ਚੀਨ ਦੇ ਵੁਹਾਨ (Wuhan) ਸ਼ਹਿਰ ਤੋਂ ਫੈਲੇ ਖਤਰਨਾਕ ਕੋਰੋਨਾ-ਵਾਈਰਡ ਨੂੰ ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਵਿਸ਼ਵ ਸਿਹਤ ਸੰਸਥਾ) ਨੇ ਕੱਲ ਅੰਤਰਰਾਸ਼ਟਰੀ ਪੱਧਰ ਦੀ ਸਿਹਤ ਐਮਰਜੰਸੀ ਐਲਾਨ ਕਰ ਦਿੱਤਾ ਹੈ। ਸੰਸਥਾ ਦੇ ਡਾਇਰੈਕਟਰ ਜਨਰਲ ਮੁਤਾਬਕ ਇਸ ਐਲਾਨ ਦਾ ਮੁੱਖ ਕਾਰਣ ਇਹ ਨਹੀਂ ਕਿ ਚੀਨ ਵਿੱਚ ਕੀ ਵਾਪਰ ਰਿਹਾ ਹੈ ਸਗੋਂ ਇਸਦੀ ਵਜਹ ਅੰਤਰਰਾਸ਼ਟਰੀ ਪੱਧਰ ਉੱਤੇ ਪੈਦਾ ਹੋ ਰਿਹਾ ਖਤਰਾ ਹੈ। ਖਾਸ ਕਰਕੇ ਮਨੁੱਖ ਤੋਂ ਦੂਜੇ ਮਨੁੱਖ ਨੂੰ ਹੋਣ ਵਾਲੇ ਵਾਲੇ ਰੋਗ ਦੀ ਸੰਭਾਵਨਾ ਨੂੰ ਲੈ ਕੇ। ਬੀਤੇ ਵਿੱਚ ਬੀਬੋਲਾ (Ebola), ਜ਼ੀਕਾ (Zika) ਅਤੇ H1N1 ਨੂੰ ਇਸ ਪੱਧਰ ਦੀਆਂ ਬਿਮਾਰੀਆਂ ਐਲਾਨਿਆ ਗਿਆ ਸੀ।
31 ਦਸੰਬਰ ਨੂੰ ਚੀਨ ਦੇ ਅਧਿਕਾਰੀਆਂ ਨੇ ਪਹਿਲੀ ਵਾਰ ਰਹੱਸਮਈ ਕੋਰੋਨਾ-ਵਾਈਰਸ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਉਸ ਦਿਨ ਤੋਂ ਲੈ ਕੇ ਵੁਹਾਨ ਸਿਟੀ ਤੋਂ ਇਲਾਵਾ ਵੱਖ 2 ਮੁਲਕਾਂ ਵਿੱਚ 170 ਲੋਕੀ ਇਸ ਬਿਮਾਰੀ ਕਾਰਣ ਮਾਰੇ ਜਾ ਚੁੱਕੇ ਹਨ ਅਤੇ 7700 ਤੋਂ ਵਿਅਕਤੀ ਪੀੜਤ ਹਨ। ਇਸ ਵਾਈਰਸ ਦਾ ਜਨਮ ਮੁਰਗੇ, ਖਾਣ ਵਾਲੇ ਸਮੁੰਦਰੀ ਪਦਾਰਥ ਅਤੇ ਹੋਰ ਜੀਵੰਤ ਪਸ਼ੂਆਂ ਨੂੰ ਵੇਚਣ ਵਾਲੀ ਮੰਡੀ ਵਿੱਚ ਹੋਇਆ ਸੀ। ਇਸ ਵਾਈਰਸ ਨਾਲ ਨਮੂਨੀਆ ਵਰਗੇ ਲੱਛਣ ਪੈਦਾ ਹੁੰਦੇ ਹਨ ਅਤੇ ਪੀੜਤ ਵਿਅਕਤੀ ਦੇ ਸਾਹ ਨਾਲੀ ਵਿੱਚ ਰੋਗਾਣੂੰ ਫੈਲ ਜਾਂਦੇ ਹਨ। ਇਸ ਵਾਇਰਸ ਦੀ ਸੱਭ ਤੋਂ ਘਾਤਕ ਗੱਲ ਇਹ ਹੈ ਕਿ ਇਸਦੇ ਲੱਛਣਾਂ ਦਾ ਕਾਫੀ ਦੇਰ ਤੱਕ ਪਤਾ ਨਹੀਂ ਚੱਲਦਾ।
ਚੀਨ ਸਰਕਾਰ ਨੇ ਇਸ ਬਿਮਾਰੀ ਨੂੰ ਰੋਕਣ ਲਈ ਬਹੁਤ ਸਖ਼ਤ ਕਦਮ ਹਨ। ਵੁਹਾਨ ਸਮੇਤ ਲਾਗਲੇ ਕਈ ਸ਼ਹਿਰਾਂ ਦੇ ਤਕਰੀਬਨ 6 ਕਰੋੜ ਲੋਕਾਂ ਨੂੰ ਅਲੱਗ ਥੱਲਗ ਕਰ ਦਿੱਤਾ ਹੈ ਜਿੱਥੇ ਸਰਕਾਰੀ ਇਜ਼ਾਜਤ ਤੋਂ ਕੋਈ ਵਿਅਕਤੀ ਆ ਜਾ ਨਹੀਂ ਸਕਦਾ। ਏਅਰ ਕੈਨੇਡਾ ਸਮੇਤ ਅਨੇਕਾਂ ਮੁਲਕਾਂ ਨੇ ਆਪਣੀਆਂ ਫਲਾਈਟਾਂ ਦਾ ਚੀਨ ਵਿੱਚ ਦਾਖ਼ਲਾ ਬੰਦ ਕਰ ਦਿੱਤਾ ਹੈ। ਰੂਸ ਨੇ ਆਪਣੀ 4200 ਕਿਲੋਮੀਟਰ ਲੰਬੀ ਚੀਨ ਨਾਲ ਸਾਂਝੀ ਸਰੱਹਦ ਨੂੰ ਸੀਲ ਕਰ ਦਿੱਤਾ ਹੈ। ਕੈਨੇਡਾ ਸਰਕਾਰ ਵੁਹਾਨ ਇਲਾਕੇ ਵਿੱਚ ਅਟਕੇ ਪੌਣੇ ਦੋ ਸੌ ਦੇ ਕਰੀਬ ਕੈਨੇਡੀਅਨਾਂ ਨੂੰ ਲਿਆਉਣ ਲਈ ਜ਼ਹਾਜ ਭੇਜਣ ਦੀਆਂ ਯੋਜਨਾਵਾਂ ਬਣਾ ਰਹੀ ਹੈ ਪਰ ਚੀਨ ਸਰਕਾਰ ਵੱਲੋਂ ਮਨਜ਼ੂਰੀ ਨਾ ਦਿੱਤੇ ਜਾਣ ਕਾਰਣ ਗੱਲ ਹਾਲੇ ਤੱਕ ਸਿਰੇ ਨਹੀਂ ਚੜੀ।
ਇਸ ਚੰਦਰੀ ਬਿਮਾਰੀ ਦਾ ਮੁੱਢ ਚੀਨ ਵਿੱਚੋ ਹੋਣ ਕਾਰਣ ਚੀਨੀ ਮੂਲ ਦੇ ਲੋਕਾਂ ਖਿਲਾਫ਼ ਨਸਲਵਾਦ ਨੇ ਡਰਾਵਣਾ ਰੂਪ ਧਾਰਨ ਕਰ ਲਿਆ ਹੈ। ਮਿਸਾਲ ਵਜੋਂ ਟੋਰਾਂਟੋ ਏਰੀਆ ਦੇ ਇੱਕ ਸਕੂਲ ਬੋਰਡ ਵਿੱਚ ਮਾਪਿਆਂ ਦੇ ਇੱਕ ਗਰੁੱਪ ਵੱਲੋਂ ਆਰੰਭ ਕੀਤੀ ਗਈ ਇੱਕ ਪਟੀਸ਼ਨ ਉੱਤੇ 9000 ਲੋਕੀ ਦਸਤਖਤ ਕਰ ਚੁੱਕੇ ਹਨ। ਇਸ ਪਟੀਸ਼ਨ ਕਿਹਾ ਗਿਆ ਹੈ ਕਿ ਚੀਨੀ ਮੂਲ ਦੇ ਵਿੱਦਿਆਰਥੀਆਂ ਨੂੰ ਸਕੂਲ ਭੇਜਣ ਦੀ ਥਾਂ ਘਰਾਂ ਵਿੱਚ ਤਾੜ ਕੇ ਰੱਖਣ ਦੀ ਲੋੜ ਹੈ। ਇਸ ਸਕੂਲ ਬੋਰਡ ਦਾ ਨਾਮ ਜਾਣਬੁੱਝ ਕੇ ਨਹੀਂ ਛਾਪਿਆ ਜਾ ਰਿਹਾ ਤਾਂ ਜੋ ਨਸਲਵਾਦ ਨੂੰ ਹੱਲਾਸ਼ੇਰੀ ਨਾ ਮਿਲੇ। ਚੀਨ ਵਿੱਚੋਂ ਹੀ 2002-03 ਵਿੱਚ ਆਰੰਭ ਹੋਏ ਸਾਰਸ (SARS) ਵਾਈਰਸ ਕਾਰਣ ਵੀ ਚੀਨੀਆਂ ਖਿਲਾਫ ਨਸਲਵਾਦ ਨੇ ਆਪਣਾ ਮੂੰਹ ਚੁੱਕ ਲਿਆ ਸੀ। ਉਸ ਵੇਲੇ ਟੋਰਾਂਟੋ ਖਾਸ ਕਰਕੇ ਸਕਾਰਬਰੋ ਏਰੀਆ ਵਿੱਚ 44 ਲੋਕੀ ਮਾਰੇ ਗਏ ਸਨ।
