Welcome to Canadian Punjabi Post
Follow us on

10

July 2025
 
ਨਜਰਰੀਆ

ਗੈਰ ਭਾਜਪਾ ਪਾਰਟੀਆਂ ਦੀ ਧਰਮ ਆਧਾਰਤ ਸਿਆਸਤ

September 27, 2021 03:07 AM

-ਸਬਾ ਨਕਵੀ
ਰਾਹੁਲ ਗਾਂਧੀ ਨੇ ਕੁਝ ਦਿਨ ਪਹਿਲਾਂ ਜੰਮੂ ਵਿੱਚ ਆਖਿਆ ਸੀ ਕਿ ਉਹ ਕਸ਼ਮੀਰੀ ਪੰਡਤਾਂ ਦੀ ਪੀੜ ਮਹਿਸੂਸ ਕਰ ਸਕਦੇ ਹਨ, ਕਿਉਂਕਿ ਉਹ ਖੁਦ ਇਸੇ ਭਾਈਚਾਰੇ ਵਿੱਚੋਂ ਹਨ। ਇਹ ਪਹਿਲੀ ਵਾਰ ਨਹੀਂ, ਜਦੋਂ ਰਾਹੁਲ ਨੇ ਆਪਣੀ ਹਿੰਦੂ ਤੇ ਬ੍ਰਾਹਮਣੀ ਪਛਾਣ ਗਿਣਾਈ ਹੈ। 2017 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਰਾਹੁਲ ਤੇ ਉਨ੍ਹਾਂ ਦੀ ਪਾਰਟੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ ਕਿ ਉਹ ਜਨੇਊਧਾਰੀ ਬ੍ਰਾਹਮਣ ਹੈ। ਜ਼ਾਹਿਰ ਹੈ ਕਿ ਨਹਿਰੂ-ਗਾਂਧੀ ਪਰਵਾਰ ਦਾ ਨੌਜਵਾਨ ਮੌਜੂਦਾ ਸਮਾਜੀ-ਰਾਜਸੀ ਮਾਹੌਲ ਵਿੱਚ ਕਦੇ ਕਦੇੇ ਦਬਾਅ ਮਹਿਸੂਸ ਕਰਦਾ ਹੈ। ਜਦੋਂ ਕਿਸੇ ਨੂੰ ਕਹਿਣਾ ਪੈਂਦਾ ਹੈ ਕਿ ਉਹ ਵੀ ਹਿੰਦੂ ਜਾਂ ਬ੍ਰਾਹਮਣ ਹੈ ਤਾਂ ਉਸ ਉਤੇ ਤਰਸ ਆਉਂਦਾ ਹੈ, ਪਰ ਵਿਰੋਧੀ ਧਿਰ ਦੀਆਂ ਬਹੁਤ ਸਾਰੀਆਂ ਹਸਤੀਆਂ ਅੱਜ ਇਹੀ ਕੁਝ ਕਰ ਰਹੀਆਂ ਹਨ। ਇਹ ਨਹਿਰੂਵਾਦੀ ਧਰਮ-ਨਿਰਪੱਖਤਾ ਦੇ ਰਸਮੋ-ਰਿਵਾਜ਼ ਨਹੀਂ ਹਨ, ਪਰ ਸਾਡੇ ਸਮਿਆਂ ਦੀ ਹਾਲਤ ਜ਼ਰੂਰ ਜ਼ਾਹਰ ਕਰਦੇ ਹਨ।
