Welcome to Canadian Punjabi Post
Follow us on

17

May 2022
 
ਨਜਰਰੀਆ

ਦੋਸਤੀ

December 23, 2021 02:19 AM

-ਅੰਜੂਜੀਤ ਪੰਜਾਬਣ
ਮੈਂ ਉਸ ਵੱਲ ਸਰਸਰੀ ਦੇਖਿਆ ਤੇ ਫਿਰ ਬਿਨਾ ਕੋਈ ਜਵਾਬ ਦਿੱਤਿਆਂ ਰਸੋਈ ਵਿੱਚ ਚਲੇ ਗਈ। ਉਹ ਗੁੱਸੇ ਨਾਲ ਸੋਫੇ ਤੋਂ ਉਠੀ ਅਤੇ ਆਪਣੇ ਕਮਰੇ ਵਿੱਚ ਚਲੇ ਗਈ। ਉਸ ਦੇ ਸਵਾਲ ਤੇ ਭਾਵੇਂ ਮੈਨੂੰ ਨਾ ਹੈਰਾਨੀ ਹੋਈ ਸੀ ਤੇ ਨਾ ਗੁੱਸਾ ਆਇਆ ਸੀ, ਪਰ ਮੈਂ ਇਸ ਦਾ ਜਵਾਬ ਸੋਚ ਸਮਝ ਕੇ ਦੇਣਾ ਚਾਹੁੰਦੀ ਸੀ। ਇੱਥੇ ਦੇ ਜੰਮਪਲ ਬੱਚੇ ਭੋਲੇ ਤੇ ਇਮਾਨਦਾਰ ਹਨ। ਕੋਈ ਵਲ-ਵਲੇਵਾਂ ਨਹੀਂ ਅਤੇ ਅਜਿਹੇ ਸਵਾਲ ਪੰਜਾਬੀ ਬੱਚੇ ਆਮ ਕਰਦੇ ਹਨ ਕਿ ਪਿਆਰ ਕਰਨਾ ਮਨ੍ਹਾ ਕਿਉਂ ਹੈ? ਲੜਕੇ ਜਾਂ ਲੜਕੀਆਂ ਦੋਸਤ ਕਿਉਂ ਨਹੀਂ ਹੋ ਸਕਦੇ? ਸਾਨੂੰ ਮਾਪਿਆਂ ਨੂੰ ਮਾਨਸਿਕ ਤੌਰ ਉੱਤੇ ਤਿਆਰ ਹੋਣਾ ਚਾਹੀਦਾ ਹੈ। ਬੱਚਿਆਂ ਨਾਲ ਠਰ੍ਹੰਮੇ ਨਾਲ ਪੇਸ਼ ਆਉਣਾ ਚਾਹੀਦਾ ਹੈ। ਬੱਚੇ ਤੁਹਾਡੇ ਕੋਲੋਂ ਦੋਸਤੀ ਦੀ ਉਮੀਦ ਰੱਖਦੇ ਹਨ ਤੇ ਤੁਸੀਂ ਉਨ੍ਹਾਂ ਤੋਂ ਵਿਸ਼ਵਾਸ ਦੀ, ਉਹ ਵਿਸ਼ਵਾਸ, ਜਿਹੜਾ ਉਮਰ ਭਰ ਲਈ ਬਣਦਾ ਹੈ।
