Welcome to Canadian Punjabi Post
Follow us on

10

July 2025
 
ਨਜਰਰੀਆ

ਅੰਧਵਿਸ਼ਵਾਸ਼: ਅਗਿਆਨਤਾ ਦਾ ਸਿੱਟਾ

April 16, 2021 08:22 AM

-ਗੁਰਦੀਪ ਸਿੰਘ ਭੁੱਲਰ
ਅੱਜ ਦਾ ਮਨੁੱਖ ਸਮਾਜਕ ਵਾਤਾਵਰਣ ਵਿੱਚ ਰਹਿ ਰਿਹਾ ਹੈ ਤੇ ਸਮਾਜ ਦੇ ਪੂਰੇ ਤਾਣੇ-ਬਾਣੇ ਵਿੱਚ ਪਰੋਇਆ ਹੋਇਆ ਹੈ। ਮਨੁੱਖ ਦੀ ਹੋਂਦ ਨਾਲ ਸਮਾਜ ਦੀ ਉਤਪਤੀ ਹੋਈ ਅਤੇ ਫਿਰ ਅਸੀਂ ਸਾਰੇ ਇਸ ਸਮਾਜ ਦਾ ਹਿੱਸਾ ਬਣੇ। ਸਮਾਜ ਦੇ ਇਸ ਪੂਰੇ ਢਾਂਚੇ ਵਿੱਚ ਸਮੇਂ ਦੇ ਨਾਲ ਹੋਣ ਵਾਲੀਆਂ ਤਬਦੀਲੀਆਂ ਨੇ ਸਾਨੂੰ ਪ੍ਰਭਾਵਤ ਕੀਤਾ ਅਤੇ ਇਸ ਵਿੱਚ ਰਹਿਣ ਵਾਲੇ ਹਰ ਵਿਅਕਤੀ ਨੇ ਆਪਣੇ ਆਪ ਨੂੰ ਇਸ ਦੇ ਅਨੁਸਾਰ ਢਾਲ ਲਿਆ। ਕੁਦਰਤ ਵਿੱਚ ਹੋਣ ਵਾਲੀਆਂ ਕੁਝ ਘਟਨਾਵਾਂ ਦਾ ਮਨੁੱਖ ਦੇ ਦਿਮਾਗ ਉੱਤੇ ਡੂੰਘਾ ਅਸਰ ਹੋਇਆ ਅਤੇ ਫਿਰ ਇਸ ਨੂੰ ਅੰਦਰੋ ਅੰਦਰੀ ਹੋਣ ਵਾਲੀਆਂ ਇਨ੍ਹਾਂ ਘਟਨਾਵਾਂ ਦਾ ਡਰ ਅਤੇ ਸਹਿਮ ਸਤਾਉਣ ਲੱਗ ਪਿਆ।
ਕੁਦਰਤ ਦੇ ਨਿਯਮਾਂ ਤੋਂ ਅਣਜਾਣ ਇਨਸਾਨ ਇੰਝ ਸਹਿਜ ਜਾਂ ਅਚਨਚੇਤੀ ਵਾਪਰਦੇ ਕੁਝ ਵਰਤਾਰਿਆਂ ਨੂੰ ਕਿਸੇ ਚੰਦਰੀ ਆਤਮਾ ਜਾਂ ਗੈਬੀ ਸ਼ਕਤੀ ਦਾ ਕਹਿ ਮੰਨਣ ਲੱਗਾ। ਫਿਰ ਆਪਣੀ ਮਾਨਸਿਕ ਕਮਜ਼ੋਰੀ ਨੂੰ ਸਹਾਰਾ ਦੇਣ ਲਈ ਇਸ ਨੇ ਪੂਜਾ ਪਾਠ ਤੇ ਫਜ਼ੂਲ ਕਰਮ-ਕਾਂਡਾਂ ਦੀਆਂ ਅਨੇਕਾਂ ਵਿਧੀਆਂ ਅਪਣਾਈਆਂ, ਜਿਸ ਵਿੱਚੋਂ ਕਈ ਤਰ੍ਹਾਂ ਦੇ ਅੰਧ ਵਿਸ਼ਵਾਸਾਂ ਤੇ ਵਹਿਮਾਂ-ਭਰਮਾਂ ਨੇ ਜਨਮ ਲਿਆ। ਕੁਝ ਚਲਾਕ ਤੇ ਸ਼ਾਤਰ ਲੋਕਾਂ ਨੇ ਇਨਸਾਨ ਦੇ ਡਰ ਅਤੇ ਮਾਨਸਿਕ ਕਮਜ਼ੋਰੀ ਨੂੰ ਹੋਰ ਹੱਲਾਸ਼ੇਰੀ ਦਿੱਤੀ ਤੇ ਉਸ ਦੇ ਵਹਿਮਾਂ-ਭਰਮਾਂ ਨੂੰ ਪੱਕੇ ਕੀਤਾ।
