ਪੰਜਾਬ, ਪਾਕਿਸਤਾਨ, 3 ਜੁਲਾਈ (ਪੋਸਟ ਬਿਊਰੋ) : ਸੁ਼ੱਕਰਵਾਰ ਨੂੰ ਪਾਕਿਸਤਾਨ ਦੇ ਪੰਜਾਬ ਪ੍ਰੋਵਿੰਸ ਵਿੱਚ ਬਿਨਾਂ ਫਾਟਕ ਵਾਲੀ ਕਰੌਸਿੰਗ ਉੱਤੇ ਸਿੱਖ ਸ਼ਰਧਾਲੂਆਂ ਨੂੰ ਲਿਜਾ ਰਹੀ ਇੱਕ ਮਿੰਨੀ ਬੱਸ ਨਾਲ ਰੇਲਗੱਡੀ ਦੇ ਟਕਰਾ ਜਾਣ ਕਾਰਨ 29 ਵਿਅਕਤੀ ਮਾਰੇ ਗਏ। ਇਹ ਸਾਰੇ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਸਨ।
ਸਿੱਖ ਸ਼ਰਧਾਲੂਆਂ ਵਾਲੀ ਇਹ ਬੱਸ ਕਰਾਚੀ ਤੋਂ ਲਾਹੌਰ ਜਾ ਰਹੀ ਸ਼ਾਹ ਹੁਸੈਨ ਐਕਸਪ੍ਰੱੈਸ ਨਾਲ ਫਾਰੂਕਾਬਾਦ, ਜੋ ਕਿ ਇੱਥੋਂ 60 ਕਿਲੋਮੀਟਰ ਦੀ ਦੂਰੀ ੳੱੁਤੇ ਸਥਿਤ ਹੈ, ਵਿਖੇ ਦੁਪਹਿਰੇ 1:30 ਵਜੇ ਨਾਲ ਟਕਰਾਈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਬੁਲਾਰੇ ਆਮਿਰ ਹਾਸ਼ਮੀ ਨੇ ਦੱਸਿਆ ਕਿ ਮਰਨ ਵਾਲੇ 29 ਵਿਅਕਤੀਆਂ ਵਿੱਚ ਬਹੁਤੇ ਪਾਕਿਸਤਾਨੀ ਸਿੱਖ ਸਨ।
ਇਹ ਸਾਰੇ ਸ਼ਰਧਾਲੂ ਫਾਰੂਕਾਬਾਦ ਸਥਿਤ ਗੁਰਦੁਆਰਾ ਸੱਚਾ ਸੌਦਾ ਮੱਥਾ ਟੇਕਣ ਜਾ ਰਹੇ ਸਨ। ਇਹ ਸਾਰੇ ਪੇਸ਼ਾਵਰ ਤੋਂ ਨਨਕਾਣਾ ਸਾਹਿਬ ਆਏ ਸਨ। ਨਨਕਾਣਾ ਸਾਹਿਬ ਰੁਕਣ ਤੋਂ ਬਾਅਦ ਇਹ ਸਾਰੇ ਪੇਸ਼ਾਵਰ ਜਾ ਰਹੇ ਸਨ। ਹਾਸ਼ਮੀ ਨੇ ਆਖਿਆ ਕਿ ਈਟੀਪੀਬੀ ਸਕਿਊਰਿਟੀ ਉਨ੍ਹਾਂ ਨੂੰ ਨਨਕਾਣਾ ਸਾਹਿਬ ਦੀ ਹੱਦ ਤੱਕ ਛੱਡ ਕੇ ਗਈ ਸੀ।
ਰੇਲਵੇ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਕਿ ਰੈਸਕਿਊ ਟੀਮ ਨੇ ਮੌਕੇ ਉੱਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਰੇਲਵੇ ਨੇ ਆਖਿਆ ਕਿ ਡਵੀਜ਼ਨਲ ਇੰਜੀਨੀਅਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰਵਾ ਦਿੱਤੀ ਗਈ ਹੈ। ਰੇਲਵੇ ਮੰਤਰੀ ਸ਼ੇਖ ਰਾਸਿ਼ਦ ਨੇ ਹਾਦਸੇ ਲਈ ਜਿ਼ੰਮੇਵਾਰ ਵਿਅਕਤੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਾਦਸੇ ਉੱਤੇ ਦੱੁਖ ਪ੍ਰਗਟਾਇਆ ਹੈ।