Welcome to Canadian Punjabi Post
Follow us on

01

July 2025
 
ਸੰਪਾਦਕੀ

ਜੇਲ੍ਹਾਂ ਵਿੱਚ ਘੱਟ ਗਿਣਤੀਆਂ ਦੀ ਨਫ਼ਰੀ ਦਾ ਮੁੱਦਾ

May 28, 2021 09:35 AM

ਪੰਜਾਬੀ ਪੋਸਟ ਸੰਪਾਦਕੀ

ਬੀਤੇ ਦਿਨੀਂ ਯੂਨੀਵਰਸਿਟੀ ਆਫ਼ ਟੋਰਾਂਟੋ, ਰਾਇਰਸਨ ਯੂਨੀਵਰਸਿਟੀ, ਮੈਕਮਾਸਟਰ ਯੂਨੀਵਰਸਿਟੀ, ਸੇਂਟ ਮਾਈਕਲ ਹਸਪਤਾਲ ਅਤੇ ਗੈਰ-ਮੁਨਾਫ਼ਾ ਸੰਸਥਾ ਦੁਆਰਾ ਇੱਕ ਸਾਂਝੀ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਕਾਲੇ ਭਾਈਚਾਰੇ ਨਾਲ ਸਬੰਧਿਤ ਲੋਕਾਂ ਦੇ ਉਂਟੇਰੀਓ ਦੀਆਂ ਜੇਲ੍ਹਾਂ ਵਿੱਚ ਸਮਾਂ ਕੱਟਣ ਬਾਰੇ ਤਕਲੀਫ਼ਦੇਹ ਅੰਕੜੇ ਸਾਹਮਣੇ ਆਏ ਹਨ। ਰਿਪੋਰਟ ਮੁਤਾਬਕ ਉਂਟੇਰੀਓ ਵਿੱਚ ਬਲੈਕ ਕਮਿਉਨਿਟੀ ਨਾਲ ਸਬੰਧਤ ਹਰ ਪੰਦਰਵੇਂ ਆਦਮੀ ਨੂੰ ਕਿਸੇ ਸਮੇਂ ਜੇਲ੍ਹ ਦਾ ਮੂੰਹ ਵੇਖਣਾ ਪਿਆ ਹੈ। ਵ੍ਹਾਈਟ ਭਾਈਚਾਰੇ ਵਿੱਚ ਇਹ ਦਰ 70 ਵਿਅਕਤੀਆਂ ਪਿੱਛੇ ਇੱਕ ਹੈ। ਕੁੱਲ ਮਿਲਾ ਕੇ ਬਲੈਕ ਭਾਈਚਾਰੇ ਵਿੱਚ 1 ਲੱਖ ਲੋਕਾਂ ਪਿੱਛੇ 4109 ਵਿਅਕਤੀ ਜੇ਼ਲ੍ਹ ਹੰਢਾਉਂਦੇ ਹਨ ਜਦੋਂ ਕਿ ਵ੍ਹਾਈਟ ਭਾਈਚਾਰੇ ਲਈ ਇਹ ਦਰ ਇੱਕ ਲੱਖ ਪਿੱਛੇ 771 ਹੈ। ਬਲੈਕ ਅਤੇ ਵ੍ਹਾਈਟ ਨੂੰ ਛੱਡ ਕੇ ਹੋਰ ਭਾਈਚਾਰਿਆਂ ਲਈ 1 ਲੱਖ ਪਿੱਛੇ ਜੇਲ੍ਹ ਹੋਣ ਦੀ ਗਿਣਤੀ 1507 ਹੈ। ਸੁਆਲ ਉੱਠਦਾ ਹੈ ਕਿ ਇਹਨਾਂ ਹੋਰਾਂ ਵਿੱਚ ਕਿੰਨੇ ਸਾਊਥ ਏਸ਼ੀਅਨ ਹਨ ਜਾਂ ਹੋਰ ਸਪੱਸ਼ਟਤਾ ਨਾਲ ਗੱਲ ਕੀਤੀ ਜਾਵੇ ਤਾਂ ਕਿੰਨੇ ਪੰਜਾਬੀ ਹਨ?

