ਮਾਂਟਰੀਅਲ, 3 ਨਵੰਬਰ (ਪੋਸਟ ਬਿਊਰੋ): ਮਾਊਂਟ ਰਾਇਲ ਸ਼ਹਿਰ ਵਿੱਚ ਰਾਤ ਨੂੰ ਕਈ ਵਾਹਨਾਂ ਵਿੱਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਮਾਂਟਰੀਅਲ ਪੁਲਿਸ ਜਾਂਚ ਕਰ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰੇ 5:30 ਵਜੇ 911 `ਤੇ ਕਾਲ ਆਈ ਜਿਸ ਵਿੱਚ ਦੱਸਿਆ ਗਿਆ ਕਿ ਪੇਰੇ ਸਟਰੀਟ ਅਤੇ ਡੇਵੋਨਸ਼ਾਇਰ ਰੋਡ ਦੇ ਚੁਰਾਸਤੇ ਕੋਲ ਇੱਕ ਪਾਰਕਿੰਗ ਵਿੱਚ ਕਈ ਕਾਰਾਂ ਵਿੱਚ ਅੱਗ ਲੱਗ ਗਈ ਹੈ।
ਫਾਇਰ ਬ੍ਰਿਗੇਡ ਵਿਭਾਗ ਨੂੰ ਵੀ ਬੁਲਾਇਆ ਗਿਆ ਅਤੇ ਅੱਗ ਬੁਝਾਈ ਗਈ। ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਅੱਗ ਵਿੱਚ ਛੇ ਵਾਹਨ ਨਸ਼ਟ ਹੋ ਗਏ ਅਤੇ ਇੱਕ ਹੋਰ ਨੂੰ ਨੁਕਸਾਨ ਪਹੁੰਚਿਆ।
ਪੁਲਿਸ ਦਾ ਮੰਨਣਾ ਹੈ ਕਿ ਅੱਗ ਜਾਣਬੁੱਝਕੇ ਲਗਾਈ ਗਈ ਸੀ ਅਤੇ ਉਹ ਸੰਭਾਵਿਕ ਸ਼ੱਕੀ ਦਾ ਪਤਾ ਲਗਾਉਣ ਲਈ ਇਲਾਕੇ ਦੀਆਂ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।