Welcome to Canadian Punjabi Post
Follow us on

07

October 2022
ਬ੍ਰੈਕਿੰਗ ਖ਼ਬਰਾਂ :
ਲਾਸ ਵੇਗਸ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ 2 ਹਲਾਕ, 6 ਜ਼ਖ਼ਮੀਅਮਰੀਕਾ 'ਚ ਭਾਰਤੀ ਮੂਲ ਦੇ ਵਿਦਿਆਰਥੀ ਦਾ ਕਤਲ, ਕੋਰੀਆਈ ਰੂਮਮੇਟ ਹਿਰਾਸਤ 'ਚਇਤਿਹਾਸਕ ਮਸਜਿਦ 'ਚ ਜ਼ਬਰਦਸਤੀ ਦਾਖਲ ਹੋ ਕੇ ਕੀਤੀ ਪੂਜਾ਼, 9 ਲੋਕਾਂ 'ਤੇ ਮਾਮਲਾ ਦਰਜਚਾਈਲਡਕੇਅਰ ਸੈਂਟਰ ਵਿੱਚ ਦਾਖਲ ਹੋ ਕੇ ਗੰਨਮੈਨ ਨੇ ਚਲਾਈਆਂ ਗੋਲੀਆਂ, 24 ਬੱਚੇ, 11 ਬਾਲਗ ਹਲਾਕਕਰਨਜੀਤ ਕੌਰ ਬੈਂਸ ਨੇ ਇੱਕ ਮਿੰਟ ਵਿੱਚ ਸਭ ਤੋਂ ਵੱਧ ਬਾਡੀ ਵੇਟ ਸਕੁਐਟਸ ਕਰਕੇ ਵਿਸ਼ਵ ਰਿਕਾਰਡ ਬਣਾਇਆਪੰਜਾਬ ਨੇ ਪਹਿਲੀ ਵਾਰ 6 ਮਹੀਨਿਆਂ ਵਿੱਚ 10 ਹਜ਼ਾਰ ਕਰੋੜ ਜੀ.ਐਸ.ਟੀ. ਦਾ ਅੰਕੜਾ ਪਾਰ ਕੀਤਾ : ਚੀਮਾਆਪਣੀਆਂ ਮੰਗਾਂ ਮਨਾਉਣ ਲਈ ਅੱਧੀ ਰਾਤ ਨੂੰ ਪਾਣੀ ਵਾਲੀ ਟੈਂਕੀ `ਤੇ ਚੜ੍ਹੇ ਬੇਰੁਜ਼ਾਗਰ ਅਧਿਆਪਕਪਾਕਿਸਤਾਨ 'ਚ ਘਟੀਆ ਹਰਕਤ, ਗੁਰਦੁਆਰੇ 'ਚ ਜੁੱਤੀਆਂ ਪਾ ਕੇ ਫਿਲਮੀ ਕਲਾਕਾਰਾਂ ਨੇ ਕੀਤੀ ਸ਼ੂਟਿੰਗ, ਮਚਿਆ ਹੰਗਾਮਾ
ਸੰਪਾਦਕੀ

