ਕੈਲਗਰੀ, 1 ਅਕਤੂਬਰ (ਪੋਸਟ ਬਿਊਰੋ): ਸੋਮਵਾਰ ਦੁਪਹਿਰ ਕੈਲਗਰੀ ਦੇ ਉੱਤਰ-ਪੱਛਮ ਵਿੱਚ ਗੈਸ ਵੈੱਲ ਵਿੱਚ ਲੱਗੀ ਅੱਗ ਤੋਂ ਬਾਅਦ ਪੰਜ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ।
ਇਹ ਅੱਗ ਬਿਗ ਹਿੱਲ ਸਪ੍ਰਿੰਗਜ਼ ਰੋਡ ਅਤੇ ਰੇਂਜ ਰੋਡ 40 ਦੇ ਇਲਾਕੇ ਵਿੱਚ ਦੁਪਹਿਰ 2 ਵਜੇ ਦੇ ਬਾਅਦ ਲੱਗੀ।
ਏਐੱਚਐੱਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਈਐੱਮਐੱਸ ਨੇ ਪੰਜ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਇਆ, ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਸੀ।
ਰੌਕੀ ਵਿਊ ਕਾਊਂਟੀ ਵੱਲੋਂ ਆਨਲਾਈਨ ਪੋਸਟ ਕੀਤੇ ਗਏ ਇੱਕ ਬਿਆਨ ਅਨੁਸਾਰ, ਆਰਲੇਨ ਅਪਸਟਰੀਮ ਕੈਨੇਡਾ ਗੈਸ ਵੈੱਲ ਦਾ ਮਾਲਿਕ ਹੈ ਅਤੇ ਅੱਗ `ਤੇ ਕਾਬੂ ਪਾ ਰਿਹਾ ਹੈ। ਰੌਕੀ ਵਿਊ ਕਾਊਂਟੀ ਦੇ ਫਾਇਰ ਦਲ ਸਟੈਂਡਬਾਏ `ਤੇ ਹਨ।
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਸ ਸਮੇਂ ਖੇਤਰ ਦੇ ਨਿਵਾਸੀਆਂ ਲਈ ਕੋਈ ਖ਼ਤਰਾ ਨਹੀਂ ਹੈ। ਜਿ਼ਆਦਾ ਜਾਣਕਾਰੀ ਉਪਲੱਬਧ ਹੋਣ `ਤੇ ਕਾਊਂਟੀ ਦੀ ਵੈੱਬਸਾਈਟ `ਤੇ ਪੋਸਟ ਕੀਤੀ ਜਾਵੇਗੀ।