Welcome to Canadian Punjabi Post
Follow us on

03

October 2022
ਸੰਪਾਦਕੀ

ਪੀਲ ਪੁਲੀਸ ਅਤੇ ਕਮਿਊਨਿਟੀ ਦਰਮਿਆਨ ਵੱਧ ਰਹੀਆਂ ਦੂਰੀਆਂ

October 15, 2021 10:59 AM

ਬੀਤੇ ਤਿੰਨ ਹਫਤਿਆਂ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਬਰੈਂਪਟਨ ਵਿੱਚ ਗੋਲੀਆਂ ਮਾਰ ਕੇ ਹੱਤਿਆ ਹੋ ਚੁੱਕੀ ਹੈ। ਅਨੇਕਾਂ ਨੌਜਵਾਨ ਲੜਕੇ ਲੜਕੀਆਂ ਦੀ ਚੋਰੀਆਂ, ਲੁੱਟਾਂ ਖੋਹਾਂ, ਬੈਂਕ ਡਕੈਤੀਆਂ ਆਦਿਕ ਅਪਰਾਧਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਦੀਆਂ ਖਬਰਾਂ ਆਮ ਗੱਲ ਬਣ ਚੁੱਕੀ ਹੈ। ਟਰੱਕਾਂ ਦਾ ਦਿਨ ਦਿਹਾੜੇ ਚੋਰੀ ਹੋਣਾ, ਮੈਰੀਜ ਪੈਲੇਸਾਂ ਦੇ ਬਾਹਰ ਤੋਂ ਵਾਹਨਾਂ ਅਤੇ ਸਮਾਨ ਦਾ ਚੋਰੀ ਹੋ ਜਾਣਾ ਜਾਂ ਬਿਜਨਸਾਂ ਖਾਸ ਕਰਕੇ ਗਹਿਣਿਆਂ ਦੀਆਂ ਦੁਕਾਨਾਂ ਉੱਤੇ ਲੁੱਟਾਂ ਹੋਣੀਆਂ ਕੋਈ ਅਨਹੋਣੀ ਗੱਲ ਨਹੀਂ ਹੈ। ਜੇ ਹੈਰਾਨ ਕਰਨ ਵਾਲੀ ਕੋਈ ਗੱਲ ਹੈ ਤਾਂ ਇਹ ਕਿ ਕਮਿਉਨਿਟੀ ਇਸ ਵਿਸ਼ਵਾਸ਼ ਦੀ ਘਾਟ ਕੇ ਰਿਪੋਰਟ ਕਰਨ ਉੱਤੇ ਪੁਲੀਸ ਬਣਦੀ ਕਾਰਵਾਈ ਕਰੇਗੀ। ਪੁਲੀਸ ਅਤੇ ਕਮਿਉਨਿਟੀ ਦਰਮਿਅਨ ਤਾਲਮੇਲ ਦੀ ਘਾਟ ਇੱਕ ਗੰਭੀਰ ਵਰਤਾਰਾ ਹੈ।