ਬੇਸ਼ੱਕ ਇੱਕੀਵੀਂ ਸਦੀ ਦੇ ਯੁੱਗ ਵਿੱਚ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ, ਪਰ ਅੱਜ ਵੀ ਬਹੁਗਿਣਤੀ ਇਨਸਾਨ ਇਨ੍ਹਾਂ ਅੰਧ-ਵਿਸ਼ਵਾਸਾਂ ਤੇ ਵਹਿਮਾਂ-ਭਰਮਾਂ ਦੇ ਪ੍ਰਭਾਵ ਹੇਠ ਜੀਵਨ ਬਤੀਤ ਕਰ ਰਹੇ ਹਨ। ਸਾਡੀ ਨਿੱਜੀ ਜ਼ਿੰਦਗੀ ਵਿੱਚ ਇਨ੍ਹਾਂ ਵਹਿਮਾਂ ਭਰਮਾਂ ਦੇ ਅਜਿਹੇ ਕਈ ਪੱਖ ਹਨ, ਜਿਨ੍ਹਾਂ ਨੂੰ ਅਸੀਂ ਸ਼ਗਨ ਤੇ ਬਦਸ਼ਗਨੀ ਵਜੋਂ ਆਪਣੇ ਨਾਲ ਜੋੜਦੇ ਹਾਂ ਤੇ ਹਰ ਕੰਮ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਗੰਭੀਰਤਾ ਨਾਲ ਵਿਚਾਰਦੇ ਹਾਂ ਤਾਂ ਜੋ ਸਾਡਾ ਹੋਣ ਵਾਲਾ ਕੰਮ ਪੂਰਨ ਸਿੱਧ ਹੋਸ ਕੇ। ਅਕਸਰ ਵਹਿਮੀ ਲੋਕ ਬੁੱਧਵਾਰ ਤੇ ਸ਼ਨੀਵਾਰ ਨਵਾਂ ਕੱਪੜਾ ਪਹਿਨਣਾ, ਐਤਵਾਰ ਨੂੰ ਨਵੇਂ ਗਹਿਣੇ ਪਹਿਨਣਾ, ਸੂਰਜ ਨੂੰ ਪਾਣੀ ਦੇਣਾ, ਤੁਲਸੀ ਦੀ ਪੂਜਾ, ਅਕਾਸ਼ ਵਿੱਚ ਤਾਰਾ ਟੁੱਟਦਾ ਦੇਖਣਾ ਆਦਿ ਨੂੰ ਸ਼ੁਭ ਅਤੇ ਘਰੋਂ ਬਾਹਰ ਜਾਣ ਵੇਲੇ ਖਾਲੀ ਭਾਂਡਾ ਮੱਥੇ ਲੱਗਣਾ, ਬਿੱਲੀ ਦੇ ਰਸਤਾ ਕੱਟਣਾ, ਮੰਗਲ ਜਾਂ ਸ਼ਨੀਵਾਰ ਨੂੰ ਸਿਰ ਨਹਾਉਣਾ, ਵਿਆਹਾਂ ਵਿੱਚ ਕਾਲੇ ਕੱਪੜੇ ਦੀ ਵਰਤੋਂ, ਕੋਈ ਕੰਮ ਸ਼ੁਰੂ ਕਰਨ ਸਮੇਂ ਕਿਸੇ ਦੇ ਛਿੱਕ ਦੇਣ ਆਦਿ ਸਭ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ।