ਰਾਸ਼ਟਰੀ ਸੋਇਮਸੇਵਕ ਸੰਘ (ਆਰ ਐੱਸ ਐੱਸ) ਅੱਜ ਆਰਾਮ ਨਾਲ ਬਹਿ ਕੇ ਕੱਛਾਂ ਜਾ ਸਕਦੀ ਹੈ ਕਿ ਹਿੰਦੀ ਪੱਟੀ ਵਾਲੀਆਂ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਕਿਸੇ ਨਾ ਕਿਸੇ ਹੱਦ ਤੱਕ ਆਪਣੇ ਆਪ ਨੂੰ ਹਿੰਦੂਵਾਦੀ ਸਾਬਿਤ ਕਰਨ ਲੱਗ ਪਈਆਂ ਹਨ। ਇਸ ਵਰਤਾਰੇ ਨੂੰ ਸਮਝਣ ਲਈ ਉਤਰਾਖੰਡ ਦੀ ਗੱਲ ਕਰਦੇ ਹਾਂ ਜਿੱਥੇ ਚਾਰ ਹੋਰ ਰਾਜਾਂ ਨਾਲ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਬਿਨਾ ਸ਼ੱਕ ਸੱਤਾਧਾਰੀ ਪਾਰਟੀ ਹਿੰਦੂ ਸਿਆਸਤ ਦੀ ਰੁਸਤਮੇ ਹਿੰਦ ਹੈ, ਪਰ ਆਮ ਆਦਮੀ ਪਾਰਟੀ ਵੀ ਆਪਣੇ ਹਿੰਦੂ ਲੱਛਣਾਂ ਦੀ ਨੁਮਾਇਸ਼ ਲਾ ਕੇ ਇਸ ਮੈਦਾਨ ਵਿੱਚ ਆ ਨਿੱਤਰੀ, ਜਦੋਂ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਇਹ ਵਾਅਦਾ ਕੀਤਾ ਕਿ ਜੇ ਉਨ੍ਹਾਂ ਦੀ ਪਾਰਟੀ ਨੂੰ ਸੱਤਾ ਵਿੱਚ ਆਉਣ ਦਾ ਮੌਕਾ ਮਿਲ ਜਾਵੇਗਾ ਤਾਂ ਉਹ ਉਤਰਾਖੰਡ ਨੂੰ ਹਿੰਦੂਆਂ ਦੀ ਵਿਸ਼ਵ ਅਧਿਆਤਮਕ ਰਾਜਧਾਨੀ ਬਣਾ ਦੇਣਗੇ। ਸੂਬੇ ਅੰਦਰ ਜ਼ੋਰ ਸ਼ੋਰ ਨਾਲ ਪਰਿਵਰਤਨ ਯਾਤਰਾਵਾਂ ਚਲਾ ਰਹੀ ਕਾਂਗਰਸ ਪਾਰਟੀ ਨੇ ਆਖਿਆ ਕਿ ਹਿੰਦੂਤਵ ਦਾ ਭਾਜਪਾ ਨਾਲ ਕੋਈ ਵਾਹ ਵਾਸਤਾ ਨਹੀਂ, ਜੇ ਉਹ ਰਾਮ ਕਹਿੰਦੇ ਹਨ ਤਾਂ ਅਸੀਂ ਭੋਲੇਨਾਥ ਦਾ ਜੈਕਾਰਾ ਲਾਵਾਂਗੇ। ਭਾਰਤ ਵਿੱਚ ਤਰਕ ਦਿੱਤਾ ਜਾ ਸਕਦਾ ਹੈ ਕਿ ਧੁਰ ਦੱਖਣ ਅੰਦਰ ਦੋ ਧਿਰਾਂ ਹਨ, ਜੋ ਆਪਣਾ ਹਿੰਦੂ ਕਿਰਦਾਰ ਸਾਬਿਤ ਕਰਨ ਦਾ ਦਬਾਅ ਮਹਿਸੂਸ ਨਹੀਂ ਕਰਦੀਆਂ। ਇਨ੍ਹਾਂ ਵਿੱਚੋਂ ਇੱਕ ਖੱਬਾ ਪੱਖ ਹੈ, ਜਿਹੜਾ ਕੇਰਲ ਵਿੱਚ ਰਾਜ ਚਲਾ ਰਿਹਾ ਹੈ ਅਤੇ ਦੂਜੀ ਡੀ ਐਮ ਕੇ, ਜਿਸ ਨੇ ਪਿੱਛੇ ਜਿਹੇ ਤਾਮਿਲ ਨਾਡੂ ਵਿਧਾਨ ਸਭਾ ਵਿੱਚ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਦੇ ਖਿਲਾਫ ਮਤਾ ਪਾਸ ਕੀਤਾ ਹੈ।