ਪੀਲ ਰੀਜਨ ਦੇ ਦੋ ਪ੍ਰਮੁੱਖ ਸ਼ਹਿਰਾਂ ਬਰੈਂਪਟਨ ਅਤੇ ਮਿਸੀਸਾਗਾ ਵਿੱਚ ਅਪਰਾਧਕ ਗਤੀਵਿਧੀਆਂ ਚਿੰਤਾਜਨਕ ਢੰਗ ਨਾਲ ਵੱਧ ਰਹੀਆਂ ਹਨ। ਪੀਲ ਰੀਜਨਲ ਪੁਲੀਸ ਦੀ ਸਾਲ 2020 ਦੀ ਸਾਲਾਨਾ ਰਿਪੋਰਟ ਅਨੁਸਾਰ ਬੀਤੇ ਸਾਲ ਪੁਲੀਸ ਨੇ 13,000 ਲੋਕਾਂ ਨੂੰ ਚਾਰਜ ਕੀਤਾ ਜਿਹਨਾਂ ਵਿੱਚੋਂ 650 ਅਪਰਾਧੀ ਮਹਿਜ਼ 12 ਤੋਂ 17 ਸਾਲ ਉਮਰ ਦੇ ਬਾਲਕ ਸਨ। 37,000 ਤੋਂ ਵੱਧ ਲੋਕਾਂ ਨੇ ਕ੍ਰਿਮੀਨਲ ਕੋਡ ਤਹਿਤ ਆਉਣ ਵਾਲੇ ਅਪਰਾਧ ਕੀਤੇ ਬੇਸ਼ੱਕ ਬਾਅਦ ਵਿੱਚ ਉਹਨਾਂ ਵਿੱਚੋਂ ਬਹੁਗਿਣਤੀ ਚਾਰਜ ਨਹੀਂ ਕੀਤੇ ਗਏ। ਚਾਰਜ ਨਾ ਕਰਨ ਦਾ ਇਹ ਅਰਥ ਨਹੀਂ ਕਿ ਅਪਰਾਧ ਨਹੀਂ ਸੀ ਹੋਇਆ। 23,325 ਵਾਰਦਾਤਾਂ ਪ੍ਰਾਪਰਟੀ ਨਾਲ ਸਬੰਧਿਤ ਹੋਈਆਂ ਜਾਂ ਆਖ ਲਵੋ ਕਿ ਮਿਸੀਸਾਗਾ ਬਰੈਂਪਟਨ ਵਿੱਚ ਪ੍ਰਤੀ ਦਿਨ 64 ਵਾਰਦਾਤਾਂ ਪ੍ਰਾਪਰਟੀ ਚੋਰੀ ਨਾਲ ਸਬੰਧਿਤ ਵਾਪਰੀਆਂ। 174 ਲੋਕ ਛੁਰੇਬਾਜ਼ੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਹੋਏ ਜਦੋਂ ਕਿ 913 ਵਾਰਦਾਤਾਂ ਸੈਕਸੁਅਲ ਅਸਾਲਟ ਨਾਲ ਜੁੜੀਆਂ ਪੁਲੀਸ ਦੇ ਰਿਕਾਰਡ ਵਿੱਚ ਦਰਜ਼ ਹੋਈਆਂ। ਇਸ ਸਾਲ ਭਾਵ 2021 ਵਿੱਚ ਅਗਸਤ ਮਹੀਨੇ ਦੇ ਅੰਤ ਤੱਕ 1255 ਮਕਾਨਾਂ ਜਾਂ ਬਿਜਨਸਾਂ ਵਿੱਚ ਵੜ ਕੇ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਚੇਤੇ ਰਹੇ ਕਿ ਸਾਰੇ ਕੇਸ ਪੁਲੀਸ ਕੋਲ ਰਿਪੋਰਟ ਨਹੀਂ ਹੁੰਦੇ। ਖਾਸ ਕਰਕੇ ਵੱਡੀ ਗਿਣਤੀ ਵਿੱਚ ਲੋਕ ਪੁਲੀਸ ਕੋਲ ਰਿਪੋਰਟ ਇਸ ਲਈ ਨਹੀਂ ਕਰਦੇ ਕਿਉਂਕਿ ਪੁਲੀਸ ਅਫ਼ਸਰ ਆ ਕੇ ਚੋਰ ਨਾਲੋਂ ਮਾਲਕ ਤੋਂ ਪੁੱਛਗਿੱਛ ਵੱਧ ਕਰਦੇ ਹਨ।

ਪਬਲਿਕ ਅਤੇ ਪੁਲੀਸ ਦਰਮਿਆਨ ਵਿਸ਼ਵਾਸ਼ ਦੀ ਭਾਵਨਾ ਨੂੰ ਮਜ਼ਬੂਤ ਬਣਾ ਕੇ ਰੱਖਣ ਵਿੱਚ ਦੋਵਾਂ ਧਿਰਾਂ ਦਾ ਬਰਾਬਰ ਦਾ ਹੱਥ ਹੁੰਦਾ ਹੈ। ਜਿੱਥੇ ਪੁਲੀਸ ਨੂੰ ਕਮਿਉਨਿਟੀ ਨਾਲ ਤਾਲਮੇਲ ਵਾਸਤੇ ਹਰ ਅਵਸਰ ਦੀ ਵਰਤੋਂ ਕਰਨਾ ਲਾਜ਼ਮੀ ਹੈ, ਉੱਥੇ ਕਮਿਉਨਿਟੀ ਲੀਡਰਾਂ ਲਈ ਜਰੂਰੀ ਹੈ ਕਿ ਉਹ ਪੁਲੀਸ ਨੂੰ ਕਮਿਉਨਿਟੀ ਮਸਲਿਆਂ ਬਾਰੇ ਜਾਣੂੰ ਕਰਵਾਉਣ ਲਈ ਵਿਸ਼ੇਸ਼ ਉਪਰਲੇ ਕਰਨ। ਬੀਤੇ ਸਾਲਾਂ ਤੋਂ ਇੱਕ ਰੁਝਾਨ ਵੇਖਣ ਵਿੱਚ ਆਇਆ ਹੈ ਕਿ ਜਿਉਂ ਜਿਉਂ ਇਸ ਖੇਤਰ ਵਿੱਚ ਸਾਊਥ ਏਸ਼ੀਅਨ ਖਾਸ ਕਰਕੇ ਪੰਜਾਬੀ ਭਾਈਚਾਰੇ ਦੀ ਨਫ਼ਰੀ ਵੱਧਦੀ ਜਾ ਰਹੀ ਹੈ, ਤਿਉਂ ਤਿਉਂ ਪੁਲੀਸ ਅਤੇ ਕਮਿਉਨਿਟੀ ਵਿੱਚ ਸੁਹਿਰਦ ਸਬੰਧਾਂ ਦੀ ਘਾਟ ਵੇਖੀ ਜਾਣ ਲੱਗੀ ਹੈ। ਪੰਜਾਬੀ ਕਮਿਉਨਿਟੀ ਵਿੱਚ ਇਹ ਆਮ ਭਾਵਨਾ ਹੈ ਕਿ ਪੰਜਾਬੀਆਂ ਦੁਆਰਾ ਪੰਜਾਬੀਆਂ ਨਾਲ ਕੀਤੇ ਜਾਣ ਵਾਲੇ ਅਪਰਾਧਾਂ ਬਾਰੇ ਪੁਲੀਸ ਕੋਈ ਬਹੁਤਾ ਧਿਆਨ ਨਹੀਂ ਦੇਂਦੀ।

ਉਂਟੇਰੀਓ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੀਲ ਰੀਜਨਲ ਪੁਲੀਸ ਨਾਲ ਨਸਲੀ ਵਿਤਕਰੇ ਨੂੰ ਦੂਰ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਇਸ ਸਾਲ ਇੱਕ ਸਮਝੌਤੇ ਉੱਤੇ ਦਸਤਖਤ ਕੀਤੇ ਸਨ। ਸਾਊਥ ਏਸ਼ੀਅਨ ਭਾਈਚਾਰੇ ਨੂੰ ਇਸ ਸਮਝੌਤੇ ਦੇ ਕਾਰਜਖੇਤਰ ਤੋਂ ਬਾਹਰ ਰੱਖਿਆ ਗਿਆ ਜਦੋਂ ਕਿ ਨਫਰੀ ਵਜੋਂ ਪੀਲ ਖੇਤਰ ਵਿੱਚ ਇਸ ਕਮਿਉਨਿਟੀ ਦੀ ਗਿਣਤੀ ਸੱਭ ਤੋਂ ਵੱਧ ਹੈ। ਰੋਜ਼ਾਨਾ ਜਿੰ਼ਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਲਈ systemic level (ਢਾਂਚਾਗਤ ਪੱੱਧਰ) ਉੱਤੇ ਤਬਦੀਲੀ ਲਿਆਉਣ ਦੀ ਲੋੜ ਹੁੰਦੀ ਹੈ ਜਿਸ ਵਾਸਤੇ ਕਿਸੇ ਵੀ ਭਾਈਚਾਰੇ ਨੂੰ ਸਿਸਟਮ ਨਾਲ ਮਿਲ ਕੇ ਕੰਮ ਕਰਨਾ ਹੁੰਦਾ ਹੈ। ਜਿੱਥੇ ਤੱਕ ਪੰਜਾਬੀ ਕਮਿਉਨਿਟੀ ਦਾ ਸੁਆਲ ਹੈ, ਉਹ ਢਾਂਚਾਗਤ ਪੱਧਰ ਉੱਤੇ ਤਬਦੀਲੀਆਂ ਲਿਆਉਣ ਲਈ ਹਾਲੇ ਜੱਥੇਬੰਦਕ ਢੰਗ ਨਾਲ ਇੱਕਜੁੱਟ ਨਹੀਂ ਹੈ। ਕਮਿਉਨਿਟੀ ਦੇ ਮਸਲਿਆਂ ਬਾਰੇ ਆਵਾਜ਼ ਚੁੱਕਣ ਦੀ ਕਮੀ ਕਈ ਮਸਲਿਆਂ ਨੂੰ ਜਨਮ ਦੇਂਦੀ ਹੈ ਜਿਸ ਵਿੱਚ ਪੁਲੀਸ ਅਤੇ ਪਬਲਿਕ ਵਿੱਚ ਦੂਰੀਆਂ ਦਾ ਪੈਦਾ ਹੋਣਾ ਸ਼ਾਮਲ ਹੈ।

Have something to say? Post your comment