Welcome to Canadian Punjabi Post
Follow us on

10

July 2025
 
ਨਜਰਰੀਆ

ਪੰਜ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਪਿੜ ਭਖਿਆ

March 15, 2021 02:10 AM

-ਅੱਬਾਸ ਧਾਲੀਵਾਲ ਮਲੇਰਕੋਟਲਾ
ਚੋਣ ਕਮਿਸ਼ਨ ਨੇ ਦੇਸ਼ ਦੇ ਚਾਰ ਵੱਡੇ ਰਾਜਾਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ। ਜਾਰੀ ਸ਼ਡਿਊਲ ਮੁਤਾਬਕ 27 ਮਾਰਚ ਤੋਂ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਵੇਗਾ ਅਤੇ ਨਤੀਜੇ 2 ਮਈ ਨੂੰ ਐਲਾਨੇ ਜਾਣਗੇ। ਪੱਛਮੀ ਬੰਗਾਲ ਵਿੱਚ ਅੱਠ ਗੇੜਾਂ ਤੇ ਆਸਾਮ ਵਿੱਚ ਤਿੰਨ ਗੇੜਾਂ ਵਿੱਚ ਵੋਟਾਂ ਪੈਣਗੀਆਂ, ਜਦੋਂ ਕਿ ਤਾਮਿਲ ਨਾਡੂ, ਕੇਰਲ ਅਤੇ ਕੇਂਦਰੀ ਖੇਤਰ ਪੁੱਡੂਚੇਰੀ ਵਿੱਚ ਇੱਕੋ ਦਿਨ ਛੇ ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਪੱਛਮੀ ਬੰਗਾਲ ਵਿੱਚ 27 ਮਾਰਚ ਨੂੰ ਪੋਲਿੰਗ ਦਾ ਪਹਿਲਾ ਗੇੜ ਹੋਵੇਗਾ ਅਤੇ ਫਿਰ ਪਹਿਲੀ, 6, 10, 17, 22, 26 ਅਤੇ 29 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਆਸਾਮ ਵਿੱਚ 27 ਮਾਰਚ ਅਤੇ ਪਹਿਲੀ ਅਤੇ ਛੇ ਅਪ੍ਰੈਲ ਨੂੰ ਵੋਟਾਂ ਪੈਣਗੀਆਂ।
ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਦੀਆਂ 294 ਸੀਟਾਂ ਹਨ, ਤਾਮਿਲ ਨਾਡੂ ਵਿੱਚ 235, ਕੇਰਲ ਵਿੱਚ 140, ਆਸਾਮ ਵਿੱਚ 126 ਅਤੇ ਪੁੱਡੂਚੇਰੀ ਵਿੱਚ 30 ਸੀਟਾਂ। ਇਸ ਵਾਰ ਚੋਣਾਂ ਵਿੱਚ ਸਭ ਤੋਂ ਸਖਤ ਮੁਕਾਬਲਾ ਪੱਛਮੀ ਬੰਗਾਲ ਵਿੱਚ ਹੋ ਸਕਦਾ ਹੈ, ਜਿੱਥੇ ਹੁਕਮਰਾਨ ਤਿ੍ਰਣਮੂਲ ਕਾਂਗਰਸ, ਭਾਜਪਾ ਅਤੇ ਖੱਬੀਆਂ ਪਾਰਟੀਆਂ ਅਤੇ ਕਾਂਗਰਸ ਦੇ ਗਠਜੋੜ ਵਿਚਾਲੇ ਤਿਕੌਣੀ ਟੱਕਰ ਹੈ। ਇਨ੍ਹਾਂ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਜਿੱਥੇ ਹੈਟਿ੍ਰਕ ਮਾਰਨ ਦੀ ਫਿਰਾਕ ਵਿੱਚ ਹੈ, ਉਥੇ ਖੱਬੀਆਂ ਪਾਰਟੀਆਂ ਤੇ ਕਾਂਗਰਸ ਗਠਜੋੜ ਆਪਣੀ ਗੁਆਚੀ ਹੋਂਦ ਨੂੰ ਬਹਾਲ ਕਰਨ ਲਈ ਮੈਦਾਨ ਵਿੱਚ ਉਤਰੇਗਾ ਅਤੇ ਭਾਜਪਾ ਦਾ ਉਦੇਸ਼ ਮਮਤਾ ਬੈਨਰਜੀ ਨੂੰ ਪਛਾੜ ਕੇ ਖੁਦ ਪੱਛਮੀ ਬੰਗਾਲ ਵਿੱਚ ਸੱਤਾ 'ਤੇ ਬਿਰਾਜਮਾਨ ਹੋਣਾ ਹੋਵੇਗਾ। ਤਾਮਿਲ ਨਾਡੂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਵਿੱਚ ਕਾਂਗਰਸ ਅਤੇ ਡੀ ਐਮ ਕੇ ਅਤੇ ਖੱਬੀਆਂ ਪਾਰਟੀਆਂ ਦਾ ਗਠਜੋੜ ਪਹਿਲਾਂ ਹੀ ਬਣਿਆ ਹੈ, ਪਰ ਇਸ ਵਾਰ ਤਾਮਿਲ ਨਾਡੂ ਵਿੱਚ ਕਾਂਗਰਸ ਅਤੇ ਡੀ ਐਮ ਕੇ ਵਿੱਚ ਸੀਟਾਂ ਬਾਰੇ ਪੇਚ ਫਸ ਕੇ ਗੱਲ ਸਿਰੇ ਚੜ੍ਹ ਗਈ ਹੈ।
ਆਸਾਮ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿੱਚ ਸ਼ਾਮਲ ਬੋਡੋਲੈਂਡ ਪੀਪਲਜ਼ ਫਰੰਟ (ਬੀ ਪੀ ਐੱਫ) ਵੀ ਕਾਂਗਰਸ ਦੇ ਗਠਜੋੜ ਨਾਲ ਰਲ ਗਿਆ ਹੈ। ਇਸ ਬਾਰੇ ਬੀ ਪੀ ਐੱਫ ਦੇ ਪ੍ਰਧਾਨ ਹਗਰਾਮਾ ਮੋਹੀਲਾਰੀ ਦਾ ਕਹਿਣਾ ਹੈ ਕਿ ਅਮਨ, ਏਕਤਾ ਤੇ ਵਿਕਾਸ ਲਈ ਕੰਮ ਕਰਨ ਅਤੇ ਆਸਾਮ ਨੂੰ ਭਿ੍ਰਸ਼ਟਾਚਾਰ ਤੋਂ ਮੁਕਤ ਕਰ ਕੇ ਪਾਇਦਾਰ ਸਰਕਾਰ ਦੇਣ ਲਈ ਉਨ੍ਹਾਂ ਇਹ ਫੈਸਲਾ ਕੀਤਾ ਹੈ। ਅਸਲ ਵਿੱਚ ਬੀ ਪੀ ਐਫ ਨੇ ਭਾਜਪਾ ਦਾ ਸਾਥ ਨਾਗਰਿਕਤਾ ਸੋਧ ਕਾਨੂੰਨ ਕਾਰਨ ਛੱਡਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਬੀ ਪੀ ਐਫ ਦੇ ਮਹਾਂ ਗਠਜੋੜ ਵਿੱਚ ਸ਼ਾਮਲ ਹੋਣ ਨਾਲ ਨਤੀਜੇ ਕਾਫੀ ਅਸਰ ਅੰਦਾਜ਼ ਹੋ ਸਕਦੇ ਹਨ। ਓਥੇ ਰਾਸ਼ਟਰੀ ਜਨਤਾ ਦਲ ਵੀ ਆ ਗਿਆ ਹੈ। ਕਾਂਗਰਸੀ ਆਗੂ ਪ੍ਰਧਯੁਤ ਬੋਰਦੋਲੋਈ ਦਾ ਕਹਿਣਾ ਹੈ ਕਿ ਸਾਡੇ ਪੁਰਾਣੇ ਸਾਥੀ ਨਾਲ ਆ ਰਹੇ ਹਨ ਤੇ ਸਾਫ ਦਿਖਾਈ ਦੇ ਰਿਹਾ ਹੈ ਕਿ ਹਵਾ ਕਿਸ ਪਾਸੇ ਵਹਿ ਰਹੀ ਹੈ। ਭਾਜਪਾ ਇਸ ਵਾਰ ਆਸਾਮ ਗਣ ਪ੍ਰੀਸ਼ਦ ਅਤੇ ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ ਨਾਲ ਮਿਲ ਕੇ ਚੋਣ ਮੈਦਾਨ ਵਿੱਚ ਹੈ।
ਇਨ੍ਹਾਂ ਚੋਣਾਂ ਵਿੱਚ ਸਭ ਦੀ ਨਜ਼ਰ ਪੱਛਮੀ ਬੰਗਾਲ ਉਤੇ ਹੈ, ਕਿਉਂਕਿ ਇਸ ਸੂਬੇ ਵਿੱਚ ਜਿੱਥੇ ਭਾਜਪਾ ਪਿਛਲੇ ਕਈ ਮਹੀਨਿਆਂ ਤੋਂ ਤਿਆਰੀ ਵਿੱਚ ਰੁੱਝੀ ਹੈ, ਉਥੇ ਟੀ ਐੱਮ ਸੀ ਦੀ ਮੁਖੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਆਪਣੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਵਾਹ ਲਾ ਰਹੀ ਹੈ। ਪੱਛਮੀ ਬੰਗਾਲ ਵਿੱਚ 35 ਸਾਲ ਤੱਕ ਹਕੂਮਤ ਕਰਨ ਵਾਲੀਆਂ ਕਮਿਊਨਿਸਟ ਪਾਰਟੀਆਂ ਇਸ ਸੂਬੇ ਵਿੱਚ ਸਾਰਾ ਤਾਣ ਲਾ ਕੇ ਨਾਲ ਜੁਟੀਆਂ ਹਨ। ਇਸੇ ਰਣਨੀਤੀ ਹੇਠ ਅਸੈਂਬਲੀ ਚੋਣਾਂ ਦੇ ਐਲਾਨ ਤੋਂ ਬਾਅਦ ਖੱਬੀਆਂ ਪਾਰਟੀਆਂ, ਕਾਂਗਰਸ ਅਤੇ ਇੰਡੀਅਨ ਸੈਕੂਲਰ ਫਰੰਟ ਦੇ ਗਠਜੋੜ ਨੇ ਬੀਤੇ ਦਿਨੀਂ ਇੱਥੇ ਬ੍ਰਿਗੇਡ ਮੈਦਾਨ ਵਿੱਚ ਰੈਲੀ ਕਰ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ। ਮਾਰਕਸੀ ਪਾਰਟੀ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਦਾਅਵਾ ਕੀਤਾ ਕਿ ਰੈਲੀ ਵਿੱਚ 10 ਲੱਖ ਲੋਕ ਸ਼ਾਮਲ ਹੋਏ ਸਨ। ਉਨ੍ਹਾਂ ਇਹ ਵੀ ਕਿਹਾ, ‘ਇਸ ਵਾਰ ਚੋਣਾਂ ਵਿੱਚ ਸਾਡੀਆਂ ਵੋਟਾਂ ਵਧਣਗੀਆਂ ਤੇ ਅਸੀਂ ਜਿੱਤਾਂਗੇ।” ਯੇਚੁਰੀ ਨੇ ਇਹ ਵੀ ਕਿਹਾ ਕਿ ਜਿਵੇਂ ਸਿੰਘੂ ਬਾਰਡਰ 'ਤੇ ਕਿਸਾਨ ਮੋਦੀ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਡਟੇ ਹੋਏ ਹਨ, ਉਸੇ ਤਰ੍ਹਾਂ ਇੱਥੇ ਅਸੀਂ ਕਰ ਸਕਦੇ ਹਾਂ। ਇਸ ਮੌਕੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਤੇ ਕਾਂਗਰਸ ਆਗੂ ਭੂਪੇਸ਼ ਬਘੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਮਨਾਉਣ ਆਉਂਦੇ ਹਨ, ਪਰ ਉਨ੍ਹਾਂ ਨੂੰ ਆਪਣਾ ਇਤਿਹਾਸ ਪੜ੍ਹਨਾ ਚਾਹੀਦਾ ਹੈ। ਵੀਰ ਸਾਵਰਕਰ ਨੂੰ ਮੰਨਣ ਵਾਲੇ ਬੋਸ ਦੇ ਵਾਰਸ ਨਹੀਂ ਬਣ ਸਕਦੇ। ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਲੋਕਾਂ ਨੂੰ ਮਮਤਾ ਬੈਨਰਜੀ ਸਰਕਾਰ ਹਟਾ ਕੇ ਗਠਜੋੜ ਦੀ ਸਰਕਾਰ ਲਿਆਉਣ ਲਈ ਸੱਦਾ ਦਿੱਤਾ। ਫਰੰਟ ਦੇ ਪ੍ਰਧਾਨ ਪੀਰਜ਼ਾਦਾ ਅੱਬਾਸ ਸਿੱਦੀਕੀ ਨੇ ਕਿਹਾ ਕਿ ਬੰਗਾਲ ਨੂੰ ਬਚਾਉਣ ਲਈ ਉਹ ਖੂਨ ਦੇਣ ਨੂੰ ਵੀ ਤਿਆਰ ਹਨ।
ਇਸੇ ਦੌਰਾਨ ਕੋਲਕਾਤਾ ਦੀ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਮਤਾ ਬੈਨਰਜੀ 'ਤੇ ਦੋਸ਼ ਲਾਇਆ ਕਿ ‘ਮਮਤਾ ਦੀਦੀ' ਨੇ ਬੰਗਾਲ ਦਾ ਵਿਸ਼ਵਾਸ ਤੋੜਿਆ ਹੈ, ਜਿਸ ਕਾਰਨ ਇਥੇ ਪ੍ਰੀਵਰਤਨ ਜ਼ਰੂਰੀ ਹੈ। ਜਵਾਬ ਵਿੱਚ ਬੀਬੀ ਬੈਨਰਜੀ ਨੇ ਕਿਹਾ ਕਿ ਤਬਦੀਲੀ ਦਿੱਲੀ ਵਿੱਚ ਹੋਵੇਗੀ, ਬੰਗਾਲ ਵਿੱਚ ਨਹੀਂ। ਕੁੱਲ ਮਿਲਾ ਕੇ ਪਿਛਲੇ ਸਮੇਂ ਤੋਂ ਜਿਵੇਂ ਦੇਸ਼ ਵਿੱਚ ਪੈਟਰੋਲ ਡੀਜ਼ਲ ਤੇ ਗੈਸ ਸਿਲੰਡਰ ਦੀਆਂ ਕੀਮਤਾਂ ਦਾ ਵਾਧਾ ਹੋਇਆ ਤੇ ਇਸ ਮਹਿੰਗਾਈ ਦੇ ਦੌਰ ਵਿੱਚ ਗਰੀਬੀ ਦੀ ਮਾਰ ਝੱਲ ਰਹੇ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਹੈ, ਉਸ ਨੇ ਮੱਧ ਵਰਗ ਦੀ ਹਾਲਤ ਖਰਾਬ ਕਰ ਕੇ ਰੱਖ ਦਿੱਤੀ ਹੈ।
ਦੂਜੇ ਪਾਸੇ ਪਿਛਲੇ ਕਈ ਮਹੀਨਿਆਂ ਤੋਂ ਜਿਸ ਪ੍ਰਕਾਰ ਕਿਸਾਨ ਆਪਣੀਆਂ ਮੰਗਾਂ ਬਾਰੇ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ ਅਤੇ ਮਹਾਂ ਪੰਚਾਇਤਾਂ ਰਾਹੀਂ ਨਵੇਂ ਖੇਤੀ ਕਾਨੂੰਨਾਂ ਖਿਲਾਫ ਅਤੇ ਐੱਮ ਐੱਸ ਪੀ ਆਦਿ ਬਾਰੇ ਕਾਨੂੰਨ ਬਾਰੇ ਜਾਗਰੂਕਤਾ ਪੈਦਾ ਕਰ ਰਹੇ ਹਨ, ਉਸ ਨਾਲ ਕਿਸਾਨਾਂ ਦਾ ਅੰਦੋਲਨ ਨਿਰਸੰਦੇਹ ਪੂਰੇ ਦੇਸ਼ ਵਿੱਚ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ, ਜਿਸ ਦਾ ਭਾਜਪਾ ਨੂੰ ਕਾਫੀ ਨੁਕਸਾਨ ਹੋਣ ਦੇ ਕਿਆਸ ਲੱਗਦੇ ਹਨ। ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਲੋਕਾਂ ਵਿੱਚ ਜੋ ਰੋਹ ਇਸ ਸਮੇਂ ਵੇਖਣ ਨੂੰ ਮਿਲ ਰਿਹਾ ਹੈ, ਉਸ ਦੀ ਮਿਸਾਲ ਪਿਛਲੇ ਸੱਤ ਸਾਲਾਂ ਦੌਰਾਨ ਨਹੀਂ ਮਿਲਦੀ। ਪਿਛਲੇ ਦਿਨੀਂ ਪੰਜਾਬ ਦੀਆਂ ਮਿਊਂਸਪਲ ਚੋਣਾਂ ਅਤੇ ਫਿਰ ਦਿੱਲੀ ਐਮ ਸੀ ਡੀ ਦੀਆਂ ਜ਼ਿਮਨੀ ਚੋਣਾਂ 'ਚ ਭਾਜਪਾ ਦਾ ਜਿਸ ਤਰ੍ਹਾਂ ਪੱਤਾ ਸਾਫ ਹੋਇਆ, ਉਸ ਤੋਂ ਪਾਰਟੀ ਪ੍ਰਤੀ ਜਨਤਾ ਵਿੱਚ ਪਾਏ ਜਾਂਦੇ ਰੋਸੇ ਦਾ ਅੰਦਾਜ਼ਾ ਲੱਗ ਸਕਦਾ ਹੈ। ਜੇ ਭਾਜਪਾ ਆਪਣੀ ਡਿੱਗਦੀ ਸਾਖ ਬਚਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਆਪਣੀ ਸਰਕਾਰ ਦੀਆਂ ਨੀਤੀਆਂ 'ਤੇ ਵਿਚਾਰ ਕਰ ਕੇ ਇਨ੍ਹਾਂ ਵਿਚਲੀਆਂ ਊਣਤਾਈਆਂ ਨੂੰ ਦੂਰ ਕਰਨਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਫੌਰਨ ਦੂਰ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਨਹੀਂ ਤਾਂ ਹਾਕਮ ਜਮਾਤ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਮਹੂਰੀਅਤ ਵਿੱਚ ਜੇ ਲੋਕ ਕਿਸੇ ਨੂੰ ਫਰਸ਼ ਤੋਂ ਅਰਸ਼ 'ਤੇ ਪਹੁੰਚਾ ਸਕਦੇ ਹਨ ਤਾਂ ਉਹੀ ਲੋਕ ਅਰਸ਼ ਤੋਂ ਫਰਸ 'ਤੇ ਵੀ ਪਟਕਾ ਸਕਦੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