Welcome to Canadian Punjabi Post
Follow us on

26

May 2022
ਬ੍ਰੈਕਿੰਗ ਖ਼ਬਰਾਂ :
ਸੰਗਰੂਰ ਸਮੇਤ ਤਿੰਨ ਲੋਕ ਸਭਾ ਅਤੇ ਸੱਤ ਅਸੈਂਬਲੀ ਸੀਟਾਂ ਲਈ ਉੱਪ ਚੋਣਾਂ ਦਾ ਐਲਾਨਕੈਪਟਨ ਅਮਰਿੰਦਰ ਨੇ ਕਿਹਾ: ਮੈਂ ਭ੍ਰਿਸ਼ਟ ਨੇਤਾਵਾਂ ਦੇ ਨਾਂਅ ਭਗਵੰਤ ਮਾਨ ਨੂੰ ਦੱਸਣ ਨੂੰ ਤਿਆਰ ਹਾਂਅੱਤਵਾਦੀ ਫੰਡਿੰਗ ਦੇ ਦੋਸ਼ ਵਿੱਚ ਯਾਸੀਨ ਮਲਿਕ ਨੂੰ ਉਮਰ ਕੈਦ, ਦਸ ਲੱਖ ਰੁਪਏ ਜੁਰਮਾਨਾ20 ਲੱਖ ਰੁਪਏ ਦੇ ਘਪਲੇ ਦੇ ਦੋਸ਼ ਵਿੱਚ ਪੰਚਾਇਤ ਵਿਭਾਗ ਦੀ ਵੱਡੀ ਕਾਰਵਾਈਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੰਨਮੈਨ ਨੇ 18 ਬੱਚਿਆਂ ਦੀ ਲਈ ਜਾਨਭਗਵੰਤ ਮਾਨ ਦਾ ਵੱਡਾ ਕਦਮ: ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਕੱਢਿਆ ਅਤੇ ਗ੍ਰਿਫਤਾਰ ਕਰਵਾਇਆਬਿਨਾਂ ਇਜਾਜ਼ਤ ਯੂਜ਼ਰਜ਼ ਦਾ ਡਾਟਾ ਵਰਤਣ ਬਾਰੇ ਮਾਰਕ ਜ਼ੁਕਰਬੁਰਗ ਦੇ ਖਿਲਾਫ ਕੇਸ ਦਰਜਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲ
 
