Welcome to Canadian Punjabi Post
Follow us on

10

July 2025
 
ਨਜਰਰੀਆ

ਅਸਲੀਅਤ ਵਿੱਚ ਰਹਿਣਾ ਸਿੱਖੋ

November 06, 2019 09:06 AM

-ਕੈਲਾਸ਼ ਚੰਦਰ ਸ਼ਰਮਾ
ਇੱਤ ਸਮਾਂ ਸੀ ਜਦੋਂ ਆਪਸੀ ਪ੍ਰੇਮ-ਪਿਆਰ, ਵਿਸ਼ਵਾਸ ਅਤੇ ਆਪਣਾਪਣ ਚਰਮ ਸੀਮਾ ਉੱਤੇ ਹੁੰਦਾ ਸੀ। ਲੋਕ ਰਿਸ਼ਤਿਆਂ ਦਾ ਨਿੱਘ ਮਾਣਦੇ ਹੋਏ ਆਪਣੇ ਦੁਖ-ਸੁਖ ਦੀ ਸਾਂਝ ਬਣਾਈ ਰੱਖਦੇ ਸਨ। ਰਿਸ਼ਤੇਦਾਰ ਅਤੇ ਸੱਜਣ-ਮਿੱਤਰ ਬਿਨਾਂ ਕਿਸੇ ਭੇਦ-ਭਾਵ ਤੋਂ ਇੱਕ ਦੂਜੇ ਦੀਆਂ ਖੁਸ਼ੀਆਂ ਵਿੱਚ ਸ਼ਰੀਕ ਹੁੰਦਾ ਜਿਸ ਨਾਲ ਛੋਟੀ ਜਿਹੀ ਖੁਸ਼ੀ ਵੀ ਵੱਡਾ ਰੂਪ ਧਾਰਨ ਕਰ ਜਾਂਦੀ। ਹੌਲੀ-ਹੌਲੀ ਬਦਲਦੇ ਹਾਲਾਤ ਦੇ ਸਿੱਟੇ ਵਜੋਂ ਪਦਾਰਥਵਾਦੀ ਚੀਜ਼ਾਂ ਪ੍ਰਤੀ ਮੋਹ-ਮਾਇਆ ਵਧਣ ਕਾਰਨ ਇਨਸਾਨ ਵਿੱਚ ਇਨ੍ਹਾਂ ਨੂੰ ਇੱਕਠਾ ਕਰਨ ਦੀ ਦੌੜ ਵਧ ਗਈ। ਇਨਸਾਨੀ ਗੁਣਾਂ ਨਾਲ ਲਬਰੇਜ਼, ਪਰ ਪਦਾਰਥਵਾਦੀ ਵਸਤਾਂ ਦੀ ਕਮੀ ਵਾਲਿਆਂ ਨੂੰ ਦੂਸਰਿਆਂ ਨੇ ਘਟੀਆ ਪੱਧਰ ਦਾ ਸਮਝਣਾ ਸ਼ੁਰੂ ਕਰ ਦਿੱਤਾ। ਚਮਕ-ਚਮਕ ਅਤੇ ਵਿਖਾਵੇ ਵਾਲੀ ਬਿਰਤੀ ਕਾਰਨ ਹਰ ਵਿਅਕਤੀ ਆਪਣੇ-ਆਪ ਨੂੰ ਦੂਸਰਿਆਂ ਤੋਂ ਵਧੀਆ ਵਿਖਾਉਣ ਦੀ ਦੌੜ ਵਿੱਚ ਪੈ ਗਿਆ, ਫਲ ਸਰੂਪ ਬਨਾਵਟੀਪਣ ਨੇ ਪਸਾਰਾ ਵਧਾ ਲਿਆ। ਬਨਾਵਟੀਪਣ ਦੀ ਇਸ ਜੀਵਨ-ਸ਼ੈਲੀ ਨੇ ਵਿਅਕਤੀ ਦੀਆਂ ਬਾਹਰੀ ਅਤੇ ਅਦੰਰੂਨੀ ਦੋਵਾਂ ਹੀ ਸ਼ਖਸੀਅਤਾਂ ਨੂੰ ਤਹਿਸ-ਨਹਿਸ ਕਰ ਦਿੱਤਾ। ਵਿਅਕਤੀ ਆਪਣੇ ਅਸਲੀ ਮਕਸਦ ਤੋਂ ਭਟਕ ਗਿਆ ਹੈ ਜਿਸ ਕਾਰਨ ਉਸ ਦਾ ਸਕੂਨ ਵਾਲਾ ਜੀਵਨ ਨਸ਼ਟ ਹੋਣ ਕੰਢੇ ਪਹੁੰਚ ਗਿਆ ਹੈ। ਅਸੀਂ ਆਪਣੇ ਜੀਵਨ ਵਿੱਚ ਅਸਲੀ ਚੀਜ਼ਾਂ ਦੀ ਬਜਾਏ ਨਕਲੀ ਤੇ ਝੂਠੀਆਂ ਚੀਜ਼ਾਂ ਹਾਸਲ ਕਰਨ ਵਿੱਚ ਲੱਗੇ ਹੋਏ ਹਾਂ। ਸਾਡਾ ਧਿਆਨ ਕਦੇ ਅਸਲੀ ਚੀਜ਼ਾਂ ਵੱਲ ਨਹੀਂ ਜਾਂਦਾ ਜਿਸ ਕਰਨ ਵਿਅਕਤੀ ਦੇ ਮੱਥੇ 'ਤੇ ਚਿੰਤਾ, ਨਫਰਤ ਤੇ ਨਿਰਾਸ਼ਾ ਦੀਆਂ ਲਕੀਰਾਂ ਆਮ ਵੇਖਣ ਨੂੰ ਮਿਲਦੀਆਂ ਹਨ।
ਬਨਾਵਟੀਪਣ ਅਸਲ ਵਿੱਚ ਸਾਡੇ ਅੰਦਰ ਲੁਕੀ ਉਸ ਹੀਣ-ਭਾਵਨਾ ਦਾ ਪ੍ਰਤੀਕ ਹੈ, ਜਿਸ ਨੂੰ ਅਸੀਂ ਦੂਸਰਿਆਂ ਤੋਂ ਲੁਕਾਉਣਾ ਚਹੁੰਦੇ ਹਾਂ, ਕਿਉਂਕਿ ‘ਲੋਕ ਕੀ ਕਹਿਣਗੇ’ ਦਾ ਡਰ ਸਾਡੇ ਦਿਲ-ਦਿਮਾਗ ‘ਤੇ ਪੱਕਾ ਡੇਰਾ ਲਾ ਬੈਠਾ ਹੈ। ਸੱਚਾਈ ਜਾਣਦੇ ਹੋਏ ਵੀ ਅਸੀਂ ਬੇਧਿਆਨੀ ਕਰਦੇ ਹਾਂ, ਕਿਉਂਕਿ ਇਸ ਨਾਲ ਸਾਡੇ ਅੰਤਰ ਮਨ ਨੂੰ ਦਿਲਾਸਾ ਮਿਲਦਾ ਹੈ। ਬਨਾਉਟੀ ਲੋਕ ਅਕਸਰ ਆਪਣੇ-ਆਪ ਨੂੰ ਖੁਸ਼ ਦੱਸਦੇ ਹਨ, ਪਰ ਆਪਣੇ ਅੰਦਰ ਦੇ ਖਾਲੀਪਣ ਵੱਲ ਕਦੇ ਨਹੀਂ ਝਾਕਦੇ। ਇਨ੍ਹਾਂ ਲੋਕਾਂ ਅੰਦਰ ਹਮੇਸ਼ਾਂ ਇੱਕ ਬੇਚੈਨੀ ਬਣੀ ਰਹਿੰਦੀ ਹੈ, ਜਿਸ ਕਾਰਨ ਜਦੋਂ ਉਨ੍ਹਾਂ ਦੇ ਜੀਵਨ ਵਿੱਚ ਇੱਕ ਛੋਟਾ ਜਿਹਾ ਉਤਰਾਅ-ਚੜ੍ਹਾਅ ਵੀ ਆਉਂਦਾ ਹੈ ਤਾਂ ਡਗਮਗਾ ਜਾਂਦੇ ਹਨ। ਇਹ ਉਨ੍ਹਾਂ ਦੇ ਆਤਮ-ਵਿਸ਼ਵਾਸ ਦੀ ਕਮੀ ਕਾਰਨ ਹੁੰਦਾ ਹੈ। ਹੌਲੀ-ਹੌਲੀ ਅਜਿਹੇ ਲੋਕ ਖੁਦ ਨੂੰ ਬਨਾਵਟੀ ਦੁਨੀਆਂ ਵਿੱਚ ਮਹਿਸੂਸ ਕਰਨ ਲੱਗਦੇ ਹਨ ਜਿਸ ਕਾਰਨ ਅਸੰਤੁਸ਼ਟ ਅਤੇ ਨਿਰਾਸ਼ ਦਿਖਾਈ ਦਿੰਦੇ ਹਨ ਅਤੇ ਜ਼ਿੰਦਗੀ ਦੀ ਅਸਲੀ ਖੁਸ਼ੀ ਤੋ ਵਾਂਝੇ ਰਹਿ ਜਾਂਦੇ ਹਨ। ਬਨਾਵਟੀ ਲੋਕਾਂ ਵਿੱਚ ਅਕਸਰ ਸੰਸਕਾਰਾਂ ਤੇ ਆਚਰਣ ਦੀ ਕਮੀ ਹੁੰਦੀ ਹੈ ਅਤੇ ਮਤਲਬ ਨਿਕਲ ਜਾਣ ਤੋਂ ਬਾਅਦ ਇਨ੍ਹਾਂ ਦਾ ਗੱਲਬਾਤ ਦਾ ਤਰੀਕਾ ਵੀ ਬਦਲ ਜਾਂਦਾ ਹੈ। ਅਜੋਕੇ ਯੁੱਗ ਵਿੱਚ ਅਕਸਰ ਦੋਸਤੀ ਅਤੇ ਸੋਨ-ਸੁਨਹਿਰੀ ਰਿਸ਼ਤੇ ਵੀ ਬਨਾਵਟੀ ਬਣ ਗਏ ਹਨ। ਲੋਕ ਹੋਰਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ, ਉਨ੍ਹਾਂ ਨੂੰ ਤਬਾਹ ਕਰ ਦਿੰਦੇ ਹਨ। ਤੁਹਾਡੀਆਂ ਕਮਜ਼ੋਰੀਆਂ ਨੂੰ ਢਾਲ ਬਣਾ ਕੇ ਤੁਹਾਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ। ਭੋਲੇ-ਭਾਲੇ ਤੇ ਸਿੱਧੇ-ਸਾਦੇ ਲੋਕ ਇਨ੍ਹਾਂ ਦੀ ਪਕੜ ਵਿੱਚ ਜਲਦੀ ਆ ਜਾਂਦੇ ਹਨ। ਅਜਿਹੇ ਲੋਕ ਆਪਣੀ ਨਕਲੀ ਜੀਵਨ-ਸ਼ੈਲੀ ਵਿੱਚ ਹੀ ਘਿਰੇ ਰਹਿੰਦੇ ਹਨ।