ਇਹ ਗੱਲ ਓਦੋਂ ਦੀ ਹੈ, ਜਦ ਮੇਰੀ ਧੀ ਅੱਠਵੀਂ ਵਿੱਚ ਪੜ੍ਹਦੀ ਸੀ। ਉਂਝ ਕਿੰਨਾ ਔਖਾ ਹੈ ਇਕਲੌਤੀ ਔਲਾਦ ਨੂੰ ਪਾਲਣਾ, ਖਾਸ ਕਰ ਦੋਹਰੇ ਸਭਿਆਚਾਰ ਵਾਲੇ ਦੇਸ਼ ਵਿੱਚ, ਜਿੱਥੇ ਤੁਸੀਂ ਆਪਣੀ ਪਛਾਣ, ਸੰਸਕਾਰ, ਰੀਤੀ ਰਿਵਾਜ ਬਾਰੇ ਬੱਚੇ ਨੂੰ ਦੱਸਣਾ ਅਤੇ ਸਮਝਾਉਣਾ ਹੁੰਦਾ ਹੈ। ਮੈਂ ਆਪਣੀ ਧੀ ਨੂੰ ਕਿਸੇ ਤਰ੍ਹਾਂ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ, ਪਰ ਮੈਂ ਬਹੁਤ ਸਖਤ ਮਾਂ ਹਾਂ। ਮੇਰੇ ਇਸ ਰਵੱਈਏ ਤੋਂ ਕਦੇ ਕਦੇ ਧੀ ਤੰਗ ਆ ਕੇ ਆਖ ਦਿੰਦੀ ਹੈ, ‘ਮਾਂ, ਤੂੰ ਕਦੇ ਕਦੇ ਪੰਜਾਬੀ ਮਾਂ ਜਿਹੀ ਹੋ ਜਾਂਦੀ ਆਂ, ਜਿਹੜੀ ਸੋਚਦੀ ਆ ਕਿ ਕੁੜੀਆਂ ਨੂੰ ਆਹ ਨ੍ਹੀਂ ਕਰਨਾ ਚਾਹੀਦਾ, ਅਹੁ ਨਹੀਂ ਕਰਨਾ ਚਾਹੀਦਾ।’ ਜਦ ਉਹ ਜਰਮਨ ਮਿਸ਼ਰਣ ਵਾਲੀ ਪੰਜਾਬੀ ਵਿੱਚ ਮੇਰੀ ਆਲੋਚਨਾ ਕਰਦੀ ਤਾਂ ਮੇਰਾ ਹਾਸਾ ਨਿਕਲ ਜਾਂਦਾ, ਪਰ ਅੱਜ ਓਸੇ ਧੀ ਦੇ ਤੇਵਰ ਹੋਰ ਸਨ। ਉਹ ਸ਼ਾਇਦ ਕਿਸੇ ਲੜਕੇ ਨੂੰ ਪਸੇਦ ਕਰਦੀ ਸੀ ਤੇ ਮੇਰੇ ਕੋਲੋਂ ਸ਼ਾਇਦ ਪਿਆਰ ਦੀ ਇਜਾਜ਼ਤ ਮੰਗ ਰਹੀ ਸੀ। ਮੈਂ ਖਾਣਾ ਤਿਆਰ ਕੀਤਾ, ਅਸੀਂ ਦੋਵਾਂ ਖਾਧਾ, ਪਰ ਉਹ ਅਜੇ ਵੀ ਚੁੱਪ ਸੀ, ਜਿਵੇਂ ਜਵਾਬ ਉਡੀਕਦੀ ਹੋਵੇ।
‘‘ਦੱਸੋ ਮੈਂ ਕਦੋਂ ਕੋਈ ਲੜਕਾ ਆਪਣਾ ਦੋਸਤ ਬਣਾ ਸਕਦੀ ਹਾਂ?” ਉਹਦੇ ਤਰੀਕੇ ਵਿੱਚ ਨਿਮਰਤਾ ਸੀ, ਪਰ ਜ਼ਿੱਦ ਸਾਫ ਝਲਕਦੀ ਸੀ।
ਮੈਂ ਉਹਦੇ ਲੰਮੇ ਵਾਲਾਂ ਵਾਲੀ ਗੁੱਤ ਪਿਛਾਂਹ ਕੀਤੀ, ‘‘ਸੋਹਣੋ, ਤੈਨੂੰ ਮੈਂ ਕਦ ਕਿਹਾ ਕਿ ਕੋਈ ਲੜਕਾ ਤੇਰਾ ਦੋਸਤ ਨਹੀਂ ਬਣ ਸਕਦਾ?”
ਉਹਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ, ‘‘ਸੱਚੀ ਮਾਂ, ਮੈਂ ਕਿਸੇ ਲੜਕੇ ਨੂੰ ਦੋਸਤ ਬਣਾ ਸਕਦੀ ਆਂ?”
‘‘ਬਿਲਕੁਲ ਬਣਾ ਸਕਦੀ ਏਂ।” ਉਹਦੀਆਂ ਮਾਸੂਮ ਜਿਹੀਆਂ ਅੱਖਾਂ ਵਿਚਲੀ ਚਮਕ ਹੋਰ ਚਮਕ ਪਈ। ਮੈਂ ਮਾਂ ਦੇ ਦਿਲ ਦੇ ਡਰ ਵਾਲੀ ਗੱਲ ਪੁੱਛੀ, ‘‘ਤੂੰ ਉਸ ਦੋਸਤ ਨਾਲ ਕਿੱਦਾਂ ਦੀ ਦੋਸਤੀ ਰੱਖਣਾ ਚਾਹੰੁਦੀ ਆਂ?”
ਉਹ ਮਾਸੂਮੀਅਤ ਦਾ ਮੁਜੱਸਮਾ ਬਣੀ ਹੋਈ ਸੀ, ‘‘ਮੈਂ ਕਦੇ ਕਦੇ ਉਹਦੇ ਹੱਥਾਂ ਵਿੱਚ ਹੱਥ ਪਾ ਕੇ ਸੈਰ ਕਰਨਾ ਚਾਹੰੁਨੀ ਆਂ, ਉਹਦੇ ਨਾਲ ਫਿਲਮ ਦੇਖਣ ਜਾਣਾ ਚਾਹੰੁਨੀ ਆਂ, ਸਕੂਲ ਦੀ ਪੜ੍ਹਾਈ ਉਹਦੇ ਨਾਲ ਕਰਨਾ ਚਾਹੁੰਨੀ ਆਂ, ਉਹਦੇ ਨਾਲ ਦੇਰ ਤੱਕ ਨਹਿਰ ਵਿੱਚ ਸਾਇਕਲ ਚਲਾ ਕੇ ਆਨੰਦ ਲੈਣਾ ਚਾਹੰੁਦੀ ਆਂ, ਛੁੱਟੀ ਦੇ ਦਿਨ ਉਸ ਨਾਲ ਪਿਕਨਿਕ ਮਨਾਉਣਾ ਚਾਹੁੰਦੀ ਤੇ ਰੰਗ ਬਿਰੰਗੀਆਂ ਤਿੱਤਲੀਆਂ ਫੜਨਾ ਚਾਹੰੁਦੀ ਆਂ, ਤੇ ਉਹਨੂੰ ਦੱਸਣਾ ਚਾਹੁੰਦੀ ਆਂ ਕਿ ਮੇਰੀ ਪਸੰਦ ਦਾ ਕਿਹੜਾ ਰੰਗ ਆ।” ਇਹ ਕਹਿ ਕੇ ਉਹ ਹੱਸ ਪਈ।
ਮੈਂ ਉਹਦੀਆਂ ਅੱਖਾਂ ਵਿੱਚ ਬਹੁਤ ਖੂਬਸੂਰਤ ਤੇ ਪਿਆਰਾ ਜਿਹਾ ਭੋਲਾ ਸੰਸਾਰ ਦੇਖਿਆ ਜਿਹੜਾ ਜਿਸਮਾਂ ਦੀ ਭੁੱਖ ਤੇ ਹੋਠਾਂ ਦੇ ਚੁੰਮਣ ਤੋਂ ਕਿਧਰੇ ਦੂਰ ਸੀ। ਫਿਰ ਵੀ ਤਸੱਲੀ ਲਈ ਤਰੀਕੇ ਜਿਹੇ ਨਾਲ ਪੁੱਛਿਆ, ‘‘ਹੋਰ ਤੂੰ ਉਸ ਦੋਸਤ ਨਾਲ ਕੀ ਕਰਨਾ ਚਾਹੁੰਨੀ ਆਂ?” ਨਾਲ ਹੀ ਚੋਰ ਨਜ਼ਰ ਨਾਲ ਉਸ ਵੱਲ ਦੇਖਿਆ।
