Welcome to Canadian Punjabi Post
Follow us on

19

August 2022
ਸੰਪਾਦਕੀ

ਕੰਜ਼ਰਵੇਟਿਵਾਂ ਦੀ ਸੌਂਕਣ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਰੋਲ ਦੀ ਪੜਚੋਲ?

September 13, 2021 08:44 AM

ਪੰਜਾਬੀ ਪੋਸਟ ਸੰਪਾਦਕੀ

ਸਤੰਬਰ 2018 ਵਿੱਚ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਤੋਂ ਅਸਤੀਫਾ ਦੇਣ ਤੋਂ ਤੁਰੰਤ ਬਾਅਦ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਲੀਡਰ ਅਤੇ ਸਾਬਕਾ ਕੰਜ਼ਰਵੇਟਿਵ ਮੰਤਰੀ ਮੈਕਸਿਮ ਬਰਨੀਏ ਦਾ ਬਿਆਨ ਸੀ, ‘ਮੈਂ ਇਹ ਮਹਿਸੂਸ ਕਰ ਲਿਆ ਹੈ ਕਿ ...ਇਸ ਪਾਰਟੀ (ਭਾਵ ਕੰਜ਼ਰਵੇਟਿਵ) ਦਾ ਬੌਧਿਕ ਅਤੇ ਇਖਲਾਕੀ ਰੂਪ ਵਿੱਚ ਦਿਵਾਲਾ ਨਿਕਲ ਚੁੱਕਾ ਹੈ ਅਤੇ ਹੁਣ ਇਸਨੂੰ ਸੁਧਾਰਿਆ ਨਹੀਂ ਜਾ ਸਕਦਾ’। ਬਰਨੀਏ ਦਾ ਇਹ ਵੀ ਦੋਸ਼ ਸੀ ਕਿ ਤਤਕਾਲੀ ਕੰਜ਼ਰਵੇਟਿਵ ਪਾਰਟੀ ਆਗੂ ਐਂਡਰੀਊ ਸ਼ੀਅਰ ਨੇ ਕੰਜ਼ਰਵੇਟਿਵ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ ਅਤੇ ਬਰਨੀਏ ਲੋਕਾਂ ਨੂੰ ਖੁਸ਼ ਕਰਨ ਅਤੇ ਵੋਟਾਂ ਖਾਤਰ ਲੇਲੜੀਆਂ ਕੱਢਣ ਵਾਲੀ ਸਿਆਸਤ ਦਾ ਪੱਲਾ ਛੱਡ ਕੇ ਸਿੱਧੀ ਅਤੇ ਸਪੱਸ਼ਟ ਰਾਜਨੀਤੀ ਦਾ ਰਾਹ ਅਪਣਾਏਗਾ।

ਜੇ ਕਦੇ ਇਤਮੀਨਾਨ ਵਿੱਚ ਨਿਊ ਡੈਮੋਕਰੈਟਿਕ ਪਾਰਟੀ (ਐਨ ਡੀ ਪੀ) ਵਾਲਿਆਂ ਨੂੰ ਪੁੱਛਿਆ ਜਾਵੇ ਤਾਂ ਉਹਨਾਂ ਦਾ ਲਿਬਰਲਾਂ ਬਾਰੇ ਖਿਆਲ ਹੁੰਦਾ ਹੈ ਕਿ ਇਹ ਲਿਬਰਲ ਖਿਆਲਾਂ ਤੋਂ ਤਲਾਕ ਲੈ ਚੁੱਕੇ ਹਨ ਅਤੇ ਇਸ ਖੱਪੇ ਨੂੰ ਪੂਰਾ ਕਰਨ ਦੀ ਪੂਰੀ ਜੁੰਮੇਵਾਰੀ ਸਾਡੇ ਉੱਤੇ ਆਪ ਪਈ ਹੈ। ਕੋਈ ਸ਼ੱਕ ਨਹੀਂ ਕਿ ‘ਐਨ ਡੀ ਪੀ’ ਨੂੰ ਲਿਬਰਲ ਦੀ B ਟੀਮ ਕਿਹਾ ਜਾਂਦਾ ਹੈ।

