Welcome to Canadian Punjabi Post
Follow us on

10

July 2025
 
ਨਜਰਰੀਆ

ਨੌਜਵਾਨ ਪੀੜ੍ਹੀ ਅਤੇ ਰੁਜ਼ਗਾਰ ਦਾ ਸਵਾਲ

September 30, 2021 10:52 PM

-ਜਸਵੰਤ ਕੌਰ ਮਣੀ
ਪੰਜਾਬ ਸਰਕਾਰ ਵੱਲੋਂ ਅੱਜ ਕੱਲ੍ਹ ਕਾਫੀ ਅਸਾਮੀਆਂ ਕੱਢੀਆਂ ਜਾ ਰਹੀਆਂ ਹਨ, ਇਹ ਵਰਤਾਰਾ ਨੌਜਵਾਨਾਂ ਨੂੰ ਨਾ ਸਿਰਫ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਕਰ ਰਿਹਾ ਹੈ, ਸਗੋਂ ਉਨ੍ਹਾਂ ਦੇ ਭਵਿੱਖ ਨੂੰ ਖਤਮ ਕਰ ਕੇ ਹਨੇਰੇ ਵੱਲ ਲਿਜਾ ਰਿਹਾ ਹੈ। ਇਸ ਸਮੇਂ ਬੇਰੁਜ਼ਗਾਰੀ ਭਾਰਤ ਦਾ ਸਭ ਤੋਂ ਅਹਿਮ ਤੇ ਗੰਭੀਰ ਮੁੱਦਾ ਬਣਿਆ ਪਿਆ ਹੈ, ਜਿਸ ਵੱਲ ਸਮੇਂ ਦੀਆਂ ਸਰਕਾਰਾਂ ਨਾ ਸਿਰਫ ਅਣਗਹਿਲੀ ਵਰਤ ਰਹੀਆਂ ਹਨ, ਸਗੋਂ ਨੌਕਰੀਆਂ ਦੇ ਨਾਂਅ ਉੱਤੇ ਨਿੱਤ ਦਿਨ ਨੌਜਵਾਨਾਂ ਨਾਲ ਕੋਝੇ ਮਜ਼ਾਕ ਵੀ ਕਰ ਰਹੀਆਂ ਹਨ। ਪਹਿਲੀ ਗੱਲ ਤਾਂ ਇਹ ਕਿ ਨੌਕਰੀਆਂ ਦੇਣ ਲਈ ਉਹ ਸਮਾਂ ਵਧੇਰੇ ਚੁਣਿਆ ਜਾਂਦਾ ਹੈ, ਜਦ ਵਿਧਾਨ ਸਭਾ ਦੀਆਂ ਜਾਂ ਕੋਈ ਹੋਰ ਚੋਣਾਂ ਬਿਲਕੁਲ ਨੇੜੇ ਹੋਣ ਤੇ ਦੂਜਾ ਪੋਸਟਾਂ ਦੀ ਸੂਚਨਾ ਕਦੋਂ ਆਉਂਦੀ ਹੈ ਤੇ ਕਦੋਂ ਰੱਦ ਕਰ ਦਿੱਤੀ ਜਾਵੇ, ਇਸ ਦਾ ਅਨੁਮਾਨ ਨਹੀਂ ਲਾਇਆ ਜਾ ਸਕਦਾ। ਤੀਜਾ ਇਨ੍ਹਾਂ ਪੋਸਟਾਂ ਦੀ ਸੂਚਨਾ ਲਿਆਉਣ ਲਈ ਪਹਿਲਾਂ ਸਰਕਾਰਾਂ ਅੱਗੇ ਮਿੰਨਤਾਂ ਤਰਲੇ ਤੇ ਫਿਰ ਲੰਬਾ ਸੰਘਰਸ਼ ਕਰਨਾ ਪੈਂਦਾ ਹੈ, ਪਰ ਗੱਲ ਸਿਰੇ ਲੱਗਣੀ ਔਖੀ ਹੁੰਦੀ ਹੈ।
