-ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਹਰ ਸ਼ਹਿਰ ਵਾਸੀ ਸਾਥ ਦੇਵੇ : ਡਾਕਟਰ ਨਿੱਜਰ
-ਸ਼ਹਿਰ ਦੀ ਸੁੰਦਰਤਾ ਨੂੰ ਬਣਾ ਕੇ ਰੱਖਣਾ ਸਾਡੇ ਸਾਰਿਆਂ ਦਾ ਫਰਜ਼ : ਜੀਵਨਜੋਤ ਕੌਰ
-ਕਾਰਪੋਰੇਸ਼ਨ ਦੇ ਸਾਰੇ ਵਿਭਾਗ ਦੇ ਰਹੇ ਹਨ ਮੁਹਿੰਮ ਵਿੱਚ ਸਹਿਯੋਗ : ਕਮਿਸ਼ਨਰ
ਅੰਮ੍ਰਿਤਸਰ, 28 ਜੁਲਾਈ (ਗਿਆਨ ਸਿੰਘ): ਕਮਿਸ਼ਨਰ ਨਗਰ ਨਿਗਮ ਗੁਲਪ੍ਰੀਤ ਸਿੰਘ ਔਲਖ ਵਲੋਂ ਅੰਮ੍ਰਿਤਸਰ ਪੂਰਬੀ ਦੇ ਵਿਧਾਇਕ ਡਾ. ਜੀਵਨਜੋਤ ਕੋਰ , ਦੱਖਣੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿਝਰ ਅਤੇ ਡੇਰਾ ਬਾਬਾ ਭੂਰੀ ਵਾਲਿਆਂ ਦੇ ਬਾਬਾ ਕਸ਼ਮੀਰਾ ਸਿੰਘ ਜੀ ਦੇ ਨਾਲ ਮਿਲ ਕੇ ਅੰਮ੍ਰਿਤਸਰ ਸ਼ਹਿਰ ਦੇ ਚਹ੍ਹ-ਮੁੱਖੀ ਵਿਕਾਸ ਅਤੇ ਸੁੰਦਰੀਕਰਨ ਦਾ ਅੱਜ ਤੱਕ ਦੀ ਸਭ ਤੋ ਵੱਡੀ ਮੁਹਿੰਮ ਅੱਜ ਜੀ.ਟੀ ਰੋਡ ਅੰਮ੍ਰਿਤਸਰ ਦੇ ਮੁੱਖ ਐਂਟਰੀ ਪੁਆਇੰਟ ਗੋਲਡਨ ਗੇਟ ਤੋਂ ਸ਼ੁਰੂ ਕੀਤੀ ਗਈ । ਇਹ ਮੁਹਿੰਮ ਅਗਲੇ 7 ਦਿਨ ਸ਼ਹਿਰ ਦੇ ਸਾਰੇ ਇਲਾਕਿਆਂ ਵਿਚ ਲਗਾਤਾਰ ਜਾਰੀ ਰਹੇਗੀ ਅਤੇ ਇਸ ਦਾ ਆਖਰੀ ਪੜਾਅ ਸ਼੍ਰੀ ਦਰਬਾਰ ਸਾਹਿਬ ਤੱਕ ਜਾ ਕੇ ਖਤਮ ਹੋਵੇਗਾ। ਇਸ ਦਾ ਮੁੱਖ ਮੰਤਵ ਸ਼ਹਿਰ ਵਾਸੀਆਂ ਨੂੰ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਜਾਗਰੂਕ ਕਰਨਾ ਅਤੇ ਵੱਖ-ਵੱਖ ਰਿਹਾਇਸ਼ੀ , ਸਮਾਜ ਸੇਵੀ ਅਤੇ ਹੋਰ ਅਜਿਹੀਆਂ ਸੰਸਥਾਵਾਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਇਹ ਸੰਸਥਾਵਾ ਸ਼ਹਿਰ ਦੇ ਵਿਕਾਸ ਲਈ ਯੋਗਦਾਨ ਪਾ ਸਕਣ ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਡਾਕਟਰ ਇੰਦਰਬੀਰ ਸਿੰਘ ਨਿਜਰ ਨੇ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਸ਼ਹਿਰ ਦੇ ਸਫਾਈ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਜਿੱਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਹੈ, ਨੂੰ ਕੇਵਲ ਕਾਰਪੋਰੇਸ਼ਨ ਸਾਫ ਨਹੀਂ ਕਰ ਸਕਦੀ। ਇਸ ਲਈ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸ਼ਹਿਰ ਵਿੱਚ ਕੂੜਾ ਕਰਕਟ ਜਨਤਕ ਥਾਵਾਂ ਉੱਤੇ ਨਾ ਸੁੱਟੀਏ।
