ਹਵਾਨਾ, 28 ਮਾਰਚ (ਪੋਸਟ ਬਿਊਰੋ)- ਕਿਊਬਾ ਨੇ ਇਟਲੀ ਸਮੇਤ ਕਈ ਦੇਸ਼ਾਂ ਨੂੰ ਭੇਜੀਆਂ ਆਪਣੀਆਂ ਮੈਡੀਕਲ ਟੀਮਾਂ ਦੇ ਖਿਲਾਫ ‘ਕੁਫ਼ਰ ਤੋਲਣ' ਲਈ ਅਮਰੀਕਾ ਦੀ ਨਿਖੇਧੀ ਕੀਤੀ ਹੈ।
ਵਰਨਣ ਯੋਗ ਹੈ ਕਿ ਪਿਛਲੇ ਹਫਤੇ ਕਿਊਬਾ ਨੇ ਕੋਰੋਨਾਵਾਇਰਸ ਮਹਾਂਮਾਰੀ ਦੇ ਖ਼ਿਲਾਫ਼ ਜੰਗ ਵਿੱਚ ਮਦਦ ਲਈ ਮਿਲੀਆਂ ਅਪੀਲਾਂ ਦੇ ਬਾਅਦ ਇਟਲੀ, ਵੈਨਜ਼ੁਏਲਾ, ਨਿਕਾਰਾਗੁਆ, ਗਰਨਾਡਾ, ਸੂਰੀਨਾਮ, ਜਮਾਇਕਾ ਅਤੇ ਬਿਲੀਜ਼ ਵਿੱਚ ਮੈਡੀਕਲ ਟੀਮਾਂ ਭੇਜੀਆਂ ਸਨ। ਮੈਡੀਕਲ ਸੇਵਾਵਾਂ ਦੀ ਐਕਸਪੋਰਟ ਨੂੰ ਕਿਊਬਨ ਅਰਥਚਾਰੇ ਦਾ ਅਹਿਮ ਥੰਮ੍ਹ ਮੰਨਿਆ ਜਾਂਦਾ ਹੈ। ਅਮਰੀਕਾ ਵੱਲੋਂ ਪਿਛਲੇ ਛੇ ਦਹਾਕਿਆਂ ਤੋਂ ਲਾਈਆਂ ਪਾਬੰਦੀਆਂ ਦੇ ਕਾਰਨ ਕਿਊਬਨ ਅਰਥਚਾਰੇ ਨੂੰ ਵੱਡੀ ਮਾਰ ਝੱਲਣੀ ਪਈ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਮੈਡੀਕਲ ਸੇਵਾਵਾਂ ਦੀ ਐਕਸਪੋਰਟ ਦੇ ਨਾਲ ਮੁਲਕ ਵਿੱਚ 6.3 ਅਰਬ ਅਮਰੀਕੀ ਡਾਲਰ ਆਏ ਹਨ।ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ‘ਅਮਰੀਕਾ ਸਰਕਾਰ ਵੱਲੋਂ ਕਿਊਬਾ ਦੀ ਸਾਖ਼ ਘਟਾਉਣ ਲਈ ਚਲਾਈ ਮੁਹਿੰਮ ਕਿਸੇ ਵੀ ਸੂਰਤ ਵਿੱਚ ਅਨੈਤਿਕ ਅਤੇ ਖਾਸ ਕਰਕੇ ਕਿਊਬਾ ਤੇ ਪੂਰੇ ਵਿਸ਼ਵ ਲਈ ਕਿਸੇ ਵਧੀਕੀ ਤੋਂ ਘੱਟ ਨਹੀਂ, ਉਹ ਵੀ ਅਜਿਹੇ ਮੌਕੇ, ਜਦੋਂ ਮਹਾਂਮਾਰੀ ਸਾਡੇ ਸਾਰਿਆਂ ਲਈ ਵੱਡਾ ਡਰ ਬਣੀ ਹੋਈ ਹੈ।' ਕਿਊਬਾ ਦੇ ਵਿਦੇਸ਼ ਮੰਤਰਾਲੇ ਨੇ ਡਿਪਲੋਮੈਟਿਕ ਚੈਨਲਾਂ ਰਾਹੀਂ ਰੋਸ ਜਤਾਉਂਦੇ ਹੋਏ ਬਿਆਨ ਵਿੱਚ ਕਿਹਾ, ‘ਅਮਰੀਕਾ ਦਾ ਵਿਦੇਸ਼ ਵਿਭਾਗ ਕਿਊਬਾ ਵੱਲੋਂ ਕੌਮਾਂਤਰੀ ਭਾਈਚਾਰੇ ਨੂੰ ਦਿੱਤੇ ਗਏ ਮੈਡੀਕਲ ਸਹਿਯੋਗ ਬਾਰੇ ਲਗਾਤਾਰ ਕੁਫ਼ਰ ਤੋਲ ਕੇ ਸਾਡੇ ਦੇਸ਼ ਦੀ ਸਾਖ਼ ਨੂੰ ਘਟਾਉਣ ਦੀ ਭੜਕਾਊ ਮੁਹਿੰਮ ਚਲਾ ਰਿਹਾ ਹੈ।' ਕਿਊਬਾ ਆਪਣੇ ਮੈਡੀਕਲ ਸਿਖਲਾਈ ਪ੍ਰੋਗਰਾਮ ਲਈ ਵਿਸ਼ਵ ਵਿੱਚ ਮਕਬੂਲ ਨਾਮ ਹੈ। ਕਿਊਬਾ ਦੇ 30 ਹਜ਼ਾਰ ਤੋਂ ਵੱਧ ਡਾਕਟਰ 61 ਦੇਸ਼ਾਂ ਵਿੱਚ ਕੰਮ ਕਰ ਰਹੇ ਹਨ ਤੇ ਇਨ੍ਹਾਂ ਮੈਡੀਕਲ ਪੇਸ਼ੇਵਰਾਂ ਨੂੰ ਉਨ੍ਹਾਂ ਦੇ ਖਰਚੇ ਪੂਰੇ ਕਰਨ ਲਈ ਉਹ (ਕਿਊਬਾ) ਖ਼ੁਦ ਅਦਾਇਗੀ ਕਰਦਾ ਹੈ।