ਲੰਡਨ, 23 ਫਰਵਰੀ (ਪੋਸਟ ਬਿਊਰੋ)- ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਨੇ ਆਰਥਿਕ ਪੱਖੋਂ ਆਜ਼ਾਦ ਜੋੜੇ ਦੇ ਤੌਰ 'ਤੇ ਭਵਿੱਖ ਵਿੱਚ ਕੀਤੀ ਜਾਣ ਵਾਲੀ ਬ੍ਰਾਂਡਿੰਗ ਵਿੱਚ ‘ਸ਼ਾਹੀ' ਸ਼ਬਦ ਨਾ ਵਰਤਣ ਦੀ ਸਹਿਮਤੀ ਜਤਾਈ ਹੈ।
ਡਿਊਕ ਅਤੇ ਡਚੇਸ ਆਫ ਸਸੈਕਸ ਸ਼ਾਹੀ ਫਰਜ਼ਾਂ ਤੋਂ ਅਲੱਗ ਹੋਣ ਦੀ ਪ੍ਰਕਿਰਿਆ ਦੇ ਮੱਦੇਨਜ਼ਰ ਬਕਿੰਘਮ ਪੈਲੇਸ ਦੀ ਟੀਮ ਦੇ ਨਾਲ ਗੱਲਬਾਤ ਕਰ ਰਹੇ ਹਨ। ਇਸ ਵਿੱਚ ਕੁਝ ਔਕੜਾਂ ਵੀ ਆ ਰਹੀਆਂ ਹਨ ਕਿਉਂਕਿ ਜੋੜੇ ਨੂੰ ਮਿਲੀ ਇਸ ਸ਼ਾਹੀ ਉਪਾਧੀ ਦੀ ਵਰਤੋਂ ਉਨ੍ਹਾਂ ਦੇ ਸਮਾਜ ਕੰਮਾਂ ਤੇ ਇਸ ਤਰ੍ਹਾਂ ਦੇ ਹੋਰ ਕੰਮਾਂ ਵਿੱਚ ਹੁੰਦੀ ਹੈ। ‘ਸ਼ਾਹੀ' ਸ਼ਬਦ ਦੀ ਵਰਤੋਂ ਬਾਰੇ ਬ੍ਰਿਟੇਨ ਸਰਕਾਰ ਦੇ ਵਿਸ਼ੇਸ਼ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਉਹ ਇਸ ਗੱਲ 'ਤੇ ਸਹਿਮਤ ਹੋਏ ਹਨ ਕਿ ਉਨ੍ਹਾਂ ਦਾ ਗੈਰ-ਲਾਭਕਾਰੀ ਸੰਗਠਨ ‘ਸਸੈਕਸ ਰਾਇਲ ਫਾਊਂਡੇਸ਼ਨ' ਦੇ ਨਾਂਅ ਨਾਲ ਨਹੀਂ ਜਾਣਿਆ ਜਾਏਗਾ। ਹੈਰੀ ਅਤੇ ਮਰਕੇਲ ਫਿਲਹਾਲ ਕੈਨੇਡਾ ਦੇ ਵੈਨਕੂਵਰ ਟਾਪੂ 'ਤੇ ਇੱਕ ਆਲੂਸ਼ਾਨ ਬੰਗਲੇ ਵਿੱਚ ਆਪਣੇ ਅੱਠ ਮਹੀਨੇ ਦੇ ਬੇਟੇ ਆਰਚੀ ਦੇ ਨਾਲ ਰਹਿ ਰਹੇ ਹਨ। ਬ੍ਰਿਟਿਸ਼ ਤਾਜ ਦੀ ਦੌੜ ਵਿੱਚ ਹੈਰੀ ਦਾ ਸਥਾਨ ਛੇਵਾਂ ਹੈ ਅਤੇ ਉਸ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਫੌਜ ਵਿੱਚ ਮੇਜਰ ਰੈਂਕ ਵਾਲਾ ਲੈਫਟੀਨੈਂਟ ਕਮਾਂਡਰ ਅਤੇ ਸਕਵਾਡਰਨ ਲੀਡਰ ਦਾ ਅਹੁਦਾ ਬਣਿਆ ਰਹੇਗਾ ਕਿਉਂਕਿ ਉਹ ਮਾਨਤਾ ਪ੍ਰਾਪਤ ਫੌਜੀ ਅਹੁਦਿਆਂ ਦਾ ਇਸਤੇਮਾਲ ਨਹੀਂ ਕਰ ਸਕਣਗੇ।