ਕੋਰੋਨਾ ਵਾਇਰਸ ਸਾਹਵੇਂ ਡਿੱਗਦੀਆਂ ਹੱਦਬੰਦੀਆਂ ਅਤੇ ਉੱਸਰਦੀਆਂ ਕੰਧਾਂ

April 23, 2021 09:34 AM

ਪੰਜਾਬੀ ਪੋਸਟ ਸੰਪਾਦਕੀ
ਕੱਲ ਫੈਡਰਲ ਸਰਕਾਰ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਫਲਾਈਟਾਂ ਉੱਤੇ ਅਸਥਾਈ ਰੂਪ ਵਿੱਚ ਰੋਕ ਲਾਉਣ ਦਾ ਐਲਾਨ ਕੀਤਾ ਹੈ। ਇਹ ਦੋਵੇਂ ਮੁਲਕ ਕੋਰੋਨਾ ਦੇ ਬਦਲਵੇਂ ਰੂਪ ਤੋਂ ਉਤਪਤ ਸਥਿਤੀ ਤੋਂ ਪੀੜਤ ਹਨ। ਖ਼ਬਰ ਹੈ ਕਿ ਭਾਰਤ ਵਿੱਚ ਪਾਏ ਗਏ ਜਾ ਰਹੇ ਕੋਵਿਡ-19 ਦੇ ਦੂਹਰੇ ਬਦਲਵੇਂ ਰੂਪ (Double mutant variant of Covid 19) ਦੇ ਕੈਨੇਡਾ ਪੁੱਜ ਜਾਣ ਦੀ ਪੁਸ਼ਟੀ ਹੋਣਾ ਇਸ ਫੈਸਲੇ ਦਾ ਕਾਰਣ ਹੈ। B.1.617. ਨਾਮਕ ਕੋਵਿਡ 19 ਦੇ ਇਸ ਬਦਲਵੇਂ ਰੂਪ ਦੇ ਕੱਲ ਬ੍ਰਿਟਿਸ਼ ਕੋਲੰਬੀਆ ਵਿੱਚ 39 ਕੇਸ ਰਿਪੋਰਟ ਕੀਤੇ ਗਏ ਸਨ। ਹਾਲਾਂਕਿ ਛੂਤਛਾਤ ਰੋਗਾਂ ਦੇ ਮਾਹਰਾਂ ਨੇ ਇਸ ਬਦਲਵੇਂ ਰੂਪ ਨੂੰ ਹਾਲੇ variant of concern ਕਰਾਰ ਨਹੀਂ ਦਿੱਤਾ ਹੈ ਪਰ ਚਾਰੇ ਪਾਸਿਓਂ ਪਏ ਦਬਾਅ ਤੋਂ ਬਾਅਦ ਭਾਰਤ ਪਾਕਿਸਤਾਨ ਤੋਂ ਆਉਣ ਵਾਲੀਆਂ ਫਲਾਈਟਾਂ ਬੰਦ ਕੀਤੀਆਂ ਗਈਆਂ ਹਨ। ਉਂਝ ਕੈਨੇਡਾ ਵਿੱਚ ਪਾਏ ਜਾਂਦੇ ਦੋ ਖਤਰਨਾਕ ਬਦਲਵੇਂ ਰੂਪ B.1.1.7 ਅਤੇ P.1 ਹਨ ਜਿਹਨਾਂ ਦੇ 73,000 ਐਕਟਿਵ ਕੇਸ ਹਨ।

ਕੋਰੋਨਾ ਵਾਇਰਸ ਵੱਲੋਂ ਢਾਹੇ ਜਾ ਰਹੇ ਕਹਿਰ ਦੇ ਸਨਮੁਖ ਸਮੁੱਚੇ ਵਿਸ਼ਵ ਦੀਆਂ ਸਰਕਾਰਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਅਤੇ ਕੈਨੇਡਾ ਵੀ ਇਸਦਾ ਅਪਵਾਦ ਨਹੀਂ ਹੈ। ਸਾਡੇ ਮੁਲਕ ਵਿੱਚ ਪਿਛਲੇ ਸਾਲ ਤੋਂ 1.16 ਮਿਲੀਅਨ ਕੋਰੋਨਾ ਕੇਸ ਹੋ ਚੁੱਕੇ ਹਨ। ਸਾਡੇ ੇ ਨੇਤਾਵਾਂ ਲਈ ਨਵੀਂ ਚੁਣੌਤੀ ਇਸ ਮਹਾਂਮਾਰੀ ਦੇ ਬਦਲਵੇਂ ਰੂਪਾਂ ਨਾਲ ਦੋ ਹੱਥ ਚਾਰ ਕਰਨਾ ਹੈ। ਪਰ ਲੋੜ ਚੁੱਕੇ ਜਾ ਰਹੇ ਕਦਮਾਂ ਦੀ ਸਿਆਸੀ ਨਜ਼ਰੀਏ ਤੋਂ ਪੜਚੋਲ ਕਰਨ ਦੀ ਥਾਂ ਸਮੁੱਚਤਾ ਨਾਲ ਵੇਖਣ ਦੀ ਹੈ। ਮਿਸਾਲ ਵਜੋਂ ਇੱਕ ਪਾਸੇ ਫੈਡਰਲ ਸਰਕਾਰ ਉੱਤੇ ਅੰਤਰਰਾਸ਼ਟਰੀ ਬਾਰਡਰ ਬੰਦ ਕਰਨ ਵਾਸਤੇ ਚਾਰੇ ਪਾਸੇ ਤੋਂ ਜੋਰ ਪਾਇਆ ਜਾ ਰਿਹਾ ਸੀ ਜੋ ਜਰੂਰੀ ਵੀ ਸੀ। ਦੂਜੇ ਪਾਸੇ ਉਂਟੇਰੀਓ ਦੇ ਪ੍ਰੀਮੀਅਰ ਵੱਲੋਂ ਖੇਡ ਗਰਾਉਂਡਾਂ ਨੂੰ ਬੰਦ ਕਰਨ ਅਤੇ ਗੈਰ ਜਰੂਰੀ ਵਾਹਨਾਂ ਵਿੱਚ ਘੁੰਮਣ ਵਾਲਿਆਂ ਉੱਤੇ ਪੁਲੀਸ ਨਿਗਰਾਨੀ ਦੇ ਹੁਕਮਾਂ ਦਾ ਅਜਿਹਾ ਵਿਰੋਧ ਹੋਇਆ ਕਿ ਕੱਲ ਉਸਨੂੰ ਅੱਥਰੂ ਕੇਰ ਕੇ ਮੁਆਫੀ ਮੰਗਣੀ ਪਈ। ਇਹ ਦੋਹਰੀ ਪਹੁੰਚ ਕਿਸ ਸੋਚ ਦੀ ਲਖਾਇਕ ਹੈ?

ਕੀ ਜ਼ੁਬਾਨ ਨੂੰ ਦੰਦਾਂ ਹੇਠ ਰੱਖ ਕਿ ਪੁੱਛਿਆ ਜਾ ਸਕਦਾ ਹੈ ਕਿ ਪਿਛਲੇ ਸਾਲ ਬਰੈਂਪਟਨ ਮਿਸੀਸਾਗਾ ਦੀਆਂ ਕੁੱਝ ਖੇਡ ਗਰਾਉਂਡਾਂ ਵਿੱਚ ਖੇਡਣ ਵਾਲੇ ਸਾਊਥ ਏਸ਼ੀਅਨ ਯੂਵਕਾਂ ਨੂੰ ਖਲਨਾਇਕ ਗਰਦਾਨਣ ਵਾਲੇ ਅਤੇ ਪੁਲੀਸ ਵੱਲੋਂ ਹਜ਼ਾਰਾਂ ਡਾਲਰਾਂ ਦੀਆਂ ਟਿਕਟਾਂ ਦੇਣ ਦੀਆਂ ਖਬਰਾਂ ਨੂੰ ਦੇਸ਼ ਭਗਤੀ ਦੱਸਣ ਵਾਲੇ ਕੌਣ ਸਨ? ਸਾਇੰਸਦਾਨਾਂ ਕੋਲੋਂ ਤਾਂ ਇਹ ਸੁਨਣ ਨੂੰ ਮਿਲਦਾ ਹੈ ਕਿ ਕੋਵਿਡ-19 ਰੰਗ ਰੂਪ, ਦੇਸ਼, ਭੇਸ ਭੂਸਾ ਵੇਖ ਕੇ ਹਮਲਾ ਨਹੀਂ ਕਰਦਾ। ਕੀ ਸਾਇੰਸਦਾਨਾਂ ਜਾਂ ਸੋਸ਼ਲ ਸਾਇੰਸਦਾਨਾਂ ਕੋਲ ਇਸ ਗੱਲ ਦਾ ਜਵਾਬ ਹੈ ਕਿ ਕੋਵਿਡ-19 ਦੇ ਸਿ਼ਕਾਰ ਲੋਕਾਂ ਨੂੰ ਨਸਲ ਅਤੇ ਰੰਗ ਦੇ ਆਧਾਰ ਉੱਤੇ ਵਿਤਕਰਾ ਕਿਉਂ ਸਹਿਣਾ ਪੈਂਦਾ ਹੈ?

