ਟੋਰਾਂਟੋ, 17 ਸਤੰਬਰ (ਪੋਸਟ ਬਿਊਰੋ) : ਗਰਮ ਪਾਣੀ ਵਾਲੀਆਂ ਟੈਂਕੀਆਂ ਵਿੱਚ ਲੁਕੋ ਕੇ ਟੋਰਾਂਟੋ ਲਿਆਂਦੇ ਜਾ ਰਹੇ 40 ਕਿਲੋ ਅਫੀਮ ਦੀ ਦੂਹਰੀ ਖੇਪ ਦਾ ਪਰਦਾਫਾਸ਼ ਹੋਣ ਉਪਰੰਤ ਓਨਟਾਰੀਓ ਦੇ ਅਧਿਕਾਰੀਆਂ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਆਰਸੀਐਮਪੀ ਵੱਲੋਂ ਜਾਰੀ ਰਲੀਜ਼ ਵਿੱਚ ਆਖਿਆ ਗਿਆ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਦੇ ਅਧਿਕਾਰੀਆਂ ਨੂੰ ਮਿਸੀਸਾਗਾ ਵਿੱਚ ਅਫੀਮ ਦੀਆਂ ਦੋ ਖੇਪਾਂ ਮਿਲੀਆਂ ਜੋ ਕਿ 22 ਅਗਸਤ ਤੇ ਪਹਿਲੀ ਸਤੰਬਰ ਨੂੰ ਇਰਾਕ ਤੋਂ ਭੇਜੀਆਂ ਗਈਆਂ ਸਨ। ਆਰਸੀਐਮਪੀ ਨੇ ਦੱਸਿਆ ਕਿ 5 ਸਤੰਬਰ ਨੁੰ ਅਧਿਕਾਰੀ ਮਿਸੀਸਾਗਾ ਵਿੱਚ ਕੰਮ ਦੇ ਸਿਲਸਿਲੇ ਨਾਲ ਗਏ ਸਨ ਕਿ ਉਨ੍ਹਾਂ ਵੇਖਿਆ ਕਿ ਤਿੰਨ ਵਿਅਕਤੀ ਇੱਕ ਖੇਪ ਨੂੰ ਖੋਲ੍ਹਣ ਦੀ ਕੋਸਿਸ ਕਰ ਰਹੇ ਸਨ।
ਪੁਲਿਸ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਨਜਰ ਆਉਂਦਾ ਹੈ ਕਿ ਕਈ ਗ੍ਰੇਅ ਰੰਗ ਦੇ ਬੈਗ ਪਏ ਹਨ ਜਿਨ੍ਹਾਂ ਵਿੱਚ ਅਫੀਮ ਹੈ। ਇਸ ਤੋਂ ਹੀ ਹੈਰੋਈਨ ਵੀ ਬਣਾਈ ਜਾਂਦੀ ਹੈ। ਇਹ ਅਫੀਮ ਗਰਮ ਪਾਣੀ ਵਾਲੀਆਂ ਟੈਂਕੀਆਂ ਤੇ ਬੁਆਇਲਰ ਵਿੱਚ ਤੁੰਨੀ ਹੋਈ ਸੀ। ਆਰਸੀਐਮਪੀ ਦੇ ਇੰਸਪੈਕਟਰ ਬੈਰੀ ਡੋਲਨ, ਜੋ ਕਿ ਟੋਰਾਂਟੋ ਇੰਟਰਨੈਸਨਲ ਏਅਰਪੋਰਟ ਡਿਟੈਚਮੈਂਟ ਦੇ ਇਨ ਚਾਰਜ ਹਨ, ਨੇ ਇੱਕ ਬਿਆਨ ਵਿੱਚ ਆਖਿਆ ਕਿ ਇਸ ਦੌਰਾਨ 61 ਸਾਲਾ, 48 ਸਾਲਾ ਤੇ 40 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।