ਆਮ ਆਦਮੀ ਪਾਰਟੀ ਦੇ ਨਰਮ ਹਿੰਦੂਤਵ ਨੂੰ ਹੋਰ ਖੁਰਚ ਕੇ ਦੇਖਣਾ ਬਣਦਾ ਹੈ। ਪਹਿਲੀ ਗੱਲ, ਪਾਰਟੀ ਦੇ ਬਾਨੀ ਅਰਵਿੰਦ ਕੇਜਰੀਵਾਲ ਨੇ 2011 ਦੇ ਅੰਨਾ ਅੰਦੋਲਨ ਵੇਲੇ ਵਰਤੀਂਦੇ ਹਿੰਦੂ ਬਿੰਬਾਂ ਦੀ ਵਰਤੋਂ ਕਰਨ ਵਿੱਚ ਕਦੇ ਝਿਜਕ ਮਹਿਸੂਸ ਨਹੀਂ ਕੀਤੀ। ਇਹ ਗੱਲ ਸਾਫ ਹੋ ਚੁੱਕੀ ਹੈ ਕਿ ਅੰਨਾ ਦੇ ਅੰਦੋਲਨ ਵਿੱਚ ਆਰ ਐੱਸ ਐੱਸ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ (ਵੀ ਐੱਚ ਪੀ) ਦਾ ਪੂਰਾ ਹੱਥ ਸੀ। ਭਾਰਤਾ ਮਾਤਾ ਦੇ ਬੈਨਰ ਹੇਠ ਵਿੱਢੇ ਉਸ ਅੰਦੋਲਨ ਦੇ ਬਿੰਬ, ਲਹਿਜ਼ਾ ਤੇ ਭਾਸ਼ਾ ਨੂੰ ਲੋਕ ਸੇਵਾ ਤੇ ਭਿ੍ਰਸ਼ਟਾਚਾਰ ਦੇ ਖਾਤਮੇ ਦੇ ਨਾਂਅ ਉੱਤੇ ਰਾਸ਼ਟਰਵਾਦ ਦਾ ਖੂਬ ਤੜਕਾ ਲਾਇਆ ਗਿਆ ਸੀ।
ਨੌਂ ਸਾਲ ਪਹਿਲਾਂ 2012 ਵਿੱਚ ਜਦੋਂ ਆਮ ਆਦਮੀ ਪਾਰਟੀ ਬਣੀ, ਉਦੋਂ ਤੋਂ ਇਸ ਨੇ ਕਾਫੀ ਲੰਮਾ ਸਫਰ ਕੀਤਾ ਹੈ। ਕੌਮੀ ਜਨ ਜਾਗ੍ਰਿਤੀ ਦੀ ਤਬਦੀਲੀ ਦੇ ਮਾਹੌਲ ਵਿੱਚ ਦਿੱਲੀ ਵਿੱਚ ਭਾਜਪਾ ਨੂੰ ਦੋ ਵਾਰ ਵਿਧਾਨ ਸਭਾ ਚੋਣਾਂ ਵਿੱਚ ਧੂੜ ਚਟਾ ਚੁੱਕੀ ਆਮ ਆਦਮੀ ਪਾਰਟੀ ਅੱਜਕੱਲ੍ਹ ਜ਼ਾਹਰਾ ਤੌਰ ਉੱਤੇ ਵਿਸ਼ਵਾਸ ਕਰਦੀ ਹੈ ਕਿ ਉਹ ਭਾਜਪਾ ਨੂੰ ਉਸੇ ਦੀ ਖੇਡ ਵਿੱਚ ਮਾਤ ਦੇ ਕੇ, ਭਾਵ ਹਿੰਦੂ ਪੱਤਾ ਖੇਡ ਕੇ ਸਿਆਸਤ ਵਿੱਚ ਆਪਣੀ ਹੋਂਦ ਬਚਾ ਸਕਦੀ ਅਤੇ ਪੈਰ ਪਸਾਰ ਸਕਦੀ ਹੈ। ਇਸ ਦਾ ਇੱਕ ਮਤਲਬ ਇਹ ਵੀ ਹੈ ਕਿ ਮੁਸਲਿਮ ਮੁੱਦਿਆਂ ਤੋਂ ਪਾਸਾ ਵੱਟ ਕੇ ਰੱਖਿਆ ਜਾਵੇ, ਘੱਟਗਿਣਤੀਆਂ ਦੇ ਹੱਕ ਦੀ ਖਾਸ ਗੱਲ ਨਾ ਕੀਤੀ ਜਾਵੇ, ਪਰ ਘੱਟਗਿਣਤੀਆਂ ਉਪਰ ਉਵੇਂ ਹਮਲਾ ਵੀ ਨਾ ਕੀਤਾ ਜਾਵੇ, ਜਿਵੇਂ ਭਜਾਪਾ ਕਰਦੀ ਹੈ।
ਇਸ ਲਈ ਫਰਵਰੀ 2020 ਦੀਆਂ ਚੋਣਾਂ ਵੇਲੇ ਜਦੋਂ ਮਾਹੌਲ ਭਖਿਆ ਹੋਇਆ ਸੀ ਤਾਂ ਆਮ ਆਦਮੀ ਪਾਰਟੀ ਨੇ ਨਾ ਕੇਵਲ ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਪ੍ਰਦਰਸ਼ਨਾਂ ਤੋਂ ਦੂਰੀ ਬਣਾਈ ਰੱਖੀ, ਸਗੋਂ ਉਨ੍ਹਾਂ ਮੁੱਦਿਆਂ ਤੋਂ ਵੀ ਪਾਸਾ ਵੱਟ ਲਿਆ, ਜਿਨ੍ਹਾਂ ਬਾਰੇ ਉਸ ਦੀ ਸਮਝ ਸੀ ਕਿ ਇਹ ਉਸ ਲਈ ਫਾਹੀ ਬਣ ਸਕਦੇ ਹਨ, ਜਿੱਥੇ ਭਾਜਪਾ, ਵਿਰੋਧੀ ਪਾਰਟੀਆਂ ਨੂੰ ਹਿੰਦੂ ਵਿਰੋਧੀ ਹੋਣ ਦਾ ਕੋਈ ਮੌਕਾ ਅਜਾਈਂ ਨਹੀਂ ਜਾਣ ਦੇਵੇਗੀ। ਇਸ ਕਰ ਕੇ ਹਿੰਦੂ ਪੱਤਾ ਖੇਡਣ ਦੀ ਚਾਲ ਸਿਰਫ ਉਤਰਾਖੰਡ ਤੱਕ ਸੀਮਤ ਨਹੀਂ। ਆਮ ਆਦਮੀ ਪਾਰਟੀ ਨੇ ਉੱਤਰ ਪ੍ਰਦੇਸ਼ ਅੰਦਰ ਵੀ ਆਪਣੀ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਬੜੇ ਸ਼ਾਨਦਾਰ ਢੰਗ ਨਾਲ ਕੀਤੀ ਹੈ, ਜਿਸ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਯੁੱਧਿਆ ਵਿੱਚ ਰਾਮ ਜਨਮ ਭੂਮੀ ਅਤੇ ਹਨੂੰਮਾਨ ਗੜ੍ਹੀ ਮੰਦਰਾਂ ਵਿੱਚ ਪੂਜਾ ਕਰਦੇ ਨਜ਼ਰ ਆਏ। ਉੱਤਰ ਪ੍ਰਦੇਸ਼ ਵਿੱਚ ਇਸ ਪਾਰਟੀ ਦੀ ਹੈਸੀਅਤ ਜ਼ਿਆਦਾ ਵੱਡੀ ਨਹੀਂ, ਇਸ਼ ਦੀ ਖਾਹਸ਼ ਹੋ ਸਕਦੀ ਸੀ ਕਿ ਸਮਾਜਵਾਦੀ ਪਾਰਟੀ ਨਾਲ ਹੱਥ ਮਿਲਾ ਲਿਆ ਜਾਵੇ, ਪਰ ਉਹ ਆਪਣੇ ਦਮ ਉੱਤੇ ਪਛਾਣ ਬਣਾਉਣ ਦੀ ਕੋਸ਼ਿਸ਼ ਵਿੱਚ ਹੈ ਤੇ ਅਯੁੱਧਿਆ ਤੋਂ ਚੋਣ ਬਿਗਲ ਵਜਾ ਕੇ ਉਸ ਨੇ ਸੂਬੇ ਦੇ ਲੋਕਾਂ ਦਾ ਧਿਆਨ ਖਿੱਚਿਆ ਹੈ। ਇਸ ਦੇ ਆਗੂਆਂ ਦਾ ਮੰਨਣਾ ਹੈ ਕਿ ਜਦੋਂ ਉਹ ਆਪਣੇ ਹਿੰਦੂ ਹੋਣ ਉੱਤੇ ਜ਼ੋਰ ਦਿੰਦੇ ਹਨ ਤਾਂ ਇਸ ਤੋਂ ਭਾਜਪਾ ਪ੍ਰੇਸ਼ਾਨ ਹੁੰਦੀ ਹੈ।
ਆਮ ਆਦਮੀ ਪਾਰਟੀ ਦੀ ਪੁਜ਼ੀਸ਼ਨ ਦਾ ਖੁਲਾਸਾ ਕਿਵੇਂ ਵੀ ਕੀਤਾ ਜਾਵੇ, ਅੱਜ ਉਸ ਨੂੰ ਆਪਣੀ ਹਿੰਦੂਵਾਦੀ ਪਛਾਣ ਦਰਸਾਉਣ ਵਿੱਚ ਕੋਈ ਸੰਗ ਮਹਿਸੂਸ ਨਹੀਂ ਹੁੰਦੀ ਤੇ ਦੇਖਾ ਦੇਖੀ ਕਾਂਗਰਸ ਵੀ ਇਸੇ ਰਾਹੇ ਵਧ ਰਹੀ ਹੈ। ਫਰਕ ਸਿਰਫ ਇੰਨਾ ਹੈ ਕਿ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਹੈ ਕਿ ਕਿਹੜੇ ਰਾਜਾਂ ਅੰਦਰ ਉਸ ਨੂੰ ਇਹ ਰਾਹ ਫੜਨਾ ਪੈਣਾ ਹੈ, ਜਿਨ੍ਹਾਂ ਵਿੱਚ ਪੰਜਾਬ ਵੱਖਰੀ ਮਿਸਾਲ ਹੈ। ਦੂਜੇ ਬੰਨੇ ਕਾਂਗਰਸ ਇਹ ਕੰਮ ਛਾਤੀ ਠੋਕ ਕੇ ਨਹੀਂ ਕਰ ਸਕਦੀ ਅਤੇ ਕਦੇ ਹਿੰਦੂ ਬਿੰਬਾਂ ਦੇ ਮੁਹਾਵਰਿਆਂ ਨੂੰ ਉਭਾਰ ਕੇ ਪੇਸ਼ ਕਰਦੀ ਹੈ ਤੇ ਕੁਝ ਹੋਰ ਸਮਿਆਂ `ਤੇ ਦੂਰੀ ਬਣਾ ਲੈਂਦੀ ਹੈ। ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਭਾਜਪਾ ਨੇ ਪੱਛਮੀ ਬੰਗਾਲ ਦੀ ਸੱਤਾ ਖੋਹਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ ਤਾਂ ਮਮਤਾ ਬੈਨਰਜੀ ਨੇ ਨੰਦੀਗ੍ਰਾਮ ਵਿੱਚ ਵੋਟਾਂ ਤੋਂ ਇੱਕ ਦਿਨ ਪਹਿਲਾਂ ਐਲਾਨੀਆਂ ਆਖਿਆ ਸੀ: ‘ਮੈਂ ਹਿੰਦੂ ਹਾਂ’ ਅਤੇ ਉਸ ਨੇ ਚੰਡੀ ਪਾਠ ਵੀ ਕੀਤਾ ਸੀ ਅਤੇ ਦੱਸਿਆ ਸੀ ਕਿ ਹਰ ਰੋਜ਼ ਘਰੋਂ ਚੱਲਣ ਤੋਂ ਪਹਿਲਾਂ ਇਹ ਪਾਠ ਕਰਦੇ ਹਾਂ। ਉਨ੍ਹਾਂ ਖਬਰਦਾਰ ਕੀਤਾ ਸੀ ਕਿ ‘ਚੰਗਾ ਹੋਵੇਗਾ, ਭਾਜਪਾ ਮੇਰੇ ਨਾਲ ਹਿੰਦੂ ਪੱਤਾ ਨਾ ਖੇਡੇ’।