ਸੰਪਾਦਕੀ

ਬਰੈਂਪਟਨ ਬੱਜਟ ਦਾ ਲੇਖਾ ਜੋਖਾ

December 11, 2020 10:28 PM

ਪੰਜਾਬੀ ਪੋਸਟ ਸੰਪਾਦਕੀ

ਸਿਟੀ ਆਫ਼ ਬਰੈਂਪਟਨ ਕਾਉਂਸਲ ਨੇ ਪਰਸੋਂ 1.2 ਬਿਲੀਅਨ ਡਾਲਰਾਂ ਦੇ 2021 ਬੱਜਟ ਨੂੰ ਪਾਸ ਕਰ ਦਿੱਤਾ ਹੈ। ਜੇ ਇਸਨੂੰ ਪ੍ਰਤੀਸ਼ਤਤਾ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਆਉਣ ਵਾਲੇ ਸਾਲ ਵਿੱਚ ਸਿਟੀ ਵੱਲੋਂ ਸ਼ਹਿਰ ਨਿਵਾਸੀਆਂ ਦੇ ਟੈਕਸ ਡਾਲਰਾਂ ਦਾ 16% ਸਕੂਲ ਬੋਰਡਾਂ (ਪ੍ਰੋਵਿੰਸ ਆਫ਼ ਉਂਟੇਰੀਓ) ਨੂੰ ਦਿੱਤਾ ਜਾਵੇਗਾ, 39% ਹਿੱਸਾ ਰੀਜਨ ਆਫ਼ ਪੀਲ ਦੇ ਹਿੱਸੇ ਜਾਵੇਗਾ ਜਦੋਂ ਕਿ 45% ਟੈਕਸ ਡਾਲਰ ਬਰੈਂਪਟਨ ਸਿਟੀ ਦੇ ਕੋਲ ਰਹਿਣਗੇ। ਇਹਨਾਂ 45% ਵਿੱਚੋਂ ਸਿਟੀ ਦਾ ਸੱਭ ਤੋਂ ਵੱਡਾ ਖਰਚਾ 10% ਕੈਪੀਟਲ ਬੁਨਿਆਦੀ ਢਾਂਚੇ ਲਈ ਫਡਿੰਗ ਵਾਸਤੇ, 8.6% ਟਰਾਂਜਿ਼ਟ ਲਈ, 8.7% ਫਾਇਰ/ਐਮਰਜੰਸੀ ਸੇਵਾਵਾਂ ਲਈ ਅਤੇ 6.6% ਪਬਲਿਕ ਵਰਕਸ ਲਈ ਉੱਤੇ ਖਰਚ ਹੋਵੇਗਾ। ਜਦੋਂ ਗੱਲ ਬਰੈਂਪਟਨ ਦੇ ਟੈਕਸ ਡਾਲਰਾਂ ਨਾਲ ਸਕੂਲ ਬੋਰਡਾਂ ਨੂੰ ਫੰਡ ਕਰਨ ਦੀ ਆਉਂਦੀ ਹੈ ਤਾਂ ਚੇਤੇ ਰੱਖਣਾ ਬਣਦਾ ਹੈ ਕਿ ਪੀਲ ਰੀਜਨ ਵਿੱਚ ਪ੍ਰੋਵਿੰਸ ਦੇ ਹੋਰ ਹਿੱਸਿਆਂ ਨਾਲੋਂ ਪ੍ਰਤੀ ਵਿੱਦਿਆਰਥੀ ਇੱਕ ਹਜ਼ਾਰ ਡਾਲਰ ਸਾਲਾਨਾ ਘੱਟ ਮਿਲਦੇ ਹਨ। ਇਸਤੋਂ ਸਾਡੇ ਸਕੂਲਾਂ ਵਿੱਚ ਵਿੱਦਿਆ ਲਈ ਉਪਲਬਧ ਸ੍ਰੋਤਾਂ ਦੀ ਸਥਿਤੀ ਬਾਰੇ ਅੰਦਾਜ਼ਾ ਲਾਇਆ ਜਾ ਸਕਦਾ ਹੈ।

 

ਵਿੱਦਿਆ ਦੀ ਗੱਲ ਕਰਦੇ ਹੋਏ ਦਿਲਚਸਪ ਤੱਥ ਇਹ ਵੀ ਹੈ ਕਿ ਇਸ ਸਾਲ ਬੱਜਟ ਵਿੱਚ ਯੂਨੀਵਰਸਿਟੀ ਬਾਰੇ ਕਿਸੇ ਦਿਲ ਲੁਭਾਊ ਨਿਵੇਸ਼ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਹੈ ਸਿਵਾਏ ਇਸਦੇ ਕਿ ਡਾਊਨ ਟਾਊਨ ਵਿੱਚ ਅਲਗੋਮਾ ਯੂਨੀਵਰਸਿਟੀ ਵੱਲੋਂ ਖੋਲੇ ਗਏ ਦੁਕਾਨਨੁਮਾ ਕੈਂਪਸ ਨੂੰ ਵਧੇਰੇ ਕੋਰਸ ਲਾਗੂ ਕਰਨ ਲਈ 2.4 ਮਿਲੀਅਨ ਡਾਲਰ ਨਿਰਧਾਰਤ ਕੀਤੇ ਗਏ ਹਨ। ਇਹਨਾਂ ਚੰਦ ਕੁ ਡਾਲਰਾਂ ਨਾਲ ਬਰੈਂਪਟਨ ਦੇ ਯੂਨੀਵਰਸਿਟੀ ਲਿਆਉਣ ਦੇ ਸੁਫ਼ਨੇ ਨੂੰ ਕਿੰਨੇ ਕੁ ਖੰਭ ਲਾਏ ਜਾ ਸਕੱਣਗੇ? ਸ਼ਾਇਦ ਸੋਚਿਆ ਹੋਵੇਗਾ ਕਿ ਕੋਵਿਡ 19 ਦੇ ਸ਼ੋਰ ਸ਼ਰਾਬੇ ਵਿੱਚ ਅਗਲੇ ਸਾਲ ਯੂਨੀਵਰਸਿਟੀ ਦੀ ਗੱਲ ਕਿਸਨੇ ਕਰਨੀ ਹੈ? ਉਂਜ ਬੱਜਟ ਇਸ ਗੱਲ ਦਾ ਬਹੁਤ ਪ੍ਰਮਾਣਤਾ ਨਾਲ ਜਿ਼ਕਰ ਕਰਦਾ ਹੈ ਕਿ ਸ਼ਹਿਰ ਵਿੱਚ ਇੱਕ ਲੱਖ ਪੰਜਤਾਲੀ ਹਜ਼ਾਰ ਨਿਵਾਸੀਆਂ ਕੋਲ ਯੂਨੀਵਰਸਿਟੀ ਡਿਗਰੀਆਂ ਹਨ। ਪਰ ਬੱਜਟ ਇਹ ਗੱਲ ਬਿਲਕੁਲ ਨਹੀਂ ਦੱਸਦਾ ਕਿ ਬਰੈਂਪਟਨ ਦੇ ਬਹੁ ਗਿਣਤੀ ਯੂਨੀਵਰਸਿਟੀ ਡਿਗਰੀਧਾਰੀ ਵਿਦੇਸ਼ਾਂ ਵਿੱਚੋਂ ਪੜ ਕੇ ਆਏ ਪਰਵਾਸੀ ਹਨ ਜਦੋਂ ਕਿ ਸਾਡਾ ਫਿ਼ਕਰ ਇੱਥੇ ਦੀ ਜੰਮਪਲ ਅਗਲੀ ਪੀੜੀ ਦੇ ਨੌਜਵਾਨ ਹੋਣੇ ਚਾਹੀਦੇ ਹਨ।

 

ਬਰੈਂਪਟਨ ਸ਼ਹਿਰ ਦੀ ਜਨਸੰਖਿਆ ਵਿੱਚ ਲਾਮਿਸਾਲ ਇੱਕ ਅਵਸਰ ਹੋਣ ਦੇ ਨਾਲ ਨਾਲ ਇੱਕ ਵੱਡੀ ਚੁਣੌਤੀ ਹੈ। 1986 ਤੋਂ 2011 ਦਰਮਿਆਨ ਸ਼ਹਿਰ ਦੀ ਆਬਾਦੀ ਵਿੱਚ 280% ਵਾਧਾ ਦਰਜ਼ ਕੀਤਾ ਗਿਆ। ਸਾਲਾਨਾ ਦੇ ਆਧਾਰ ਉੱਤੇ ਸ਼ਹਿਰ ਦੀ ਜਨਸੰਖਿਆ ਵਿੱਚ ਵਾਧੇ ਦੀ ਦਰ 4.2% ਰਹੀ ਹੈ ਜਦੋਂ ਕਿ ਰੁਜ਼ਗਾਰ ਵਿੱਚ ਵਾਧਾ ਸਿਰਫ਼ 3.7% ਹੋਇਆ ਹੈ। 3.7% ਵਾਧਾ ਵੀ ਰੁਜ਼ਗਾਰ ਦੀ ਗੁਣਵੱਤਾ ਵੱਲ ਇਸ਼ਾਰਾ ਨਹੀਂ ਕਰਦਾ ਕਿਉਂਕਿ ਬਰੈਂਪਟਨ ਵਿੱਚ ਖੋਲੇ ਗਏ ਵੱਡੇ ਵੱਡੇ ਵੇਅਰਹਾਊਸਾਂ ਵਿੱਚ ਮਿਲਦੇ ਰੁਜ਼ਗਾਰ ਨੂੰ ਜੇ ਰੁਜ਼ਗਾਰ ਆਖਣਾ ਹੈ ਤਾਂ ਇੱਕ ਲੱਖ ਪੰਜਤਾਲੀ ਹਜ਼ਾਰ ਯੂਨੀਵਰਸਿਟੀ ਹੋਲਡਰਾਂ ਦੀ ਹੱਤਕ ਨਹੀਂ ਤਾਂ ਹੋਰ ਕੀ ਹੈ। ਸਿਟੀ ਬੱਜਟ ਵਿੱਚ ਗੁਣਵੱਤਾ ਵਾਲੇ ਰੁਜ਼ਗਾਰ ਪੈਦਾ ਕਰਨ ਬਾਰੇ ਗੱਲ ਤੱਕ ਨਹੀਂ ਕੀਤੀ ਗਈ ਹੈ। 297 ਪੰਨਿਆਂ ਵਾਲੇ ਬੱਜਟ ਵਿੱਚ ਸਿਰਫ਼ 9 ਥਾਵਾਂ ਉੱਤੇ ਰੁਜ਼ਗਾਰ ਸ਼ਬਦ ਵਰਤਿਆ ਗਿਆ ਹੈ ਪਰ ਹਰ ਥਾਂ ਉੱਤੇ ਰੁਜ਼ਗਾਰ ਸ਼ਬਦ ਕਿਸੇ ਅਣਬਿਆਨੇ ਪਰੀਪੇਖ ਵਿੱਚ ਲਿਖਿਆ ਗਿਆ ਹੈ ਪਰ ਇਸ ਵਾਸਤੇ ਯੋਜਨਾਵਾਂ ਦਾ ਉਲੇਖ ਜਾਂ ਡਾਲਰ ਦਾਂ ਨਿਰਧਾਰਤ ਕੀਤਾ ਜਾਣਾ ਖੋਤੇ ਦੇ ਸਿਰ ਤੋਂ ਸਿੰਗਾਂ ਵਾਗੂੰ ਗਾਇਬ ਹੈ।

