ਵਾਸ਼ਿੰਗਟਨ, 21 ਅਗਸਤ (ਪੋਸਟ ਬਿਊਰੋ)- ਅਮਰੀਕਾ ਹਮਾਇਤੀ ਫੌਜ ਨੇ ਕਰੀਬ ਪੰਜ ਮਹੀਨੇ ਪਹਿਲਾਂ ਅੱਤਵਾਦੀ ਜਥੇਬੰਦੀ ਆਈ ਐਸ ਨੂੰ ਸੀਰੀਆ 'ਚ ਉਸ ਦੇ ਆਖਰੀ ਟਿਕਾਣੇ ਤੋਂ ਉਖਾੜ ਸੁੱਟਿਆ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਈ ਐਸ ਉਤੇ ਜਿੱਤ ਦਾ ਐਲਾਨ ਵੀ ਕਰ ਦਿੱਤਾ ਸੀ, ਪਰ ਇਹ ਜਮਾਤ ਇਰਾਕ ਤੇ ਸੀਰੀਆ 'ਚ ਫਿਰ ਆਪਣਾ ਸਿਰ ਚੁੱਕਣ ਲੱਗ ਪਈ ਹੈ। ਇਰਾਕ ਅਤੇ ਸੀਰੀਆ 'ਚ ਉਹ ਘਾਤ ਲਾ ਕੇ ਹਮਲੇ ਕਰਨ ਦੇ ਨਾਲ ਆਪਣੇ ਵਿੱਤੀ ਨੈਟਵਰਕ ਨੂੰ ਵੀ ਦੁਬਾਰਾ ਸਰਗਰਮ ਕਰ ਕੇ ਚਿੰਤਾ ਪੈਦਾ ਕਰਨ ਲੱਗ ਪਈ ਹੈ।
ਇਸ ਸੰਬੰਧ ਵਿੱਚ ਅਮਰੀਕਾ ਤੇ ਇਰਾਕ ਦੇ ਫੌਜੀ ਤੇ ਖੁਫੀਆ ਅਧਿਕਾਰੀਆਂ ਮੁਤਾਬਕ ਨਵੇਂ ਅੱਤਵਾਦੀ ਬਣਾਉਣ ਲਈ ਆਈ ਐਸ ਅੱਜ ਕੱਲ੍ਹ ਹਿਜਰਤਕਾਰੀਆਂ ਦੇ ਕੈਂਪ ਨੂੰ ਨਿਸ਼ਾਨਾ ਬਣਾ ਰਿਹਾ ਹੈ। ਖੁਫੀਆ ਅਧਿਕਾਰੀਆਂ ਦੇ ਮੁਤਾਬਕ ਆਈ ਐਸ ਸਿਰਫ ਸੀਰੀਆ ਅਤੇ ਇਰਾਕ ਹੀ ਨਹੀਂ, ਪੱਛਮੀ ਅਫਰੀਕਾ ਵਿੱਚ ਵੀ ਸਰਗਰਮ ਹੋ ਰਿਹਾ ਹੈ। ਅਮਰੀਕਾ ਨੇ ਸੀਰੀਆ ਵਿੱਚ ਤਾਇਨਾਤ ਆਪਣੇ ਸੈਨਿਕਾਂ ਦੀ ਗਿਣਤੀ ਅੱਧੀ ਕਰ ਦਿੱਤੀ ਹੈ। ਈਰਾਨ ਨਾਲ ਵਧਦੇ ਤਣਾਅ ਦਰਮਿਆਨ ਉਸ ਦਾ ਸਾਰਾ ਧਿਆਨ ਪੱਛਮੀ ਏਸ਼ੀਆ ਉਤੇ ਹੈ। ਅਜਿਹੇ 'ਚ ਆਈ ਐਸ ਦਾ ਮੁੜ ਮਜ਼ਬੂਤ ਹੋਣਾ ਅਮਰੀਕੀ ਹਿੱਤਾਂ ਲਈ ਖਤਰਾ ਬਣ ਸਕਦਾ ਹੈ। ਮਾਹਰਾਂ ਮੁਤਾਬਕ ਸੀਰੀਆ ਉਤੇ ਆਈ ਐਸ ਦਾ ਦੋਬਾਰਾ ਕਬਜ਼ਾ ਹੋਣ ਦੀ ਸ਼ੰਕਾ ਘੱਟ ਹੈ, ਪਰ ਉਸ ਨੇ ਸੀਰੀਆ ਅਤੇ ਇਰਾਕ 'ਚ ਬਚੇ ਹੋਏ ਆਪਣੇ ਅੱਤਵਾਦੀਆਂ ਨੂੰ ਇਕੱਠੇ ਕਰ ਲਿਆ ਹੈ। ਇਨ੍ਹਾਂ ਸਲੀਪਰ ਸੈਲ ਦੀ ਮਦਦ ਨਾਲ ਉਹ ਸੁਰੱਖਿਆ ਬਲਾਂ ਦੀ ਹੱਤਿਆ ਤੇ ਅਗਵਾ ਜਿਹੇ ਅਪਰਾਧ ਕਰ ਰਿਹਾ ਹੈ।