ਬਲੈਕ ਭਾਈਚਾਰੇ ਦੇ ਨਾਲ ਨਾਲ ਮੂਲਵਾਸੀਆਂ ਦੀ ਜੇਲ੍ਹਾਂ ਵਿੱਚ ਨਫ਼ਰੀ ਇੱਕ ਹੋਰ ਅਹਿਮ ਮੁੱਦਾ ਹੈ ਜਿਸਤੋਂ ਨਜ਼ਰ ਉਹਲੇ ਨਹੀਂ ਕੀਤੀ ਜਾ ਸਕਦੀ। 2020 ਦੇ ਅੰਕੜਿਆਂ ਮੁਤਾਬਕ ਕੈਨੇਡਾ ਦੀਆਂ ਜੇਲ੍ਹਾਂ ਵਿੱਚ ਡੱਕੇ ਕੁੱਲ ਲੋਕਾਂ ਵਿੱਚੋਂ 30% ਮੂਲਵਾਸੀ ਸਨ ਜਦੋਂ ਕਿ ਇਹ ਕੈਨੇਡਾ ਦੀ ਵੱਸੋਂ ਦਾ ਸਿਰਫ਼ 4.9% ਹਨ। ਬਲੈਕ ਅਤੇ ਮੂਲਵਾਸੀ ਭਾਈਚਾਰਿਆਂ ਦਾ ਅਨੁਭਵ ਦੱਸਦਾ ਹੈ ਕਿ ਇਹ ਭਾਈਚਾਰੇ ਇਨਸਾਫ਼ ਲਈ ਗੁਹਾਰ ਕਰਨ ਵਿੱਚ ਦਹਾਕਿਆਂ ਤੋਂ ਨਹੀਂ ਸਗੋਂ ਸਦੀਆਂ ਤੋਂ ਇੰਤਜ਼ਾਰ ਕਰਦੇ ਆ ਰਹੇ ਹਨ ਅਤੇ ਇਹ ਇੰਤਜ਼ਾਰ ਹਾਲੇ ਜਾਰੀ ਹੈ। ਹਰ ਨਿਆਂ ਪੱਖੀ ਇਨਸਾਨ ਨੂੰ ਇਸ ਦੁਖਾਂਤ ਪ੍ਰਤੀ ਸੰਜੀਦਗੀ ਅਤੇ ਸੰਵੇਦਨਸ਼ੀਲਤਾ ਪੈਦਾ ਕਰਨ ਦੀ ਲੋੜ ਹੈ। ਇਸਦੇ ਨਾਲ ਹੀ ਇਹਨਾਂ ਭਾਈਚਾਰਿਆਂ ਦੇ ਅਨੁਭਵ ਸਾਨੂੰ ਸੋਚਣ ਲਈ ਮਜ਼ਬੂਰ ਕਰਦੇ ਹਨ ਕਿ ਜੇਲ੍ਹਾਂ ਵਿੱਚ ਕੈਦ ਸਾਡੇ ਆਪਣੇ ਭਾਈਚਾਰੇ ਬਾਰੇ ਅੰਕੜੇ ਕੀ ਹਨ? ਜੇਲ੍ਹਾਂ ਵਿੱਚ ਇਹਨਾਂ ਕੈਦੀਆਂ ਦੀਆਂ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਲੋੜਾਂ ਬਾਰੇ ਕੀ ਪ੍ਰਬੰਧ ਹਨ?

ਕੈਨੇਡਾ ਦੀਆਂ ਜੇਲ੍ਹਾਂ ਵਿੱਚ ਘੱਟ ਗਿਣਤੀ ਭਾਈਚਾਰਿਆਂ ਬਾਰੇ ਇੱਕ ਰਿਪੋਰਟ 2004 ਦੀ ਮਿਲਦੀ ਹੈ ਜਿਸ ਵਿੱਚ ਕਿਸੇ ਵਿਸ਼ੇਸ਼ ਕਮਿਉਨਟੀ ਬਾਰੇ ਗੱਲ ਨਾ ਕਰਕੇ ਸਮੁੱਚੀਆਂ ਘੱਟ ਗਿਣਤੀਆਂ ਦੇ ਅਨੁਭਵ ਦਾ ਜਿ਼ਕਰ ਮਿਲਦਾ ਹੈ। ਕੂਰੈਕਸ਼ਨਲ ਸਰਵਿਸ ਆਫ ਕੈਨੇਡਾ (Correctional Services of Canada) ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਘੱਟ ਗਿਣਤੀ ਨਾਲ ਸਬੰਧਿਤ ਕੈਦੀ ਮੁੱਖ ਧਾਰਾ ਦੇ ਕੈਦੀਆਂ ਦੇ ਮੁਕਾਬਲੇ ਘੱਟ ਉਮਰ ਦੇ ਹੁੰਦੇ ਹਨ ਅਤੇ ਜਿ਼ਆਦਾ ਕਰਕੇ ਇਹਨਾਂ ਨੂੰ ਡਰੱਗ ਨਾਲ ਸਬੰਧਿਤ ਜੁਰਮਾਂ ਕਾਰਣ ਕੈਦ ਹੋਈ ਹੁੰਦੀ ਹੈ। ਜੇ ਪੰਜਾਬੀ ਭਾਈਚਾਰੇ ਵਿੱਚ ਡਰੱਗ ਦੀ ਵਰਤੋਂ ਅਤੇ ਸਮੱਗਲਿੰਗ ਦੇ ਪਰੀਪੇਖ ਵਿੱਚ ਸੋਚਿਆ ਜਾਵੇ ਤਾਂ ਕੰਨ ਜਰੂਰ ਖੜੇ ਹੁੰਦੇ ਹਨ। ਵੈਸੇ 2014 ਵਿੱਚ ਤਿਆਰ ਹੋਈ ਇਸ ਰਿਪੋਰਟ ਤੋਂ ਬਾਅਦ ਹੁਣ ਤੱਕ ਦੇ 17 ਸਾਲ ਦੇ ਅਰਸੇ ਵਿੱਚ ਬਹੁਤ ਪਾਣੀ ਪੁੱਲਾਂ ਥੱਲਿਓਂ ਗੁਜ਼ਰ ਚੁੱਕਿਆ ਹੈ। ਇਸ ਗੱਲ ਨੂੰ ਕਬੂਲ ਕਰਨਾ ਹੋਵੇਗਾ ਕਿ ਇਤਿਹਾਸਕ ਰੂਪ ਵਿੱਚ ਸਾਊਥ ਏਸ਼ੀਅਨਾਂ ਦੀ ਜੇਲ੍ਹਾਂ ਵਿੱਚ ਨਫ਼ਰੀ ਘੱਟ ਰਹੀ ਹੈ ਪਰ ਪੰਜਾਬੀ ਵੱਸੋਂ ਬਾਰੇ ਅੰਕੜੇ ਬਿਲਕੁਲ ਉਪਲਬਧ ਨਹੀਂ ਹੋ ਪਾਏ ਹਨ।

