ਠਾਣੇ, 28 ਮਈ (ਪੋਸਟ ਬਿਊਰੋ): ਮਹਾਰਾਸ਼ਟਰ ਦੇ ਠਾਣੇ ਜਿ਼ਲ੍ਹੇ ਦੀ ਇੱਕ 73 ਸਾਲਾ ਮਹਿਲਾ ਨਾਲ ਵਿਆਹ ਦਾ ਵਾਅਦਾ ਕਰਨ ਵਾਲੇ ਇੱਕ ਵਿਅਕਤੀ ਨੇ ਕਥਿਤ ਤੌਰ ’ਤੇ 57 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਵਿਸ਼ਨੂੰ ਨਗਰ ਪੁਲੀਸ ਸਟੇਸ਼ਨ ਦੇ ਇੰਸਪੈਕਟਰ ਵਿਵੇਕ ਕੁਮੁਟਕਰ ਨੇ ਕਿਹਾ ਕਿ ਡੋਂਬੀਵਲੀ ਖੇਤਰ ਦੀ ਰਹਿਣ ਵਾਲੀ ਪੀੜਤਾ ਦਾ ਸੰਪਰਕ ਅਖਬਾਰ ਵਿੱਚ ਪ੍ਰਕਾਸਿ਼ਤ ਵਿਆਹ ਦੇ ਇਸ਼ਤਿਹਾਰ ਰਾਹੀਂ 62 ਸਾਲਾ ਵਿਅਕਤੀ ਨਾਲ ਹੋਇਆ ਸੀ।
ਉਨ੍ਹਾਂ ਕਿਹਾ ਕਿ ਔਰਤ ਦਾ ਵਿਸ਼ਵਾਸ ਹਾਸਿਲ ਕਰਨ ਤੋਂ ਬਾਅਦ ਉਸ ਵਿਅਕਤੀ ਨੇ ਪੁਣੇ ਵਿੱਚ ਵਿਆਹ ਅਤੇ ਚੰਗੀ ਜਿ਼ੰਦਗੀ ਦਾ ਵਾਅਦਾ ਕੀਤਾ। ਅਧਿਕਾਰੀ ਨੇ ਕਿਹਾ ਕਿ 62 ਸਾਲਾ ਵਿਅਕਤੀ ਨੇ ਪੀੜਤਾ ਨੂੰ ਦੱਸਿਆ ਕਿ ਉਹ ਪੁਣੇ ਵਿੱਚ ਇੱਕ ਘਰ ਖਰੀਦਣਾ ਚਾਹੁੰਦਾ ਹੈ ਅਤੇ ਉਸਨੂੰ ਇਸ ਲਈ 35 ਲੱਖ ਰੁਪਏ ਟਰਾਂਸਫਰ ਕਰਨ ਲਈ ਰਾਜ਼ੀ ਕਰ ਲਿਆ। ਵਿਅਕਤੀ ਨੇ ਮਹਿਲਾ ਨੂੰ ਭਰੋਸਾ ਦਿਵਾਉਣ ਲਈ ਜਾਅਲੀ ਰਸੀਦਾਂ ਅਤੇ ਜਾਅਲੀ ਜਾਇਦਾਦ ਦੇ ਦਸਤਾਵੇਜ਼ ਵੀ ਦਿੱਤੇ।
ਉਸ ਮਹਿਲਾ ਦੇ ਘਰ ਵਿੱਚ ਅਸਥਾਈ ਤੌਰ ’ਤੇ ਰਹਿਣ ਤੋਂ ਬਾਅਦ ਦੋਸ਼ੀ ਨੇ ਕਥਿਤ ਤੌਰ ’ਤੇ ਲਗਪਗ 20 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਵੀ ਚੋਰੀ ਕਰ ਲਏ। ਪੁਲਿਸ ਅਨੁਸਾਰ ਉਸ ਨੇ ਕਥਿਤ ਤੌਰ ’ਤੇ ਮਹਿਲਾ ਦਾ ਡੈਬਿਟ ਕਾਰਡ ਵੀ ਚੋਰੀ ਕੀਤਾ ਅਤੇ 2.4 ਲੱਖ ਰੁਪਏ ਕਢਵਾਏ। ਅਧਿਕਾਰੀ ਨੇ ਕਿਹਾ ਕਿ ਪਿਛਲੇ ਮਹੀਨੇ ਔਰਤ ਨਾਲ ਧੋਖਾ ਕਰਨ ਤੋਂ ਬਾਅਦ ਦੋਸ਼ੀ ਗਾਇਬ ਹੋ ਗਿਆ ਅਤੇ ਹੁਣ ਉਸਦਾ ਕੋਈ ਪਤਾ ਨਹੀਂ ਲੱਗ ਰਿਹਾ ਹੈ।
ਪੀੜਤਾ ਦੀ ਸਿ਼ਕਾਇਤ ਦੇ ਆਧਾਰ ’ਤੇ ਪੁਲਿਸ ਨੇ ਸੋਮਵਾਰ ਨੂੰ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।