* ਐਚ-1 ਬੀ ਵੀਜ਼ਾ ਜਾਰੀ ਕਰਨ ਉੱਤੇ ਲੱਗੀ ਰੋਕ ਖਤਮ
ਨਵੀਂ ਦਿੱਲੀ, 1 ਅਪਰੈਲ, (ਪੋਸਟ ਬਿਊਰੋ)-ਅਮਰੀਕਾ ਦੀ ਸਰਕਾਰ ਨੇ ਆਪਣੇ ਰੁਜ਼ਗਾਰ ਬਾਜ਼ਾਰ ਉੱਤੇ ਨਜ਼ਰ ਰੱਖਦੇ ਹੋਏ ਭਾਰਤੀ ਆਈਟੀ ਪ੍ਰੋਫੈਸ਼ਨਲਜ਼ ਨੂੰ ਵੱਡੀ ਰਾਹਤ ਦੇ ਦਿੱਤੀ ਹੈ। ਸਰਕਾਰ ਦੇਇਸ ਐਲਾਨ ਨਾਲ ਵਿਦੇਸ਼ੀ ਕਾਮਿਆਂ ਨੂੰ ਜਾਰੀ ਕੀਤੇ ਜਾਂਦੇ ਐਚ-1 ਬੀ ਵੀਜ਼ਾ ਸਮੇਤ ਸਾਰੇ ਵੀਜਿ਼ਆਂ ਉੱਤੇ ਪਾਬੰਦੀ ਖਤਮ ਹੋ ਗਈ ਹੈ।
ਵਰਨਣ ਯੋਗ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 31 ਮਾਰਚ ਤੱਕ ਅਜਿਹੇ ਵੀਜਿ਼ਆਂ ਦੇ ਬਾਰੇ ਪਾਬੰਦੀ ਲਾ ਦਿੱਤੀ ਸੀ, ਪਰ ਜੋਅ ਬਾਇਡੇਨ ਦੀ ਸਰਕਾਰ ਇਸ ਪਾਬੰਦੀ ਨੂੰ ਅੱਗੇ ਵਧਾਉਣ ਦਾ ਕੋਈ ਨੋਟੀਫੀਕੇਸ਼ਨ ਜਾਰੀ ਨਹੀਂ ਕੀਤਾ ਤੇ ਇਹ ਖਤਮ ਹੋਣ ਦਿੱਤੀ ਹੈ। ਡੋਨਾਲਡ ਟਰੰਪ ਸਰਕਾਰ ਨੇ ਪਿਛਲੇ ਜੂਨਵਿੱਚ ਐਚ-1-ਬੀ ਸਮੇਤ ਵਿਦੇਸ਼ੀ ਕਰਮਚਾਰੀਆਂ ਨੂੰ ਜਾਰੀ ਕੀਤੇ ਜਾਂਦੇ ਸਾਰੇ ਵੀਜਿ਼ਆਂ ਉੱਤੇ 31 ਦਸੰਬਰ ਤੱਕ ਪਾਬੰਦੀ ਲਾ ਦਿੱਤੀ ਸੀ ਅਤੇਫਿਰ ਉਸਨੇ ਇਸ ਪਾਬੰਦੀ ਦੀ ਆਖਰੀ ਮਿਤੀ 31 ਮਾਰਚ ਤੱਕ ਵਧਾ ਦਿੱਤੀ ਸੀ, ਜਿਹੜੀ ਇਸ ਵਕਤ ਖਤਮ ਹੋ ਗਈ ਹੈ। ਡੋਨਾਲਡ ਟਰੰਪ ਦੀ ਦਲੀਲ ਸੀ ਕਿ ਆਰਥਿਕ ਗਤੀਵਿਧੀਆਂ ਦੇ ਸੁਧਾਰ ਵੇਲੇ ਇਹ ਵੀਜ਼ਾ ਅਮਰੀਕਾ ਦੀ ਲੇਬਰ ਮਾਰਕੀਟ ਲਈ ਖਤਰਾ ਹਨ। ਬਾਇਡੇਨ ਨੇ ਚੋਣ ਪ੍ਰਚਾਰ ਦੌਰਾਨ ਟਰੰਪ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਨੂੰ ਬੇਰਹਿਮ ਦੱਸਦੇ ਹੋਏ ਐਚ-1-ਬੀ ਵੀਜ਼ਾਦੀ ਸਸਪੈਂਸ਼ਨ ਹਟਾਉਣ ਦਾ ਵਾਅਦਾ ਕੀਤਾ ਸੀ।
ਅਸਲ ਵਿੱਚ ਐਚ-ਬੀ ਵੀਜ਼ਾ ਇਕ ਗੈਰ-ਪ੍ਰਵਾਸੀ ਵੀਜ਼ਾ ਹੈ, ਜਿਹੜਾ ਆਈ ਟੀ ਪ੍ਰੋਫੈਸ਼ਨਲਜ਼ ਵਿਚ ਬਹੁਤ ਵੱਡੀ ਆਸ ਦੀ ਕਿਰਨ ਮੰਨਿਆ ਜਾਂਦਾ ਹੈ। ਇਹ ਵੀਜ਼ਾ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਨੂੰ ਵਿਸ਼ੇਸ ਨੌਕਰੀਆਂ ਲਈ ਰੱਖਣ ਦਾ ਹੱਕ ਦੇਂਦਾ ਹੈ, ਜਿਨ੍ਹਾਂ ਦੀ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਉਨ੍ਹਾਂ ਕੰਪਨੀਆਂ ਨੂੰ ਲੋੜ ਹੁੰਦੀ ਹੈ। ਹਰ ਸਾਲ ਵੱਖ-ਵੱਖ ਸ਼੍ਰੇਣੀਆਂ ਵਿਚ ਏਦਾਂ ਦੇ 85 ਹਜ਼ਾਰ ਵੀਜ਼ਾ ਜਾਰੀ ਕੀਤੇ ਜਾਂਦੇ ਹਨ ਤੇ ਇਸ ਦਾ ਵੱਡਾ ਹਿੱਸਾ ਆਈ ਟੀ ਸੇਵਾਵਾਂ ਦੇ ਰਹੀਆਂ ਭਾਰਤੀ ਕੰਪਨੀਆਂ, ਜਿਵੇਂ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਲਿਮਟਿਡ, ਇਨਫੋਸਿਸ ਲਿਮਟਿਡ ਅਤੇ ਵਿਪਰੋ ਲਿਮਟਿਡ ਆਦਿ ਇਸਤੇਮਾਲ ਕਰਦੀਆਂ ਹਨ।