ਉਹ ਹੈਰਾਨ ਮੇਰੇ ਵੱਲ ਝਾਕੀ, ‘‘ਹੋਰ ਦਾ ਕੀ ਮਤਲਬ?” ਉਹ ਸ਼ਾਇਦ ਅਜੇ ਮੇਰਾ ਇਸ਼ਾਰਾ ਸਮਝੀ ਨਹੀਂ ਸੀ। ਮੈਂ ਗੱਲ ਸਾਫ ਕੀਤੀ, ‘‘ਓਹ ਕੁੜੀ ਲੌਰਾ ਆ ਜਿਹੜੀ, ਉਹਦਾ ਦੋਸਤ-ਜਰਮਨ ਮੁੰਡਾ ਆ ਨਾ”, ਕਹਿ ਕੇ ਮੈਂ ਚੁੱਪ ਹੋ ਗਈ।
‘‘ਹਾਂ, ਫਿਰ!” ਧੀ ਦੇ ਬੋਲਾਂ ਵਿੱਚ ਗੁੱਸਾ ਰਲ ਗਿਆ ਸੀ, ਜਿਵੇਂ ਮੇਰਾ ਇਸ਼ਾਰਾ ਸਮਝ ਗਈ ਹੋਵੇ।
‘‘ਉਹਦੀ ਉਮਰ 16-17 ਸਾਲ ਦੀ ਆ, ਪੜ੍ਹਾਈ ਛੱਡ ਕੇ ਉਸ ਮੁੰਡੇ ਨਾਲ ਰਹਿ ਰਹੀ ਆ, ਸ਼ਾਇਦ ਉਹਦੇ ਬੱਚਾ ਵੀ ਹੋਣ ਵਾਲਾ।” ਮੈਂ ਇੱਕੋ ਸਾਹ ਦਿਲ ਦਾ ਡਰ ਧੀ ਅੱਗੇ ਖੋਲ੍ਹ ਦਿੱਤਾ।
ਉਹਨੇ ਕੁਰਸੀ ਮੇਰੇ ਲਾਗੇ ਖਿੱਚੀ, ਅਤੇ ਮੇਰੇ ਹੱਥ ਤੇ ਹੱਥ ਰੱਖ ਕੇ ਆਖਣ ਲੱਗੀ, ‘‘ਮਾਂ ਤੂੰ ਅੱਜ ਤੱਕ ਮੇਰੀ ਮਾਂ ਨਹੀਂ, ਸਹੇਲੀ ਬਣ ਕੇ ਮੇਰੇ ਨਾਲ ਨਾਲ ਤੁਰੀ ਆਂ। ਮੇਰੇ ਅੰਦਰ ਤੇਰੇ ਲਈ ਮਾਂ ਵਾਲਾ ਡਰ ਨਹੀਂ, ਸਹੇਲੀ ਵਾਲਾ ਵਿਸ਼ਵਾਸ ਆ। ਤੂੰ ਮੇਰੇ ਉੱਤੇ ਯਕੀਨ ਕਰੇਂਗੀ, ਮੈਨੂੰ ਸਮਝੇਂਗੀ ਵੀ। ਮਾਂ ਵਾਅਦਾ ਕਰਦੀ ਆਂ, ਕਦੇ ਕੋਈ ਐਸਾ ਕੰਮ ਨਹੀਂ ਕਰੂੰਗੀ ਕਿ ਤੇਰੇ ਅਤੇ ਬਾਪ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਨਾ ਦੇਖ ਸਕਾਂ।” ਉਹਨੇ ਮੇਰਾ ਹੱਥ ਚੰੁਮ ਲਿਆ।
