ ਖਾਸ ਗੱਲ ਇਹ ਰਹੀ ਕਿ ਇਸ ਅੰਦੋਲਨ ਨੇ ਦੋਵਾਂ ਰਾਜਾਂ ਦੇ ਲੋਕਾਂ ਵਿੱਚ ਦੂਰੀਆਂ ਨੂੰ ਘੱਟ ਕਰ ਕੇ ਨੇੜਤਾ ਵਧਾ ਦਿੱਤੀ। ਇੰਝ ਕਹਿ ਲਓ ਕਿ ਇਹ ਅੰਦੋਲਨ ਦੋਹਾਂ ਰਾਜਾਂ ਦੇ ਲੋਕਾਂ ਦੀ ਕੁੜੱਤਣ ਨੂੰ ਦੂਰ ਕਰਦਾ ਹੋਇਆ ਸੰਬੰਧਾਂ ਵਿੱਚ ਇੱਕ ਨਵੀਂ ਮਿਠਾਸ ਵੀ ਘੋਲ ਗਿਆ ਹੈ।
ਲੱਗਭਗ ਇੱਕ ਸਾਲ 13 ਦਿਨ ਤੱਕ ਦਿੱਲੀ ਦੀਆਂ ਹੱਦਾਂ ਉੱਤੇ ਚੱਲੇ ਕਿਸਾਨ ਅੰਦੋਲਨ ਨੇ ਜਿੱਥੇ ਕਿਸਾਨ ਸੰਘਰਸ਼ ਨੂੰ ਮੰਜ਼ਿਲ ਤੱਕ ਪਹੁੰਚਾਇਆ, ਉਥੇ ਇਸ ਅੰਦੋਲਨ ਦੀ ਇੱਕ ਖੂਬਸੂਰਤ ਤਸਵੀਰ ਅਤੇ ਪੰਜਾਬ ਦਾ ਮਜ਼ਬੂਤ ਭਾਈਚਾਰਾ ਬਣਨ ਵਜੋੋਂ ਦੇਖਣ ਨੂੰ ਮਿਲੀ। ਅੰਦੋਲਨ ਤੋਂ ਪਹਿਲਾਂ ਸਿਆਸੀ ਅਤੇ ਆਮ ਮੁੱਦਿਆਂ ਬਾਰੇ ਦੋਹਾਂ ਰਾਜਾਂ ਦੇ ਸੰਬੰਧ ਚੰਗੇ ਨਹੀਂ ਰਹੇ। ਮੁੱਦਾ ਵੱਖ ਰਾਜਧਾਨੀ ਦਾ ਹੋਵੇ, ਐਸ ਵਾਈ ਐਲ ਨਹਿਰ ਦਾ ਹੋਵੇ ਜਾਂ ਪਾਣੀ ਦਾ, ਹਮੇਸ਼ਾ ਤੋਂ ਦੋਹਾਂ ਰਾਜਾਂ ਦੇ ਆਗੂਆਂ ਅਤੇ ਲੋਕਾਂ ਦੀ ਕੁੜੱਤਣ ਰਹੀ, ਪਰ ਕਿਸਾਨ ਅੰਦੋਲਨ ਦੌਰਾਨ ਦੋਹਾਂ ਰਾਜਾਂ ਦੇ ਕਿਸਾਨਾਂ ਅਤੇ ਲੋਕਾਂ ਦੇ ਅਜਿਹੇ ਸੰਬੰਧ ਬਣੇ ਕਿ ਇੰਝ ਲੱਗਦਾ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ ਕੋਈ ਫਰਕ ਹੀ ਨਹੀਂ ਰਹਿ ਗਿਆ।
