ਸਕਾਰਬੌਰੋ, 23 ਸਤੰਬਰ (ਪੋਸਟ ਬਿਊਰੋ) : 50 ਸਾਲਾ ਵਿਅਕਤੀ ਦੇ ਆਪਣੇ ਅਪਾਰਟਮੈਂਟ ਵਿੱਚ ਮ੍ਰਿਤਕ ਪਾਏ ਜਾਣ ਉਪਰੰਤ ਹੋਮੀਸਾਈਡ ਡਿਟੈਕਟਿਵਜ਼ ਨੂੰ ਫੋਨ ਕਰਕੇ ਸੱਦਿਆ ਗਿਆ।
ਐਤਵਾਰ ਰਾਤ ਨੂੰ 11:00 ਵਜੇ 911 ਕਾਲ ਰਸੀਵ ਕਰਨ ਤੋਂ ਬਾਅਦ ਪੁਲਿਸ ਨੂੰ ਕੈਨੇਡੀ ਰੋਡ ਤੇ ਹਾਈਵੇਅ 401 ਉੱਤੇ ਐਂਟ੍ਰਿਮ ਕ੍ਰੀਸੈਂਟ ਇਮਾਰਤ ਵਿੱਚ ਭੇਜਿਆ ਗਿਆ। ਡਿਟੈਕਟਿਵ ਰੌਬਰਟ ਕੋਏ ਨੇ ਪੱਤਰਕਾਰਾਂ ਨੂੰ ਦੱਸਿਆ ਕਿ 41 ਡਵੀਜ਼ਨ ਦੇ ਅਧਿਕਾਰੀਆਂ ਨੂੰ ਵਿਅਕਤੀ ਦੀ ਬੇਜਾਨ ਲਾਸ਼ 15ਵੀਂ ਫਲੋਰ ਉੱਤੇ ਮਿਲੀ, ਜਿੱਥੇ ਕਿ ਉਹ ਕਥਿਤ ਤੌਰ ਉੱਤੇ ਰਹਿ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਘਟਨਾ ਬਾਰੇ ਮੰਨਿਆ ਜਾ ਰਿਹਾ ਸੀ ਕਿ ਵਿਅਕਤੀ ਨੂੰ ਮੈਡੀਕਲ ਮਦਦ ਦੀ ਲੋੜ ਸੀ ਪਰ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਇਹ ਕਤਲ ਦਾ ਮਾਮਲਾ ਲੱਗਿਆ। ਅਜੇ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਕੋਏ ਨੇ ਆਖਿਆ ਕਿ ਕਈ ਚਸ਼ਮਦੀਦ ਗਵਾਹ ਵੀ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਅਧਿਕਾਰੀ ਅਜਿਹੇ ਵਿਅਕਤੀਆਂ ਨਾਲ ਗੱਲ ਕਰਨ ਦੀ ਕੋਸਿ਼ਸ਼ ਕਰ ਰਹੇ ਹਨ ਜਿਨ੍ਹਾਂ ਨੂੰ ਅਸਲ ਮਾਮਲੇ ਦੀ ਜਾਣਕਾਰੀ ਹੈ। ਉਨ੍ਹਾਂ ਆਖਿਆ ਕਿ ਹਾਲ ਦੀ ਘੜੀ ਮਸ਼ਕੂਕ ਦਾ ਵੇਰਵਾ ਪੁਲਿਸ ਕੋਲ ਨਹੀਂ ਹੈ।