ਬਰੈਂਪਟਨ ਅਤੇ ਮਿਸੀਸਾਗਾ ਦੇ ਸਾਊਥ ਏਸ਼ੀਅਨ ਭਾਈਚਾਰੇ ਨੂੰ ਪਿਛਲੇ ਇੱਕ ਸਾਲ ਤੋਂ ਜਿਸ ਕਦਰ ਚਾਰੇ ਪਾਸਿਓਂ ਨਸਲੀ ਟਿੱਪਣੀਆਂ ਦਾ ਸਿ਼ਕਾਰ ਹੋਣਾ ਪੈਂਦਾ ਰਿਹਾ ਹੈ, ਉਹ ਕੋਈ ਲੁਕਵੀਂ ਗੱਲ ਨਹੀਂ ਹੈ। ਹੁਣ ਭਾਰਤ ਤੋਂ ਆਉਣ ਵਾਲੀਆਂ ਫਲਾਈਟਾਂ ਦੇ ਬੰਦ ਹੋਣ ਤੋਂ ਬਾਅਦ ਨਸਲੀ ਟਿੱਪਣੀਆਂ ਦੀ ਗਿਣਤੀ ਦੇ ਹੋਰ ਵੱਧ ਜਾਣ ਦੀ ਸੰਭਾਵਨਾ ਹੋਰ ਵੱਧ ਗਈ ਹੈ। ਇਸ ਤੱਥ ਨੂੰ ਤਾਂ ਫਲਾਈਟਾਂ ਬੰਦ ਕਰਨ ਦਾ ਹੁਕਮ ਕਰਨ ਵੇਲੇ ਫੈਡਰਲ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਖੁਦ ਵੀ ਕਬੂਲ ਕੀਤਾ ਹੈ।

ਨਸਲਵਾਦ ਬਾਰੇ ਸ਼ੰਕਾ ਖੜਾ ਕਰਨ ਪਿੱਛੇ ਭਾਰਤ ਜਾਂ ਪਾਕਿਸਤਾਨ ਵਿੱਚ ਕੋਵਿਡ 19 ਦੀ ਬੇਹੱਦ ਫਿਕਰਮੰਦ ਸਥਿਤੀ ਅਤੇ ਉਸਤੋਂ ਪੈਦਾ ਹੋਣ ਵਾਲੇ ਖਤਰੇ ਤੋਂ ਅੱਖਾਂ ਮੀਟਣਾ ਨਹੀਂ ਹੈ। ਉਹਨਾਂ ਮੁਲਕਾਂ ਖਾਸਕਰਕੇ ਭਾਰਤ ਵਿੱਚ ਕਈ ਸ਼ਹਿਰਾਂ ਵਿੱਚ ਮਰਨ ਵਾਲਿਆਂ ਨੂੰ ਦਫਨਾਉਣ ਜਾਂ ਸੰਸਕਾਰ ਦੇ ਪ੍ਰਬੰਧ ਵੀ ਪੂਰੇ ਨਹੀਂ ਹੋ ਰਹੇ, ਇਲਾਜ ਤਾਂ ਇੱਕ ਪਾਸੇ ਰਿਹਾ। ਸੋ ਸੁਆਲ ਫਲਾਈਟਾਂ ਬੰਦ ਕਰਨ ਦੇ ਫੈਸਲੇ ਉੱਤੇ ਨਹੀਂ ਹੈ ਸਗੋਂ ਸੁਆਲ ਸਮੁੱਚਤਾ ਦੀ ਘਾਟ ਉੱਤੇ ਉੱਠਦਾ ਹੈ।

ਸਰਕਾਰੀ ਅੰਕੜੇ ਦੱਸਦੇ ਹਨ ਕਿ 5 ਅਪਰੈਲ ਤੋਂ 17 ਅਪਰੈਲ ਦਰਮਿਆਨ ਭਾਰਤ ਤੋਂ 29 ਫਲਾਈਟਾਂ ਆਈਆਂ ਜਿਹਨਾਂ ਵਿੱਚ ਘੱਟੋ ਘੱਟ ਇੱਕ ਪਾਜਿ਼ਟਿਵ ਕੋਰੋਨਾ ਦਾ ਕੇਸ ਜਰੂਰ ਪਾਇਆ ਗਿਆ। ਦਿਲਚਸਪ ਗੱਲ ਇਹ ਕਿ ਇਸ ਅਰਸੇ ਦੌਰਾਨ 23 ਫਲਾਈਟਾਂ ਯੂਰਪ ਤੋਂ ਅਤੇ 22 ਅਮਰੀਕਾ ਤੋਂ ਕੈਨੇਡਾ ਆਈਆਂ ਅਤੇ ਇਹਨਾਂ ਸਾਰੀਆਂ ਵਿੱਚ ਵੀ ਕੋਵਿਡ ਪਾਜਿ਼ਟਿਵ ਯਾਤਰੀ ਪਾਏ ਗਏ। ਜੇ ਗੱਲ ਕੈਨੇਡੀਅਨਾਂ ਦੀ ਸੁਰੱਖਿਆ ਹੈ ਤਾਂ ਦੋ ਸੁਆਲਾਂ ਦੇ ਜਵਾਬ ਪੁੱਛੇ ਜਾਣੇ ਬਣਦੇ ਹਨ।