20 ਸਤੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਵਿੱਚ ਜੋ ਰੋਲ ਪੀਪਲਜ਼ ਪਾਰਟੀ ਆਫ ਕੈਨੇਡਾ ਰੋਲ ਅਦਾ ਕਰੇਗੀ, ਉਸਨੂੰ ਕੰਜ਼ਰਵੇਟਿਵਾਂ ਦੀ B ਟੀਮ ਨਹੀਂ ਕਿਹਾ ਜਾ ਸਕਦਾ ਕਿਉਂਕਿ ਮੈਕਸਿਮ ਬਰਨੀਏ ਦੀ ਪਾਰਟੀ ਕੰਜ਼ਰਵੇਟਿਵ ਲਈ ਵਿਰੋਧੀ ਟੀਮ ਸਾਬਤ ਹੋਵੇਗੀ। ਕੈਨੇਡਾ ਦੇ ਕਈ ਹਿੱਸਿਆਂ ਖਾਸ ਕਰਕੇ ਉਂਟੇਰੀਓ ਅਤੇ ਬੀ.ਸੀ. ਦੇ ਦਿਹਾਤੀ ਇਲਾਕਿਆਂ ਵਿੱਚ ਇਸਦੀ ਹਰਮਨ-ਪਿਆਰਤਾ 9 ਤੋਂ 10% ਤੱਕ ਹੈ। CBC ਦੇ Poll Trackerਅਨੁਸਾਰ ਕੌਮੀ ਪੱਧਰ ਉੱਤੇ ਇਸਨੂੰ 5.3% ਵੋਟਾਂ ਮਿਲਣ ਦੀ ਸੰਭਾਵਨਾ ਹੈ। ਪੀਪਲਜ਼ ਪਾਰਟੀ ਵੱਲੋਂ ਸੋਸ਼ਲ ਕੰਜ਼ਰਵੇਟਿਵ ਕਦਰਾਂ ਕੀਮਤਾਂ ਜੋ ਕੱਟੜਪੰਥੀ ਸੱਜੇ ਪੱਖੀ ਸੁਰ ਵਾਲੀਆਂ ਹੁੰਦੀਆਂ ਹਨ, ਨੂੰ ਅਪਣਾਇਆ ਹੀ ਨਹੀਂ ਜਾਂਦਾ ਸਗੋਂ ਉਹਨਾਂ ਸਹਾਰੇ ਹੀ ਆਪਣੇ ਸਮਰੱਥਕਾਂ ਨੂੰ ਨਾਲ ਜੋੜ ਕੇ ਰੱਖਿਆ ਜਾਂਦਾ ਹੈ। ਪ੍ਰੋਗੈਰਸਿਵ ਕੰਜ਼ਰਵੇਟਿਵਾਂ ਦੀ ਦੁਬਿਧਾ ਇਹ ਰਹਿੰਦੀ ਹੈ ਕਿ ਉਹ ਚੋਣਾਂ ਤੋਂ ਪਹਿਲਾਂ ਸੋਸ਼ਲ ਕੰਜ਼ਰਵੇਟਿਵਾਂ ਨੂੰ ਨਾਲ ਲੈ ਕੇ ਚੱਲਣ ਦਾ ਪ੍ਰਭਾਵ ਦੇਂਦੇ ਹਨ ਪਰ ਚੋਣਾਂ ਵੇਲੇ ਖੁਦ ਨੂੰ ‘ਬਿਗ ਟੈਂਟ ਪਾਰਟੀ’ ਬਣਾਉਣ ਲਈ ਸੋਸ਼ਲ ਕੰਜ਼ਰਵੇਟਿਵਾਂ ਤੋਂ ਦੂਰੀ ਬਣਾ ਲਈ ਜਾਂਦੀ ਹੈ। ਮਿਸਾਲ ਵਜੋਂ ਐਰਿਨ ਓ ਟੂਲ ਨੇ ਗਰਭਪਾਤ, ਇੰਮੀਗਰੇਸ਼ਨ, ਮਲਟੀਕਲਚਰਰਿਜ਼, ਵਾਤਾਵਰਤਣ, ਐਲ ਜੀ ਬੀ ਟੀ ਕਿਊ ਆਦਿ ਮੁੱਦਿਆਂ ਉੱਤੇ ਉਹ ਪਹੁੰਚ ਨਹੀਂ ਅਪਣਾ ਸਕਦੇ ਸਨ ਜਿਹੜੀ ਉਹਨਾਂ ਦੇ ਸੋਸ਼ਲ ਕੰਜ਼ਰਵੇਟਿਵ ਭਾਈ ਬੰਧੂ ਚਾਹੁੰਦੇ ਹਨ।

