ਚੰਡੀਗੜ੍ਹ, 11 ਅਗਸਤ (ਪੋਸਟ ਬਿਊਰੋ): ਪੰਜਾਬ ਸਰਕਾਰ ਨੇ ਅੱਜ ‘ਲੈਂਡ ਪੂੂਲਿੰਗ ਨੀਤੀ’ ਵਾਪਿਸ ਲੈ ਲਈ ਹੈ। ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਇਸ ਬਾਰੇ ਲਿਖਤੀ ਰੂਪ ਵਿੱਚ ਦੱਸਿਆ ਹੈ ਕਿ ਪੰਜਾਬ ਸਰਕਾਰ 14 ਮਈ 2025 ਨੂੰ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਨੂੰ ਵਾਪਿਸ ਲੈਂਦੀ ਹੈ।
ਪੰਜਾਬ ਦੇ ਕਿਸਾਨਾਂ ਦੀ ਇਹ ਵੱਡੀ ਜਿੱਤ ਹੈ ਅਤੇ ‘ਆਪ’ ਸਰਕਾਰ ਨੂੰ ਕਿਸਾਨੀ ਰੋਹ ਅੱਗੇ ਆਖ਼ਰ ਝੁਕਣਾ ਪਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲੈਂਡ ਪੂਲਿੰਗ ਨੀਤੀ ਤੇ 10 ਸਤੰਬਰ ਤੱਕ ਰੋਕ ਲਗਾਈ ਸੀ।
ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਨੂੰ 4 ਜੂਨ ਨੂੰ ਪ੍ਰਵਾਨਗੀ ਦਿੱਤੀ ਸੀ ਅਤੇ 25 ਜੁਲਾਈ ਨੂੰ ਕੈਬਨਿਟ ਨੇ ਇਸ ਨੀਤੀ ਵਿੱਚ ਸੋਧਾਂ ਕੀਤੀਆਂ ਸਨ। ‘ਆਪ’ ਸਰਕਾਰ ਵੱਲੋਂ ਹੁਣ ਤੱਕ ਇਸ ਨੀਤੀ ਨੂੰ ਕਿਸਾਨ ਹਿਤੈਸ਼ੀ ਦੱਸਿਆ ਜਾ ਰਿਹਾ ਸੀ। ਉਧਰ ਸੰਯੁਕਤ ਕਿਸਾਨ ਮੋਰਚਾ ਨੇ ਇਸ ਨੀਤੀ ਖ਼ਿਲਾਫ਼ ਬਿਗਲ ਵਜਾਇਆ ਹੋਇਆ ਸੀ। ਵਿਰੋਧੀ ਧਿਰਾਂ ਵੱਲੋਂ ਇਸ ਨੀਤੀ ਖਿਲਾਫ਼ ਪ੍ਰੋਗਰਾਮ ਉਲੀਕੇ ਹੋਏ ਸਨ। ਪੰਜਾਬ ਦੀ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ।