ਲੰਡਨ, 14 ਦਸੰਬਰ (ਪੋਸਟ ਬਿਊਰੋ)- ਸਾਲ 2021 ਦੀ ਜਨਗਣਨਾ ਮੌਕੇ ਬ੍ਰਿਟੇਨ ਵਿੱਚ ਸਿੱਖਾਂ ਦੀ ਗਿਣਤੀ ਲਈ ਵੱਖਰਾ ਖਾਨਾ ਲਾਜ਼ਮੀ ਕਰਨ ਦੀ ਮੰਗ ਟਾਲ ਰਹੀ ਸਰਕਾਰ ਵਿਰੁੱਧ ਸਿੱਖ ਫੈਡਰੇਸ਼ਨ ਯੂ ਕੇ ਵੱਲੋਂ ਹਾਈਕੋਰਟ ਵਿੱਚ ਕੇਸ ਦਾਇਰ ਕੀਤਾ ਗਿਆ ਸੀ, ਜਿਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਕੱਲ੍ਹ ਇਸ ਮੰਗ ਠੁਕਰਾ ਦਿੱਤੀ ਹੈ।
ਸਿੱਖ ਫੈਡਰੇਸ਼ਨ ਯੁੂ ਕੇ ਵੱਲੋਂ ਨਵੰਬਰ ਵਿੱਚ ਕਿਹਾ ਗਿਆ ਸੀ ਕਿ 2021 ਦੀ ਜਨਗਣਨਾ ਵਾਲੇ ਦਸਤਾਵੇਜ਼ਾਂ ਵਿੱਚ ਸਿੱਖਾਂ ਦਾ ਵੱਖਰਾ ਖਾਨਾ ਨਾ ਬਣਾਇਆ ਜਾਣਾ ਗੈਰ-ਕਾਨੂੰਨੀ ਹੈ, ਜਿਸ ਲਈ ਉਨ੍ਹਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਲੰਡਨ ਵਿੱਚ ਕੱਲ੍ਹ ਹੋਈ ਸੁਣਵਾਈ ਦੌਰਾਨ ਜੱਜ ਨੇ ਕਿਹਾ ਕਿ ਜੇ ਉਹ ਇਸ ਬਾਰੇ ਕੋਈ ਫੈਸਲਾ ਦਿੰਦੇ ਹਨ, ਤਾਂ ਇਹ ਪਾਰਲੀਮੈਂਟ ਨੂੰ ਕਿਸੇ ਵੀ ਨਿਯਮ ਨੂੰ ਅੱਗੇ ਵਧਾਉਣ ਤੋਂ ਰੋਕਣ ਵਾਂਗ ਹੋਵੇਗਾ। ਸਿੱਖ ਫੈਡਰੇਸ਼ਨ ਯੂ ਕੇ ਵਕੀਲਾਂ ਨੇ ਕਿਹਾ ਸਿੱਖਾਂ ਦੀ ਗਿਣਤੀ ਧਰਮ ਦੇ ਅਧਾਰ 'ਤੇ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਨਗਣਨਾ ਦੇ ਬਾਰੇ ਪਹਿਲੀਆਂ ਬੈਠਕਾਂ ਵਿੱਚ ਸਿੱਖਾਂ ਦੀ ਇਸ ਮੰਗ ਬਾਰੇ ਮੰਨਿਆ ਸੀ ਕਿ ਉਨ੍ਹਾਂ ਦੀ ਗਿਣਤੀ ਨਾ ਹੋਣ ਕਰਕੇ ਉਹ ਰੁਜ਼ਗਾਰ, ਘਰ, ਸਿਹਤ ਤੇ ਵਿੱਦਿਅਕ ਸਹੂੁਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ।