ਓਨਟਾਰੀਓ, 7 ਅਪਰੈਲ (ਪੋਸਟ ਬਿਊਰੋ) : ਪ੍ਰੋਵਿੰਸ ਦੇ ਵੈਕਸੀਨ ਡਿਸਟਿ੍ਰਬਿਊਸ਼ਨ ਪਲੈਨ ਦੇ ਦੂਜੇ ਪੜਾਅ ਵਿੱਚ ਕੋਵਿਡ-19 ਦੀ ਸੱਭ ਤੋਂ ਵੱਧ ਮਾਰ ਸਹਿ ਰਹੇ ਇਲਾਕਿਆਂ ਵਿੱਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕ ਹੀ ਵੈਕਸੀਨੇਸ਼ਨ ਦੇ ਹੱਕਦਾਰ ਹੋਣਗੇ। ਇਹ ਐਲਾਨ ਪ੍ਰੀਮੀਅਰ ਡੱਗ ਫੋਰਡ ਵੱਲੋਂ ਬੁੱਧਵਾਰ ਨੂੰ ਕੀਤਾ ਗਿਆ।
ਬੁੱਧਵਾਰ ਦੁਪਹਿਰ ਨੂੰ ਕੁਈਨਜ਼ ਪਾਰਕ ਵਿਖੇ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੋਰਡ ਨੇ ਇਹ ਐਲਾਨ ਕੀਤਾ। ਇੱਥੇ ਹੀ ਉਨ੍ਹਾਂ ਓਨਟਾਰੀਓ ਵਿੱਚ ਇੱਕ ਹੋਰ ਸਟੇਟ ਆਫ ਐਮਰਜੰਸੀ ਦਾ ਐਲਾਨ ਵੀ ਕੀਤਾ। ਇਸ ਦੇ ਨਾਲ ਹੀ ਲੋਕਾਂ ਨੂੰ ਘੱਟੋ ਘੱਟ ਇੱਕ ਮਹੀਨੇ ਲਈ ਘਰਾਂ ਵਿੱਚ ਰਹਿਣ ਦੇ ਹੁਕਮ ਦਿੱਤੇ ਗਏ। ਅਗਲੇ ਹਫਤੇ ਤੋਂ ਸੁ਼ਰੂ ਕਰਦਿਆਂ ਟੋਰਾਂਟੋ ਤੇ ਪੀਲ ਰੀਜਨ ਦੇ ਹਾਈ ਰਿਸਕ ਏਰੀਆ ਦੇ ਐਜੂਕੇਸ਼ਨ ਵਰਕਰਜ਼ ਵੈਕਸੀਨ ਹਾਸਲ ਕਰਨ ਦੇ ਹੱਕਦਾਰ ਹੋਣਗੇ।
ਪ੍ਰੇਵਿੰਸ ਨੇ ਆਖਿਆ ਕਿ ਉਨ੍ਹਾਂ ਵੱਲੋਂ ਮੋਬਾਈਲ ਟੀਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਜਿਹੜੀਆਂ ਸੱਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਜਾਣਗੀਆਂ ਤੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਰੈਜ਼ੀਡੈਂਟਸ ਦਾ ਟੀਕਾਕਰਣ ਕੀਤਾ ਜਾਵੇਗਾ। ਪ੍ਰੋਵਿੰਸ ਨੇ ਦੱਸਿਆ ਕਿ ਹੌਟਸਪੌਟ ਵਾਲੇ ਇਲਾਕਿਆਂ ਵਿੱਚ ਕੰਮ ਵਾਲੀਆਂ ਵੱਡੀਆਂ ਥਾਂਵਾਂ ਉੱਤੇ ਸਾਰੇ ਬਾਲਗ ਵਰਕਰਜ਼ ਦੀ ਵੈਕਸੀਨੇਸ਼ਨ ਦਾ ਕੰਮ ਵੀ ਸੁ਼ਰੂ ਕੀਤਾ ਜਾਵੇਗਾ।
ਫੋਰਡ ਨੇ ਆਖਿਆ ਕਿ ਸੱਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਵੈਕਸੀਨ ਕਲੀਨਿਕ ਵੀ ਖੋਲ੍ਹੇ ਜਾਣਗੇ। ਪ੍ਰੋਵਿੰਸ ਵਿੱਚ ਅਜਿਹੀਆਂ 100 ਥਾਂਵਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਨੂੰ ਹੌਟ ਸਪੌਟ ਕਮਿਊਨਿਟੀਜ਼ ਦਾ ਦਰਜਾ ਦਿੱਤਾ ਗਿਆ ਹੈ।ਫੋਰਡ ਨੇ ਆਖਿਆ ਕਿ ਦੂਜੇ ਪੜਾਅ ਵਿੱਚ ਇਨ੍ਹਾਂ ਇਲਾਕਿਆਂ ਨੂੰ ਪਹਿਲ ਦਿੱਤੀ ਜਾਵੇਗੀ।