ਅੱਜ ਨਿੱਤ ਦਿਨ ਸੜਕਾਂ, ਚੌਰਾਹਿਆਂ ਆਦਿ ਉੱਤੇ ਬੇਰੁਜ਼ਗਾਰ ਨੌਜਵਾਨ ਵਰਗ ਦੁਆਰਾ ਸਰਕਾਰਾਂ ਤੱਕ ਆਪਣੀ ਆਵਾਜ਼ ਪਹੰੁਚਾਉਣ ਲਈ ਧਰਨੇ-ਮੁਜ਼ਾਹਰੇ ਕੀਤੇ ਜਾ ਰਹੇ ਹਨ, ਪਰ ਇੱਥੇ ਜਿਵੇਂ ‘ਕੰਨਾਂ ਵਿੱਚ ਤੇਲ ਪਾ ਕੇ ਬੈਠਣ’ ਵਾਲੀ ਗੱਲ ਹੋਈ ਪਈ ਹੈ। ਲੋਕਤੰਤਰ ਦੇ ਅਰਥ ਜਿਵੇਂ ਬਦਲ ਚੁੱਕੇ ਹਨ। ਪੜ੍ਹਿਆ ਲਿਖਿਆ ਨੌਜਵਾਨ ਅੱਜ ਸੜਕਾਂ ਉੱਤੇ ਰੁਲ ਰਿਹਾ ਹੈ ਤੇ ਘਰਾਂ ਵਿੱਚ ਬੈਠੇ ਮਾਪੇ ਇਨ੍ਹਾਂ ਦੇ ਸੁਫਨਿਆਂ ਉੱਤੇ ਜੀਅ ਰਹੇ ਹਨ। ਪਿੱਛੇ ਜਿਹੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਦੀ ਰੱਦ ਹੋਈ ਸੂਚਨਾ ਨੇ ਨਾ ਸਿਰਫ ਨੌਜਵਾਨ ਵਰਗ ਦੀਆਂ ਆਸਾਂ ਉੱਤੇ ਪਾਣੀ ਫੇਰਿਆ ਹੈ, ਬਲਕਿ ਇਨ੍ਹਾਂ ਨੂੰ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਵੀ ਕੀਤਾ ਹੈ। ਏਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਵਾਰਡ ਅਟੈਂਡੈਂਟ ਦੀਆਂ ਪੋਸਟਾਂ ਨੂੰ ਬਿਲਕੁਲ ਅਖੀਰਲੇ ਪੜਾਅ ਉੱਤੇ ਆ ਕੇ ਰੱਦ ਕੀਤਾ ਗਿਆ ਸੀ। ਨੌਜਵਾਨ ਵਰਗ ਜੋ ਪਹਿਲਾਂ ਹੀ ਆਪਣੇੇ ਹਨੇਰੇ ਭਵਿੱਖ ਨੂੰ ਲੈ ਕੇ ਕਾਫੀ ਬੇਵੱਸ ਤੇ ਪਰੇਸ਼ਾਨ ਹੈ, ਉਸ ਨਾਲ ਅਜਿਹਾ ਕੋਝਾ ਮਜ਼ਾਕ ਕਰਨਾ ਕਿੱਥੋਂ ਤੱਕ ਦਾ ਇਨਸਾਫ ਹੈ।
ਸਰਕਾਰ ਸਿਰਫ ਇਹ ਜਾਣਕਾਰੀ ਦੇ ਕੇ ਸਾਰ ਦਿੰਦੀ ਹੈ ਕਿ ਭਰਤੀ ਰੱਦ ਹੋ ਗਈ ਹੈ ਤੇ ਫੀਸ ਵਾਪਸ ਕਰ ਦਿੱਤੀ ਜਾਵੇਗੀ। ਕੀ ਸਿਰਫ ਫੀਸ ਵਾਪਸ ਕਰਨ ਨਾਲ ਨੌਜਵਾਨਾਂ ਨੂੰ ਹੋਈ ਮਾਨਸਿਕ ਪਰੇਸ਼ਾਨੀ ਦੀ ਭਰਪਾਈ ਹੋ ਜਾਵੇਗੀ? ਉਨ੍ਹਾਂ ਦੇ ਸੁਫਨਿਆਂ, ਆਸਾਂ, ਉਮੀਦਾਂ ਦਾ ਕੋਈ ਮੁੱਲ ਨਹੀਂ? ਕੀ ਉਨ੍ਹਾਂ ਦੇ ਉਸ ਸਮੇਂ ਦੀ ਭਰਪਾਈ ਹੋ ਸਕਦੀ ਹੈ, ਜੋ ਇਨ੍ਹਾਂ ਦੀ ਤਿਆਰੀ ਲਈ ਦਿਨ ਰਾਤ ਇੱਕ ਕਰ ਕੇ ਲਾਇਆ ਜਾਂਦਾ ਹੈ? ਉਨ੍ਹਾਂ ਦੇ ਮਾਪਿਆਂ ਦੀ ਪ੍ਰੇਸ਼ਾਨੀ ਦੀ ਭਰਪਾਈ ਹੋ ਸਕਦੀ, ਜੋ ਉਨ੍ਹਾਂ ਤੋਂ ਇਹ ਆਸਾਂ ਲਾਈ ਬੈਠੇ ਹਨ ਕਿ ਉਨ੍ਹਾਂ ਦਾ ਪੁੱਤ-ਧੀ ਅਫਸਰ ਬਣੇਗਾ। ਖਾਸ ਤੌਰ ਉੱਤੇ ਉਹ ਗਰੀਬ, ਮਜ਼ਦੂਰ-ਦਲਿਤ ਵਰਗ ਨਾਲ ਸੰਬੰਧਤ ਲੋਕ, ਜੋ ਔਖੇ ਸੌਖੇ ਇੱਕ ਡੰਗ ਦੀ ਰੋਟੀ ਛੱਡ ਕੇ ਸਿਰਫ ਇਸ ਆਸ ਉੱਤੇ ਆਪਣੇ ਬੱਚੇ ਨੂੰ ਸਿੱਖਿਆ ਦਿਵਾਉਂਦੇ ਹਨ ਕਿ ਚਲੋ ਇਹ ਸਾਡੇ ਵਾਂਗ ਨਾ ਰੁਲਣਗੇ, ਕਦੇ ਇਹ ਸੁੱਖ ਦੇਖਣਗੇ ਤੇ ਸਾਨੂੰ ਵੀ ਕੋਈ ਸੁਖ ਦਾ ਕਿਣਕਾ ਦਿਖਾਉਣਗੇ। ਬੇਸ਼ੱਕ ਅਜਿਹੇ ਗਰੀਬ ਪਰਵਾਰਾਂ ਦੇ ਬੱਚਿਆਂ ਲਈ ਫੀਸ ਘੱਟ ਹੁੰਦੀ ਹੈ, ਪਰ ਇਸ ਦਾ ਪ੍ਰਬੰਧ ਕਰਨਾ ਵੀ ਇਨ੍ਹਾਂ ਲਈ ਕਿੰਨਾ ਔਖਾ ਹੁੰਦਾ ਹੈ, ਸਿਰਫ ਇਹ ਹੀ ਜਾਣਦੇ ਹਨ।
ਇਸ ਹਾਲਤ ਵਿੱਚ ਬਹੁਤੇ ਅਜਿਹੇ ਪਰਵਾਰਾਂ ਦੇ ਮੂੰਹੋਂ ਇਹ ਸੁਣਨ ਨੂੰ ਮਿਲਦਾ ਹੈ ਕਿ ‘ਚੰਗਾ ਹੁੰਦਾ ਪਹਿਲਾਂ ਹੀ ਆਪਣੇ ਨਾਲ ਮਜ਼ਦੂਰੀ ਉੱਤੇ ਲਾ ਲੈਂਦੇ, ਪੜ੍ਹਾ ਕੇ ਵੀ ਕੀ ਫਾਇਦਾ ਨਿਕਲਿਆ, ਕੰਮ ਏਹੀ ਕਰਨਾ ਸੀ।’ ਕਦੇ ਕਿਸੇ ਮੰਤਰੀ ਦੇ ਬੱਚੇ ਧਰਨੇ ਵਿੱਚ ਰੁਜ਼ਗਾਰ ਦੀ ਮੰਗ ਕਰਦੇ ਵੇਖੇ ਗਏ ਹਨ? ਅੱਜ ਸਮੇਂ ਦੀ ਲੋੜ ਹੈ ਕਿ ਸਰਕਾਰਾਂ ਇਸ ਪਾਸੇ ਧਿਆਨ ਦੇਣ, ਆਪਣੇ ਫੈਸਲਿਆਂ ਵਿੱਚ ਪਾਰਦਰਸ਼ਤਾ ਲਿਆਉਣ। ਉਨ੍ਹਾਂ ਨੂੰ ਅਜਿਹੇ ਫੈਸਲੇ ਨਹੀਂ ਲੈਣੇ ਚਾਹੀਦੇ, ਜਿਸ ਨਾਲ ਦੇਸ਼ ਦਾ ਭਵਿੱਖ ਭਾਵ ਨੌਜਵਾਨ ਪੀੜ੍ਹੀ ਖੁਦ ਨੂੰ ਸਰਕਾਰ ਹੱਥੋਂ ਠੱਗੀ ਗਈ ਮਹਿਸੂਸ ਕਰੇ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋਵੇ। ਕਿਤੇ ਅਜਿਹੇ ਵਰਤਾਰੇ ਨੌਜਵਾਨ ਵਰਗ ਨੂੰ ਕੁਰਾਹੇ ਨਾ ਪਾ ਦੇਣ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