ਵਾਸਿ਼ੰਗਟਨ, 28 ਸਤੰਬਰ (ਪੋਸਟ ਬਿਊਰੋ): ਅਮਰੀਕਾ 'ਚ ਸ਼ੁੱਕਰਵਾਰ ਨੂੰ ਆਏ ਚੱਕਰਵਾਤੀ ਤੂਫਾਨ ਹੇਲੇਨ ਕਾਰਨ ਹੁਣ ਤੱਕ 5 ਸੂਬਿਆਂ 'ਚ 49 ਲੋਕਾਂ ਦੀ ਮੌਤ ਹੋ ਗਈ ਹੈ।
ਚੱਕਰਵਾਤ ਦਾ ਸਭ ਤੋਂ ਵੱਧ ਪ੍ਰਭਾਵ ਦੱਖਣੀ ਕੈਰੋਲੀਨਾ ਅਤੇ ਜਾਰਜੀਆ ਵਿੱਚ ਦੇਖਿਆ ਗਿਆ ਜਿੱਥੇ ਕੈਟੇਗਰੀ 4 ਦੇ ਤੂਫਾਨ ਕਾਰਨ 34 ਲੋਕਾਂ ਦੀ ਮੌਤ ਹੋ ਗਈ। ਪੰਜਾਂ ਰਾਜਾਂ ਵਿੱਚ ਤੂਫ਼ਾਨ ਕਾਰਨ ਕਈ ਲੋਕ ਫਸੇ ਹੋਏ ਹਨ, ਜਿਨ੍ਹਾਂ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਉੱਤਰੀ ਕੈਰੋਲੀਨਾ 'ਚ ਕੁਝ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ। ਲੋਕਾਂ ਨੂੰ ਬਚਾਉਣ ਲਈ ਇੱਥੇ ਹੈਲੀਕਾਪਟਰ ਭੇਜੇ ਗਏ।
ਇਸ ਦੌਰਾਨ ਹਸਪਤਾਲ ਦੀ ਛੱਤ ਤੋਂ 59 ਲੋਕਾਂ ਨੂੰ ਬਚਾਇਆ ਗਿਆ। ਅਮਰੀਕਾ 'ਚ ਤੂਫਾਨ ਕਾਰਨ 45 ਲੱਖ ਲੋਕਾਂ ਦੇ ਘਰਾਂ 'ਚ ਬਿਜਲੀ ਸਪਲਾਈ ਨਹੀਂ ਹੈ। ਫਲੋਰੀਡਾ ਵਿੱਚ ਬਚਾਅ ਕਾਰਜਾਂ ਲਈ 4 ਹਜ਼ਾਰ ਨੈਸ਼ਨਲ ਗਾਰਡਜ਼ ਨੂੰ ਤਾਇਨਾਤ ਕੀਤਾ ਗਿਆ ਹੈ।
ਵਿੱਤੀ ਕੰਪਨੀ ਮੂਡੀਜ਼ ਨੇ ਕਿਹਾ ਕਿ ਚੱਕਰਵਾਤ ਹੇਲੇਨ ਕਾਰਨ ਅਮਰੀਕਾ ਨੂੰ 2 ਲੱਖ 51 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜਾਣਕਾਰੀ ਮੁਤਾਬਕ ਮੈਕਸੀਕੋ ਦੀ ਖਾੜੀ ਤੋਂ ਫਲੋਰੀਡਾ ਦੇ ਤੱਟ ਨਾਲ ਟਕਰਾਉਣ ਵਾਲਾ ਇਹ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਹੈ।
ਇਹ ਅਮਰੀਕਾ ਦੇ ਇਤਿਹਾਸ ਦੇ 14 ਸਭ ਤੋਂ ਖਤਰਨਾਕ ਤੂਫਾਨਾਂ ਵਿੱਚੋਂ ਇੱਕ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ 1 ਕਰੋੜ 20 ਲੱਖ ਲੋਕ ਤੂਫਾਨ ਨਾਲ ਪ੍ਰਭਾਵਿਤ ਹੋਏ ਹਨ। ਇਸ ਕਾਰਨ 1 ਹਜ਼ਾਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।