ਨਿਊ ਯੌਰਕ, 14 ਸਤੰਬਰ (ਪੋਸਟ ਬਿਊਰੋ) : ਆਨਲਾਈਨ ਆਰਡਰਜ਼ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਐਮੇਜ਼ੌਨ ਵੱਲੋਂ ਸੋਮਵਾਰ ਨੂੰ 100,000 ਲੋਕਾਂ ਨੂੰ ਹੋਰ ਹਾਇਰ ਕਰਨ ਦਾ ਐਲਾਨ ਕੀਤਾ ਗਿਆ|
ਕੰਪਨੀ ਨੇ ਆਖਿਆ ਕਿ ਨਵੇਂ ਹਾਇਰ ਕੀਤੇ ਲੋਕ ਪਾਰਟ ਟਾਈਮ ਜਾਂ ਫੁੱਲ ਟਾਈਮ ਕੰਮ ਕਰਦੇ ਹੋਏ ਪੈਕਿੰਗ, ਸ਼ਿਪਿੰਗ ਜਾਂ ਆਰਡਰਜ਼ ਨੂੰ ਛਾਂਟਣ ਵਿੱਚ ਮਦਦ ਕਰਨਗੇ| ਐਮੇਜੌæਨ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਨੌਕਰੀਆਂ ਛੁੱਟੀਆਂ ਵਿੱਚ ਉਨ੍ਹਾਂ ਵੱਲੋਂ ਕੀਤੀ ਜਾਣ ਵਾਲੀ ਹਾਇਰਿੰਗ ਨਾਲ ਸਬੰਧਤ ਨਹੀਂ ਹਨ|
ਸਿਆਟਲ ਸਥਿਤ ਆਨਲਾਈਨ ਕੰਪਨੀ ਨੇ ਦੱਸਿਆ ਕਿ ਉਨ੍ਹਾਂ ਦਾ ਕਾਰੋਬਾਰ ਦਿਨ ਰਾਤ ਤਰੱਕੀ ਕਰ ਰਿਹਾ ਹੈ| ਇਸ ਵਾਰੀ ਰਿਕਾਰਡ ਪ੍ਰੌਫਿਟ ਹੋਇਆ ਹੈ ਤੇ ਅਪਰੈਲ ਤੋਂ ਜੂਨ ਦਰਮਿਆਨ ਕਾਫੀ ਮੁਨਾਫਾ ਕੰਪਨੀ ਨੂੰ ਮਿਲਿਆ ਹੈ| ਅਜਿਹਾ ਇਸ ਲਈ ਕਿਉਂਕਿ ਮਹਾਂਮਾਰੀ ਕਾਰਨ ਬਹੁਤੇ ਲੋਕਾਂ ਵੱਲੋਂ ਗਰੌਸਰੀ ਤੇ ਹੋਰ ਸਪਲਾਈਜ਼ ਆਨਲਾਈਨ ਮੰਗਵਾਈਆਂ ਜਾ ਰਹੀਆਂ ਹਨ|
ਕੰਪਨੀ ਨੂੰ ਆਰਡਰਜ਼ ਦੀ ਡਿਮਾਂਡ ਪੂਰੀ ਕਰਨ ਲਈ ਇਸ ਸਾਲ ਦੇ ਸ਼ੁਰੂ ਵਿੱਚ ਵੀ 175,000 ਲੋਕਾਂ ਦੀਆਂ ਸੇਵਾਵਾਂ ਲੈਣੀਆਂ ਪਈਆਂ ਸਨ| ਅਜੇ ਪਿਛਲੇ ਹਫਤੇ ਹੀ ਕੰਪਨੀ ਇਹ ਐਲਾਨ ਕਰਕੇ ਹਟੀ ਹੈ ਕਿ ਉਹ 33,000 ਕਾਰਪੋਰੇਟ ਤੇ ਟੈਕ ਜੌਬਜ਼ ਲਈ ਯੋਗ ਵਿਅਕਤੀਆਂ ਦੀ ਭਾਲ ਕਰ ਰਹੀ ਹੈ|
ਐਮੇਜ਼ੌਨ ਦੇ ਵੇਅਰਹਾਊਸਿਜ਼ ਦਾ ਕੰਮਕਾਜ ਵੇਖਣ ਵਾਲੀ ਐਲੀਸ਼ੀਆ ਬੋਲਰ ਡੇਵਿਸ ਨੇ ਆਖਿਆ ਕਿ ਕੰਪਨੀ ਕਈ ਸ਼ਹਿਰਾਂ ਵਿੱਚ 1000 ਡਾਲਰ ਤੱਕ ਸਾਈਨ ਆਨ ਬੋਨਸਿਜ਼ ਦੇ ਰਹੀ ਹੈ| ਇਹ ਸ਼ਹਿਰ ਜਿਵੇਂ ਕਿ ਡਿਟਰੌਇਟ, ਨਿਊ ਯੌਰਕ, ਫਿਲਾਡੈਲਫੀਆ, ਲੁਈਜ਼ਵਿੱਲ ਤੇ ਕੈਨਟਕੀ ਆਦਿ, ਅਜਿਹੇ ਹਨ ਜਿੱਥੇ ਵਰਕਰਜ਼ ਦੀ ਭਾਲ ਕਰਨਾ ਔਖਾ ਕੰਮ ਹੈ| ਐਮੇਜ਼ੌਨ ਵਿੱਚ ਸਟਾਰਟਿੰਗ ਪੇਅ ਹੀ 15 ਡਾਲਰ ਪ੍ਰਤੀ ਘੰਟਾ ਹੈ|