Welcome to Canadian Punjabi Post
Follow us on

01

July 2025
 
ਪੰਜਾਬ

ਮੁੱਖ ਮੰਤਰੀ ਵੱਲੋਂ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਨੂੰ ਲਿਆ ਰਹੇ ਜਹਾਜ਼ ਨੂੰ ਮੁੜ ਅੰਮ੍ਰਿਤਸਰ ਵਿਖੇ ਉਤਾਰਨ ਬਾਰੇ ਕੇਂਦਰ ਦੇ ਫੈਸਲੇ ਦੀ ਜ਼ੋਰਦਾਰ ਮੁਖਾਲਫ਼ਤ

February 14, 2025 10:03 PM

-ਮੋਦੀ ਸਰਕਾਰ ਵੱਲੋਂ ਪੰਜਾਬ ਅਤੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਾਉਣ ਦੀ ਗਹਿਰੀ ਚਾਲ ਦੱਸਿਆ
-ਗੈਰ-ਕਾਨੂੰਨੀ ਇਮੀਗ੍ਰੇਸ਼ਨ ਕੌਮੀ ਸਮੱਸਿਆ
-ਜੰਜ਼ੀਰਾਂ ਨਾਲ ਜਕੜ ਕੇ ਭਾਰਤੀਆਂ ਨੂੰ ਉਨ੍ਹਾਂ ਦੀ ਮਾਤ-ਭੂਮੀ 'ਤੇ ਭੇਜਕੇ ਟਰੰਪ ਨੇ ਮੋਦੀ ਨੂੰ ਵਾਪਸੀ ਦਾ ਦਿੱਤਾ ਤੋਹਫ਼ਾ
ਅੰਮ੍ਰਿਤਸਰ, 14 ਫਰਵਰੀ (ਗਿਆਨ ਸਿੰਘ): ਭਾਰਤ ਸਰਕਾਰ ਵੱਲੋਂ ਅਮਰੀਕਾ ਤੋਂ ਗੈਰ ਕਾਨੂੰਨੀ ਪਰਵਾਸੀ ਭਾਰਤੀਆਂ ਨੂੰ ਲੈ ਕੇ ਆ ਰਹੇ ਜਹਾਜ਼ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਾਰਨ ਦੇ ਫੈਸਲੇ ਦੀ ਜ਼ੋਰਦਾਰ ਮੁਖਾਲਫ਼ਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਕਦਮ ਨੂੰ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੇਂਦਰ ਸਰਕਾਰ ਦੀ ਡੂੰਘੀ ਸਾਜ਼ਿਸ਼ ਦੱਸਿਆ।
ਅੱਜ ਸ਼ਾਮ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਭਾਰਤ ਲਈ ਸਭ ਤੋਂ ਵੱਧ ਅਨਾਜ ਪੈਦਾ ਕਰਨ ਵਾਲਾ ਅਤੇ ਦੇਸ਼ ਦੀ ਖੜਗਭੁਜਾ ਵਜੋਂ ਜਾਣਿਆ ਜਾਂਦਾ ਹੈ ਪਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਸੂਬੇ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਰਹੀ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਆ ਰਹੇ ਜਹਾਜ਼ ਨੂੰ ਅੰਮ੍ਰਿਤਸਰ ਵਿੱਚ ਉਤਾਰਨ ਦਾ ਕਦਮ ਭਾਰਤ ਸਰਕਾਰ ਦੀ ਵਿਸ਼ਵ ਪੱਧਰ 'ਤੇ ਪੰਜਾਬ ਦੇ ਅਕਸ ਨੂੰ ਖਰਾਬ ਕਰਨ ਦੀ ਇੱਕ ਹੋਰ ਗਿਣੀ ਮਿੱਥੀ ਸਾਜਿਸ਼ ਹੈ।
ਭਗਵੰਤ ਸਿੰਘ ਮਾਨ ਨੇ ਵਿਦੇਸ਼ ਮੰਤਰਾਲੇ ਵੱਲੋਂ ਅੰਮ੍ਰਿਤਸਰ ਨੂੰ ਇਹ ਜਹਾਜ਼ ਉਤਾਰਨ ਲਈ ਚੁਣਨ ਦੇ ਕਦਮ 'ਤੇ ਸਵਾਲ ਉਠਾਇਆ ਜਦੋਂ ਕਿ ਦੇਸ਼ ਵਿੱਚ ਸੈਂਕੜੇ ਹੋਰ ਹਵਾਈ ਅੱਡੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਹੀ ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਕੋਲ ਇਹ ਮੁੱਦਾ ਉਠਾ ਚੁੱਕੇ ਹਨ ਪਰ ਉਨ੍ਹਾਂ ਪਾਸੋਂ ਕੋਈ ਸਕਾਰਾਤਮਕ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਇੱਕ ਜਹਾਜ਼ ਅੰਮ੍ਰਿਤਸਰ ਉਤਰਿਆ ਸੀ ਅਤੇ ਹੁਣ ਦੋ ਹੋਰ ਜਹਾਜ਼ ਬਿਨਾਂ ਕਿਸੇ ਠੋਸ ਤਰਕ ਦੇ ਉਤਾਰੇ ਜਾ ਰਹੇ ਹਨ।
ਬਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਾਰਟੀ ਪੰਜਾਬੀਆਂ ਨੂੰ ਪਸੰਦ ਨਹੀਂ ਕਰਦੀ, ਜਦਕਿ ਏਹ ਸੱਚ ਵੀ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੈ ਕਿ ਭਾਰਤੀ ਆਜ਼ਾਦੀ ਸੰਗਰਾਮ ਦੌਰਾਨ ਸ਼ਹੀਦ ਹੋਏ, ਜੇਲ੍ਹਾਂ ਵਿੱਚ ਬੰਦ ਹੋਏ ਜਾਂ ਜਲਾਵਤਨ ਕੀਤੇ ਗਏ 90 ਫੀਸਦੀ ਤੋਂ ਵੱਧ ਲੋਕ ਪੰਜਾਬ ਤੋਂ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਦੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਸਪੱਸ਼ਟ ਕਰੇ ਕਿ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਨੂੰ ਹੀ ਕਿਉਂ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਗੁਆਂਢੀ ਦੁਸ਼ਮਣ ਮੁਲਕ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰ ਹੋਣ ਦੇ ਬਾਵਜੂਦ ਅਮਰੀਕਾ ਦਾ ਇੱਕ ਫੌਜੀ ਜਹਾਜ਼ ਇੱਥੇ ਉਤਾਰਿਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਸੂਬਾ ਸਰਕਾਰ ਇੱਥੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਮੰਗ ਕਰਦੀ ਹੈ ਤਾਂ ਕਈ ਬੇਤੁਕੇ ਕਾਰਨਾਂ ਕਰਕੇ ਮੰਗ ਨੂੰ ਰੱਦ ਕਰ ਦਿੱਤਾ ਜਾਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਸ਼ਾਖ ਨੂੰ ਢਾਹ ਲਾਉਣ ਲਈ ਡਿਪੋਰਟ ਕੀਤੇ ਗਏ ਲੋਕਾਂ ਨੂੰ ਲੈ ਕੇ ਜਾਣ ਵਾਲੇ ਜਹਾਜ਼ ਨੂੰ ਬਿਨਾਂ ਕਿਸੇ ਤਰਕ ਦੇ ਇੱਥੇ ਉਤਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਲੈ ਕੇ ਜਾਣ ਵਾਲੇ ਜਹਾਜ਼ ਨੂੰ ਹਿੰਡਨ ਹਵਾਈ ਅੱਡੇ 'ਤੇ ਉਤਾਰਿਆ ਜਾ ਸਕਦਾ ਹੈ ਅਤੇ ਰਾਫੇਲ ਜੈੱਟ ਨੂੰ ਅੰਬਾਲਾ ਵਿੱਚ ਉਤਾਰਿਆ ਜਾ ਸਕਦਾ ਹੈ ਤਾਂ ਇਸ ਜਹਾਜ਼ ਨੂੰ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਕਿਉਂ ਨਹੀਂ ਉਤਾਰਿਆ ਜਾ ਸਕਦਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਗੈਰ-ਕਾਨੂੰਨੀ ਇਮੀਗ੍ਰੇਸ਼ਨ ਸਿਰਫ਼ ਪੰਜਾਬ ਦੀ ਹੀ ਸਮੱਸਿਆ ਨਹੀਂ ਹੈ, ਬਲਕਿ ਇਹ ਇੱਕ ਰਾਸ਼ਟਰੀ ਸਮੱਸਿਆ ਹੈ ਅਤੇ ਇਸ ਨਾਲ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਹੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਇਸ ਲਈ ਸਿਰਫ਼ ਪੰਜਾਬੀਆਂ ਨੂੰ ਹੀ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਬਿੰਨ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ 'ਆਪਣੇ ਆਪ ਨੂੰ ਵਿਸ਼ਵ ਗੁਰੂ' ਕਹਿਣ ਵਾਲੇ ਭਾਰਤੀਆਂ ਦੇ ਹੱਕਾਂ ਨੂੰ ਸੁਰੱਖਿਅਤ ਰੱਖਣ ਵਿੱਚ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੀ ਵਿਦੇਸ਼ ਨੀਤੀ ਦੀ ਵੱਡੀ ਅਸਫਲਤਾ ਹੈ ਕਿਉਂਕਿ ਜਿਸ ਸਮੇਂ ਮੋਦੀ ਆਪਣੇ ਦੋਸਤ ਡੋਨਾਲਡ ਟਰੰਪ ਨਾਲ ਹੱਥ ਮਿਲਾ ਰਹੇ ਸਨ, ਉਸੇ ਸਮੇਂ ਜੰਜ਼ੀਰਾਂ ਵਿੱਚ ਜਕੜੇ ਭਾਰਤੀਆਂ ਨੂੰ ਫੌਜ ਦੇ ਜਹਾਜ਼ ਰਾਹੀਂ ਡਿਪੋਰਟ ਕੀਤਾ ਜਾ ਰਿਹਾ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦੌਰੇ ਵਿੱਚ ਆਪਣੀ ਸਵੈ-ਪ੍ਰਸ਼ੰਸਾ ਤੋਂ ਇਲਾਵਾ ਮੋਦੀ ਨੇ ਹੋਰ ਕੁਝ ਵੀ ਨਹੀਂ ਖੱਟਿਆ ਅਤੇ ਟਰੰਪ ਨੇ ਜੰਜ਼ੀਰਾਂ ਵਿੱਚ ਜਕੜੇ ਭਾਰਤੀਆਂ ਨੂੰ ਉਨ੍ਹਾਂ ਦੀ ਜੱਦੀ ਧਰਤੀ 'ਤੇ ਭੇਜ ਕੇ ਮੋਦੀ ਨੂੰ ਵਾਪਸੀ ਦਾ ਤੋਹਫ਼ਾ ਦਿੱਤਾ ਹੈ।
ਮੁੱਖ ਮੰਤਰੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਭਾਰਤ ਸਰਕਾਰ ਡਿਪੋਰਟ ਕੀਤੇ ਇਨ੍ਹਾਂ ਭਾਰਤੀਆਂ ਦੀ ਸਨਮਾਨਜਨਕ ਵਾਪਸੀ ਨੂੰ ਯਕੀਨੀ ਨਹੀਂ ਬਣਾ ਸਕੀ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਇਹ ਬੱਚੇ ਪਿਛਲੇ ਸੱਤ ਦਹਾਕਿਆਂ ਤੋਂ ਦੇਸ਼ ਵਿੱਚ ਪ੍ਰਚਲਿਤ ਇਸ ਪ੍ਰਣਾਲੀ ਦਾ ਸ਼ਿਕਾਰ ਹੋ ਹਨ ਜਿੱਥੇ ਗੈਰ-ਕਾਨੂੰਨੀ ਪ੍ਰਵਾਸ ਨੇ ਆਪਣੇ ਪੈਰ ਪਸਾਰੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਹੈ ਕਿ ਸੰਕਟ ਦੀ ਇਸ ਘੜੀ ਵਿੱਚ ਉਨ੍ਹਾਂ ਦਾ ਸਾਥ ਦੇਣ ਦੀ ਬਜਾਏ, ਮੋਦੀ ਸਰਕਾਰ ਨੇ ਉਨ੍ਹਾਂ ਨੂੰ ਅਣਗੌਲਿਆਂ ਕਰ ਦਿੱਤਾ ਹੈ ਜੋ ਕਿ ਬਿਲਕੁਲ ਵੀ ਜਾਇਜ਼ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਪਰਤਣ ‘ਤੇ ਇਨ੍ਹਾਂ ਭੈਣਾਂ-ਭਰਾਵਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਸੀ ਅਤੇ ਭਾਰਤ ਸਰਕਾਰ ਨੂੰ ਇਨ੍ਹਾਂ ਨੂੰ ਵਾਪਸ ਲਿਆਉਣ ਲਈ ਆਪਣਾ ਜਹਾਜ਼ ਭੇਜਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਨਮਾਨਜਨਕ ਵਾਪਸੀ ਨੂੰ ਯਕੀਨੀ ਬਣਾਉਣ ਦੀ ਬਜਾਏ ਕੇਂਦਰ ਸਰਕਾਰ ਨੇ ਭਾਰਤੀਆਂ ਨੂੰ ਜ਼ਲੀਲ ਕੀਤਾ ਹੈ ਜਿਸ ਲਈ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀ ਹਮੇਸ਼ਾ ਕੇਂਦਰ ਸਰਕਾਰ ਦੀਆਂ ਸੌੜੀਆਂ ਨੀਤੀਆਂ ਦੇ ਵਿਰੁੱਧ ਖੜ੍ਹੇ ਰਹੇ ਹਨ, ਇਸ ਲਈ ਭਾਜਪਾ ਅਤੇ ਇਸਦੀ ਸਰਕਾਰ ਪੰਜਾਬੀਆਂ ਨਾਲ ਨਫ਼ਰਤ ਕਰਦੀ ਹੈ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚਣ 'ਤੇ ਤੁਲੀ ਹੋਈ ਹੈ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