ਓਨਟਾਰੀਓ, 17 ਸਤੰਬਰ (ਪੋਸਟ ਬਿਊਰੋ) : ਇਸ ਸਾਲ ਦੇ ਅੰਤ ਤੱਕ ਸਲਾਇਵਾ ਅਧਾਰਤ ਕੋਵਿਡ-19 ਟੈਸਟ ਉਪਲਬਧ ਹੋਣ ਦੀ ਸੰਭਾਵਨਾ ਹੈ| ਪ੍ਰਾਈਵੇਟ ਤੇ ਪਬਲਿਕ ਹੈਲਥ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ ਕਈ ਤਰ੍ਹਾਂ ਦੇ ਟੈਸਟ ਦੇ ਤਰੀਕਿਆਂ ਉੱਤੇ ਵਿਚਾਰ ਵਟਾਂਦਰਾ ਚੱਲ ਰਿਹਾ ਹੈ|
ਇਸ ਤਰ੍ਹਾਂ ਟੈਸਟ ਬਾਰੇ ਇਸ ਲਈ ਵਿਚਾਰ ਕੀਤਾ ਜਾ ਰਿਹਾ ਕਿਉਂਕਿ ਕੋਵਿਡ-19 ਅਸੈੱਸਮੈਂਟ ਸੈਂਟਰਜ਼ ਉੱਤੇ ਟੈਸਟ ਕਰਵਾਉਣ ਵਾਲਿਆਂ ਦੀਆਂ ਲੰਮੀਆਂ ਲਾਈਨਾਂ ਲੱਗ ਰਹੀਆਂ ਹਨ| ਇਸ ਤੋਂ ਇਲਾਵਾ ਸਕੂਲ ਖੁੱਲ੍ਹਣ ਦੇ ਨਾਲ ਵੀ ਕਈ ਮਾਮਲੇ ਸਾਹਮਣੇ ਆਉਣੇ ਸੁæਰੂ ਹੋ ਗਏ ਹਨ| ਪਬਲਿਕ ਹੈਲਥ ਓਨਟਾਰੀਓ ਦੇ ਚੀਫ ਆਫ ਮਾਈਕ੍ਰੋਬਾਇਆਲੋਜੀ ਐਂਡ ਲੈਬੌਰੇਟਰੀ ਸਾਇੰਸ ਨੇ ਆਖਿਆ ਕਿ ਇਸ ਟੈਸਟ ਦੀ ਪ੍ਰੋਵਿੰਸ ਪੱਧਰ ਉੱਤੇ ਵਰਤੋਂ ਕਰਨ ਤੋਂ ਪਹਿਲਾਂ ਕਈ ਮਾਮਲੇ ਸੁਲਝਾਉਣੇ ਪੈਣੇ ਹਨ| ਪਰ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਸਲਾਇਵਾ ਟੈਸਟ ਰਾਹੀਂ ਇਨਫੈਕਸ਼ਨ ਦਾ ਪਤਾ ਲਾਉਣਾ ਕਾਫੀ ਸੁਖਾਲਾ ਹੋ ਜਾਵੇਗਾ, ਖਾਸਤੌਰ ਉੱਤੇ ਬੱਚਿਆਂ ਤੇ ਹੋਰਨਾਂ ਲੋਕਾਂ ਜਿਨ੍ਹਾਂ ਨੂੰ ਨੱਕ ਤੋਂ ਸਵੈਬ ਰਾਹੀਂ ਟੈਸਟ ਕਰਵਾਉਣ ਵਿੱਚ ਦਿੱਕਤ ਆਉਂਦੀ ਹੈ|
ਐਲਨ ਨੇ ਆਖਿਆ ਕਿ ਇਸ ਤਰ੍ਹਾਂ ਉਨ੍ਹਾਂ ਲੋਕਾਂ ਦੇ ਟੈਸਟ ਕਰਨੇ ਵੀ ਸੌਖੇ ਹੋ ਜਾਣਗੇ ਜਿਨ੍ਹਾਂ ਨੇ ਟੈਸਟ ਹੁਣ ਤੱਕ ਨਹੀਂ ਕਰਵਾਏ ਪਰ ਉਨ੍ਹਾਂ ਦੇ ਟੈਸਟ ਕਰਵਾਏ ਜਾਣੇ ਜ਼ਰੂਰੀ ਹਨ| ਪਰ ਉਨ੍ਹਾਂ ਆਖਿਆ ਕਿ ਇਸ ਟੈਸਟ ਦੀ ਜਾਂਚ ਲਈ ਵੀ ਲੈਬ ਕਰਮਚਾਰੀ, ਮਸ਼ੀਨਰੀ ਤੇ ਕੈਮੀਕਲਜ਼ ਵਰਗੇ ਰਵਾਇਤੀ ਢੰਗ ਤਰੀਕਿਆਂ ਦੀ ਵਰਤੋਂ ਕਰਨ ਦੀ ਲੋੜ ਹੈ ਤੇ ਇਸ ਦੇ ਨਤੀਜੇ ਪਤਾ ਕਰਨ ਵਿੱਚ ਵੀ ਸਮਾਂ ਲੱਗ ਸਕਦਾ ਹੈ|