ਅਸੀਂ ਫੋਕੀ ਸ਼ੋਹਰਤ ਲਈ ਦੂਜਿਆਂ ਦੀ ਵੇਖਾ-ਵੇਖੀ ਆਪਣੇ ਖਰਚੇ ਵਧਾ ਲਏ ਹਨ। ਇਸ ਲਈ ਹਰ ਸਮੇਂ ਪ੍ਰੇਸ਼ਾਨ ਰਹਿਣ ਲੱਗੇ ਹਾਂ। ਇਸ 'ਚ ਦੂਜਿਆਂ ਦਾ ਦੋਸ਼ ਨਹੀਂ, ਇਹ ਸਿਰਫ ਸਾਡੀ ਆਪਣੀ ਮੂਰਖਤਾ ਹੈ। ਬਨਾਵਟੀਪਣ ਨੇ ਮਨੁੱਖ ਲਈ ਨਵੀਂ ਚਿੰਤਾ ਛੇੜ ਦਿੱਤੀ ਹੈ ਜਿਸ ਕਾਰਨ ਜੀਵਨ ਵਿੱਚੋਂ ਖੁਸ਼ੀਆਂ ਉਡ-ਪੁੱਡ ਗਈਆਂ ਹਨ। ਤੁਹਾਡੀ ਜ਼ਿੰਦਗੀ ਵਿੱਚ ਕਿਹੜੀਆਂ ਚੀਜ਼ਾਂ ਦੇ ਮਾਅਨੇ ਹੋਣੇ ਚਾਹੀਦੇ ਹਨ, ਉਹ ਤੁਹਾਨੂੰ ਲੱਭਣਾ ਪਵੇਗਾ ਅਤੇ ਉਨ੍ਹਾਂ ਸੱਚੀਆਂ ਚੀਜ਼ਾਂ ਨੂੰ ਹਾਸਲ ਕਰਨ 'ਚ ਸੱਚਾ ਆਨੰਦ ਮਿਲੇਗਾ। ਆਤਮਾ ਤਾਂ ਹਮੇਸ਼ਾਂ ਜਾਣਦੀ ਹੈ ਕਿ ਸਹੀ ਕੀ ਹੈ। ਚੁਣੌਤੀ ਮਨ ਨੂੰ ਸਮਝਾਉਣ ਦੀ ਹੁੰਦੀ ਹੈ। ਇਸ ਲਈ ਆਪਣੇ ਅੰਦਰ ਉਠਣ ਵਾਲੀਆਂ ਜਗਿਆਸਾਵਾਂ ਵੱਲ ਵਧਣ ਨਾਲ ਤੁਸੀਂ ਸੱਚਾ ਆਨੰਦ ਹਾਸਲ ਕਰ ਸਕੋਗੇ। ਇਸ ਲਈ ਸੱਚੇ ਆਨੰਦ ਦੀ ਪ੍ਰਾਪਤੀ ਲਈ ਦਿਖਾਵਾ ਛੱਡ ਕੇ ਅਸਲੀਅਤ 'ਚ ਰਹਿਣਾ ਸ਼ੁਰੂ ਕਰੋ। ਅੰਦਰ ਦੀਆਂ ਤਰੰਗਾਂ ਨੂੰ ਪਛਾਣੋ, ਤਦੇ ਹੀ ਆਪਣੀਆਂ ਕੋਸ਼ਿਸ਼ਾਂ ਨੂੰ ਸਹੀ ਦਿਸ਼ਾ 'ਚ ਅੱਗੇ ਵਧਾ ਸਕੋਗੇ। ਅਸਲੀਅਤ 'ਚ ਜਿਊਣ ਵਾਲਾ ਵਿਅਕਤੀ ਆਪਣਾ ਰਸਤਾ ਲੱਭ ਲੈਂਦਾ ਹੈ। ਜਿਵੇਂ ਸੂਰਜ ਆਪਣੇ ਚਾਨਣ ਨਾਲ ਹਨੇਰੇ ਨੂੰ ਦੂਰ ਭਜਾਉਂਦਾ ਹੈ, ਉਸੇ ਤਰ੍ਹਾਂ ਅਸਲੀਅਤ 'ਚ ਵਿਚਰਨ ਵਾਲੇ ਦਾ ਜੀਵਨ ਸੁੱਖ ਭਰਿਆ ਬਣ ਜਾਂਦਾ ਹੈ ਕਿਉਂਕਿ ਅਜਿਹੇ ਲੋਕਾਂ ਦੇ ਸਬੰਧ ਮਜ਼ਬੂਤ ਹੁੰਦੇ ਹਨ। ਅਜਿਹਾ ਹੋਣ 'ਤੇ ਆਪਸੀ ਵਿਸ਼ਵਾਸ ਅਤੇ ਸਹਿਯੋਗ ਸਦਕਾ ਜੀਵਨ ਨੂੰ ਸੱਚੇ ਅਰਥਾਂ 'ਚ ਪੂਰਨ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਸਿਲਾਈ ਮਸ਼ੀਨ 'ਚ ਧਾਗਾ ਨਾ ਪਾਉਣ 'ਤੇ ਚਲਦੀ ਜ਼ਰੂਰ ਹੈ, ਪਰ ਸਿਊਂਦੀ ਨਹੀਂ। ਉਸੇ ਤਰ੍ਹਾਂ ਰਿਸ਼ਤਿਆਂ ਦਾ ਆਪਣਾਪਨ ਨਾ ਪਾਉਣ ਵਾਲੇ ਰਿਸ਼ਤੇ ਚੱਲਦੇ ਜ਼ਰੂਰ ਹਨ, ਪਰ ਇਨ੍ਹਾਂ ਵਿਚਲੇ ਨਿੱਘ ਦਾ ਆਨੰਦ ਨਹੀਂ ਲਿਆ ਜਾ ਸਕਦਾ। ਸ਼ਾਨਦਾਰ ਰਿਸ਼ਤੇ ਚਾਹੀਦੇ ਹਨ ਤਾਂ ਅਸਲੀਅਤ ਵਿੱਚ ਰਹਿਣ ਵਾਲੇ ਲੋਕਾਂ ਨੂੰ ਜੀਵਨ ਵਿੱਚ ਕਈ ਵਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਆਖਰ ਜਿੱਤ ਉਨ੍ਹਾਂ ਦੀ ਹੁੰਦੀ ਹੈ। ਅਸਲੀਅਤ 'ਚ ਰਹਿਣ ਵਾਲੇ ਲੋਕਾਂ ਲਈ ਕੋਈ ਵੀ ਚੀਜ਼ ਦੁਰਲੱਭ ਜਾਂ ਅਛੂਤੀ ਨਹੀਂ ਹੁੰਦੀ। ਅਜਿਹੇ ਵਿਅਕਤੀਆਂ ਦਾ ਸਮਾਜ 'ਚ ਸਾਰੇ ਸਨਮਾਨ ਕਰਦੇ ਹਨ ਕਿਉਂਕਿ ਅਜਿਹੇ ਲੋਕ ਦਿਲ ਦੇ ਸੱਚੇ ਹੁੰਦੇ ਹਨ। ਆਪਣੀਆਂ ਭਾਵਨਾਵਾਂ ਕਾਰਨ ਉਹ ਜ਼ੁਬਾਨ ਦੇ ਖਰ੍ਹਵੇ ਤਾਂ ਹੋ ਸਕਦੇ ਹਨ, ਪਰ ਲੋੜ ਪੈਣ 'ਤੇ ਉਹ ਬਹਾਨੇ ਨਹੀਂ ਬਣਾਉਂਦੇ ਅਤੇ ਸਮਾਂ ਆਉਣ 'ਤੇ ਚੰਗਿਆਈ ਹੀ ਕਰਦੇ ਹਨ। ਇਸ ਲਈ ਝੂਠੀ-ਚਮਕ-ਦਮਕ ਤੋਂ ਕਿਨਾਰਾ ਕਰਦੇ ਹੋਏ ਅਸਲੀ ਜੀਵਨ ਪੰਧਾਂ ਵਿੱਚ ਪਰਤਣਾ ਸ਼ੁਰੂ ਕਰੋ ਤਾਂ ਹੀ ਜ਼ਿੰਦਗੀ ਅਸਲੀਅਤ ਵਿੱਚ ਖਿੜੀ ਰਹੇਗੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