Welcome to Canadian Punjabi Post
Follow us on

26

June 2022
ਬ੍ਰੈਕਿੰਗ ਖ਼ਬਰਾਂ :
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆਅਫਗਾਨਿਸਤਾਨ ਵਿੱਚ 6.1 ਸਕੇਲ ਦੀ ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 1000 ਨੂੰ ਟੱਪੀਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂਊਧਵ ਠਾਕਰੇ ਸਰਕਾਰ ਦਾ ਸੰਕਟ: ਏਕਨਾਥ ਸਿ਼ੰਦੇ ਵੱਲੋਂ 40 ਵਿਧਾਇਕ ਨਾਲ ਹੋਣ ਦਾ ਦਾਅਵਾਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਵੱਲੋਂ 200 ਨਰਸਿੰਗ ਕਾਲਜਾਂ ਦੀ ਮਾਨਤਾ ਰੱਦਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਬਣੀਰਾਸ਼ਟਰਪਤੀ ਲਈ ਭਾਜਪਾ ਗੱਠਜੋੜ ਵੱਲੋਂ ਦ੍ਰੋਪਦੀ ਮੁਰਮੁਰ ਉਮੀਦਵਾਰ ਹੋਵੇਗੀ
ਸੰਪਾਦਕੀ

ਰੈਜ਼ੀਡੈਸ਼ੀਅਲ ਸਕੂਲਾਂ ਦਾ ਕੌੜਾ ਅਤੀਤ, ਸੱਚਾਈ ਅਤੇ ਸੰਧੀ ਦਾ ਧੁਰਾ ਭਰੋਸੇਯੋਗਤਾ

October 01, 2021 09:48 PM

ਪੰਜਾਬੀ ਪੋਸਟ ਸੰਪਾਦਕੀ

ਕੱਲ ਕੈਨੇਡਾ ਦਾ ਪਹਿਲਾ Truth and Reconciliation Day ਭਾਵ ਸੱਚਾਈ ਅਤੇ ਸੰਧੀ ਦਾ ਦਿਵਸ ਮਨਾਇਆ ਗਿਆ। ਫੈਡਰਲ ਸਰਕਾਰ, ਵੱਡੇ ਅਦਾਰਿਆਂ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ (ਅਲਬਰਟਾ, ਨਿਊਬਰੱਨਸਵਿੱਕ, ਕਿਉਬਿੱਕ ਅਤੇ ਉਂਟੇਰੀਓ ਤੋਂ ਇਲਾਵਾ) ਨੇ ਛੁੱਟੀ ਐਲਾਨੀ। ਸੱਚਾਈ ਅਤੇ ਸੰਧੀ ਸ਼ਬਦਾਂ ਨੂੰ ਲੈ ਕੇ ਅੱਛੀ ਖਾਸੀ ਬਹਿਸ ਹੋ ਸਕਦੀ ਹੈ ਪਰ ਇਹਨਾਂ ਸ਼ਬਦਾਂ ਦੇ ਮਰਮ ਨੂੰ ਸਮਝਣ ਲਈ ਕਿਸੇ ਆਤਮਾ ਨੂੰ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਕੌੜੇ ਸੱਚ ਨੂੰ ਹੰਢਾਉਣਾ ਲਾਜ਼ਮੀ ਹੈ। ਸਹੀ ਹੈ ਕਿ ਇਸ ਕੌੜੇ ਸੱਚ ਨੂੰ ਜਿਉਂਦਾ ਰੱਖਣ ਲਈ ਛੁੱਟੀ ਦਾ ਮਹੱਤਵਪੂਰਣ ਰੋਲ ਅਦਾ ਕਰ ਸਕਦਾ ਹੈ ਪਰ ਜਦੋਂ ਤੱਕ ਸਰਕਾਰਾਂ ਵਿੱਚ ਮੂਲਵਾਸੀਆਂ ਨਾਲ ਇਨਸਾਫ਼ ਕਰਨ ਲਈ ਸੌੜੇ ਸਿਆਸੀ ਬਿਆਨਾਂ ਤੋਂ ਉੱਠ ਕੇ ਕੰਮ ਕਰਨ ਦੀ ਲਾਲਸਾ ਪੈਦਾ ਨਹੀਂ ਹੁੰਦੀ, ਕੁੱਝ ਸਾਰਥਿਕ ਸਿੱਟੇ ਨਿਕਲਣ ਦੀ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ।

2015 ਵਿੱਚ ਸਟੀਫਨ ਹਾਰਪਰ ਸਰਕਾਰ ਵੇਲੇ ਟਰੂਥ ਐਂਡ ਰੀਕਾਨਸੀਲੀਏਸ਼ਨ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਰੈਜ਼ੀਡੈਂਸੀਅਲ ਸਕੂਲਾਂ ਦੀ ਪੀੜ੍ਹ ਨੂੰ ਦੂਰ ਕਰਨ ਅਤੇ ਮੂਲਵਾਸੀਆਂ ਨਾਲ ਸੱਚੇ ਵਰਤਾਅ ਰਾਹੀਂ ਪਿਛਲੇ ਦੁਖੜਿਆਂ ਉੱਤੇ ਮਲ੍ਹੱਮ ਲਾਉਣ ਵਾਸਤੇ 94 Call to action ਅਪਨਾਉਣ ਦੀ ਗੱਲ ਕੀਤੀ ਗਈ ਸੀ। 1953 ਵਿੱਚ ਇੱਕ ਸਰਵੇ ਕੀਤਾ ਗਿਆ ਸੀ ਜਿਸ ਅਨੁਸਾਰ ਉਸ ਵਕਤ 10,112 ਬੱਚੇ ਰੈਜ਼ੀਡੈਂਸੀਅਲ ਸਕੂਲਾਂ ਵਿੱਚ ਪੜ ਰਹੇ ਸਨ। ਇਹਨਾਂ ਵਿੱਚੋਂ 4313 ਬੱਚੇ ਉਹ ਸਨ ਜਿਹਨਾਂ ਨੂੰ ਅਨਾਥ ਕਿਹਾ ਜਾ ਸਕਦਾ ਹੈ ਕਿਉਂਕਿ ਉਹਨਾਂ ਦੇ ਮਾਪਿਆਂ ਨਾਲੋਂ ਸਬੰਧ ਟੁੱਟ ਚੁੱਕੇ ਸਨ ਜਾਂ ਮਾਪੇ ਹਾਰ ਹੰਭ ਕੇ ਆਪਣੇ ਬੱਚਿਆਂ ਨੂੰ ਵਿਸਾਰ ਚੁੱਕੇ ਸਨ। ਰੈਜ਼ੀਡੈਂਸ਼ੀਅਲ ਸਕੂਲਾਂ ਦੇ 120 ਸਾਲਾਂ ਦੇ ਇਤਿਹਾਸ ਵਿੱਚ ਕੁੱਲ ਡੇਢ ਲੱਖ ਬੱਚੇ ਸੰਤਾਪ ਭੋਗਣ ਲਈ ਮਜ਼ਬੂਰ ਹੋਏ, 3200 ਬੱਚੇ ਸਕੂਲਾਂ ਦੇ ਅਹਾਤਿਆਂ ਵਿੱਚ ਹੀ ਮੌਤ ਨੂੰ ਪਿਆਰੇ ਹੋਏ। 32,970 ਬੱਚਿਆਂ ਨਾਲ ਜਿਣਸੀ ਜਬਰਦਸਤੀ ਹੋਈ। ਜਿਣਸੀ ਅਪਰਾਧ ਅਜਿਹਾ ਕੁਕਰਮ ਹੈ ਜੋ ਇਨਸਾਨ ਨੂੰ ਜਿ਼ੰਦਗੀ ਭਰ ਪਰੇਸ਼ਾਨ ਕਰਦਾ ਹੈ। 70,000 ਲੋਕ ਹਾਲੇ ਵਿੱਚ ਕੈਨੇਡਾ ਵਿੱਚ ਜਿਉਂਦੇ ਹਨ ਜਿਹਨਾਂ ਨੇ ਰੈਜ਼ੀਡੈਸ਼ੀਅਲ ਸਕੂਲਾਂ ਵਿੱਚ ਜੀਵਨ ਬਤੀਤ ਕੀਤਾ।

ਇਸ ਸਾਲ ਹਜ਼ਾਰਾਂ ਬੱਚਿਆਂ ਦੀਆਂ ਕਬਰਾਂ ਸਕੂਲਾਂ ਦੇ ਪੁਰਾਣੇ ਅਹਾਤਿਆਂ ਵਿੱਚੋਂ ਮਿਲੀਆਂ ਜਿਸ ਨਾਲ ਸਮੂਹ ਕੈਨੇਡੀਅਨਾਂ ਦੇ ਹਿਰਦੇ ਬਲੂੰਧਰੇ ਗਏ। ਜਿ਼ਆਦਾਤਰ ਇੰਮੀਗਰਾਂਟ ਕੈਨੇਡਾ ਇਸ ਲਈ ਪਰਵਾਸ ਕਰਦੇ ਹਨ ਤਾਂ ਜੋ ਉਹਨਾਂ ਦੇ ਬੱਚਿਆਂ ਦਾ ਭੱਵਿਖ ਚੰਗਾ ਬਣ ਸਕੇ। ਇੰਮੀਗਰਾਂਟ ਇਸ ਗੱਲ ਨੂੰ ਭਲੀਭਾਂਤ ਮਹਿਸੂਸ ਕਰ ਸਕਦੇ ਹਨ ਕਿ ਕੈਨੇਡਾ ਦੇ ਮੂਲਵਾਸੀ ਬੱਚਿਆਂ ਨੂੰ ਚੰਗੇ ਭੱਵਿਖ ਦੀ ਥਾਂ ਮੌਤ ਦਾ ਤਾਂਡਵ ਹੰਢਾਉਣ ਲਈ ਮਜ਼ਬੂਰ ਹੋਣਾ ਕਿੰਨੀ ਖੌਫਨਾਕ ਗੱਲ ਹੈ। Truth and Reconciliation ਦਿਵਸ ਦੀ ਮਹੱਤਤਾ ਨੂੰ ਇਸ ਪਿੱਠਭੂਮੀ ਵਿੱਚ ਸਮਝਣ ਦੀ ਲੋੜ ਹੈ। ਕੈਥੋਲਿਕ ਚਰਚਾਂ ਨੂੰ ਆਪਣੇ ਰੋਲ ਦਾ ਸਿਰਫ਼ ਮੁਲਾਂਕਣ ਹੀ ਨਹੀਂ ਕਰਨਾ ਚਾਹੀਦਾ ਸਗੋਂ ਸੱਚੇ ਦਿਲੋਂ ਮੁਆਫੀ ਮੰਗਣੀ ਚਾਹੀਦੀ ਹੈ। ਇਸੇ ਤਰੀਕੇ ਫੈਡਰਲ ਸਰਕਾਰ ਨੂੰ ਮੂਲਵਾਸੀਆਂ ਲੀਡਰਾਂ ਨਾਲ ਮਿਲ ਕੇ ਅਗਾਂਹਵਧੂ ਕਦਮ ਚੁੱਕਣੇ ਚਾਹੀਦੇ ਹਨ। ਅਫ਼ਸੋਸ ਕਿ ਵੱਡੇ ਵੱਡੇ ਵਾਅਦਿਆਂ ਦੇ ਬਾਵਜੂਦ ਹਾਲੇ ਤੱਕ ਕੋਈ ਸਾਰਥਕ ਯਤਨ ਕੀਤੇ ਨਹੀਂ ਗਏ ਹਨ। ਮੂਲਵਾਸੀਆਂ ਦਾ ਦਿਲ ਛੁੱਟੀਆਂ ਅਤੇ ਖੋਖਲੇ ਵਾਅਦਿਆਂ ਨਾਲੋਂ ਭਰੋਸੇਯੋਗਤਾ ਰਾਹੀਂ ਕਿਤੇ ਵੱਧ ਜਿੱਤਿਆ ਜਾ ਸਕਦਾ ਹੈ।

ਭਰਸੇਯੋਗਤਾ ਪੈਦਾ ਕਰਨ ਲਈ ਲਾਜ਼ਮੀ ਹੈ ਕਿ ਜ਼ਮੀਨੀ ਪੱਧਰ ਉੱਤੇ ਕਾਰਵਾਈਆਂ ਕੀਤੀਆਂ ਜਾਣ। ਇਹ ਗੱਲ ਸੱਭ ਜਾਣਦੇ ਹਨ ਕਿ ਮੂਲਵਾਸੀਆਂ ਨਾਲ ਨਸਲੀ ਭੇਦਭਾਵ ਹਾਲੇ ਦੀ ਇੱਕ ਕੌੜੀ ਸੱਚਾਈ ਹੈ, ਮੂਲਵਾਸੀ ਨੌਜਵਾਨਾਂ ਵਿੱਚ ਬੇਰੁਜ਼ਗਾਰੀ, ਮਾਨਸਿਕ ਰੋਗਾਂ ਦੀ ਬਹੁਤਾਤ ਆਮ ਗੱਲ ਹੈ, ਗੁਆਚੀਆਂ ਅਤੇ ਕਤਲ ਹੋਈਆਂ ਮੂਲਵਾਸੀ ਔਰਤਾਂ ਦੇ ਸਬੰਧ ਵਿੱਚ ਬਣੀ ਨੈਸ਼ਨਲ ਐਕਸ਼ਨ ਪਲਾਨ ਨੂੰ ਲਾਗੂ ਕਰਨਾ ਦੂਰ ਦੀ ਗੱਲ ਜਾਪਦੀ ਹੈ। ਬਹੁ ਗਿਣਤੀ ਮੂਲਵਾਸੀ ਕਮਿਉਨਿਟੀਆਂ ਵਿੱਚ ਸਾਫ਼ ਪਾਣੀ ਦੀ ਬੁਨਿਆਦੀ ਸਹੂਲਤ ਉਪਲਬਧ ਨਾ ਹੋਣਾ ਕੈਨੇਡਾ ਲਈ ਕੌਮੀ ਨਮੋਸ਼ੀ ਨਹੀਂ ਤਾਂ ਹੋਰ ਕੀ ਹੈ? ਅਜਿਹੇ ਮੁੱਦਿਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਲੋੜੀਂਦਾ ਧਨ ਅਤੇ ਸਰਕਾਰੀ ਇੱਛਾ ਸ਼ਕਤੀ ਦੇ ਸੁਮੇਲ ਦਾ ਹੋਣਾ ਲਾਜ਼ਮੀ ਹੈ। ਅਗਲੇ ਸਾਲ 30 ਸਤੰਬਰ ਨੂੰ ਕੈਨੇਡਾ ਭਰ ਵਿੱਚ ਦੂਜਾ Truth and Reconciliation ਦਿਵਸ ਮਨਾਇਆ ਜਾਵੇਗਾ। ਸਾਨੂੰ ਅੱਜ ਹੀ ਤਹਈਆ ਕਰਨਾ ਚਾਹੀਦਾ ਹੈ ਕਿ ਅਗਲੇ ਸਾਲ ਅਸੀਂ ਸਾਰੇ ਖੁਦ ਨੂੰ ਸੁਆਲ ਪੁੱਛਾਂਗੇ ਕਿ ਕੀ ਅਸੀਂ ਮੂਲਵਾਸੀਆਂ ਪ੍ਰਤੀ ਆਪਣੀ ਸੋਚ ਵਿੱਚ ਕੋਈ ਤਬਦੀਲੀ ਪੈਦਾ ਕੀਤੀ ਹੈ ਅਤੇ ਕੀ ਸਰਕਾਰ ਨੇ ਉਹਨਾਂ ਦੀ ਸਥਿਤੀ ਨੂੰ ਸੁਧਾਰਨ ਲਈ ਕੁੱਝ ਕੀਤਾ ਜਾਂ ਨਹੀਂ।

Have something to say? Post your comment