ਬਟਾਲਾ, 23 ਜੂਨ (ਪੋਸਟ ਬਿਊਰੋ): ਪੰਜਾਬ ਦੇ ਫਤਹਿਗੜ੍ਹ ਚੂੜੀਆਂ-ਡੇਰਾ ਬਾਬਾ ਨਾਨਕ ਹਾਈਵੇਅ 'ਤੇ ਸੜਕ ਹਾਦਸੇ ਵਿੱਚ ਦੋ ਨਾਬਾਲਿਗਾਂ ਦੀ ਮੌਤ ਹੋ ਗਈ। ਇਹ ਹਾਦਸਾ ਪਿੰਡ ਨਿਕੋਸਰਾ ਨੇੜੇ ਦੇਰ ਰਾਤ ਵਾਪਰਿਆ। ਮ੍ਰਿਤਕਾਂ ਦੀ ਪਛਾਣ 15 ਸਾਲਾ ਮਨਜੋਤ ਸਿੰਘ, ਪੁੱਤਰ ਰਣਜੀਤ ਸਿੰਘ ਅਤੇ 14 ਸਾਲਾ ਸ਼ੁਭਦੀਪ ਸਿੰਘ ਪੁੱਤਰ ਰਾਜਬੀਰ ਸਿੰਘ ਵਜੋਂ ਹੋਈ ਹੈ, ਜੋ ਪਿੰਡ ਚੱਕ ਮਹਿਮਾ ਦੇ ਵਸਨੀਕ ਹਨ।
ਜਾਣਕਾਰੀ ਅਨੁਸਾਰ ਬੱਚਿਆਂ ਦਾ ਮੋਟਰਸਾਈਕਲ ਸੜਕ ਦੇ ਵਿਚਕਾਰ ਪਲਟੀ ਤੂੜੀ ਦੀ ਟਰਾਲੀ ਨਾਲ ਟਕਰਾ ਗਿਆ, ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਦੋਂਨੇਂ ਆਪਸ ਵਿੱਚ ਦੋਸਤ ਸਨ ਤੇ ਇਹ ਬੀਤੀ ਰਾਤ ਕਰੀਬ 9 ਵਜੇ ਪਿੰਡ ਨਿਕੋਸਰਾ ਪੈਟਰੋਲ ਪੰਪ ਤੋਂ ਤੇਲ ਪਵਾਉਣ ਲਈ ਜਾ ਰਹੇ ਸਨ । ਰਸਤੇ ਵਿੱਚ ਪਰਾਲੀ ਵਾਲੀ ਟਰਾਲੀ ਪਲਟੀ ਪਈ ਸੀ ਜਿਸ ਨਾਲ ਇਹਨਾਂ ਦੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਵਿੱਚ ਦੋਵਾਂ ਦੋਸਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਅਤੇ ਸਥਾਨਕ ਵਾਸੀਆਂ ਨੇ ਦੱਸਿਆ ਕਿ ਸਵੇਰ ਤੋਂ ਪਲਟੀ ਹੋਈ ਇਸ ਟਰਾਲੀ ਨੂੰ ਟਰੈਕਟਰ ਚਾਲਕ ਉਥੇ ਹੀ ਛੱਡ ਕੇ ਆਪਣਾ ਟਰੈਕਟਰ ਲੈ ਕੇ ਚਲਾ ਗਿਆ ਸੀ ਜੇ ਸਮਾਂ ਰਹਿੰਦਿਆਂ ਇਸ ਰੋਡ ਨੂੰ ਖਾਲੀ ਕਰਾਇਆ ਹੁੰਦਾ ਤਾਂ ਇਹ ਵੱਡਾ ਹਾਦਸਾ ਹੋਣੋਂ ਟਲ ਸਕਦਾ ਸੀ। ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।