Welcome to Canadian Punjabi Post
Follow us on

10

July 2025
 
ਨਜਰਰੀਆ

ਵਤਨਾਂ ਵਾਲਿਓ ਇੰਝ ਨਾ ਕਰੋ

October 12, 2021 01:59 AM

-ਸੱਤਪਾਲ ਸਿੰਘ ਦਿਓਲ
ਸਵੇਰ ਸਾਰ ਅਜੇ ਮੈਂ ਆਪਣੇ ਚੈਂਬਰ ਵਿੱਚ ਬੈਠਾ ਫਾਈਲਾਂ ਉੱਤੇ ਸਰਸਰੀ ਨਜ਼ਰ ਮਾਰ ਰਿਹਾ ਸੀ। ਇੱਕ ਵਧੀਆ ਸੂਟ-ਬੂਟ ਵਾਲੇ ਬੰਦੇ ਨੇ ਆ ਕੇ ਸਤਿ ਸ੍ਰੀ ਅਕਾਲ ਬੁਲਾਈ। ਰਸਮੀ ਗੱਲਬਾਤ ਤੋਂ ਬਾਅਦ ਉਸ ਨੇ ਆਪਣੀ ਦਰਦ ਕਹਾਣੀ ਦੱਸੀ, ਜਿਸ ਨੂੰ ਸੁਣ ਕੇ ਬਹੁਤ ਦੁੱਖ ਹੋਇਆ। ਉਹ ਮੇਰੇ ਤੋਂ ਵਕਤ ਮੈਨੂੰ ਮਿਲਣ ਆਇਆ ਸੀ। ਮੈਂ ਜ਼ਿੰਦਗੀ ਵਿੱਚ ਬੜੇ ਖੁਸ਼ਗਵਾਰ, ਮੋਹ ਭਿੱਜੇ ਅਤੇ ਕੁੜੱਤਣ ਵਾਲੇ ਰਿਸ਼ਤੇ ਅੱਖੀਂ ਦੇਖੇ ਹਨ, ਪਰ ਉਸ ਵਿਅਕਤੀ ਦੀ ਕਹਾਣੀ ਰਿਸ਼ਤਿਆਂ ਵਿੱਚ ਲਾਲਚ ਦੀ ਨਿਵੇਕਲੀ ਮਿਸਾਲ ਸੀ। ਉਹ ਬਹੁਤ ਸਾਰੇ ਪਾਪੜ ਵੇਲ ਕੇ ਪੰਜਾਬ ਦੇ ਮਾਹੌਲ ਤੋਂ ਡਰਦਾ ਤੇ ਸੁਨਹਿਰੇ ਭਵਿੱਖ ਲਈ ਅਮਰੀਕਾ ਚਲਾ ਗਿਆ ਸੀ। ਅਮਰੀਕਾ ਜਾ ਕੇ ਉਸ ਨੇ ਰਾਜਨੀਤਕ ਸ਼ਰਨ ਲਈ, ਪਰ ਪੰਜਾਬ ਵਿੱਚ ਉਸ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਸੀ। ਸਾਰੀਆਂ ਪੁਲਸ ਦੀਆਂ ਪੜਤਾਲਾਂ ਜਿਵੇਂ ਤਿਵੇਂ ਅਮਰੀਕਾ ਵਿੱਚ ਲੋੜ ਅਨੁਸਾਰ ਅਫਸਰਾਂ ਤੋਂ ਤਿਆਰ ਕਰਵਾ ਕੇ ਉਸ ਦੇ ਪਰਵਾਰ ਨੇ ਭੇਜੀਆਂ। ਅਮਰੀਕਾ ਵਿੱਚ ਹੱਡ ਭੰਨਵੀ ਮਿਹਨਤ ਕਰ ਕੇ ਗਰੀਨ ਕਾਰਡ ਲੈ ਲਿਆ। ਉਥੇ ਹੀ ਵਿਆਹ ਕਰਵਾ ਲਿਆ ਤੇ ਦੋ ਬੱਚੇ ਹੋ ਗਏ।