ਅਜਿਹੇ ਅਣਗਿਣਤ ਅੰਧ-ਵਿਸ਼ਵਾਸ ਹਨ, ਜੋ ਜਨਮ ਤੋਂ ਮਰਨ ਤੱਕ ਸਾਡੇ ਨਾਲ ਚੱਲਦੇ ਹਨ। ਇਨ੍ਹਾਂ ਵਹਿਮਾਂ ਭਰਮਾਂ ਦੇ ਪ੍ਰਫੁੱਲਤ ਹੋਣ ਦਾ ਅੱਜ ਇੱਕੋ ਇੱਕ ਮੂਲ ਕਾਰਨ ਇਹ ਹੈ ਕਿ ਸਾਡੇ ਵਿੱਚ ਅੱਜ ਵੀ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੈ, ਜੋ ਅਗਿਆਨਤਾ ਦੇ ਹਨੇਰੇ ਵਿੱਚ ਜ਼ਿੰਦਗੀ ਬਤੀਤ ਕਰਦੇ ਹਨ। ਬੌਧਿਕ ਪੱਧਰ ਤੋਂ ਕਮਜ਼ੋਰ ਹੋਣ ਕਾਰਨ ਇਹ ਲੋਕ ਭਰਮ ਭੁਲੇਖਿਆਂ ਉੱਤੇ ਆਪਣਾ ਵਿਸ਼ਵਾਸ ਅਡੋਲ ਰੱਖਦੇ ਹਨ ਤੇ ਅੰਧ-ਵਿਸ਼ਵਾਸ ਨੂੰ ਉਚ ਪੱਧਰ ਤੱਕ ਫੈਲਾਉਣ ਵਿੱਚ ਸਹਾਈ ਹੁੰਦੇ ਹਨ। ਬਹੁਤ ਸਾਰੇ ਪੜ੍ਹੇ-ਲਿਖੇ ਅਤੇ ਵਿਗਿਆਨੀ ਤੇ ਡਾਕਟਰ ਆਦਿ ਤੱਕ ਇਨ੍ਹਾਂ ਵਹਿਮਾਂ-ਭਰਮਾਂ ਨੂੰ ਮੰਨਦੇ ਹਨ। ਦੂਜੇ ਪਾਸੇ ਸਾਡੇ ਪ੍ਰਸਾਰਨ ਮਾਧਿਅਮ ਵੀ ਅੰਧ-ਵਿਸ਼ਵਾਸਾਂ ਨੂੰ ਦਿਨ-ਰਾਤ ਵੱਡੇ ਪੱਧਰ ਉੱਤੇ ਪ੍ਰਚਾਰਨ ਲੱਗੇ ਹੋਏ ਹਨ। ਇੱਕ ਪਾਸੇ ਜਿੱਥੇ ਡਿਸਕਵਰੀ ਸਾਇੰਸ ਜਿਹੇ ਚੈਨਲ ਇਨ੍ਹਾਂ ਵਹਿਮਾਂ-ਭਰਮਾਂ ਦਾ ਮੁੱਢ ਤੋਂ ਖੰਡਨ ਕਰ ਕੇ ਅਤੇ ਵਿਗਿਆਨ ਦਾ ਪੂਰਾ ਤਰਕ ਦੱਸਦੇ ਹੋਏ ਇਸ ਦੀ ਸਿੱਖਿਆ ਪ੍ਰਤੀ ਜਾਗਰੂਕ ਕਰਦੇ ਹਨ, ਉਥੇ ਜ਼ਿਆਦਾ ਚੈਨਲ ਸਾਰਾ ਦਿਨ ਰਾਸ਼ੀਫਲ, ਗ੍ਰਹਿ, ਤਾਰਾ ਮੰਡਲ ਤੇ ਸ਼ਨੀ-ਰਾਹੂ-ਕੇਤੂ ਦੀਆਂ ਕਰੋਪੀਆਂ ਤੋਂ ਬਚਮ ਦੇ ਉਪਾਅ ਦੱਸ ਕੇ ਸਾਨੂੰ ਇਨ੍ਹਾਂ ਵਹਿਮਾਂ-ਭਰਮਾਂ ਦੀ ਦਲਦਲ ਵਿੱਚ ਧਕੇਲ ਰਹੇ ਹਨ।