ਸਿਟੀ ਵੱਲੋਂ ਜਾਰੀ ਪਰੈੱਸ ਰੀਲੀਜ਼ ਵਿੱਚ ਪ੍ਰਾਪਰਟੀ ਟੈਕਸ ਵਿੱਚ 0% ਇਜ਼ਾਫ਼ਾ ਕਰਨ ਦਾ ਦਾਅਵਾ ਕੀਤਾ ਗਿਆ। ਜਦੋਂ ਤੁਸੀਂ ਅੰਦਰ ਝਾਤੀ ਮਾਰੋ ਤਾਂ 2021 ਟੈਕਸ ਬਿੱਲ ਇੰਪੈਕਟ ਸਿਰਲੇਖ ਤਹਿਤ 0.9% ਵਾਧੇ ਸਮੇਤ ਰੀਜਨ ਆਫ਼ ਪੀਲ ਨੂੰ ਦੇਣ ਵਾਲੇ ਟੈਕਸ ਵਿੱਚ 1.4% ਇਜ਼ਾਫਾ ਕਰਨਾ ਦੱਸਿਆ ਗਿਆ ਹੈ। ਇਸ ਤਰੀਕੇ ਹਰ ਮਕਾਨ ਮਾਲਕ ਨੂੰ 2.5% ਟੈਕਸ ਵੱਧ ਅਦਾ ਕਰਨੇ ਹੋਣਗੇ। ਬਰੈਂਪਟਨ ਨੂੰ ਦਰਪੇਸ਼ ਬੇਸਮੈਂਟਾਂ ਦੇ ਮਸਲੇ ਬਾਰੇ ਬੱਜਟ ਵਿੱਚ ਜਿ਼ਕਰ ਤੱਕ ਨਹੀਂ ਹੈ।

 