ਉਸ ਉਪਰ ਭਰਾਵਾਂ ਦਾ ਹਮੇਸ਼ਾ ਪੈਸੇ ਭੇਜਣ ਲਈ ਦਬਾਅ ਬਣਿਆ ਰਹਿੰਦਾ ਸੀ। ਕੋਈ ਜ਼ਮੀਨ ਖਰੀਦਣੀ ਹੁੰਦੀ ਜਾਂ ਕਿਸੇ ਦਾ ਵਿਆਹ ਹੁੰਦਾ, ਉਹ ਵਿਦੇਸ਼ ਵਿੱਚ ਕਰਜ਼ਾ ਚੁੱਕ ਕੇ ਵੀ ਪੈਸਾ ਭੇਜ ਦੇਂਦਾ ਰਿਹਾ। ਦੋਵੇਂ ਭਰਾਵਾਂ ਨੇ ਮਹਿਲ ਨੁਮਾ ਕੋਠੀਆਂ ਵੀ ਉਸਾਰ ਲਈਆਂ। ਉਹ ਦੋ ਕੋਠੀਆਂ ਸਿਰਫ ਦੋ ਪਰਵਾਰਾਂ ਨੂੰ ਮੁੱਖ ਰੱਖ ਕੇ ਬਣਾਈਆਂ ਗਈਆਂ। ਉਸ ਬਾਰੇ ਇਹੋ ਕਿਹਾ ਜਾਂਦਾ ਹੈ ਕਿ ਉਹ ਨੇ ਕਿਹੜਾ ਇੱਥੇ ਰਹਿਣਾ ਹੈ। ਉਸ ਦਾ ਪਰਵਾਰ ਜਿਹੜਾ ਦਸ ਏਕੜ ਦਾ ਮਾਲਕ ਹੁੰਦਾ ਸੀ, ਅੱਜ ਤੱਕ ਕੁੱਲ ਨੱਬੇ ਏਕੜ ਦਾ ਮਾਲਕ ਬਣ ਚੁੱਕਾ ਸੀ। ਉਸ ਨੇ ਵਿਦੇਸ਼ ਵਿੱਚ ਕੋਈ ਜਾਇਦਾਦ ਨਹੀਂ ਬਣਾਈ। ਬਲਕਿ ਜ਼ਿੰਦਗੀ ਦੀ ਅਹਿਮ ਕਮਾਈ ਆਪਣੇ ਭਰਾਵਾਂ ਪਾਸ ਭੇਜ ਕੇ ਪੂਰੇ ਪਰਵਾਰ ਲਈ ਜਾਇਦਾ ਬਣਾਉਂਦਾ ਰਿਹਾ।
ਹਰ ਸਾਲ ਕਦੇ ਉਹ ਇਕੱਲਾ, ਕਦੇ ਪਰਵਾਰ ਨਾਲ ਆ ਕੇ ਖੁਸ਼ਨੁਮਾ ਮਾਹੌਲ ਵਿੱਚ ਰਹਿ ਕੇ ਜਾਂਦਾ। ਵਾਪਸੀ ਸਮੇਂ ਉਸ ਦਾ ਦਿਲ ਨਾ ਕਰਦਾ ਕਿ ਵਾਪਸ ਜਾਵੇ। ਜਦੋਂ ਬੱਚੇ ਜਵਾਨ ਹੋਏ, ਉਸ ਨੂੰ ਉਸ ਦੀ ਕਮਾਈ ਜਾਇਦਾਦ ਬਾਰੇ ਪੁੱਛਣ ਲੱਗੇ। ਜਵਾਬ ਵਿੱਚ ਉਹ ਬੱਚਿਆਂ ਨੂੰ ਦੱਸਦਾ ਕਿ ਉਨ੍ਹਾਂ ਦੀ ਪੰਜਾਬ ਵਿੱਚ ਤੀਹ ਕਿੱਲੇ ਜ਼ਮੀਨ ਹੈ। ਜਵਾਨ ਬੱਚੇ ਤੀਹ ਕਿੱਲੇ ਦਾ ਹਿਸਾਬ ਡਾਲਰਾਂ ਵਿੱਚ ਲਗਾਉਣ ਲੱਗਦੇ ਅਤੇ ਅਮਰੀਕਾ ਵਿੱਚ ਨਿਵੇਸ਼ ਕਰਨ ਦੀਆਂ ਗੱਲਾਂ ਕਰਦੇ, ਪਰ ਉਹ ਜ਼ਮੀਨ ਵੇਚਣ ਨੂੰ ਮੌਤ ਸਮਾਨ ਸਮਝਦਾ। ਬੱਚਿਆਂ ਨੂੰ ਕਹਿੰਦਾ ਕਿ ਉਸ ਦੇ ਮਰਨ ਮਗਰੋਂ ਜੋ ਮਰਜ਼ੀ ਕਰਨ। ਅਚਾਨਕ ਉਸ ਦੀ ਪਤਨੀ ਦੀ ਹਾਦਸੇ ਵਿੱਚ ਮੌਤ ਹੋ ਗਈ। ਉਸ ਦਾ ਦਿਲ ਕੀਤਾ ਕਿ ਉਹ ਪੰਜਾਬ ਜਾ ਕੇ ਰਹੇ ਅਤੇ ਆਪਣੀ ਆਖਰੀ ਉਮਰ ਪਰਵਾਰ ਤੇ ਪਿੰਡ ਵਿੱਚ ਬਤੀਤ ਕਰੇ। ਉਸ ਦੇ ਬੱਚੇ ਆਪੋ ਆਪਣੇ ਕਾਰੋਬਾਰਾਂ ਵਿੱਚ ਰੁੱਝ ਗਏ, ਜਿਨ੍ਹਾਂ ਦੇ ਵਿਆਹ ਹੋ ਚੁੱਕੇ ਸਨ। ਮੈਨੂੰ ਉਸ ਦੀ ਕਹਾਣੀ ਡਾਕਟਰ ਆਤਮਜੀਤ ਦੇ ਨਾਟਕ ‘ਕੈਮਲੂਪਸ ਦੀਆਂ ਮੱਛੀਆਂ’ ਵਰਗੀ ਜਾਪੀ।
ਮੇਰੇ ਕੋਲ ਆਉਣ ਤੋਂ ਛੇ ਮਹੀਨੇ ਪਹਿਲਾਂ ਉਹ ਭਾਰਤ ਆਇਆ। ਉਸ ਦੇ ਪਰਵਾਰ ਨੇ ਇੱਕ ਦੋ ਮਹੀਨੇ ਉਸ ਨੂੰ ਹੱਥਾਂ ਉਤੇ ਚੱਕੀ ਰੱਖਿਆ ਫਿਰ ਉਸ ਨੇ ਸਦਾ ਇੱਥੇ ਰਹਿਣ ਵਾਲਾ ਆਪਣਾ ਇਰਾਦਾ ਜ਼ਾਹਰ ਕੀਤਾ ਤਾਂ ਪਰਵਾਰ ਦੇ ਹਾਲਾਤ ਬਦਲ ਗਏ। ਉਹ ਆਪਣੇ ਭਰਾਵਾਂ ਨੂੰ ਆਪਣੇ ਹਿੱਸੇ ਦੀ ਜ਼ਮੀਨ ਦੇ ਠੇਕੇ ਬਾਰੇ ਕਹਿਣ ਲੱਗਾ ਤਾਂ ਉਹਦੇ ਭਰਾ ਕਹਿਣ ਲੱਗੇ ਕਿ ਤੂੰ ਕਿਹੜਾ ਡੂੰਘਾ ਹਲ ਵਾਹੁੰਦਾ ਰਿਹਾ ਹੈਂ। ਜ਼ਮੀਨ ਸਾਰੀ ਅਸੀਂ ਬਣਾਈ ਹੈ। ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਨ ਲੱਗਾ। ਉਸ ਦੇ ਭਰਾ ਉਸ ਨੂੰ ਸਿਰਫ ਪੁਸ਼ਤੈਨੀ ਜ਼ਮੀਨ ਦੇ ਹਿੱਸੇ ਵਿੱਚੋਂ ਸਵਾ ਤਿੰਨ ਕਿੱਲੇ ਦੇਣ ਲਈ ਤਿਆਰ ਸਨ, ਪਰ ਉਹ ਕਹਿੰਦਾ ਸੀ, ਕਿ ਉਸ ਦਾ ਹਿੱਸਾ ਤੀਹ ਕਿੱਲੇ ਬਣਦਾ ਹੈ। ਆਖਰ ਉਸ ਨੇ ਮਾਲ ਰਿਕਾਰਡ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਦੇ ਭਰਾਵਾਂ ਨੇ ਉਸ ਦੇ ਅਮਰੀਕਾ ਹੁੰਦਿਆਂ ਜੋ ਜ਼ਮੀਨ ਖਰੀਦੀ, ਉਹ ਆਪਣੇ ਨਾਂਅ ਕਰਵਾ ਲਈ ਸੀ ਉਸ ਦਾ ਮਾਲ ਰਿਕਾਰਡ ਵਿੱਚ ਸਿਰਫ ਦੱਸ ਕਿੱਲੇ ਵਿੱਚ ਤੀਜਾ ਹਿੱਸਾ ਬੋਲਦਾ ਸੀ। ਉਹ ਆਪਣੀ ਕਹਾਣੀ ਸੁਣਾਉਂਦਾ ਕਈ ਵਾਰ ਰੋਇਆ ਤੇ ਕਈ ਵਾਰ ਪਾਗਲਾਂ ਵਾਂਗ ਵਾਰ-ਵਾਰ ਗੱਲ ਦੁਹਰਾਉਣ ਲੱਗਦਾ। ਉਹ ਆਪਣੇ ਬੱਚਿਆਂ ਨੂੰ ਵੀ ਕੁਝ ਦੱਸਣ ਜੋਗਾ ਨਹੀਂ ਸੀ। ਗੱਲ ਕਰਦਾ ਕਰਦਾ ਉਹ ਆਪਣੇ ਆਪ ਨੂੰ ਕੋਸਣ ਲੱਗਦਾ। ਕਦੀ ਗੱਲ ਕਰਦਾ ਕਰਦਾ ਬਿਲਕੁਲ ਚੁੱਪ ਕਰ ਜਾਂਦਾ। ਇੰਝ ਲੱਗਦਾ ਜਿਵੇਂ ਉਹ ਚੰਗੇ ਦਿਨਾਂ ਨੂੰ ਯਾਦ ਕਰ ਰਿਹਾ ਹੋਵੇ।
ਮੈਨੂੰ ਉਹ ਸਾਰਾ ਮਾਲ ਰਿਕਾਰਡ ਘੋਖਣ ਲਈ ਵਾਰ ਵਾਰ ਕਹਿੰਦਾ। ਅਖਬਾਰ ਵਿੱਚ ਮੇਰੇ ਲਿਖੇ ਪਹਿਲਾਂ ਵਾਲੇ ਲੇਖਾਂ ਤੋਂ ਪ੍ਰਭਾਵਤ ਹੋ ਕੇ ਉਹ ਡੇਢ ਸੌ ਕਿਲੋਮੀਟਰ ਤੋਂ ਮਿਲਣ ਆਇਆ ਸੀ। ਉਸ ਨੂੰ ਮਾਲ ਰਿਕਾਰਡ ਨਾਲੋਂ ਪਰਵਾਰ ਉੱਤੇ ਵੱਧ ਭਰੋਸਾ ਸੀ। ਉਸ ਦੀ ਕੋਈ ਮਦਦ ਨਹੀਂ ਕੀਤੀ ਜਾ ਸਕੀ, ਕਿਉਂਕਿ ਕੁਝ ਕਰਨ ਲਈ ਮਾਲ ਰਿਕਾਰਡ ਵਿੱਚ ਉਸ ਦੀ ਮਾਲਕੀ ਦਾ ਇੰਦਰਾਜ ਜ਼ਰੂਰੀ ਸੀ। ਮੈਂ ਉਸ ਨੂੰ ਇਹ ਦੱਸਿਆ ਜੋ ਨਿਯਮਾਂ ਅਨੁਸਾਰ ਉਹ ਸਵਾ ਤਿੰਨ ਕਿੱਲਿਆਂ ਦਾ ਕਬਜ਼ਾ ਲੈਣਾ ਚਾਹੇ ਤਾਂ ਉਸ ਦੀ ਜ਼ਿੰਦਗੀ ਵਿੱਚ ਸੰਭਵ ਨਹੀਂ। ਇਸ ਲਈ ਉਹ ਸਵਾ ਤਿੰਨ ਕਿੱਲੇ ਸਹਿਮਤੀ ਨਾਲ ਲੈ ਲਵੇ। ਉਹ ਬਹੁਤ ਨਿਰਾਸ਼ ਹੋ ਕੇ ਮੇਰੇ ਕੋਲੋਂ ਗਿਆ। ਕਈ ਵਾਰ ਮੈਨੂੰ ਉਹ ਫੋਨ ਕਰਦਾ ਰਿਹਾ। ਇੱਕ ਦਿਨ ਉਸ ਨੇ ਦੱਸਿਆ ਕਿ ਉਹ ਵਾਪਸ ਜਾ ਰਿਹਾ ਹੈ, ਬਿਲਕੁਲ ਖਾਲੀ ਹੱਥ। ਮੈਨੂੰ ਉਸ ਨੇ ਕਿਹਾ ਕਿ ਜਦੋਂ ਦੁਬਾਰਾ ਭਾਰਤ ਆਇਆ ਤਾਂ ਆਪਣੀ ਜ਼ਮੀਨ ਕਿਸੇ ਸਕੂਲ ਨੂੰ ਦਾਨ ਕਰ ਜਾਵੇਗਾ। ਉਹ ਵਾਪਸ ਜਾ ਕੇ ਵੀ ਫੋਨ ਕਰਦਾ ਰਿਹਾ। ਪਿਛਲੇ ਦੋ ਸਾਲ ਤੋਂ ਮੇਰਾ ਸੰਪਰਕ ਉਸ ਨਾਲ ਨਹੀਂ ਹੋ ਸਕਿਆ। ਮੇਰੇ ਕੋਲ ਉਸ ਦਾ ਕੋਈ ਸੰਪਰਕ ਨਹੀਂ। ਦੁਨਿਆਵੀ ਅਦਾਲਤਾਂ ਵਿੱਚ ਉਹ ਕਿਸੇ ਕੀਮਤ ਉੱਤੇ ਇਨਸਾਫ ਨਹੀਂ ਲੈ ਸਕਦਾ ਸੀ। ਉਸ ਦੇ ਆਪਣੇ ਰਿਸ਼ਤਿਆਂ ਨੇ ਉਸ ਦਾ ਵਿਸ਼ਵਾਸ ਤੋੜ ਕੇ ਉਸ ਨੂੰ ਮਧੋਲ ਸੁੱਟਿਆ ਸੀ। ਆਪਣੇ ਵਤਨ ਵੱਲ ਉਹ ਭੱਜ ਭੱਜ ਆਉਂਦਾ ਰਿਹਾ, ਪਰ ਸ਼ਾਇਦ ਉਹ ਦੁਬਾਰਾ ਕਦੇ ਵੀ ਵਤਨ ਵਾਪਸ ਨਾ ਆਵੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