‘ਐਨ ਡੀ ਪੀ’ ਬਾਰੇ ਇਹ ਗੱਲ ਸਪੱਸ਼ਟ ਹੈ ਕਿ ਉਸਦੇ ਆਗੂ ਵਾਤਾਵਰਣ, ਲੇਬਲ ਮੁਹਿੰਮ, ਇਕਾਨਮੀ ਆਦਿ ਉੱਤੇ ਐਸੇ ਧੱੜਲੇਦਾਰ ਬਿਆਨ ਦੇਣ ਦੀ ਖੁੱਲ ਰੱਖਦੇ ਹਨ ਜੋ ਆਮ ਹਾਲਾਤਾਂ ਵਿੱਚ ਲਿਬਰਲ ਆਗੂ ਸੋਚ ਵੀ ਨਹੀਂ ਸਕਦੇ। ਪਰ ਜਦੋਂ ਵੋਟਾਂ ਦੇ ਦਿਨ ਨੇੜੇ ਆਉਂਦੇ ਹਨ ਤਾਂ ਲਿਬਰਲ ਪਾਰਟੀ ਵੱਲੋਂ ਜਾਣਬੁੱਝ ਕੇ ਐਨ ਡੀ ਪੀ ਦੀ ਬਰਾਬਰਤਾ ਕਰਨ ਵਾਲੇ ਵਾਅਦੇ ਕਰ ਦਿੱਤੇ ਜਾਂਦੇ ਹਨ ਜਿਹਨਾਂ ਦਾ ਆਰਥਕ ਤਰਕ ਵਜੋਂ ਕੋਈ ਸਿਰ ਪੈਰ ਵੀ ਨਹੀਂ ਹੁੰਦਾ। ਹੁੰਦਾ ਇਹ ਹੈ ਕਿ ਬਹੁਤ ਸਾਰੇ ਉਹ ਵੋਟਰ ‘ਐਨ ਡੀ ਪੀ’ ਅਤੇ ਲਿਬਰਲ ਵਿੱਚੋਂ ਕਿਸੇ ਇੱਕ ਨੂੰ ਚੁਣਨ ਦੀ ਦੁੱਚਿਤੀ ਵਿੱਚ ਹੁੰਦੇ ਹਨ, ਉਹ ਕਿਸੇ ਹੱਦ ਤੱਕ ਲਿਬਰਲ ਪਾਰਟੀ ਦੇ ਹੱਕ ਵਿੱਚ ਭੁਗਤ ਜਾਂਦੇ ਹਨ। ਬਹੁਮਤ ਮਿਲਣ ਦੀ ਸੂਰਤ ਵਿੱਚ ‘ਐਨ ਡੀ ਪੀ’ ਤੋਂ ਡਰ ਕੇ ਕੀਤੇ ਵਾਅਦਿਆਂ ਪ੍ਰਤੀ ਲਿਬਰਲ ‘ਹਮ ਆਪ ਕੇ ਹੈਂ ਕੌਣ’ ਵਾਲੀ ਪਹੁੰਚ ਅਪਣਾ ਲੈਂਦੇ ਹਨ। ਜੇ ਘੱਟ ਗਿਣਤੀ ਸਰਕਾਰ ਬਣੇ ਤਾਂ ਲੋੜ ਮੁਤਾਬਕ ‘ਐਨ ਡੀ ਪੀ’ ਵੱਲੋਂ ਬਾਂਹ ਮਰੋੜਨ ਉੱਤੇ ਰਾਜ਼ੀ ਹੋ ਜਾਂਦੇ ਹਨ। ਮਿਸਾਲ ਵਜੋਂ ਪਿਛਲੇ ਸਾਲ Canadian Emergency Benefit Program (CEBP) ਪਾਸ ਕਰਵਾਉਣ ਬਦਲੇ ਐਨ ਡੀ ਪੀ ਨੇ ਸਰਕਾਰ ਨੂੰ ਸਿੱਕ ਲੀਵ ਦੇ ਦਾਇਰੇ ਨੂੰ ਮੋਕਲਾ ਲਈ ਮਜ਼ਬੂਰ ਕੀਤਾ ਸੀ।