ਖਾਸ ਪੱਖ ਇਹ ਹੈ ਕਿ ਜਦੋਂ ਅੰਦੋਲਨ ਖਤਮ ਹੋਣ ਪਿੱਛੋੋਂ ਦੋਹਾਂ ਰਾਜਾਂ ਦੇ ਕਿਸਾਨ ਆਪਣੇ-ਆਪ ਘਰੀਂ ਜਾਣ ਲੱਗੇ ਤਾਂ ਇੱਕ ਦੂਜੇ ਨਾਲ ਗਲੇ ਮਿਲ ਕੇ ਰੋਣ ਲੱਗ ਪਏ। ਇਸ ਦੌਰਾਨ ਅਜਿਹੇ ਭਾਵੁਕ ਦਿ੍ਰਸ਼ ਦੇਖਣ ਨੂੰ ਮਿਲੇ, ਜਿਵੇਂ ਆਪਣਾ ਕੋਈ ਆਪਣੇ ਤੋਂ ਜੁਦਾ ਹੋ ਕੇ ਜਾ ਰਿਹਾ ਹੋਵੇ। ਲੰਬਾ ਸਮਾਂ ਇੱਕ ਦੂਜੇ ਨਾਲ ਬਿਤਾਉਣ ਪਿੱਛੋਂ ਅੰਦੋਲਨ ਵਿੱਚ ਕਿਸਾਨਾਂ ਨੇ ਇੱਕ ਦੂਜੇ ਦੇ ਸੰਸਕ੍ਰਿਤੀ, ਪਹਿਰਾਵਾ ਅਤੇ ਰਵੱਈਏ ਨੂੰ ਅਪਣਾਇਆ, ਜਿਸ ਕਾਰਨ ਸਭ ਦੂਰੀਆਂ ਮਿਟ ਗਈਆਂ।
ਅੰਦੋਲਨ ਦੇ ਮੁੱਢਲੇ ਸਮੇਂ ਵਿੱਚ ਪੰਜਾਬ ਦੇ ਕਿਸਾਨਾਂ ਦੀ ਗਿਣਤੀ ਸਭ ਤੋਂ ਵੱਧ ਸੀ। ਓਦੋਂ ਹਰਿਆਣਾ ਦਾ ਸਹਿਯੋਗ ਵਧੇਰੇ ਨਹੀਂ ਸੀ। ਕਿਸਾਨਾਂ ਨੇ ਪਿਛਲੇ ਸਾਲ ਨਵੰਬਰ ਦੇ ਅੰਤ ਵਿੱਚ ਦਿੱਲੀ ਦੀਆਂ ਹੱਦਾਂ ਉੱਤੇ ਪੜਾਅ ਰੱਖਿਆ ਅਤੇ ਇੱਥੇ ਲੰਗਰ ਦਾ ਪ੍ਰਬੰਧ ਕੀਤਾ। ਸਭ ਤੋਂ ਵੱਧ ਮੁਸ਼ਕਲ ਕਿਸਾਨਾਂ ਨੂੰ ਦੁੱਧ ਅਤੇ ਲੱਸੀ ਬਾਰੇ ਆ ਰਹੀ ਸੀ। ਅੰਦੋਲਨ ਦੇ ਕੁਝ ਦਿਨਾਂ ਬਾਅਦ ਹਰਿਆਣਾ ਦੇ ਕਿਸਾਨਾਂ ਦੀ ਗਿਣਤੀ ਵਧਣ ਲੱਗੀ। ਹਰਿਆਣਾ ਤੋਂ ਇੰਨਾ ਦੁੱਧ ਸਪਲਾਈ ਹੋਣ ਲੱਗਾ ਕਿ ਕਿਸਾਨਾਂ ਦੇ ਬਰਤਨ ਘੱਟ ਗਏ। ਫਿਰ ਕੀ ਸੀ, ਇੱਕੋ ਵੇਲੇ ਚਾਹ, ਦੁੱਧ ਤੇ ਭੋਜਨ ਮਿਲ ਕੇ ਵੰਡ ਕੇ ਖਾਣ-ਪੀਣ ਦਾ ਸਿਲਸਿਲਾ ਸ਼ੁਰੂ ਹੋਇਆ, ਜੋ ਅੰਦੋਲਨ ਦੇ ਖਤਮ ਹੋਣ ਤੱਕ ਜਾਰੀ ਰਿਹਾ। ਖਾਸ ਗੱਲ ਇਹ ਰਹੀ ਕੀ ਟਿਕਰੀ, ਕਾਜ਼ੀਪੁਰ ਤੇ ਸਿੰਘੂ ਦੀ ਹੱਦ ਦੇ ਆਸ-ਪਾਸ ਵਾਲੀਆਂ ਕਾਲੋਨੀਆਂ, ਬਸਤੀਆਂ ਵਿੱਚ ਰਹਿੰਦੇ ਲੋਕ ਕਿਸਾਨਾਂ ਦੇ ਘਰ ਵਾਪਸ ਜਾਣ ਸਮੇਂ ਇੰਨੇ ਭਾਵੁਕ ਹੋ ਗਏ ਕਿ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਵਗਣ ਲੱਗੇ। ਇਨ੍ਹਾਂ ਲੋਕਾਂ ਨੂੰ ਕਿਸਾਨ ਗਲੇ ਮਿਲਦੇ ਹੋਏ ਘਰਾਂ ਨੂੰ ਵਾਪਸ ਚਲੇ ਗਏ। ਜਾਂਦੇ ਹੋਏ ਕਿਸਾਨਾਂ ਨੇ ਆਪਣਾ ਸਾਮਾਨ ਵੀ ਲੋੜਵੰਦ ਪਰਵਾਰਾਂ ਨੂੰ ਦੇ ਦਿੱਤਾ।
ਕਈ ਲੋਕਾਂ ਨੇ ਰੋਂਦੇ ਹੋਏ ਦੱਸਿਆ ਕਿ ਇਸ ਅੰਦੋਲਨ ਵਿੱਚ ਸ਼ਾਮਲ ਕਿਸਾਨਾਂ ਕਾਰਨ ਤਾਂ ਉਨ੍ਹਾਂ ਦੇ ਪਰਵਾਰਾਂ ਦੀ ਜ਼ਿੰਦਗੀ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਉਹ ਦਿਨਾਂ ਦੇ ਪਰਵਾਰ ਦਾ ਹਿੱਸਾ ਬਣ ਗਏ ਸਨ। ਦੱਸਣ ਯੋਗ ਹੈ ਕਿ ਪਿਛਲੇ ਇੱਕ ਸਾਲ ਤੋਂ ਬਹੁਤ ਸਾਰੇ ਪਰਵਾਰਾਂ ਨੂੰ ਨਾ ਸਿਰਫ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਹਿਯੋਗ ਮਿਲਿਆ ਸਗੋਂ ਉਹ ਇੱਥੋਂ ਹਰ ਰੋਜ਼ ਸਵੇਰੇ ਸ਼ਾਮ ਗੁਰੂ ਦਾ ਲੰਗਰ ਵੀ ਗ੍ਰਹਿਣ ਕਰਦੇ ਸਨ।
ਹਰਿਆਣਾ ਅਤੇ ਪੰਜਾਬ ਦੇ ਮਤਭੇਦਾਂ ਦਾ ਕਾਰਨ ਮੁੱਖ ਰੂਪ ਨਾਲ ਸਲਤੁਜ, ਯਮੁਨਾ ਲਿੰਕ ਨਹਿਰ ਦਾ ਰਹੀ ਹੈ ਜੋ ਹਰਿਆਣਾ ਦੇ ਬਣਨ ਤੋਂ ਚਲਦਾ ਆ ਰਿਹਾ ਮੁੱਦਾ ਹੈ। ਇਸ ਬਾਰੇ ਨਾ ਸਿਰਫ਼ ਸੂਬੇ ਦੇ ਸਿਆਸਤਦਾਨ ਇੱਕ ਦੂਜੇ ਨਾਲ ਮਤਭੇਦ ਰੱਖਦੇ ਹਨ, ਸਗੋਂ ਆਮ ਲੋਕਾਂ ਵਿੱਚ ਵੀ ਇਸ ਮੁੱਦੇ ਉੱਤੇ ਮਤਭੇਦਾਂ ਵਾਲੀ ਹਾਲਤ ਰਹੀ ਹੈ। ਇਸ ਦੇ ਨਾਲ ਵੱਖ ਰਾਜਧਾਨੀ ਅਤੇ ਵੱਖ ਹਾਈ ਕੋਰਟ ਬਾਰੇ ਦੋਹਾਂ ਰਾਜਾਂ ਦੇ ਲੋਕਾਂ ਵਿੱਚ ਅਕਸਰ ਮਤਭੇਦ ਸਾਹਮਣੇ ਆਉਂਦੇ ਰਹੇ ਹਨ।