ਮੈਂ ਉਹਦੀਆਂ ਅੱਖਾਂ ਵਿੱਚ ਅੱਖਾਂ ਪਾਈਆਂ, ਅਰਦਾਸ ਕੀਤੀ-‘‘ਬਾਬਾ ਜੀ ਇੱਦਾਂ ਹੀ ਕਰਨ।”
ਉਸ ਦਿਨ ਮਗਰੋਂ ਜਰਮਨ ਮੂਲ ਦਾ ਖੂਬਸੂਰਤ ਲੜਕਾ ਜਾਹਨਸ ਦੋ ਚਾਰ ਵਾਰ ਮੈਂ ਘਰ ਆਇਆ ਵੀ ਦੇਖਿਆ। ਮਾਰੀਨ, ਈਜ਼ਾ ਪਾਉਲਾ ਵੀ ਕਦੇ ਕਦੇ ਕਮਰੇ ਵਿੱਚ ਹੁੰਦੀਆਂ ਸਨ। ਘਰ ਵਿੱਚ ਰੌਣਕ ਲੱਗਦੀ। ਕਦੇ ਗਰਮੀ ਰੁੱਤੇ ਘਰ ਮੂਹਰਲੀ ਸੜਕ ਉੱਤੇ ਸਾਇਕਲਾਂ ਦੀਆਂ ਟੱਲੀਆਂ ਵਜਾ ਵਜਾ ਜਾਹਨਸ, ਯਹਿਗੋ, ਸਟੀਫ ਤੇ ਹੋਰ ਕੁੜੀਆਂ ਉਚੀ-ਉਚੀ ਹੱਸਦੇ ਹੁੰਦੇ। ਮੇਰੀ ਧੀ ਦਾ ਹਾਸਾ ਸਭ ਤੋਂ ਉਚਾ ਹੁੰਦਾ। ਉਹ ਸਾਈਕਲ ਚਲਾਉਂਦੀ ਕਦੇ ਹੱਥ ਛੱਡਦੀ, ਕਦੇ ਡਰ ਨਾਲ ਜ਼ੋਰ ਦੀ ਚੀਕ ਮਾਰਦੀ। ਜਾਹਨਸ ਉਹਦੇ ਮਗਰ ਦੌੜਦਾ। ਕਦੇ ਉਹ ਸਾਹਮਣੇ ਪਾਰਕ ਵਿੱਚ ਕਈ ਕਈ ਘੰਟੇ ਬੈਠੇ ਰਹਿੰਦੈ, ਕਦੇ ਗਾਣੇ ਲਾ ਕੇ ਡਾਂਸ ਕਰਦੇ।
ਅੱਜ ਜਾਹਨਸ ਜਰਮਨ ਪੁਲਸ ਵਿੱਚ ਹੈ ਤੇ ਉਹਦੀ ਸ਼ਾਦੀ ਉਸ ਦੇ ਮਹਿਕਮੇ ਵਿੱਚ ਅਮਰੀਕਨ ਮੂਲ ਦੀ ਕੁੜੀ ਨਾਲ ਹੋ ਚੁੱਕੀ ਹੈ। ਮੇਰੀ ਧੀ ਇਸ ਵਕਤ ਮੈਡੀਕਲ ਕਰ ਰਹੀ ਹੈ। ਮਾਰੀਨ ਸਾਡੇ ਹੀ ਸ਼ਹਿਰ ਵਿੱਚ ਪੁਲਸ ਮਹਿਕਮੇ ਵਿੱਚ ਹੈ, ਈਜ਼ਾ ਵਕਾਲਤ ਕਰ ਰਹੀ ਹੈ ਤੇ ਯਹਿਗੋ ਇੰਜੀਨੀਅਰਿੰਗ ਕਰ ਰਿਹਾ ਹੈ।