ਭਾਜਪਾ ਨੇ ਜਿਸ ਕਿਸਮ ਦਾ ਮਹਾਂ ਪ੍ਰਚਾਰ ਵਿੱਢ ਰੱਖਿਆ ਹੈ, ਉਸ ਦੇ ਕਾਰਨ ਇਹ ਸਾਰੀਆਂ ਪਾਰਟੀਆਂ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੀਆਂ ਹਨ। ਉਤਰ ਪ੍ਰਦੇਸ਼ ਵਿੱਚ ਮੁੱਖ ਵਿਰੋਧੀ ਧਿਰ ਸਮਾਜਵਾਦੀ ਪਾਰਟੀ ਵੀ ਕੁਝ ਹੱਦ ਤੱਕ ਹਿੰਦੂ ਚਿੰਨ੍ਹਾਂ ਦੀ ਵਰਤੋਂ ਕਰਦੀ ਹੈ, ਪਰ ਸਭ ਤੋਂ ਵੱਧ ਅਫਸੋਸ ਬਹੁਜਨ ਸਮਾਜ ਪਾਰਟੀ ਨੂੰ ਦੇਖ ਕੇ ਹੁੰਦਾ ਹੈ, ਜੋ ਦੱਬੇ ਕੁਚਲੇ ਲੋਕਾਂ ਦੀ ਦੁਹਾਈ ਦਿੰਦੀ ਰਹੀ ਹੈ। ਅੱਜ ਬਸਪਾ ਸ਼ਾਇਦ ਹੀ ਕਦੇ ਇਨ੍ਹਾਂ ਲੋਕਾਂ ਦੇ ਲਈ ਮੂੰਹ ਖੋਲ੍ਹਦੀ ਹੈ ਤੇ ਇਸ ਉੱਤੇ ਦੋਸ਼ ਲੱਗਦੇ ਹਨ ਕਿ ਇਹ ਉਤਰ ਪ੍ਰਦੇਸ਼ ਵਿੱਚ ਭਾਜਪਾ ਦੀ ਸਹਿਯੋਗੀ ਪਾਰਟੀ ਵਾਂਗ ਵਿਚਰ ਰਹੀ ਹੈ। ਇਸ ਵੇਲੇ ਇਹ ਆਪਣੇ ਦਲਿਤ ਆਧਾਰ ਦਾ ਬ੍ਰਾਹਮਣਾਂ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਇੱਕ ਦੂਜੇ ਤੋਂ ਬਿਲਕੁਲ ਵਿਰੋਧੀ ਮੰਨੇ ਜਾਂਦੇ ਹਨ। ਪਾਰਟੀ ਦੀ ਮੁਖੀ ਮਾਇਆਵਤੀ ਦੀ ਸੱਜੀ ਬਾਂਹ ਸਤੀਸ਼ ਚੰਦਰ ਮਿਸ਼ਰਾ ਨੇ ਕਿਹਾ ਸੀ ਕਿ ਜੇ ਪਾਰਟੀ ਸੱਤਾ ਵਿੱਚ ਆਈ ਤਾਂ ਅਯੁੱਧਿਆ ਵਿੱਚ ਰਾਮ ਮੰਦਰ ਬਣਾਉਣ ਵਿੱਚ ਤੇਜ਼ੀ ਲਿਆਵੇਗੀ ਕਿਉਂਕਿ ਭਾਜਪਾ ਮੰਦਰ ਨਿਰਮਾਣ ਲਈ ਕੋਈ ਖਾਸ ਕੰਮ ਨਹੀਂ ਕਰ ਸਕੀ।