ਨਫ਼ਤਰ ਵਾਲਾ ਮਾਹੌਲ ਸਿਰਫ਼ ਕੈਨੇਡਾ ਵਿੱਚ ਤਾਂ ਬਹੁਤ ਘੱਟ ਸਗੋਂ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਬਹੁਤ ਜਿ਼ਆਦਾ ਵੇਖਿਆ ਜਾ ਰਿਹਾ ਹੈ। ਮਿਸਾਲ ਵਜੋਂ ਹਾਂਗਕਾਂਗ, ਸਾਊਥ ਕੋਰੀਆ ਅਤੇ ਵੀਅਤਨਾਮ ਵਿੱਚ ਕਈ ਥਾਵਾਂ ਉੱਤੇ ਸ਼ਰੇਆਮ ਤਖ਼ਤੀਆਂ ਲੱਗੀਆਂ ਹੋਈਆਂ ਹਨ ਕਿ ਚੀਨੀ ਗਾਹਕਾਂ ਨੂੰ ਅੰਦਰ ਆਉਣ ਦੀ ਮਨਾਹੀ ਹੈ। ਇਸ ਵਰਤਾਰੇ ਵਿੱਚ ਖੇਤਰੀ ਸਿਆਸਤ ਦਾ ਵੀ ਹੱਥ ਹੈ ਕਿਉਂਕਿ ਇਹ ਮੁਲਕ ਚੀਨ ਹੱਥੋਂ ਰਾਜਨੀਤਕ ਅਤੇ ਵਿਉਪਾਰਕ ਹਾਰਾਂ ਖਾਣ ਦਾ ਇਤਿਹਾਸ ਰੱਖਦੇ ਹਨ। ਸਰਵੇਖਣ ਦੱਸਦੇ ਹਨ ਕਿ ਇਹਨਾਂ ਮੁਲਕਾਂ ਦੇ 60% ਅਧਿਕਾਰੀ ਚੀਨੀ ਮੂਲ ਦੇ ਲੋਕਾਂ ਦਾ ਵਿਸ਼ਵਾਸ਼ ਨਹੀਂ ਕਰਦੇ। ਸੋਸ਼ਲ ਮੀਡੀਆ ਉੱਤੇ ਅਜਿਹੀਆਂ ਅਫ਼ਵਾਹਾਂ ਦਾ ਅੰਤ ਨਹੀਂ ਜਿਹਨਾਂ ਵਿੱਚ ਚੀਨੀ ਮੂਲ ਦੇ ਲੋਕਾਂ ਨੂੰ ਚਮਗਿੱਦੜ, ਚੂਹੇ ਖਾਣ ਵਾਲੇ ਅਤੇ ਗੰਦੀਆਂ ਆਦਤਾਂ ਵਾਲੇ ਵਿਖਾਇਆ ਜਾ ਰਿਹਾ ਹੈ। ਇਹਨਾਂ ਨਿਰਮੂਲ ਧਾਰਨਾਵਾਂ ਨੂੰ ਤੋੜਨ ਦੀ ਲੋੜ ਹੈ।
ਵਿਸ਼ਵ ਦਾ ਸ਼ਾਇਦ ਹੀ ਕੋਈ ਮੁਲਕ ਹੋਵੇਗਾ ਜਿੱਥੇ ਤੋਂ ਲੋਕੀ ਆ ਕੇ ਕੈਨੇਡਾ ਨਹੀਂ ਵੱਸੇ ਹੋਏ। ਹਰ ਥਾਂ ਦੀਆਂ ਆਪਣੀਆਂ ਚੁਣੌਤੀਆਂ ਹੋ ਸਕਦੀਆਂ ਹਨ ਪਰ ਲੋੜ ਹੈ ਕਿ ਅਸੀਂ ਸਮੱਸਿਆ ਨਾਲ ਲੜੀਏ ਨਾ ਕਿ ਲੋਕਾਂ ਨਾਲ। ਲੋਕਾਂ ਬਾਰੇ ਸ਼ੱਕ ਕਰਨ ਦਾ ਭਾਵ ਬਿਜਨਸ ਦਾ ਨੁਕਸਾਨ ਅਤੇ ਆਪਸੀ ਸਹਿਚਾਰ ਨੂੰ ਧੱਕਾ ਮਾਰਨਾ ਹੈ। ਅੱਜ ਸਾਰੇ ਕੈਨੇਡੀਅਨ ਸਹੀ ਅਰਥਾਂ ਵਿੱਚ ਵਿਸ਼ਵ ਸ਼ਹਿਰੀ (world citizen) ਹਨ ਅਤੇ ਸਾਨੂੰ ਵੈਸ਼ਵਿਕ ਵਰਤਾਰਿਆਂ ਨਾਲ ਨਿਰੱਪਖ ਹੋ ਕੇ ਵਰਤਣ ਦੀ ਸਮਰੱਥਾ ਵਧਾਉਣ ਦੀ ਲੋੜ ਹੈ। ਕੀ ਪਤਾ ਕੱਲ ਨੂੰ ਕਿਸ ਮੁਲਕ ਤੋਂ ਕਿਹੜੀ ਚੁਣੌਤੀ ਖੜੀ ਹੋ ਜਾਵੇ!