ਪਹਿਲਾ ਸੁਆਲ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਕੋਵਿਡ-19 ਬਾਰੇ ਮਾਡਲ ਤਿਆਰ ਕਰਨ ਦੇ ਮਾਹਰ ਕੈਰੋਲਿਨ ਕੋਲੀਜਿਨ ਦਾ ਹੈ। ਉਹ ਪੁੱਛਦਾ ਹੈ ਕਿ ਭਾਰਤ ਜਾਂ ਹੋਰ ਦੇਸ਼ਾਂ ਤੋਂ ਆਉਣ ਵਾਲੀਆਂ ਫਲਾਈਟਾਂ ਨੂੰ ਸਮੇਂ ਸਿਰ ਭਾਵ ਅੱਜ ਤੋਂ ਕੁੱਝ ਹਫ਼ਤੇ ਪਹਿਲਾਂ ਬੰਦ ਕਿਉਂ ਨਾ ਕੀਤਾ ਗਿਆ? ਦੂਜਾ ਸੁਆਲ ਯੂਨੀਵਰਸਿਟੀ ਆਫ ਓਟਾਵਾ ਦੇ ਮਹਾਮਾਰੀਆਂ ਬਾਰੇ ਮਾਹਰ ਜਾਣਕਾਰੀ ਰੱਖਣ ਵਾਲੇ ਪ੍ਰੋਫੈਸਰ ਰੇਅਵਤ ਦੀਓਨੰਦਨ ਦਾ ਹੈ। ਉਸਦਾ ਪੁੱਛਣਾ ਹੈ ਕਿ ਭਾਰਤ ਪਾਕਿਸਤਾਨ ਦੇ ਨਾਲ ਨਾਲ ਯੂਰਪ ਅਤੇ ਅਮਰੀਕਾ ਆਦਿ ਤੋਂ ਆਉਣ ਵਾਲੀਆਂ ਫਲਾਈਟਾਂ ਨੂੰ ਬੰਦ ਨਾ ਕਰਨਾ ਚੰਗਾ ਫੈਸਲਾ ਕਿਵੇਂ ਹੈ?

ਵਿਸ਼ੇਸ਼ੱਗਾਂ ਦੀ ਗੱਲ ਤਾਂ ਸਹੀ ਹੋਵੇਗੀ ਹੀ ਪਰ ਆਮ ਵਿਅਕਤੀ ਦਾ ਸੁਆਲ ਤਾਂ ਸਿਰਫ਼ ਇਹ ਹੈ ਕਿ ਕੋਵਿਡ-19 ਐਨਾ ਕਿੰਨਾ ਸਿਆਣਾ ਕਿਵੇਂ ਹੋ ਗਿਆ ਜੋ ਭਾਰਤੀਆਂ ਪਾਕਿਸਤਾਨੀਆਂ ਦੀ ਪਿੱਠ ਚੜ ਕੇ ਤਾਂ ਆ ਜਾਂਦਾ ਹੈ ਪਰ ਹੋਰਾਂ ਥਾਵਾਂ ਵਾਲਿਆਂ ਨੂੰ ਬਖਸ਼ ਦੇਂਦਾ ਹੈ? ਕਿਤੇ ਕੋਵਿਡ ਵੀ ਨਸਲਵਾਦ ਦੀ ਬਿਮਾਰੀ ਨੂੰ ਲੈ ਕੇ ਹੀ ਤਾਂ ਨਹੀਂ ਸੀ ਜਨਮਿਆ?

Have something to say? Post your comment