ਮਾਨਸਿਕ ਤੌਰ ਉੱਤੇ ਕਮਜ਼ੋਰ ਵਿਅਕਤੀ ਆਪਣੇ ਆਪ ਨੂੰ ਕਸ਼ਟਾਂ ਤੇ ਕਰੋਪੀਆਂ ਦਾ ਸ਼ਿਕਾਰ ਹੋਇਆ ਮੰਨਦਾ ਹੈ ਅਤੇ ਇਨ੍ਹਾਂ ਵਿੱਚੋਂ ਨਿਕਲਣ ਲਈ ਜੋਤਸ਼ੀ, ਤਾਂਤਰਿਕਾਂ ਤੇ ਢੌਂਗੀ ਬਾਬਿਆਂ ਦਾ ਸਹਾਰਾ ਲੈਂਦਾ ਹੈ। ਇਨ੍ਹਾਂ ਜੋਤਸ਼ੀਆਂ ਵੱਲੋਂ ਉਪਾਅ ਦੇ ਰੂਪ ਵਿੱਚ ਕਾਗਜ਼ ਉੱਤੇ ਲਿਖੇ ਮੰਤਰ ਨੂੰ ਘੋਲ ਕੇ ਪੀਣਾ, ਵੰਨਸੁਵੰਨੇ ਤਵੀਤਾਂ ਨੂੰ ਸਰੀਰ ਦੇ ਅੰਗਾਂ ਨਾਲ ਬੰਨ੍ਹਣਾ, ਰੰਗ ਬਿਰੰਗੇੇ ਧਾਗਿਆਂ ਨੂੰ ਗੰਢਾਂ ਦੇ ਕੇ ਗੁੱਟਾਂ ਉੱਤੇ ਬੰਨਣਾ, ਸੰਧੂਰ ਪਤਾਸੇ ਮਿਰਚਾਂ ਨਾਰੀਅਲ ਦੀ ਸਮੱਗਰੀ ਨੂੰ ਚੁਰਸਤੇ ਵਿੱਚ ਰੱਖਣਾ (ਟੂਣਾ ਕਰਨਾ) ਤੇ ਨਾਰੀਅਲ ਨੂੰ ਵਗਦੇ ਪਾਣੀ ਵਿੱਚ ਰੋੜ੍ਹਨਾ ਕਈ ਤਰ੍ਹਾਂ ਦੇ ਢਕਵੰਜ ਦੱਸੇ ਜਾਂਦੇ ਹਨ, ਜਿਨ੍ਹਾਂ ਵਿੱਚ ਫਸ ਕੇ ਵਿਅਕਤੀ ਮਾਨਸਿਕ ਰੋਗੀ ਹੋਣ ਦੇ ਨਾਲ ਆਪਣੀ ਆਰਥਿਕ ਲੁੱਟ ਕਰਾ ਬੈਠਦਾ ਹੈ। ਕਪਟ ਨਾਲ ਭਰੇ ਇਹ ਤਾਂਤਰਿਕ ਬਾਬੇ ਅਜਿਹੀ ਸਥਿਤੀ ਵਿੱਚ ਫਸੇ ਗਿਆਨ ਤੋਂ ਹੀਣੇ, ਪੜ੍ਹੇ ਲਿਖੇ ਮੂਰਖ ਤੇ ਭੋਲੇ ਭਾਲੇ ਲੋਕਾਂ ਨੂੰ ਮਾਨਸਿਕ ਪ੍ਰੇਸ਼ਾਨੀਆਂ ਵਿੱਚੋਂ ਕੱਢ ਕੇ ਤੇ ਸੁੱਖ-ਸ਼ਾਂਤੀ ਦੀਆਂ ਦਾਤਾਂ ਦੇਣ ਦੇ ਇਵਜ਼ ਵਿੱਚ ਉਨ੍ਹਾਂ ਦੇ ਧਨ ਦੀ ਖੂਬ ਲੁੱਟ ਕਰਦੇ ਹਨ। ਸੜਕਾਂ ਕੰਢੇ ਖੁਦ ਕੰਗਾਲੀ ਦੀ ਹਾਲਤ ਵਿੱਚ ਬੈਠ ਕੇ ਜਨਤਾ ਦਾ ਭਵਿੱਖ ਦੱਸਣ ਵਾਲਾ, ਉਨ੍ਹਾਂ ਨੂੰ ਕੁਬੇਰ ਦੇ ਖਜ਼ਾਨਿਆਂ ਦੀ ਦੱਸ ਪਾਉਣ ਵਾਲਾ ਇਹ ਜੋਤਸੀ ਲਾਣਾ ਅਗਿਆਨਤਾ ਦੇ ਹਨੇਰੇ ਵਿੱਚ ਭਟਕਦੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਦਿਨੋ-ਦਿਨ ਲੁੱਟ ਰਿਹਾ ਹੈ। ਜਨਤਾ ਦੀ ਖੂਨ ਪਸੀਨੇ ਦੀ ਕਮਾਈ ਲੁੱਟ ਕੇ ਇਸ ਪਾਖੰਡੀ ਲਾਣੇ ਨੇ ਆਪਣੇ ਕਾਰੋਬਾਰ ਨੂੰ ਏਨਾ ਵਧਾਇਆ ਕਿ ਦੁੱਖ ਤਕਲੀਫਾਂ ਤੋਂ ਨਿਜਾਤ ਪਾਉਣ ਦੇ ਤਰੀਕੇ ਦੱਸਣ ਲਈ ਅੱਜ ਆਪੋ ਆਪਣੇ ਸ਼ੋਅ ਰੂਮ ਦਫਤਰ ਖੋਲ੍ਹ ਕੇ ਬੈਠੇ ਹਨ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਲੋਕ ਅੱਜ ਵੀ ਛੋਟੀਆਂ-ਮੋਟੀਆਂ ਤਕਲੀਫਾਂ ਤੋਂ ਮੁਕਤ ਹੋਣ ਲਈ ਇਨ੍ਹਾਂ ਦੇ ਦਫਤਰਾਂ ਅੱਗੇ ਕਤਾਰਾਂ ਬਣਾ ਕੇ ਆਪਣਾ ਸਰਮਾਇਆ ਲੁਟਾ ਰਹੇ ਹਨ।
ਜੇ ਵਹਿਮਾਂ-ਭਰਮਾਂ ਦੇ ਮੂਲ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਆਪਣੀ ਕੋਈ ਰੂਪ ਰੇਖਾ ਨਹੀਂ ਤੇ ਇਹ ਮੁੱਢ ਤੋਂ ਅੰਤ ਤੱਕ ਸਭ ਬੇਬੁਨਿਆਦ ਹਨ। ਸਾਡੇ ਧਾਰਮਿਕ ਗ੍ਰੰਥ ਇਨ੍ਹਾਂ ਅੰਧ-ਵਿਸ਼ਵਾਸਾਂ ਦਾ ਮੁੱਢ ਤੋਂ ਹੀ ਖੰਡਨ ਕਰਦੇ ਹਨ ਤੇ ਸਾਨੂੰ ਇਨ੍ਹਾਂ ਵਿੱਚੋਂ ਨਿਕਲ ਕੇ ਉਚਾ ਸੁੱਚਾ ਜੀਵਨ ਬਤੀਤ ਕਰਨ ਨੂੰ ਪ੍ਰੇਰਦੇ ਹਨ। ਸਾਡੀ ਇਹ ਵੱਡੀ ਬਦਕਿਸਮਤੀ ਹੈ ਕਿ ਅਸੀਂ ਧਾਰਮਕ ਗ੍ਰੰਥਾਂ ਨੂੰ ਬੜੀ ਸ਼ਰਧਾ ਨਾਲ ਮੰਨਦੇ ਹਾਂ, ਪਰ ਇਨ੍ਹਾਂ ਦੀ ਵਿਚਾਰਧਾਰਾ ਨੂੰ ਦਿਲੋਂ ਨਹੀਂ ਸਵੀਕਾਰਦੇ। ਜਦ ਤੱਕ ਅਸੀਂ ਇਸ ਅੰਧ-ਵਿਸ਼ਵਾਸ ਦੀ ਦਲਦਲ ਵਿੱਚੋਂ ਬਾਹਰ ਨਹੀਂ ਆ ਜਾਂਦੇ, ਅਸੀਂ ਤਰੱਕੀ ਦੇ ਰਾਹ ਉੱਤੇ ਨਹੀਂ ਚੱਲ ਸਕਦੇ, ਕਿਉਂਕਿ ਇਸ ਤਰ੍ਹਾਂ ਦਾ ਪਾਖੰਡ ਕਰਨ ਨਾਲ ਸਾਡੀ ਦੌਲਤ ਤੇ ਵਕਤ ਦੋਵੇਂ ਖਰਾਬ ਹੁੰਦੇ ਹਨ, ਜੋ ਸਾਡੇ ਹਿੱਤ ਵਿੱਚ ਨਹੀਂ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਸੋਚ ਨੂੰ ਉਸਾਰੂ ਕਰੀਏ ਤੇ ਵਹਿਮਾਂ-ਭਰਮਾਂ ਦੇ ਮਾਨਸਿਕ ਤੌਰ ਉੱਤੇ ਗੁਲਾਮ ਨਾ ਹੋ ਕੇ ਇਨ੍ਹਾਂ ਪ੍ਰਤੀ ਜਾਗਰੂਕ ਹੋਈਏ। ਆਪਣੇ ਜੀਵਨ ਵਿੱਚ ਆਉਂਦੇ ਛੋਟੇ ਮੋਟੇ ਦੁੱਖਾਂ ਨੂੰ ਜ਼ਿੰਦਗੀ ਦਾ ਹਿੱਸਾ ਮੰਨ ਕੇ ਉਨ੍ਹਾਂ ਦਾ ਖਿੜੇ ਮੱਥੇ ਸਾਹਮਣਾ ਕਰੀਏ ਤੇ ਵਿਗਿਆਨਕ ਤਰੀਕੇ ਨਾਲ ਹਰ ਸਮੱਸਿਆ ਦਾ ਰਲ ਮਿਲ ਕੇ ਹੱਲ ਲੱਭੀਏ। ਇਸੇ ਤਰ੍ਹਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਫਰਜ਼ ਪਛਾਣਦੇ ਹੋਏ ਜ਼ਿਲਾ ਪੱਧਰ ਜਾਂ ਬਲਾਕ ਪੱਧਰ ਉੱਤੇ ਅਜਿਹੇ ਸੈਮੀਨਾਰ ਕਰਾਉਣ ਜਿਨ੍ਹਾਂ ਵਿੱਚ ਵਿਗਿਆਨ ਦੀ ਸਾਡੇ ਜੀਵਨ ਵਿੱਚ ਮਹੱਤਤਾ ਬਾਰੇ ਉਚੇਚੇ ਤੌਰ ਉੱਤੇ ਵਿਸ਼ੇਸ਼ ਜਾਣਕਾਰੀ ਤਫਤੀਸ਼ ਨਾਲ ਤੇ ਰੌਚਕ ਢੰਗ ਨਾਲ ਦਿੱਤੀ ਜਾਵੇ। ਇਸ ਤਰ੍ਹਾਂ ਸਾਡੀ ਸੋਚ ਦਾ ਢੰਗ ਬਦਲ ਜਾਵੇਗਾ ਤੇ ਮਨ ਅੰਦਰ ਨਵੀਂ ਚੇਤਨਾ ਪੈਦਾ ਹੋਵੇਗੀ। ਜਦੋਂ ਅਸੀਂ ਪੂਰਨ ਤੌਰ ਉੱਤੇ ਇਨ੍ਹਾਂ ਸਮਾਜਕ ਬੁਰਾਈਆਂ ਤੋਂ ਸੁਚੇਤ ਹੋ ਗਏ ਤਦ ਹੀ ਸਾਡਾ ਸਮਾਜ ਇੱਕੀਵੀਂ ਸਦੀ ਦਾ ਯੁੱਗ ਕਹਾਉਣ ਦਾ ਅਸਲ ਹੱਕਦਾਰ ਹੋਵੇਗਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