ਦੂਜੇ ਪਾਸੇ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਲਈ ਇਹ ਸੋਚਣਾ ਵੀ ਮੁਸ਼ਕਲ ਹੈ ਕਿ ਉਹ ਸੋਸ਼ਲ ਕੰਜ਼ਰਵੇਟਿਵਾਂ (ਪੀਪਲਜ਼ ਪਾਰਟੀ ਆਫ ਕੈਨੇਡਾ) ਨਾਲ ਕਿਸੇ ਮੁੱਦੇ ਉੱਤੇ ਸਹਿਮਤ ਹੋ ਸਕਦੇ ਹਨ। ਵੈਸੇ ਵੀ ਪੀਪਲਜ਼ ਪਾਰਟੀ ਨੂੰ ਆਪਣੇ ਬਲਬੂਤੇ ਪਾਰਲੀਮੈਂਟ ਵਿੱਚ ਕੋਈ ਸੀਟ ਮਿਲਣ ਦੀ ਸੰਭਾਵਨਾ ਨਹੀਂ ਹੈ। ਸਿੱਟਾ ਇਹ ਕਿ ਪੀਪਲਜ਼ ਪਾਰਟੀ ਦਾ ਇੱਕੋ ਇੱਕ ਰੋਲ ਪ੍ਰੋਗੈਰਵਿਸ ਕੰਜ਼ਰਵੇਟਿਵਾਂ ਦੇ ਸਿਆਸੀ ਹਿੱਤਾਂ ਨੂੰ ਨੁਕਸਾਨ ਕਰਨਾ ਹੋ ਨਿੱਬੜਦਾ ਹੈ। ਕੰਜ਼ਰਵੇਟਿਵ ਲੀਡਰ ‘ਐਰਿਨ ਓ ਟੂਲ’ ਲਈ ਵੱਡੀ ਚੁਣੌਤੀ ਹੈ ਕਿ ਦਿਹਾਤੀ ਇਲਾਕਿਆਂ ਵਿੱਚ ਵੱਸਦੇ ਸੱਜੇ ਪੱਖੀ -ਧਾਰਮਿਕਤਾ ਨਾਲ ਜੁੜੇ ਰਿਵਾਇਤੀ ਸੋਸ਼ਲ ਕੰਜ਼ਰਵੇਟਿਵ ਵੋਟਰਾਂ ਵਿੱਚ ਆਪਣਾ ਆਧਾਰ ਕਾਇਮ ਰੱਖਦੇ ਹੋਏ ਸ਼ਹਿਰੀ ਇਲਾਕਿਆਂ ਵਿੱਚ ਬਦਲ ਚੁੱਕੀ ਲੋਕਤਾਂਤਰਿਕ ਸੱਚਾਈ ਦਾ ਸਾਹਮਣਾ ਕਿਵੇਂ ਕਰੇ? ਭਾਵ ਸ਼ਹਿਰੀ ਇਲਾਕਿਆਂ ਵਿੱਚ ਪਾਏ ਜਾਂਦੇ ਵੰਨ ਸੁਵੰਨੇ (ਮਲਟੀਕਲਚਰਲ) ਵੋਟ ਬੈਂਕ ਵਿੱਚ ਪੈਂਠ ਕਿਵੇਂ ਬਣਾਈ ਜਾਵੇ ਅਤੇ ਦਿਹਾਤੀ ਇਲਾਕਿਆਂ ਵਿੱਚ ਸੋਸ਼ਲ ਕੰਜ਼ਰਵੇਟਿਵ ਸੋਚ ਦਾ ਸਾਹਮਣਾ ਕਿਵੇਂ ਕੀਤਾ ਜਾਵੇ। ਐਰਿਨ ਓ ਟੂਲ ਵਾਸਤੇ ਇਹ ਦੋ ਹੱਥਾਂ ਵਿੱਚ ਲੱਡੂ ਰੱਖਣ ਬਰਾਬਰ ਕੰਮ ਹੈ ਜਦੋਂ ਕਿ ਮੈਕਸਿਮ ਬਰਨੀਏ ਦਾ ਉਦੇਸ਼ ਲੱਡੂ ਖਾਣਾ ਨਹੀਂ ਸਗੋਂ ਐਰਿਨ ਓ ਟੂਲ ਦੇ ਹੱਥ ਆਏ ਲੱਡੂਆਂ ਨੂੰ ਭੂੰਜੇ ਸੁੱਟਣਾ ਹੈ।

Have something to say? Post your comment