ਕਿਸੇ ਸਮਾਜ ਵਿੱਚ ਹਰ ਸਮੇਂ ਸੁਧਾਰ ਦੀ ਗੁੰਜਾਇਸ ਬਣੀ ਰਹਿੰਦੀ ਹੈ। ਜੇਲ੍ਹਾਂ ਵਿੱਚ ਪੰਜਾਬੀਆਂ ਦੇ ਅਨੁਭਵਾਂ ਬਾਰੇ ਇੱਕ ਤੱਥਾਂ ਆਧਾਰਿਤ ਸਟੱਡੀ ਕੀਤੇ ਜਾਣ ਦੀ ਹੀ ਲੋੜ ਨਹੀਂ ਹੈ ਸਗੋਂ ਇਹ ਗੱਲ ਦੀ ਵੀ ਲੋੜ ਹੈ ਕਿ ਜੇਲ੍ਹਾਂ ਵਿੱਚ ਡੱਕੇ ਪੰਜਾਬੀਆਂ ਦੇ ਨਸਲਵਾਦ ਸਹਿਣ ਬਾਰੇ ਕੀ ਅਨੁਭਵ ਹਨ। ਇਹ ਇੱਕ ਗੰਭੀਰ ਵਿਸ਼ਾ ਹੈ ਜਿਸ ਬਾਰੇ ਸੱਭ ਤੋਂ ਪਹਿਲਾਂ ਗੱਲ ਮੀਡੀਆ ਕਰਮੀਆਂ, ਸਿਆਸੀ ਅਤੇ ਧਾਰਮਿਕ ਆਗੂਆਂ ਵੱਲੋਂ ਆਰੰਭੀ ਜਾਣੀ ਚਾਹੀਦੀ ਹੈ। ਮੀਡੀਆ ਦਾ ਰੋਲ ਸਿਰਫ਼ ਖਾਣੇ ਦੀਆਂ ਵਿਧੀਆਂ ਬਾਰੇ ਚਰਚਾ ਕਰਨ ਜਾਂ ਚੁਟਕਲੇ ਸੁਨਾਉਣ ਤੱਕ ਹੀ ਨਹੀਂ ਹੋਣਾ ਚਾਹੀਦਾ ਸਗੋਂ ਪਬਲਿਕ ਵਿੱਚ ਚੇਤਨਾ ਫੈਲਾਉਣ ਦੇ ਨਾਲ ਹਰ ਵਰਗ ਦੇ ਆਗੂਆਂ ਨੂੰ ਔਖੇ ਸੁਆਲ ਪੁੱਛਣਾ ਹੋਣਾ ਚਾਹੀਦਾ ਹੈ। ਇੱਕ ਸਿਹਤਮੰਦ ਸਮਾਜ ਸਿਰਜਣ ਵਿੱਚ ਨਿੱਗਰ ਮੀਡੀਆ ਅਤੇ ਸਿਆਣੇ ਸਿਆਸੀ ਧਾਰਮਿਕ ਆਗੂਆਂ ਦਾ ਅਹਿਮ ਰੋਲ ਹੁੰਦਾ ਹੈ। ਮੀਡੀਆ ਅਤੇ ਆਗੂਆਂ ਨੂੰ ਸਹੀ ਲੀਹ ਰੱਖਣ ਵਿੱਚ ਪਬਲਿਕ ਦਾ ਖੁਦ ਸਵਾਰਥ ਹੋਣਾ ਚਾਹੀਦਾ ਹੈ। ਇਸ ਮਨੋਰਥ ਦੀ ਪੂਰਤੀ ਲਈ ਗੰਭੀਰ ਪਹੁੰਚ ਨੂੰ ਅਪਨਾਉਣਾ ਸਮੇਂ ਦੀ ਲੋੜ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਬਰੈਂਪਟਨ `ਚ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ - ਮੱਘਰ ਸਿੰਘ ਟਰੂਡੋ ਲਈ ਮੁਸੀਬਤ ਬਣੇ ਪਰਵਾਸੀ ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