ਓਟਵਾ, 19 ਨਵੰਬਰ (ਪੋਸਟ ਬਿਊਰੋ) : ਜੋ ਕੁੱਝ ਨਵਾਂ ਆਕਾਰ ਲੈ ਰਿਹਾ ਹੈ ਇਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮੰਤਰੀ ਮੰਡਲ ਵਿੱਚ ਨਵੀਂ ਹਲਚਲ ਪੈਦਾ ਕਰ ਰਿਹਾ ਹੈ। ਕੈਥਰੀਨ ਮੈਕੇਨਾ ਤੋਂ ਐਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਮੰਤਰਾਲਾ ਵਾਪਿਸ ਲੈ ਲਿਆ ਗਿਆ ਹੈ ਤੇ ਹੁਣ ਜੌਨਾਥਨ ਵਿਲਕਿੰਸਨ ਵਾਤਾਵਰਣ ਮੰਤਰੀ ਹੋਣਗੇ।
ਮੈਕੇਨਾ ਇਨਫਰਾਸਟ੍ਰਕਚਰ ਤੇ ਕਮਿਊਨਿਟੀਜ਼ ਮੰਤਰੀ ਦੀ ਭੂਮਿਕਾ ਨਿਭਾਵੇਗੀ। ਉੱਤਰੀ ਵੈਨਕੂਵਰ, ਬੀਸੀ ਤੋਂ ਐਮਪੀ ਵਿਲਕਿੰਸਨ ਕੋਲ ਪਹਿਲਾਂ ਫਿਸ਼ਰੀਜ਼ ਐਂਡ ਓਸ਼ਨਜ਼ ਮੰਤਰਾਲਾ ਸੀ। ਆਪਣੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਓਟਵਾ ਸੈਂਟਰ ਤੋਂ ਐਮਪੀ ਮੈਕੇਨਾ ਨੂੰ ਕਈ ਪਾਸਿਆਂ ਤੋਂ ਆਨਲਾਈਨ ਤੇ ਅਸਲ ਵਿੱਚ ਸਕਿਊਰਿਟੀ ਸਬੰਧੀ ਧਮਕੀਆਂ ਵੀ ਮਿਲੀਆਂ। ਪਿੱਛੇ ਜਿਹੇ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਵੱਲੋਂ ਵੀ ਫੈਡਰਲ ਪੱਧਰ ਉੱਤੇ ਟਰੂਡੋ ਵੱਲੋਂ ਕੀਤੇ ਜਾਣ ਵਾਲੇ ਫੇਰਬਦਲ ਵਿੱਚ ਮੈਕੇਨਾ ਨੂੰ ਬਦਲਣ ਦੀ ਮੰਗ ਕੀਤੀ ਗਈ ਸੀ।
ਟਰੂਡੋ ਵੱਲੋਂ ਉਨ੍ਹਾਂ ਮੈਂਬਰਾਂ ਦੇ ਨਾਂਵਾਂ ਦਾ ਖੁਲਾਸਾ ਕੀਤਾ ਜਾ ਰਿਹਾ ਹੈ ਜਿਹੜੇ ਭਲਕੇ 1:30 ਵਜੇ ਰਿਡਿਊ ਹਾਲ ਵਿੱਚ ਕੋਈ ਨਾ ਕੋਈ ਫੈਡਰਲ ਮੰਤਰਾਲਾ ਹਾਸਲ ਕਰਨ ਵਿੱਚ ਕਾਮਯਾਬ ਰਹਿਣਗੇ। ਹੁਣੇ ਤੋਂ ਮਿਲ ਰਹੇ ਸੰਕੇਤਾਂ ਤੋਂ ਸਪਸ਼ਟ ਹੋ ਗਿਆ ਹੈ ਕਿ ਇਸ ਵਾਰੀ ਕਈਆਂ ਦੀ ਛੁੱਟੀ ਹੋ ਗਈ ਹੈ। ਪ੍ਰਧਾਨ ਮੰਤਰੀ ਇਸ ਸਮਾਰੋਹ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਨ ਲਈ ਵੀ ਮੌਕਾ ਕੱਢਣਗੇ। ਲਿਬਰਲਾਂ ਦੇ ਘੱਟ ਗਿਣਤੀ ਸਰਕਾਰ ਦਾ ਦਰਜਾ ਹਾਸਲ ਕਰਨ ਤੋਂ ਬਾਅਦ ਤੋਂ ਹੀ ਕਿਆਸਅਰਾਈਆਂ ਦਾ ਬਾਜ਼ਾਰ ਗਰਮ ਹੈ। 5 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ 43ਵੀਂ ਪਾਰਲੀਆਮੈਂਟ ਵਿੱਚ ਕਿਹੜਾ ਮੰਤਰੀ ਕਿਸ ਮੰਤਰਾਲੇ ਦੀ ਵਾਗਡੋਰ ਸਾਂਭੇਗਾ, ਬਾਰੇ ਅਗਲੇ ਦੋ ਹਫਤਿਆਂ ਵਿੱਚ ਫੈਸਲਾ ਸੱਭ ਦੇ ਸਾਹਮਣੇ ਆ ਜਾਵੇਗਾ।
ਮੰਗਲਵਾਰ ਨੂੰ ਕਈ ਮੌਜੂਦਾ ਮੰਤਰੀ ਓਟਵਾ ਏਅਰਪੋਰਟ ਉੱਤੇ ਪਹੁੰਚੇ ਤੇ ਉਨ੍ਹਾਂ ਦੱਸਿਆ ਕਿ ਭਲਕੇ ਉਨ੍ਹਾਂ ਨੂੰ ਐਮਪੀਜ਼ ਵਜੋਂ ਸੰਹੁ ਚੁਕਾਈ ਜਾਣੀ ਹੈ ਤੇ ਉਸ ਸਮੇਂ ਹੀ ਉਨ੍ਹਾਂ ਨੂੰ ਆਪਣੇ ਮੰਤਰਾਲਿਆਂ ਬਾਰੇ ਜਾਣਕਾਰੀ ਹਾਸਲ ਹੋਵੇਗੀ। ਸਾਰੇ ਦੇ ਸਾਰੇ 338 ਐਮਪੀਜ਼ ਨੂੰ ਮੈਂਬਰ ਪਾਰਲੀਆਮੈਂਟ ਵਜੋਂ ਸੰਹੁ ਚੁਕਾਈ ਜਾਣੀ ਹੈ। ਕੈਬਨਿਟ ਵਿੱਚ ਕਿਸ ਨੂੰ ਥਾਂ ਮਿਲਦੀ ਹੈ ਇਹ ਉਸ ਨਾਲੋਂ ਵੱਖਰਾ ਸਮਾਰੋਹ ਹੈ।