ਜਿੱਥੇ ਤੱਕ ਸਿਟੀ ਵੱਲੋਂ ਖਰਚ ਕੀਤੇ ਜਾਣ ਵਾਲੇ ਡਾਲਰਾਂ ਦਾ ਸੁਆਲ ਹੈ, ਉਹਨਾਂ ਵਿੱਚੋਂ ਕੁੱਲ ਡਾਲਰਾਂ ਦਾ 57.2% ਹਿੱਸਾ 3780 ਮੁਲਾਜ਼ਮਾਂ ਦੀ ਫੌਜ ਨੂੰ ਦਿੱਤੀਆਂ ਜਾਣ ਵਾਲੀਆਂ ਤਨਖਾਹਾਂ, ਭੱਤੇ ਆਦਿ ਖਾ ਜਾਣਗੇ। ਇੱਕ ਪਾਸੇ ਕੈਨੇਡਾ ਭਰ ਵਿੱਚ 15 ਲੱਖ ਤੋਂ ਵੱਧ ਲੋਕਾਂ ਦੀਆਂ ਇੱਕਲੇ ਕੋਵਿਡ 19 ਕਾਰਣ ਨੌਕਰੀਆਂ ਚਲੀਆਂ ਗਈਆਂ ਅਤੇ ਬਿਜਨਸਾਂ ਦਾ ਘਾਣ ਹੋਇਆ, ਬਰੈਂਪਟਨ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ 2.5% ਵਾਧਾ ਕਰਨ ਦਾ ਵਾਅਦਾ ਕੀਤਾ ਗਿਆ ਹੈ। ਚੇਤੇ ਰਹੇ ਕਿ ਉਂਟੇਰੀਓ ਸਰਕਾਰ ਨੇ ਕੋਵਿਡ 19 ਆਉਣ ਤੋਂ ਪਹਿਲਾਂ ਹੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ 1% ਉੱਤੇ ਸੀਮਤ ਕਰ ਦਿੱਤਾ ਸੀ।

 

ਬੱਜਟ ਬਾਰੇ ਇੱਕ ਦਿਲਚਸਪ ਗੱਲ ਹੋਰ। ਜਨਸੰਖਿਆ ਵਜੋਂ ਕੈਨੇਡਾ ਦੇ ਦੂਜੇ ਸੱਭ ਤੋਂ ਵੱਧ ਤੇਜ ਰਫ਼ਤਾਰ ਨਾਲ ਵੱਧਣ ਵਾਲੇ, ਦੇਸ਼ ਦੇ ਨੌਵੇਂਂ ਅਤੇ ਉਂਟੇਰੀਓ ਦੇ ਦੂਜੇ ਵੱਡੇ ਇਸ ਸ਼ਹਿਰ ਦੇ ਪਰਸੋਂ ਪਾਸ ਕੀਤੇ ਬੱਜਟ ਨੂੰ ਬਰੈਂਪਟਨ ਗਾਰਡੀਅਨ ਤੋਂ ਆਰੰਭ ਹੋ ਕੇ ਕਿਸੇ ਵੀ ਨਾਮਵਰ ਅਖ਼ਬਾਰ ਨੇ ਕਵਰ ਨਹੀਂ ਕੀਤਾ ਹੈ। ਕੀ ਇਸਨੂੰ ਜਾਣ ਬੁੱਝ ਅੱਖੋਂ ਪਰੋਖੇ ਕਰਨ ਵਾਲੀ ਅਣਗਹਿਲੀ ਕਿਹਾ ਜਾਵੇ ਜਾਂ ਨਸਲੀ ਵਿਤਕਰਾ? ਵੈਸੇ ਜੇ ਗੱਲ ਕੋਵਿਡ ਦੀ ਹੋਵੇ ਤਾਂ ਬਰੈਂਪਟਨ ਦੀਆਂ ਖ਼ਬਰਾਂ ਦੁਨੀਆ ਭਰ ਛਾ ਜਾਂਦੀਆਂ ਹਨ ਪਰ ਜਦੋਂ ਗੱਲ ਵਿਕਾਸ ਲਈ ਡਾਲਰਾਂ ਦੀ ਹੋਵੇ ਤਾਂ ਚੁੱਪ ਦਾ ਰਾਜ ਛਾ ਜਾਂਦਾ ਹੈ। ਬੱਜਟ 2021 ਮੁਬਾਰਕ ਹੋਵੇ।

 
Have something to say? Post your comment