-ਕੂੜਾ ਚੁੱਕਣ ਦੀ ਕਾਰਗੁਜ਼ਾਰੀ 'ਚ ਢਿੱਲ ਅਤੇ ਬੇਤਰਤੀਬੀ ਕਾਰਨ ਕਾਰਜਸਾਧਕ ਅਧਿਕਾਰੀ, ਮੋਰਿੰਡਾ ਪਰਵਿੰਦਰ ਸਿੰਘ ਭੱਟੀ ਦਾ ਤਬਾਦਲਾ ਕੀਤਾ
ਚੰਡੀਗੜ੍ਹ, 30 ਜੁਲਾਈ (ਪੋਸਟ ਬਿਊਰੋ): ਮੋਰਿੰਡਾ ਨਗਰ ਕੌਂਸਲ ਦੇ ਜੂਨੀਅਰ ਇੰਜੀਨੀਅਰ ਨਰੇਸ਼ ਕੁਮਾਰ ਅਤੇ ਸੈਨਟਰੀ ਇੰਸਪੈਕਟਰ ਵਰਿੰਦਰ ਸਿੰਘ ਵੱਲੋਂ ਡਿਊਟੀ ਵਿੱਚ ਲਾਪਰਵਾਹੀ ਕਰਨ ਅਤੇ ਨਾਗਰਿਕਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਥਾਨਕ ਸਰਕਾਰ ਮੰਤਰੀ ਡਾ. ਰਵਜੋਤ ਸਿੰਘ ਨੇ ਦੋਹਾਂ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਅੱਜ ਸਵੇਰੇ ਮੰਤਰੀ ਨੇ ਵਿਧਾਇਕ ਡਾ. ਚਰਨਜੀਤ ਸਿੰਘ ਦੀ ਮੌਜੂਦਗੀ 'ਚ ਵਾਰਡ ਨੰਬਰ 5 ਅਤੇ 6, ਚੁੰਨੀ ਰੋਡ ਨੇੜੇ ਰੈਸਟ ਹਾਊਸ, ਵਾਰਡ ਨੰਬਰ 13, 14, 15, ਪੁਰਾਣਾ ਬੱਸੀ ਰੋਡ ਅਤੇ ਸ਼ਿਵ ਨੰਦਾ ਸਕੂਲ ਰੋਡ ਦਾ ਅਚਾਨਕ ਦੌਰਾ ਕੀਤਾ। ਦੌਰੇ ਦੌਰਾਨ ਇਹ ਦੇਖਣ ਵਿੱਚ ਆਇਆ ਕਿ ਘਰਾਂ ਦਾ ਕੂੜਾ-ਕਰਕਟ ਵੱਡੀ ਮਾਤਰਾ ਵਿੱਚ ਹਰ ਵਾਰਡ 'ਚ ਇਧਰ-ਉਧਰ ਖਿਲਰਿਆ ਹੋਇਆ ਹੈ ਅਤੇ ਕੂੜਾ ਇਕੱਠਾ ਕਰਨ ਦੀ ਪ੍ਰਣਾਲੀ ਬਿਲਕੁਲ ਅਸਫਲ ਹੈ।
ਸਥਾਨਕ ਸਰਕਾਰਾਂ ਮੰਤਰੀ ਨੇ ਨਗਰ ਕੌਂਸਿਲ ਦੀ ਢਿੱਲੀ ਕਾਰਗੁਜ਼ਾਰੀ ਅਤੇ ਸਫਾਈ ਪ੍ਰਣਾਲੀ ਵਿੱਚ ਲਾਪਰਵਾਹੀ ਨੂੰ ਧਿਆਨ ਵਿੱਚ ਰੱਖਦੇ ਹੋਏ, ਮੋਰਿੰਡਾ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਪਰਵਿੰਦਰ ਸਿੰਘ ਭੱਟੀ ਨੂੰ ਤੁਰੰਤ ਤਬਾਦਲਾ ਕਰਕੇ ਹੋਰ ਥਾਂ ਤਾਇਨਾਤ ਕਰਨ ਦੇ ਹੁਕਮ ਦਿੱਤੇ।
ਇਸ ਮੌਕੇ ਵਾਰਡ ਨੰਬਰ 5 ਅਤੇ 6 ਦੇ ਨਿਵਾਸੀਆਂ ਵੱਲੋਂ ਇਲਾਕੇ ਵਿੱਚ ਲੰਮੇ ਸਮੇਂ ਤੋਂ ਬੰਦ ਸੀਵਰੇਜ ਦੇ ਪਾਣੀ ਦੀ ਨਿਕਾਸੀ ਪ੍ਰਣਾਲੀ ਦੀ ਸ਼ਿਕਾਇਤ ਕੀਤੀ ਗਈ, ਜੋ ਕਿ ਸੜਕਾਂ ਅਤੇ ਘਰਾਂ ਨੂੰ ਨਿਰੰਤਰ ਨੁਕਸਾਨ ਪਹੁੰਚਾ ਰਿਹਾ ਸੀ।
ਕੈਬਨਿਟ ਮੰਤਰੀ ਨੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਰਾਜੀਵ ਕਪੂਰ ਨੂੰ ਇੱਕ ਮਹੀਨੇ ਦੇ ਅੰਦਰ ਸਾਰੇ ਰੁਕੇ ਹੋਏ ਪਾਈਪ ਲਾਈਨਾਂ ਨੂੰ ਸਾਫ ਕਰਨ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਉਹ ਇਕ ਮਹੀਨੇ ਬਾਅਦ ਦੁਬਾਰਾ ਇਸ ਇਲਾਕੇ ਦਾ ਦੌਰਾ ਕਰਕੇ ਕਾਰਗੁਜ਼ਾਰੀ ਦੀ ਸਮੀਖਿਆ ਕਰਨਗੇ।