ਕਿਸਾਨ ਅੰਦੋਲਨ ਨੇ ਦੋਹਾਂ ਰਾਜਾਂ ਦੇ ਕਿਸਾਨਾਂ ਤੇ ਆਮ ਲੋਕਾਂ ਵਿਚਾਲੇ ਇੱਕ ਭਾਈਚਾਰਾ ਸਥਾਪਿਤ ਕੀਤਾ ਹੈ, ਉਥੇ ਨਾਲ ਕਿਸਾਨ ਨੇਤਾ ਵੀ ਇਹ ਮੰਨਦੇ ਹਨ ਕਿ ਅੰਦੋਲਨ ਵਿੱਚ ਕਿਸਾਨਾਂ ਨੇ ਆਪਣਾ ਹੱਕ ਤਾਂ ਜਿੱਤਿਆਂ ਹੀ, ਆਪਸੀ ਪਿਆਰ ਤੇ ਭਾਈਚਾਰਾ ਵੀ ਜਿੱਤਿਆ ਹੈ। ਅੰਦੋਲਨ ਵਿੱਚ ਜਿੱਤ ਤੇ ਹਰਿਆਣਾ-ਪੰਜਾਬ ਦੀ ਏਕਤਾ ਉੱਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਨੇਤਾ ਜ਼ੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਹਰਿਆਣਾ ਨੇ ਇਸ ਅੰਦੋਲਨ ਦੌਰਾਨ ਕਮਾਲ ਕਰ ਦਿੱਤੀ। ਹਰਿਆਣਾ ਦੇ ਲੋਕਾਂ ਦੇ ਸਹਿਯੋਗ ਦਾ ਸ਼ਬਦਾਂ ਵਿੱਚ ਵਰਣਨ ਨਹੀਂ ਕੀਤਾ ਜਾ ਸਕਦਾ। ਅਸੀਂ ਇੱਕ ਪਰਵਾਰ ਵਾਂਗ ਹਾਂ। ਉਗਰਾਹਾਂ ਮੁਤਾਬਕ ਅੰਦੋਲਨ ਪਿੱਛੋਂ ਇੱਕ ਸਾਲ ਤੱਕ ਇਕੱਠੇ ਬਿਤਾਉਣ ਪਿੱਛੋਂ ਉਨ੍ਹਾਂ ਦੇ ਬੱਚੇ ਸਾਡੇ ਬੱਚੇ ਹਨ ਅਤੇ ਸਾਡੇ ਬੱਚੇ ਉਨ੍ਹਾਂ ਦੇ ਬੱਚੇ। ਉਗਰਾਹਾਂ ਨੇ ਦੋਹਾਂ ਰਾਜਾਂ ਦੇ ਆਗੂਆਂ ਉੱਤੇ ਲੋਕਾਂ ਨੂੰ ਦੋ-ਫਾੜ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਇਸ ਅੰਦੋਲਨ ਨੇ ਹੁਕਮਰਾਨਾ ਨੂੰ ਕਰਾਰਾ ਜਵਾਬ ਦਿੱਤਾ ਹੈ ਅਤੇ ਸਾਡਾ ਭਾਈਚਾਰਾ ਮੁੜ ਸਥਾਪਤ ਹੋ ਗਿਆ ਹੈ।

 

 
Have something to say? Post your comment