ਵਾਸ਼ਿੰਗਟਨ, 28 ਮਈ (ਪੋਸਟ ਬਿਊਰੋ)- ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਿਸੇ ਟਵੀਟ ਨੂੰ ਪਹਿਲੀ ਵਾਰ ਫੈਕਟ ਚੈਕ ਲਈ ਮਾਰਕ ਕੀਤਾ ਹੈ।
ਇਸ ਟਵੀਟ ਵਿੱਚ ਟਰੰਪ ਨੇ ਲਿਖਿਆ ਸੀ: ਮੇਲ ਇਨ ਬੈਲੇਟਸ ਲਈ ਕੋਈ ਜਗ੍ਹਾ ਨਹੀਂ ਹੈ। ਮੇਲ ਬਾਕਸ ਚੋਰੀ ਹੋ ਜਾਣਗੇ, ਬੈਲੇਟ ਨਾਲ ਧੋਖਾਧੜੀ ਜਾਂ ਉਨ੍ਹਾਂ ਨੂੰ ਨਾਜਾਇਜ਼ ਤਰੀਕੇ ਨਾਲ ਛਪਵਾ ਲਿਆ ਜਾਏਗਾ ਜਾਂ ਉਨ੍ਹਾਂ 'ਤੇ ਕੋਈ ਗਲਤ ਦਸਖਤ ਕਰੇਗਾ। ਕੈਲੀਫੋਰਨੀਆ ਦੇ ਗਵਰਨਰ ਨੇ ਅਜਿਹੇ ਹੀ ਬੈਲੇਟਸ ਲੱਖਾਂ ਲੋਕਾਂ ਨੂੰ ਭੇਜੇ, ਪਰ ਕਿਸੇ ਨੇ...।’ ਇਸ ਦੇ ਬਾਅਦ ਟਵਿੱਟਰ ਨੇ ਟਰੰਪ ਦੇ ਦੋ ਟਵੀਟਸ ਉੱ'ਤੇ ਫੈਕਟ ਚੈਕਿੰਗ ਦਾ ਨੋਟੀਫਿਕੇਸ਼ਨ ਲਾ ਦਿੱਤਾ। ਇਸ ਕਾਰਨ ਟਰੰਪ ਨੇ ਨਾਰਾਜ਼ਗੀ ਜਤਾਈ ਅਤੇ ਟਵੀਟ ਕਰਦੇ ਹੋਏ ਕਿਹਾ ਕਿ ਟਵਿੱਟਰ 2020 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਦਖਲ ਦੇ ਰਿਹਾ ਹੈ, ਉਹ ਬੋਲਣ ਦੀ ਆਜ਼ਾਦੀ ਦਾ ਗਲਾ ਘੁੱਟਣਾ ਚਾਹੁੰਦੇ ਹਨ, ਮੈਂ ਅਜਿਹਾ ਨਹੀਂ ਹੋਣ ਦਿਆਂਗਾ। ਟਵਿੱਟਰ ਕਹਿੰਦਾ ਹੈ ਕਿ ਮੇਰਾ ਮੇਲ-ਇਨ ਬੈਲੇਟਸ 'ਤੇ ਦਿੱਤਾ ਬਿਆਨ ਗਲਤ ਹੈ। ਸੱਚ ਇਹ ਹੈ ਕਿ ਮੇਲ-ਇਨ ਬੈਲੇਟਸ ਵੱਡੇ ਪੱਧਰ 'ਤੇ ਭਿ੍ਰਸ਼ਟਾਚਾਰ ਅਤੇ ਝੂਠ ਫੈਲਾਏਗਾ। ਇਹ ਫੈਕਟ ਚੈੱਕ ਫੇਕ ਮੀਡੀਆ ਗਰੁੱਪ ਸੀ ਐੱਨ ਐੱਨ ਅਤੇ ਅਮੇਜ਼ਨ ਵਾਸ਼ਿੰਗਟਨ ਪੋਸਟ ਨੇ ਕੀਤਾ ਹੈ। ਟਵਿੱਟਰ ਫਰੀ ਸਪੀਚ ਨੂੰ ਪੂਰੀ ਤਰ੍ਹਾਂ ਰੋਕਣਾ ਚਾਹੁੰਦਾ ਹੈ। ਰਾਸ਼ਟਰਪਤੀ ਹੋਣ ਦੇ ਨਾਤੇ ਮੈਂ ਏਦਾਂ ਨਹੀਂ ਹੋਣ ਦਿਆਂਗਾ। ਵਰਨਣ ਯੋਗ ਹੈ ਕਿ ਟਵਿੱਟਰ ਨੇ ਆਪਣੇ ਪਲੇਟਫਾਰਮ 'ਤੇ ਗਲਤ ਸੂਚਨਾਵਾਂ ਨੂੰ ਪ੍ਰਸਾਰਿਤ ਹੋਣ ਤੋਂ ਰੋਕਣ ਦੇ ਲਈ ਨਵੇਂ ਫੈਕਟ ਚੈਕਿੰਗ ਸਿਸਟਮ ਦੀ ਸ਼ੁਰੂਆਤ ਕੀਤੀ ਹੈ।