ਸਮਾਜਕ ਨਿਆਂ ਦਾ ਦਮ ਭਰਨ ਵਾਲੀ ਇਹ ਪਾਰਟੀ ਆਸਾਨੀ ਨਾਲ ਆਰਥਿਕ ਤੇ ਸਮਾਜਕ ਨਿਆਂ, ਬੇਰੁਜ਼ਗਾਰੀ, ਭੁੱਖਮਰੀ ਤੇ ਲਾਚਾਰੀ ਦੇ ਮੁੱਦੇ ਉਠਾ ਸਕਦੀ ਹੈ, ਪਰ ਜਾਪਦਾ ਹੈ ਕਿ ਬਸਪਾ ਡਾਕਟਰ ਬੀ ਆਰ ਅੰਬੇਡਕਰ ਦੇ ਆਦਰਸ਼ਾਂ ਤੇ ਸੰਵਿਧਾਨ ਦੇ ਉਨ੍ਹਾਂ ਅਸੂਲਾਂ ਤੋਂ ਲਾਂਭੇ ਜਾ ਚੁੱਕੀ ਹੈ, ਜੋ ਧਰਮ ਤੇ ਰਾਜ ਨੂੰ ਵੱਖ ਰੱਖਣ ਉੱਤੇ ਜ਼ੋਰ ਦਿੰਦੇ ਹਨ। ਸਿਆਸਤ ਦੀ ਭੇਡਚਾਲ ਹੈ ਕਿ ਬਹੁਤ ਸਾਰੀਆਂ ਗੈਰ ਭਾਜਪਾ ਪਾਰਟੀਆਂ ਸ਼ਾਇਦ ਇਹ ਮੰਨ ਕੇ ਚੱਲ ਰਹੀਆਂ ਹਨ ਕਿ ਆਪਣੀਆਂ ਸਿਆਸੀ ਲੜਾਈਆਂ ਲੜਨ ਦੇ ਯੋਗ ਬਣਨ ਲਈ ਉਨ੍ਹਾਂ ਦਾ ਹਿੰਦੂਤਵੀ ਪ੍ਰਵਚਨ ਦਾ ਹਿੱਸਾ ਬਣਨਾ ਜ਼ਰੂਰੀ ਹੈ।
ਜਿੱਥੋਂ ਤੱਕ ਭਾਰਤ ਨੂੰ ਬਦਲਣ ਦੇ ਆਰ ਐੱਸ ਐੱਸ ਦੇ ਟੀਚੇ ਦਾ ਸਵਾਲ ਹੈ, ਇਸ ਪੱਖੋਂ ਇਸ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੋਣਾ ਚਾਹੀਦਾ। ਭਾਜਪਾ ਬਾਕੀਆਂ ਨਾਲੋਂ ਆਪਣੇ ਵਧੇਰੇ ਹਿੰਦੂ ਹੋਣ ਦਾ ਵਿਖਾਲਾ ਕਰ ਸਕਦੀ ਹੈ, ਪਰ ਇਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਨਕਲ ਹੀ ਖੁਸ਼ਾਮਦ ਦੀ ਸਭ ਤੋਂ ਵਧੀਆ ਕਲਾ ਮੰਨੀ ਜਾਂਦੀ ਹੈ। ਦੂਜੇ ਬੰਨੇ ਵਿਰੋਧੀ ਪਾਰਟੀਆਂ ਹੁਣ ਆਪਣੀ ਸਿਆਸਤ ਵਿੱਚ ਰਣਨੀਤਕ ਤੌਰ ਉੱਤੇ ਹਿੰਦੂਤਵ ਦੀ ਭਾਸ਼ਾ ਦਾ ਇਸਤੇਮਾਲ ਕਰ ਰਹੀਆਂ ਹਨ, ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਕਿ ਇਹ ਉਨ੍ਹਾਂ ਦੇ ਸੂਤ ਆ ਵੀ ਸਕੇਗਾ ਜਾਂ ਨਹੀਂ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