ਕਦੇ ਕਦੇ ਜਾਹਨਸ ਆਪਣੀ ਘਰਵਾਲੀ ਨਾਲ ਮੇਰੀ ਧੀ ਤੇ ਮੈਨੂੰ ਮਿਲਣ ਆਵੇਗਾ ਤੇ ਕਹੇਗਾ, ‘‘ਸੱਚੀਂ, ਉਹ ਦਿਨ ਬਹੁਤ ਸੋਹਣੇ ਸੀ।” ਮੇਰੀ ਧੀ ਹੱਸ ਕੇ ਮੈਨੂੰ ਕਹੇਗੀ, ‘‘ਮਾਂ ਇਹ ਜਾਹਨਸ ਸੀ ਜਿਸ ਦੇ ਹੱਥਾਂ ਵਿੱਚ ਮੈਂ ਦੋਸਤੀ ਵਾਲਾ ਹੱਥ ਫੜ ਕੇ ਸੈਰ ਕਰਨਾ ਚਾਹੁੰਦੀ ਸੀ।” ਫਿਰ ਅਸੀਂ ਸਾਰੇ ਹੱਸ ਪੈਂਦੇ ਹਾਂ।
ਮੇਰੀ ਧੀ ਬਹੁਤ ਪਿਆਰ ਨਾਲ ਮੇਰੇ ਵਾਲ ਸਿੱਧੇ ਕਰਦੀ ਕਹੇਗੀ, ‘‘ਸ਼ੁਕਰੀਆ, ਤੂੰ ਮੇਰੇ ਉਤੇ ਵਿਸ਼ਵਾਸ ਕੀਤਾ ਤੇ ਮੈਨੂੰ ਮੇਰੀ ਉਮਰ ਦੇ ਰੰਗ ਤੇ ਚਾਅ ਤੇ ਮੇਰੀ ਪਸੰਦ ਦੇ ਦੋਸਤਾਂ ਦਾ ਸੰਗ ਸਮਾਂ ਹੰਢਾਉਣ ਨੂੰ ਦਿੱਤਾ। ਮੈਨੂੰ ਤੇਰੇ ਕੋਲੋਂ ਲੁਕ ਲੁਕ ਕੇ ਕੁਝ ਨਹੀਂ ਕਰਨਾ ਪਿਆ। ਮੈਂ ਖੁਸ਼ਨਸੀਬ ਆਂ ਕਿ ਤੂੰ ਮੇਰੀ ਮਾਂ ਘੱਟ, ਸਹੇਲੀ ਜ਼ਿਆਦਾ ਆਂ।”
ਜਦ ਵੀ ਛੁੱਟੀ ਵਾਲੇ ਦਿਨ ਧੀ ਘਰ ਆਉਂਦੀ ਹੈ ਤਾਂ ਮੈਂ ਉਸ ਤੋਂ ਪੁੱਛਾਂਗੀ, ‘‘ਅੱਛਾ ਚੱਲ ਸੁਣਾ ਕਿਸੇ ਡਾਕਟਰ ਦਾ ਕੋਈ ਸ਼ੋਸ਼ਾ।” ਉਹ ਸ਼ੋਸ਼ਾ ਸ਼ਬਦ ਸੁਣ ਕੇ ਬਹੁਤ ਹੱਸੇਗੀ। ਕਦੇ ਅਸੀਂ ਦੋਵੇਂ ਡੂੰਘੀ ਰਾਤ ਤੱਕ ਜਾਗਦੀਆਂ ਰਹਿੰਦੀਆਂ, ਹੱਸਦੀਆਂ ਗੱਲਾਂ ਕਰਦੀਆਂ, ਜਿਵੇਂ ਸਹੇਲੀਆਂ ਸਹੇਲੀਆਂ ਮਜ਼ਾਕ ਕਰਦੀਆਂ ਹੋਵਣ।

 
Have something to say? Post your comment