ਡਾ. ਜੀਵਨਜੋਤ ਕੌਰ ਨੇ ਇਸ ਮੌਕੇ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਨੂੰ ਅੱਗੇ ਆਉਣ ਦਾ ਸਿੱਧਾ ਦਿੰਦੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਹੈ ਕਿ ਸ਼ਹਿਰ ਦਾ ਚਹ੍ਹ-ਮੁੱਖੀ ਵਿਕਾਸ ਹੋਵੇ ਅਤੇ ਸ਼ਹਿਰ ਵਾਸੀ ਇਸ ਸ਼ਹਿਰ ਦੀ ਸੁੰਦਰਤਾ ਨੂੰ ਬਣਾ ਕੇ ਰਖਣ । ਉਹਨਾਂ ਕਿਹਾ ਕਿ ਅਜਿਹੇ ਹੰਭਲੇ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹਿਣਗੇ ਅਤੇ ਸ਼ਹਿਰ ਸਹੀ ਮਾਇਨੇ ਵਿੱਚ ਸੁੰਦਰ ਸ਼ਹਿਰ ਬਣੇਗਾ । ਉਹਨਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਨਗਰ ਨਿਗਮ ਦੇ ਹਰ ਇਕ ਵਿਭਾਗ ਵਲੋਂ ਆਪਣੇ ਵਿਭਾਗ ਨਾਲ ਸਬੰਧਤ ਕੰਮਾਂ ਨੂੰ ਅੰਜ਼ਾਮ ਦਿਤਾ ਜਾਵੇਗ।
ਇਸ ਮੌਕੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ, ਨਿਗਰਾਨ ਇੰਜੀਨਿਅਰ ਸੰਦੀਪ ਸਿੰਘ, ਕਾਰਜਕਾਰੀ ਇੰਜੀਨਿਅਰਜ , ਸਿਹਤ ਅਫਸਰ ,ਅਸਟੇਟ ਅਫਸਰ, ਸੁਪਰਡੰਟ ਐਡਵਰਟਾਇਜਮੈਂਟ, ਐਸਡੀ.ਓਜ ਜੇਈਜ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਸਨ ।
ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦਸਿਆ ਕਿ ਇਸ ਵਿਸ਼ੇਸ਼ ਮੁਹਿੰਮ ਅਧੀਨ ਸਾਫ-ਸਫਾਈ, ਸਿਵਲ ਦੇ ਕੰਮ ਜਿਵੇ ਕਿ ਫੁਟਪਾਥ , ਟੁਟੀਆਂ ਸੜਕਾਂ, ਪੈਚ ਵਰਕ ਸੈਂਟਰਲ ਵਰਜ ਆਦਿ ਦੀ ਰਿਪੇਅਰ, ਬਾਗਬਾਨੀ ਨਾਲ ਸਬੰਧਤ ਸਾਰੇ ਕੰਮ , ਸੜਕਾਂ ਤੇ ਲਗੇ ਮੇਨ ਹੋਲ ਕਵਰ ਦੀ ਰਿਪੇਅਰ , ਡਿਸਿਲਟਿੰਗ ਅਤੇ ਸੀਵਰੇਜ ਕਲੀਨਿੰਗ ਦੇ ਕੰਮ, ਸਟਰੀਟ ਲਾਈਟਾਂ ,ਅਸਟੇਟ ਵਿਭਾਗ ਅਤੇ ਐਡਵਰਟਾਇਜਮੈਂਟ ਵਿਭਾਗ ਵਲੋਂ ਸੜਕਾਂ ਤੇ ਹੋਏ ਨਜਾਇਜ ਕਬਜ਼ੇ ਅਤੇ ਨਜਾਇਜ਼ ਬਿਲ ਬੋਰਡ/ਵਿਗਿਆਪਨ ਦੇ ਬੋਰਡ ਹਟਾਉਣਾ ਆਦਿ ਦੇ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਅਭਿਆਨ ਸ਼ਹਿਰ ਦੀਆਂ ਸੰਸਥਾਵਾ ਨੂੰ ਨਾਲ ਲੈ ਕੇ ਰੋਜਾਨਾ ਜਾਰੀ ਰਹੇਗਾ। ਉਹਨਾਂ ਕਿਹਾ ਕਿ ਇਸ ਅਭਿਆਨ ਵਿੱਚ ਆਪਣਾ ਯੋਗਦਾਨ ਦੇਣ ਲਈ ਸ਼ਹਿਰ ਦੀਆਂ ਸਾਰੀਆਂ ਸਮਾਜ ਸੇਵੀ, ਵਪਾਰਕ, ਰਿਹਾਇਸ਼ੀ ਅਤੇ ਐਨ.ਜੀ.ਓਜ ਨੂੰ ਵੀ ਸੱਦਾ ਦਿਤਾ ਜਾਂਦਾ ਹੈ।